Pages

Monday, October 22, 2007

ਵਿਅੰਗ: ਸੰਤ ਬਾਬਾ ਸਰਬ ਨਾਸ਼ ਜੀ ‘ਕਾਰਾਂ ਵਾਲ਼ਿਆਂ’ ਨਾਲ਼ ਮੁਲਾਕਾਤ....

(ਗਰਮੀਆਂ ਦਾ ਸਮਾਂ ਹੈ ਤੇ ਇੱਕ ਮਹਿਲ ਨੁਮਾ ਕਾਫੀ ਵੱਡਾ ਡੇਰਾ ਪੰਜਾਬ ‘ਚ ਕਿਸੇ ਜਗ੍ਹਾ ਤੇ ਸਥਿਤ ਹੈ। ਇਸ ਡੇਰੇ ਦੇ ਇੱਕ ਖੁੱਲ੍ਹੇ ਜਿਹੇ ਕਮਰੇ ਵਿੱਚ ਕਾਫੀ ਵਧੀਆ ਫਰਨੀਚਰ ਸਜਿਆ ਪਿਆ ਹੈ, ਏ ਸੀ ਲੱਗਿਆ ਹੋਇਆ ਹੈ। ਕੰਧਾਂ ਤੇ ਕਈ ਸਾਧਾਂ ਸੰਤਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਗੱਲ ਕੀ ਸੁਰਗਾਂ ‘ਚ ਪਹੁੰਚੇ ਹੋਏ ਹੀ ਮਹਿਸੂਸ ਕਰ ਰਹੇ ਹਾਂ। ਦਾਸ ਨਾਲ ਕੁਝ ਹੋਰ ਵੀ ਬੰਦੇ ਬੈਠੇ ਸਮਾਗਮ ਤੋਂ ਬਾਅਦ ਬਾਬਿਆਂ ਦਾ ਇੰਤਜ਼ਾਰ ਕਰ ਰਹੇ ਹਨ। ਚਿੱਟੇ ਕੱਪੜਿਆਂ ‘ਚ ਬਗਲੇ ਵਾਂਗ ਚਮਕਦੇ ‘ਬਾਬੇ’ ਕਮਰੇ ਵਿੱਚ ਦਾਖਲ ਹੁੰਦੇ ਹਨ ਸਾਰੇ ਫਤਿਹ ਸਾਂਝੀ ਕਰਦੇ ਹਨ। ਕੁਝ ਦੇਰ ਆਮ ਗੱਲਾਂ ਚਲਦੀਆਂ ਹਨ ਅਤੇ ਕੁਝ ਬੰਦੇ ਬਾਬਿਆਂ ਦੀ ਆਗਿਆ ਨਾਲ ਤੇ ਕੁਝ ਆਪਣੇ ਆਪ ਹੀ ਕਮਰੇ ‘ਚੋਂ ਬਾਹਰ ਚਲੇ ਜਾਂਦੇ ਹਨ। ਪਿੱਛੋਂ ਬਾਬਿਆਂ ਦੇ ਦੋ ਕੁ ਸੇਵਕ ਤੇ ਦਾਸ ਇਕੱਲੇ ਕਮਰੇ ’ਚ ਰਹਿ ਜਾਂਦੇ ਹਨ। ਦਾਸ ਬਾਬਿਆਂ ਦੀ ਇੰਟਰਵਿਊ ਲੈਣ ਦੇ ਨਜ਼ਰੀਏ ਨਾਲ ਗੱਲਬਾਤ ਸੁ਼ਰੂ ਕਰਨ ਲਈ ਫਤਿਹ ਸਾਂਝੀ ਕਰਦਾ ਹੈ…)
ਦਾਸ:
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਬਾਬਾ:
ਫਤਿਹ ਜੀ ਫਤਿਹ ਪਿਆਰਿਓ। ਕੀ ਹਾਲ ਨੇ ਸੰਗਤਾਂ ਦੇ?
ਦਾਸ:
ਕਿਰਪਾ ਹੈ ਜੀ ਤੁਹਾਡੀ, ਧੰਨਭਾਗ ਸਾਡੇ ਜੀ ਕਿ ਦਰਸ਼ਨ ਹੋਏ ਤੁਹਾਡੇ। ਕਿੰਨੇ ਚਿਰਾਂ ਤੋਂ ਚਾਹ ਸੀ ਦਿਲ ‘ਚੇ ਕਿ ਕਦੇ ਬਾਬਿਆਂ ਨੂੰ ਮਿਲੀਏ। ਤੁਹਾਡੀਆਂ ਕੈਸਟਾਂ ਸੀਡੀਆਂ ਤਾਂ ਜੀ ਬਹੁਤ ਸੁਣਦੇ ਰਹੀਦਾ ਹੈ ਪਰ ਤੁਹਾਡਾ ਲਾਈਵ ਪ੍ਰੋਗਰਾਮ ਅੱਜ ਇੱਥੇ ਸੁਣਿਆ ਤੇ ਰੂਹ ਖੁਸ਼ ਹੋ ਗਈ ਜੀ। ਮਨ ਦੀਆਂ ਗੱਲਾਂ ਅੱਜ ਸਾਰੀਆਂ ਤੁਹਾਨੂੰ ਪੁੱਛ ਕੇ ਜਾਣੀਆਂ ਤੇ ਨਾਲੇ ਅੱਜ ਦਾਸ ਨੇ ਇਸੇ ਬਹਾਨੇ ਤੁਹਾਡੀ ਇੰਟਰਵਿਊ ਕਰਨੀ ਆ ਜੀ, ਜੇ ਬਾਬਿਆਂ ਦੀ ਆਗਿਆ ਹੋਵੇ ਤਾਂ।
ਬਾਬਾ:
ਗੱਲਾਂ-ਗੁੱਲਾਂ ਦਾ ਤਾਂ ਕੋਈ ਨੀ ਭਾਈ, ਆਹ ਜਿਹੜੀ ਇੰਟਰਬੂ ਤੂੰ ਆਹਨਾਂ ਏਂ ਨਾ, ਇਹ ਕਾਦ੍ਹੇ ਲਈ ਕਰਨੀ ਆਂ? ਬੋਲ ਵਾਗਰੂ।
ਦਾਸ:
ਉਹ ਤਾਂ ਬਾਬਾ ਜੀ ਮੈਂ ਅਖ਼ਬਾਰ ਲਈ ਲਿਖਦਾ ਹਾਂ। ਮੇਰੇ ਪਾਠਕਾਂ ਦੇ ਮੈਨੂੰ ਬਹੁਤ ਖ਼ਤ ਤੇ ਈ ਮੇਲ ਆਏ ਸੀ ਕਿ ਸੰਤ ਬਾਬਾ ਸਰਬ ਨਾਸ਼ ਜੀ ‘ਕਾਰਾਂ ਵਾਲਿਆਂ’ ਦੀ ਕਦੀ ਕੋਈ ਇੰਟਰਵਿਊ ਹੀ ਕਰ ਕੇ ਪ੍ਰਕਾਸਿ਼ਤ ਕਰਵਾ ਦਿਓ। ਬੱਸ ਇਸੇ ਲਈ ਹੀ ਦਾਸ ਤੁਹਾਡੇ ਦਰ ਤੇ ਆਇਆ ਏ ਜੀ। ਬੱਸ ਸੇਵਾ ਬਖ਼ਸ਼ੋ ਜੀ।
ਬਾਬਾ:
(ਹੱਸਦੇ ਹੋਏ) ਹਾਅ ਮੇਲ-ਮੂਲ ਦਾ ਤਾਂ ਸਾਨੂੰ ਪਤਾ ਨਹੀਂ ਪਰ ਪਿਆਰਿਆ ਇਹ ਇੰਟਰਬੂ ਤਾਂ ਅਸੀਂ ਕਿਸੇ ਨੂੰ ਪਹਿਲਾਂ ਕਰਨ-ਕੁਰਨ ਨੀ ਦਿੱਤੀ। ਕਿਉਂਕਿ ਏਦ੍ਹੇ ਨਾਲ ਸਾਡੇ ਕੰਮ ਨੂੰ ਕਈ ਵਾਰੀ ਨੁਸਕਾਨ ਵੀ ਹੋ ਜਾਂਦਾ। …(ਕੁਝ ਸੋਚ ਕੇ) ਪਰ ਖੈਰ ਕੋਈ ਨੀ ਤੂੰ ਬੰਦਾ ਸਾਡਾ ਪਿਆਰਾ ਈ ਲੱਗਦਾਂ, ਕਰ ਲੈ ਜਿਹੜੀ ਤੂੰ ਇੰਟਰਬੂ ਜਹੀ ਕਰਨੀ ਆ। ਪੁੱਛ ਜੋ ਤੂੰ ਪੁੱਛਣਾ ਚਾਹੁੰਨਾ।
(ਮੈਂ ਆਪਣੀ ਟੇਪ ਰਿਕਾਰਡ ਔਨ ਕਰਕੇ ਬਾਬਿਆਂ ਤੋਂ ਪਹਿਲਾ ਸਵਾਲ ਪੁੱਛਦਾ ਹਾਂ)
ਦਾਸ:
ਚੰਗਾ ਬਾਬਾ ਜੀ ਪਹਿਲਾਂ ਇਹ ਦੱਸੋ ਪਈ ਆਹ ਜਿਹੜੇ ਤੁਹਾਡੇ ਨਾਂ ਦੇ ਜੱਗ ਵਿੱਚ ਬੜੇ ਚਰਚੇ ਹੋ ਰਏ ਨੇ। ਇਹ ਨਾਂ ਤੁਸੀਂ ਆਪ ਰੱਖਿਆ ਸੀ ਜਾਂ ਕਿ ਤੁਹਾਡੇ ਘਰਦਿਆਂ ਨੇ ਰੱਖਿਆ ਸੀ?
ਬਾਬਾ:
ਉਹ ਨਹੀਂ ਭਾਈ ਪਿਆਰਿਆ, ਸਾਡਾ ਘਰ ਦਿਆਂ ਨੇ ਤਾਂ ਹੋਰ ਹੀ ਊਟ ਪਟਾਂਗ ਜਿਹਾ ਨਾਂ ਰੱਖਿਆ ਹੋਇਆ ਸੀ , ਜਿਹਦੇ ਨਾਲ ਤਾਂ ਸਾਡੀ ਕੋਈ ਨੇੜੇ ਦੀ ਵੀ ਸਾਂਝ ਨਹੀਂ ਸੀ। ਨਾਂ ਰੱਖਿਆ ਸੀ ਘਰ ਦਿਆਂ ਨੇ ‘ਸਤਿਨਾਮ’। ਬਾਕੀ ਭਾਈ ਅਸੀਂ ਤਾਂ ਓਸ ਨਾਂ ਨੂੰ ਉਂਝ ਵੀ ਬਦਲਣਾ ਚਾਹੁੰਦੇ ਸੀ। ਓਹਦਾ ਬਾਹਲ਼ਾ ਕੋਈ ਫੈਦਾ-ਫੂਦਾ ਹੈਨੀ ਸੀ, ਨਾਲ਼ੇ ਸਾਰੇ ਥਾਣਿਆਂ, ਕਚਹਿਰੀਆਂ ਵਗੈਰਾ ‘ਚ ਸਾਡਾ ਓਹੋ ਨਾਂ ਪੁੱਜ ਚੁੱਕਾ ਸੀ। ਇਹ ਤਾਂ ਚੰਗਾ ਹੋਇਆ ਕਿ ਸਾਡੀ ਸੰਗਤ ਨੇ ਹੀ ਸਾਡਾ ਨਾਂ ਸੰਤ ਬਾਬਾ ਸਰਬ ਨਾਸ਼ ਜੀ ਰੱਖ ਦਿੱਤਾ। ਥਾਣਿਆਂ-ਥੂਣਿਆਂ ਨਾਲ ਤਾਂ ਸਾਡਾ ਹੁਣ ਵੀ ਚੱਕਰ ਹੈਗਾ ਪਰ ਪਹਿਲੋਂ ਅਸੀਂ ਡਰਦੇ ਸੀ ਤੇ ਹੁਣ ਅਸੀਂ ਡਰਾਉਂਨੇ ਆਂ। ਏਸ ਲਈ ਭਾਈ ਸਾਡੇ ਲਈ ਤਾਂ ਇਹ ਨਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਸਾਬਤ ਹੋਇਆ। ਬੋਲ ਵਾਗਰੂ।
ਦਾਸ:
ਬਾਬਾ ਜੀ ਤੁਹਾਡੇ ਨਾਂ ਦਾ ਮਤਲਬ ਮੇਰੀ ਛੋਟੀ ਜਿਹੀ ਸਮਝ ਵਿੱਚ ਨਹੀਂ ਆਉਂਦਾ? ਜਰਾ ਖੁੱਲ ਕੇ ਦੱਸੋ ਜੀ ਆਪਣੇ ਨਾਂ ਬਾਰੇ।
ਬਾਬਾ:
ਭਾਈ ਤੂੰ ਵੀ ਕਮਲ਼ਾ ਈ ਆ! ਵੇਖ ਅਸੀਂ ਆਪਣੀ ਕੌਮ ਦਾ ਤੇ ਪੰਜਾਬ ਦਾ ਕੀਤਾ ਸੱਤਿਆਨਾਸ ਨਾਲੇ ਉਹ ਵੀ ਕਈ ਤਰਾਂ ਨਾਲ। ਸਾਨੂੰ ਵੀ ਇਹ ਲੋਕਾਂ ਤੋਂ ਈ ਪਤਾ ਲੱਗਾ ਕਿ ਅਸੀ ਲੋਕਾਂ ਦਾ ਧਾਰਮਿਕ ਤੌਰ ਤੇ, ਆਰਥਿਕ ਤੌਰ ਤੇ, ਬੌਧਿਕ ਤੌਰ ਤੇ, ਮਾਨਸਿਕ ਤੌਰ ਤੇ ਕੂੰਡਾ ਕੀਤਾ ਹੈ। ਹਾਂ ਹੋਰ ਵੀ ਕਈ ‘ਤੌਰ’ ਹੈਗੇ ਆ ਉਹ ਜਰਾ ਸੀਕਰਟ ਆ। ਸੀਕਰਟ ਤਾਂ ਸਮਝਦਾਂ ਆ ਕਿ ਨਹੀਂ?, ਗੁਪਤ ਨੂੰ ਕਹਿੰਦੇ ਆ ਸੀਕਰਟ। ਬੱਸ ਇੰਨੇ ਕੁ ਯੋਗਦਾਨ ਤੋਂ ਬਾਦ ਸਾਡੀ ਸੰਗਤ ਪਿਆਰੀ ਨੇ ਸਾਡਾ ਨਾਂ ਸੰਤ ਬਾਬਾ ਸਰਬ ਨਾਸ਼ ਜੀ ਰੱਖ ਦਿੱਤਾ। ਹੈ ਕਿ ਨਹੀਂ? ਬੋਲ ਵਾਗਰੂ।
(ਇੰਨੇ ‘ਚ ਉੱਥੇ ਇੱਕ ਸੋਹਣੀ ਸੁਨੱਖੀ ਬੀਬੀ ਬਾਬਿਆਂ ਲਈ ਸਟੀਲ ਦੇ ਲੱਤ ਜਿੱਡੇ ਗਲਾਸ ‘ਚ ਕੁਝ ਲਈ ਆਉਂਦੀ ਏ, ਜਿਹੜਾ ਉਸ ਨੇ ਬਾਬਿਆਂ ਕੋਲ ਰੱਖ ਕੇ ਬਾਬਿਆਂ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਚੁੱਪ ਕਰਕੇ ਇਸੇ ਕਮਰੇ ਦੇ ਨਾਲ ਪਿੱਛੇ ਜਿਹੇ ਲੱਗੇ ਹੋਏ ਦਰਵਾਜੇ ਨੂੰ ਖੋਲ ਕੇ ਅੰਦਰ ਚਲੀ ਗਈ। ਸਾਡੀ ਗੱਲ ਬਾਤ ਉਂਝ ਹੀ ਚਲਦੀ ਰਹੀ)
ਦਾਸ:
ਹਾਂ ਬਾਬਾ ਜੀ ਨਾਂ ਦਾ ਤਾਂ ਲੱਗ ਗਿਆ ਪਤਾ, ਹੁਣ ਥੋੜੀ ਜਹੀ ਜਾਣਕਾਰੀ ਆਪਣੇ ਪਿਛੋਕੜ ਵਾਰੇ ਦਿਓ?
ਬਾਬਾ:
ਭਾਈ ਤੂੰ ਸਾਡੇ ਪਿਛੋਕੜ ਤੋਂ ਕੀ ਲੈਣਾ? (ਬਾਬੇ ਕੋਲ ਪਏ ਗਲਾਸ ਨੂੰ ਮੂੰਹ ਨਾਲ ਲਾ ਕੇ ਇੱਕੋ ਵਾਰ ਖਾਲੀ ਕਰ ਕੇ ਹੇਠਾਂ ਰੱਖ ਕੇ ਥੋੜੀ ਦੇਰ ਬਾਦ ਬੋਲਦੇ ਹਨ) ……ਚੱਲ ਕੋਈ ਗੱਲ ਨਹੀਂ ਤੈਨੂੰ ਇਹ ਵੀ ਦੱਸ ਹੀ ਦਿੰਦੇ ਹਾਂ, ਜੇ ਦੱਸ ਵੀ ਦਿੱਤਾ ਤਾਂ ਕੀ ਵਿਗਾੜ ਲਏਂਗਾ? ਲੈ ਸੁਣ, ਅਸੀਂ ਤਾਂ ਜੰਮੇ ਈ ਨਿਕੰਮਿਆਂ ਦੇ ਘਰ ਸੀ। ਤੇ ਗਰੀਬੀ ਨਾਲ ਯਾਰੀ ਤਾਂ ਨਿਕੰਮਿਆਂ ਦੀ ਹੁੰਦੀ ਹੀ ਆ। ਸਾਡੇ ਤਾਂ ਸਾਰੇ ਈ ਘਰ ਦੇ ਕੰਮ ਚੋਰ ਸੀ, ਬੁੜਾ ਸਾਡਾ ਵੀ ਮੰਗ-ਮੁੰਗ ਕੇ ਸਾਰਦਾ ਸੀ ਤੇ ਅਸੀਂ ਵੀ ਚੰਗੇ ਭਾਗਾਂ ਨੂੰ ਗੁੜ੍ਹਤੀ ਉਹਦੇ ਹੱਥੋਂ ਹੀ ਲਈ ਸੀ। ਸਕੂਲ-ਸਕਾਲ ਨਾਲ ਤਾਂ ਸਾਡੀ ਕੋਈ ਪੁਰਾਣੀ ਵੀ ਸਕੀਰੀ ਹੈਨੀ ਸੀ, ਛੋਟੇ ਹੁੰਦਿਆਂ ਨੇ ਡੰਗਰ ਚਾਰੇ ਤੇ ਬੜੇ ਹੋ ਕੇ, ਆਹ ਵੇਖ ਲਾ ਲੋਕ ਚਾਰਦੇਂ ਹਾਂ (ਹੱਸਦੇ ਹੋਏ)। ਪਰ ਹਾਂ ਯਾਦ ਆਇਆ ਪਈ ਡੰਗਰ ਚਾਰਦਿਆਂ ਚਾਰਦਿਆਂ ਨੂੰ ਇੱਕ ਵਾਰ ਸਾਨੂੰ ਇੱਕ ਸਾਧ ਮਿਲਿਆ। ਜਿਹਦੇ ਰੰਗ ਢੰਗ ਵੇਖ ਕੇ ਅਸੀਂ ਵੀ ਸਭ ਕੁਝ ਛੱਡ ਛਡਾ ਉਹਦੇ ਨਾਲ ਹੀ ਤੁਰ ਪਏ। ਬੜੀ ਸੇਵਾ ਕੀਤੀ ਅਸਾਂ ਉਹਦੀ। ਪਰ ਅੜਬ ਬੜਾ ਸੀ ਉਹ। ਦੱਸਦਾ-ਦੁੱਸਦਾ ਨਹੀਂ ਸੀ ਕੁਝ ਪਹਿਲਾਂ ਪਹਿਲ ਤਾਂ। ਮਸੀਂ ਮਸੀਂ ਉਹ ਭੂਤਰਿਆ ਹੋਇਆ ਸਾਨ੍ਹ ਕਾਬੂ ਕੀਤਾ। ਬੱਸ ਫਿਰ ਕੀ ਸੀ? ਉਹਨੇ ਆਪਣੇ ਵਾਲੇ ਹੀ ਗੁਰ ਸਿਖਾ ਸਿਖਾ ਕੇ ਤਾਰ ‘ਤਾ ਸਾਨੂੰ ਤਾਂ। ਉਹਦੇ ਸਿਖਾਏ ਹੋਏ ਗੁਰਾਂ ਸਕਦਾ ਹੀ ਅਸੀ ਲੋਕਾਂ ਨੂੰ ਤਾਰ ਰਏ ਆਂ ਤੇ ਅੱਜ ਤੱਕ ਕਾਮਯਾਬ ਕਾਰੋਬਾਰ ਚਲਾ ਰਹੇ ਆਂ, ਨਹੀਂ ਤੇ ਕਿੱਥੋਂ ਗੱਲ ਬਣਨੀ ਸੀ? ਭਲਾ ਹੋਵੇ ਉਹਦਾ ਸੁਰਗਾਂ ਦੇ ਵਾਸੀ ਦਾ। ਬੋਲ ਵਾਗਰੂ।
ਦਾਸ:
ਅੱਛਾ ਬਾਬਾ ਜੀ, ਇਹ ਦੱਸੋ ਕਿ ਗੁਰ ਤਾਂ ਤੁਸੀ ਲਏ ਸੀ ਸਿੱਖ, ਪਰ ਮੈਦਾਨ ‘ਚ ਕਿੱਦਾਂ ਪਾਈ ਫੇਰ ਪਹਿਲੀ ਜਿੱਤ?
ਬਾਬਾ:
ਰੱਬ ਦਿਆ ਪਿਆਰਿਆ, ਇਹ ਸਾਡੇ ਲਈ ਕੋਈ ਔਖਾ ਕੰਮ ਨਹੀਂ ਸੀ। ਪਹਿਲਾਂ ਤਾਂ ਅਸੀਂ ਸਾਡੇ ਗੁਰੂ ਬਾਬੇ ਨੂੰ ਹੀ ਧੋਬੀ ਪਟੜਾ ਮਾਰਿਆ ਤੇ ਪੁਚਾ ਤਾ ਉਹਨੂੰ ਸੁਰਗਾਂ ‘ਚ। ਮੁੜ ਕੇ ਸਾਂਭ ਲਏ ਉਹਦੇ ਸੰਦ ਤੇ ਸੰਗਤਾਂ ਤੇ ਛੱਡ ਤੇ ਬੰਬ। ਹੁਣ ਤੱਕ ਸਾਡੀ ਮਹਿਮਾ ਵੇਖ ਕੇ ਸਾਡੇ ਆੜੀ ਵੀ ਕਾਫੀ ਬਣ ਚੁੱਕੇ ਸੀ ਤੇ ਅਸੀਂ ਵੀ ਹੁਣ ਉਹਨਾਂ ਨੂੰ ਪਰਖਣਾ ਸੀ। ਤੇ ਇੱਦਾਂ ਦੀਆਂ ਹੀ ਸੋਚਾਂ ‘ਚ ਘੁੰਮਦਿਆਂ ਘੁੰਮਦਿਆਂ ਅਸੀਂ ਏਸ ਪਿੰਡ ਦੀ ਆਹ ਜਗ੍ਹਾ ਵੇਖੀ। ਇੱਥੇ ਪਹਿਲਾਂ ਸ਼ਾਮਲਾਟ ਸੀ। ਇਸੇ ਪਿੰਡ ਦੇ ਸਰਪੰਚ ਨਾਲ ਗੱਲ ਚਲਾਈ ਤਾਂ ਉਹ ਤਾਂ ਸਾਡਾ ਵੀ ਅੱਗੋਂ ਪਿਓ ਸੀ। ਡਿਮਾਗ ਦਾ ਤੇਜ਼ ਸੀ, ਝੱਟ ਪੱਟ ਹੀ ਉਹਨੇ ਕੋਈ ਮਨ ਹੀ ਮਨ ਸਕੀਮ ਬਣਾਈ ਤੇ ਕਹਿੰਦਾ ਬਾਬਾ ਜੀ ਅਸੀਂ ਨੀ ਜਾਣ ਦੇਣਾ ਤੁਹਾਨੂੰ ਸਾਡੇ ਪਿੰਡੋਂ। ਬੱਸ ਐਥੇ ਈ ਬਣਾਓ ਆਪਣਾ ਡੇਰਾ। ਬੱਸ ਉਹਦਾ ਪਿਆਰ ਵੇਖ ਕੇ ਸਾਡਾ ਵੀ ਦਿਲ ਨੀ ਕੀਤਾ ਇੱਥੋਂ ਤੁਰਨ ਨੂੰ। ਤੇ ਸੁਖ ਨਾਲ ਇੱਥੇ ਏਸੇ ਈ ਸਰਪੰਚ ਨੇ ਜੰਝ ਘਰ ਦੀ ਅੱਧੀ ਕੁ ਬਿਲਡਿੰਗ ਬਣਾ ਕੇ ਖੜੀ ਕੀਤੀ ਹੋਈ ਸੀ, ਚਾਰ ਕੁ ਖਣ ਜਹੇ ਤੇ ਬਾਕੀ ਦਾ ਮਾਲ ਸੀਮਿੰਟ, ਸਰੀਆ ਵਗੈਰਾ ਤਾਂ ਉਹ ਆਪ ਖਾ ਗਿਆ ਸੀ। ਤੇ ਬਾਕੀ ਬਚੇ ਖੁਚੇ ‘ਚ ਹੀ ਉਹਨੇ ਸਾਡਾ ਅੱਡਾ ਜਮਾ ਤਾ। ਪਰ ਉਹ ਸੀਗਾ ਥੋੜਾ ਜਿਹਾ ਤੇਜ। ਕਹਿੰਦਾ ਅੱਧਾ ਮਾਲ ਮੇਰਾ ਤੇ ਅੱਧਾ ਤੁਹਾਡਾ। ਪਰ ਏਸ ਵਾਰੇ ‘ਚ ਉਦੋਂ ਅਸੀਂ ਉਹਨੂੰ ਹਾਂ ਕਰਨੀ ਹੀ ਚੰਗੀ ਸਮਝੀ। ਸੋਚਿਆ ਕਿ ਬਾਦ ‘ਚ ਇਹਨੂੰ ਵੀ ਕਿਸੇ ਖੂੰਜੇ ਲਾ ਦੇਵਾਂਗੇ। ਏਨੇ ਨੂੰ ਉਹ ਇਸੇ ਪਿੰਡ ਦੀਆਂ ਕੁੜੀਆਂ ਬੁੜੀਆਂ ਨੂੰ ਕੱਠੀਆਂ ਕਰ ਲਿਆਇਆ। ਬੱਸ ਫਿਰ ਕੀ ਸੀ, ਸਾਡੀ ਢੋਲਕੀ ਤੇ ਢੋਲਕੀ ਖੜਕੀ, ਸਾਡਾ ਵਾਜਾ ਵੀ ਓਸ ਦਿਨ ਚੰਗੀ ਪੂੰ ਪੂੰ ਕਰ ਗਿਆ ਸੀ। ਚਿਮਟੇ ਚਮਕਦੇ ਚਮਕਦੇ ਸੰਗਤ ਪਤਾ ਨਹੀਂ ਕਿੱਥੋਂ ਲੈ ਆਈ ਸੀ। ਸੰਗਤ ਤਾਂ ਜਿਵੇਂ ਨਿਹਾਲ ਹੋ ਗਈ ਸੀ। ਪਹਿਲੇ ਈ ਦਿਨ ਯਕੀਨ ਕਰੀਂ ਕਿ ਸਾਡੇ ਸਾਹਮਣੇ ਮਾਇਆ ਦਾ ਢੇਰ ਜਿਹਾ ਲੱਗ ਗਿਆ ਸੀ। ਭਾਈ ਪਿਆਰਿਆ ਸਾਡੀ ਇਹ ਸੀ ਪਹਿਲੀ ਜਿੱਤ। ਬੋਲ ਵਾਗਰੂ।
ਦਾਸ:
ਪਰ ਬਾਬਾ ਜੀ ਇਹ ਤਾਂ ਬੜਾ ਵੱਡਾ ਆਲੀ ਸ਼ਾਨ ਮਹਿਲ ਵਰਗਾ ਕਿਲਾ ਜਾਪਦਾ ਮੈਨੂੰ ਤੇ ਤੁਸੀਂ ਚਾਰ ਖਣਾਂ ਦਾ ਜਿਕਰ ਕਰਦੇ ਹੋ। ਕਿੱਥੇ ਆ ਉਹ ਚਾਰ ਖਣ ਤੇ ਪੁਰਾਣਾ ਜੰਝ ਘਰ?
ਬਾਬਾ:
ਉਹ ਭਾਈ ਕਿਹੜਾ ਜੰਝ ਘਰ? ਓ ਅੱਛਾ ਉਹ! ਉਹ ਤਾਂ ਅਸੀਂ ਕਰ ਤਾ ਦਫਨ ਲੋਕਾਂ ਦੀ ਸੱਚੀ ਸ਼ਰਧਾ ਮਾਂਗੂੰ। ਤੇ ਆਹ ਖੜਾ ਆ ਸਾਡੇ ਸੁਪਨਿਆਂ ਦਾ ਮਹਿਲ ਤੇ ਲੋਕਾਂ ਦੀ ਅੰਨ੍ਹੀ ਸ਼ਰਧਾ ਦਾ ਡੇਰਾ। ਹੁਣ ਤਾਂ ਇਹੀ ਸਾਡੇ ਲਈ ਮਹਿਲ ਆ ਤੇ ਲੋਕਾਂ ਲਈ ਡੇਰਾ। ਬੱਸ ਇੱਥੇ ਈ ਅਸੀਂ ਮੁੰਨਦੇ ਆਂ ਲੋਕ ਗਊਆਂ।
ਦਾਸ:
ਪਰ ਬਾਬਾ ਜੀ ਏਸ ਪਿੰਡ ਦਾ ਕੋਈ ਵੀ ਬੰਦਾ ਨਹੀਂ ਬੋਲਿਆ ਤੁਹਾਡੇ ਏਸ ਕਬਜ਼ੇ ਖਿਲਾਫ?
ਬਾਬਾ:
ਯਾਦ ਨਹੀਂ ਹੁਣ ਤਾਂ। (ਚੇਤਾ ਕਰਦੇ ਹੋਏ)……ਹਾਂ ਸੀਗੇ ਦੋ ਕੁ ਬੰਦੇ। ਪਰ ਲਵਾ ਤੇ ਸੀ ਟਿਕਾਣੇ ਉਹ ਤਾਂ ਅਸੀਂ ਆਪਣੇ ਯਾਰ ਕੋਲੋ। ਉਦੋਂ ਇੱਕ ਚੰਗੀ ਖਰੀ ਕਿਸਮ ਦਾ ਬੁੱਚੜ ਠਾਣੇਦਾਰ ਹੁੰਦਾ ਸੀ ਸਾਡਾ ਬੇਲੀ। ਉਹੀ ਕੰਮ ਆਇਆ ਫੇਰ। ਭੁੱਕੀ ਰੱਖ ਕੇ ਉਹਨਾਂ ਦੋਵਾਂ ਕੰਜਰਾਂ ਦੇ ਘਰ, ਫੜਵਾ ਤੇ ਕਿ। (ਹੱਸਦੇ ਹੋਏ)। ਜਦੋਂ ਪੁਲਸ ਦੀ ਛਿੱਤਰ ਕੁੱਟ ਕਰਦਿਆਂ ਦੀ ਬੱਸ ਹੋਈ, ਬੱਸ ਉਦੋਂ ਅਸੀਂ ਆਪ ਹੀ ਛੁਡਾ ਲਿਆਏ ਸੀ। ਉਦੋਂ ਤੋਂ ਉਹ ਸਾਡੇ ਪੱਕੇ ਚੇਲੇ ਬਣ ਗਏ। ਬੱਸ ਉਹ ਦਿਨ ਤੇ ਆਹ ਦਿਨ ਕੋਈ ਚੂੰ ਚਾਂ ਨੀ ਹੋਈ ਏਸ ਪਿੰਡ ‘ਚੇ ਸਾਡੇ ਖਿਲਾਫ। ਨਾਲੇ ਅਸੀਂ ਕਿਸੇ ਨੂੰ ਕੀ ਕਹਿੰਦੇ ਆਂ? ਹੁਣ ਆਖ ਵਾਗਰੂ (ਜਰਾ ਕੁ ਗੁੱਸੇ ‘ਚ)
ਦਾਸ:
ਨਹੀਂ ਨਹੀਂ ਬਾਬਾ ਜੀ ਮੈਂ ਕਦੋਂ ਆਖਿਆ ਕਿ ਤੁਸੀਂ ਕਿਸੇ ਨੂੰ ਕੁਝ ਕਹਿੰਦੇ ਹੋ? ਤੁਹਾਡੀ ਤਾਂ ਮਹਿਮਾਂ ਸਾਰੇ ਸੰਸਾਰ ‘ਚ ਹੋਈ ਪਈ ਏ ਕਿ। ਜਿੱਧਰ ਜਾਓ ਸੰਤ ਬਾਬਾ ਸਰਬ ਨਾਸ਼ ਜੀ … ਹੋਈ ਜਾਂਦੀ ਏ ਜੀ। ਪਰ …(ਇੰਨੇ ‘ਚ ਬਾਬਿਆਂ ਦਾ ਨੋਕੀਆ ਦਾ ਮੋਬਾਇਲ ਫੋਨ ਖੜਕਦਾ ਹੈ ਤੇ ਕੋਈ ਪੰਜ ਕੁ ਮਿੰਟ ਦੀ ਗੱਲਬਾਤ ਹੁੰਦੀ ਹੈ, ਇਉਂ ਲੱਗਦਾ ਸੀ ਜਿਵੇਂ ਕਿਸੇ ਲੀਡਰ ਨਾਲ ਵੋਟਾਂ ਵਾਰੇ ਗੱਲਬਾਤ ਹੋ ਰਹੀ ਸੀ। ਮੋਬਾਇਲ ਦੀ ਰਿੰਗ ਵੀ ਬੜੀ ਬਾਬਿਆਂ ਦੀ ਸੋਚ ਵਰਗੀ ਸੀ ਜਿਹੜੀ ਆਖ ਰਹੀ ਸੀ…ਇੱਥੇ ਕੋਈ ਨੀ ਕਿਸੇ ਦਾ ਬੇਲੀ, ਦੁਨੀਆਂ ਮਤਲਬ ਦੀ…)
(ਫੋਨ ਤੋਂ ਬਾਅਦ ਬਾਬੇ ਕਹਿਣ ਲੱਗੇ)
ਬਾਬਾ:
ਹਾਂ ਭਾਈ ਪਿਆਰਿਆ ਕੀ ਕਹਿੰਦੇ ਸੋ?
ਦਾਸ:
ਮੈਂ ਆਖਦਾ ਸੀ ਬਾਬਾ ਜੀ ਕਿ ਪਿੱਛੇ ਜਹੇ ਲੀਡਰਾਂ ਦੇ ਤੁਹਾਡੇ ਡੇਰੇ ਤੇ ਆਉਣ ਨਾਲ ਬੜਾ ਬਾਤ ਦਾ ਬਤੰਗੜ ਬਣਿਆ ਸੀ। ਉਹ ਕੀ ਗੱਲ ਹੋਈ ਸੀ ਬਾਬਾ ਜੀ?
ਬਾਬਾ:
ਵੇਖ ਬਈ! ਇਹ ਸਾਡਾ ਡੇਰਾ ਸਭ ਦਾ ਸਾਂਝਾ ਡੇਰਾ ਏ। ਇੱਥੇ ਕੋਈ ਚੋਰ ਆਵੇ, ਡਾਕੂ ਆਵੇ, ਭਗਤ ਆਵੇ, ਲੀਡਰ ਆਵੇ ਜਾਂ ਜਨਤਾ ਆਵੇ। ਅਸੀਂ ਨਾ ਕਿਸੇ ਨੂੰ ਰੋਕਿਆ ਤੇ ਨਾ ਹੀ ਕਦੀ ਰੋਕਣਾ। ਬੱਸ ਇੰਨਾ ਜਰੂਰ ਆ ਕਿ ਅਗਲਾ ਖਾਲੀ ਨਾ ਆਵੇ। ਜੇ ਸੰਗਤ ਵੀ ਕੁਝ ਨਾ ਕੁਝ ਲੈ ਕੇ ਆਉਂਦੀ ਏ ਤਾਂ ਅਸੀਂ ਵੀ ਤਾਂ ਸੰਗਤ ਦੀਆਂ ਇਛਾਵਾਂ ਦੀ ਪੂਰਤੀ ਕਰਦੇ ਈ ਆਂ। ਜਿਉਂ ਕਿ…ਕਿਸੇ ਨੂੰ ਦੁੱਧ ਤੇ ਕਿਸੇ ਨੂੰ ਪੁੱਤ। ਕਿਸੇ ਨੂੰ ਨੋਟ ਤੇ ਕਿਸੇ ਨੂੰ ਵੋਟ। ਕਿਸੇ ਨੂੰ ਖੋਟ ਤੇ ਕਿਸੇ ਨੂੰ ਚੋਟ। ਪਰ ਇਹ ਲੀਡਰ ਵੀ ਸਹੁਰੀ ਦੇ ਕਿਸੇ ਦੇ ਸਕੇ ਨੀਂ, ਵੋਟਾਂ ਵੇਲ਼ੇ ਹੋਰ ਤੇ ਪਿੱਛੋਂ ਹੋਰ। ਆਹ ਹੁਣ ਵੀ ਵੋਟਾਂ ਲਈ ਹੀ ਫੋਨ ਆਇਆ ਸੀ ਕਿ ਸਾਡਾ ਖਿਆਲ ਰੱਖਿਓ ਬਾਬਾ ਜੀ। ਅਸੀਂ ਕੀ ਨਹੀਂ ਕਰਦੇ ਇਹਨਾਂ ਦੀ ਖਾਤਰ? ਲੋਕਾਂ ਨੂੰ ਭੰਬਲਭੂਸੇ ‘ਚ ਪਾ ਕੇ ਵੋਟਾਂ ਪਵਾਈਦੀਆਂ ਇਹਨਾਂ ਨੂੰ, ਸਾਡੇ ਕੋਲ ਪੁਲਿਸ ਦੇ ਜਵਾਨਾਂ ਨਾਲੋਂ ਵੀ ਵਧੀਆ ਮੁੰਡੇ ਆ। ਬਦਾਮਾਂ, ਮਲਾਈਆਂ, ਕੱਚੇ ਦੁੱਧਾਂ ਨਾਲ ਪਾਲੇ ਸ਼ੇਰ। ਜਿੱਥੇ ਕਹਿਣ ਉੱਥੇ ਈ ਡਾਹ ਦਈਦੇ ਆ। ਪਰ ਇਹ ਲੜੇ ਲੀਡਰ ਕਿਸੇ ਦੀ ਵੱਢੀ ਉਂਗਲੀ ਤੇ ਬਿਨਾਂ ਮਤਬਲ ਤੋਂ ਮੂਤਦੇ ਨੀਂ। ਕਿਹੜਾ ਕੰਮ ਨਹੀਂ ਜੇੜ੍ਹਾ ਅਸੀਂ ਨਹੀਂ ਕਰੀਦਾ ਇਹਨਾਂ ਦਾ? ਪਰ ਪਿੱਛੇ ਜਹੇ ਸਾਨੂੰ ਲੋੜ ਪਈ ਸੀ ਇਹਨਾਂ ਦੀ ਕਿਸੇ ਸੀਕਰਟ ਜਹੇ ਕੰਮ ‘ਚ। ਪਰ ਇਹਨਾਂ ਨੇ ਸਾਡਾ ਨਾਂ ਬਦਨਾਮ ਕਰਵਾ ਕਰਕੇ ਹੀ ਸਾਹ ਲਿਆ। ਜੇ ਇਹ ਆਪਣੀ ਵਾਹ ਲਾਉਂਦੇ ਤਾਂ ਗੱਲ ਬਣ ਹੀ ਜਾਣੀ ਸੀ। ਤੇ ਸਾਡਾ ਭੋਰਾ, ਭੋਰਾ ਹੀ ਰਹਿਣਾ ਸੀ ਕੋਠਾ ਨਹੀਂ ਸੀ ਬਣਨਾ। ਤੇ ਹੁਣ ਐਥੇ ਸਾਡੇ ਕੋਲ ਆਇਆਂ ਦੀਆਂ ਖ਼ਬਾਰਾਂ ‘ਚ ਫੋਟੂ ਛਪੀਆਂ ਤਾਂ ਕਿੰਨੇ ਈ ਢਕਵੰਝ ਬਣਾਉਂਦੇ ਫਿਰਦੇ ਆ। ਸਿੱਧੇ ਨਹੀਂ ਕਹਿੰਦੇ ਕਿ ਵੋਟਾਂ ਮੰਗਣ ਲਈ ਆ ਆ ਕੇ ਨੱਕ ਰਾਹ ਲਕੀਰਾਂ ਕੱਢਦੇ ਸੀ। ਬਾਕੀ ਭਾਈ ਤੁਸੀਂ ਵੀ ਖ਼ਬਾਰਾਂ ਵਾਲੇ ਘੱਟ ਨਹੀਂ, ਤੁਸੀਂ ਵੀ ਕਿਸੇ ਦੀ ਟੁੱਟੀ ਮੰਜੀ ‘ਚ ਚੂਲ ਨਹੀਂ ਠੋਕਦੇ, ਸਗੋਂ ਸਾਬਤੀ ‘ਚ ਜਰੂਰ ਜਾ ਕੇ ਠੋਕਦੇ ਹੋ। ਥੋਡੇ ਵੀ ਸਿਰ ਤੇ ਸਾਨੂੰ ਕੁੰਡਾ ਪਾਉਣਾ ਈ ਪੈਣੇ। ਬੋਲ ਵਾਗਰੂ।
ਦਾਸ:
ਬਾਬਾ ਜੀ ਇੱਥੇ ਲੀਡਰਾਂ ਵਾਂਗ ਬਥੇਰੇ ਵਿਕਦੇ ਨੇ ਮੀਡੀਏ ਵਾਲੇ ਵੀ, ਪਰ ਬਾਬਾ ਜੀ ਇਹ ਗੱਲ ਵੀ ਠੀਕ ਆ ਕਿ ਸਾਰੇ ਮੀਡੀਏ ਵਾਲੇ ਇੱਕੋ ਜਹੇ ਨਹੀਂ ਹੁੰਦੇ। ਕਿੰਨੇ ਪੇਪਰਾਂ ਵਾਲੇ ਆ ਜਿਹੜੇ ਤੁਹਾਡੇ ਵਰਗੇ ‘ਧਰਮਾਤਮਾ’ ਸਖਸ਼ੀਅਤਾਂ ਦੀਆਂ ਇੰਟਰਵਿਊਜ਼ ਜਾਂ ਤੁਹਾਡੇ ਸਮਾਗਮਾਂ ਵਾਰੇ ਛਾਪਦੇ/ਲਿਖਦੇ ਆ। ਇਸ ਗੱਲ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਜੀ?
ਬਾਬਾ:
ਇੱਥੇ ਪਿਆਰਿਆ ਗੱਲ ਇਉਂ ਆ ਪਈ ਕਈ ਖਬਾਰਾਂ ਵਾਲਿਆਂ ਦਾ ਵੀ ਡਿਮਾਗ਼ ਖਰਾਬ ਹੋਇਆ ਪਿਆ ਆ। ਸਾਡੇ ਖਿਲਾਫ ਹੀ ਲਿਖੀ ਜਾਂਦੇ ਆ। ਪਰ ਇਹਦੇ ਨਾਲ ਸਾਨੂੰ ਕੋਈ ਬਹੁਤਾ ਫਰਕ-ਫੁਰਕ ਨੀਂ ਪੈਂਦਾ, ਕਿਉਂਕਿ ਸਾਡੀ ਸਾਧ ਸੰਗਤ ਸਾਡੇ ਖਿਲਾਫ ਕੁਝ ਸੁਣਦੀ ਈ ਨਹੀਂ। ਭਾਂਵੇਂ ਅਸੀਂ ਕਿੰਨਾ ਵੀ ਕੋਈ ਮਾੜਾ ਕੰਮ ਨਾ ਕਰੀਏ? ਇਹ ਤਾਂ ਸੰਗਤ ਦੇ ਈ ਸਿਰ ਤੇ ਹੈ ਸਾਡਾ ਮਹਿਲ ਮੁਨਾਰਾ। ਸੰਗਤ ਰਾਜੀ ਤੇ ਅਸੀਂ ਰਾਜੀ। ਖੈਰ ਇਹ ਮਾੜਾ ਤਾਂ ਪੇਪਰਾਂ ਵਾਲਿਆਂ ਲਈ ਹੀ ਹੁੰਦਾ ਹੈ। ਸਾਧ ਸੰਗਤ ਲਈ ਤਾਂ ਪੁੰਨ ਹੀ ਕਰਦੇ ਹਾਂ ਅਸੀਂ ਤਾਂ। ਪਰ ਇੱਥੇ ਸਾਡੇ ਆਪਣੇ ਵੀ ਬਥੇਰੇ ਬੰਦੇ ਹੈਗੇ ਆ ਖਬਰਾਂ-ਖੁਬਰਾਂ ਲਾਉਣ ਵਾਲੇ। ਝੱਟ ਲਾ ਦਿੰਦੇ ਆ ਸਾਡੇ ਕਹਿਣ ਤੇ। ਇਹਦੇ ਵਾਰੇ ‘ਚ ਅਸੀਂ ਬਹੁਤਾ ਨੀਂ ਫਿਕਰ-ਫੁਕਰ ਕਰਦੇ।
ਦਾਸ:
ਬਾਬਾ ਜੀ ਪਿੱਛੇ ਜਹੇ ਇੱਕ ਖਬਰ ਸੀ, ਤੁਹਾਡੇ ਵਾਰੇ ਹੀ ਸੀ ਸ਼ਾਇਦ ਕਿ ਕਿਸੇ ਹੁਕਮੀ ਨਾਂ ਦੀ ਬੁੜੀ ਦੀ ਜ਼ਮੀਨ ਨਹੀਂ ਸੀ ਛੱਡਦੇ ਤੁਸੀਂ? ਪੜ੍ਹਿਆ ਸੀ ਕਿ ਤੁਸੀਂ ਆਪਣੇ ਬੰਦਿਆਂ ਨਾਲ ਰਲ਼ ਕੇ ਕਬਜ਼ਾ ਕਰ ਲਿਆ ਸੀ ਉਸ ਦੀ ਜ਼ਮੀਨ ਤੇ?
ਬਾਬਾ:
ਉਹ ਨਹੀਂ ਭਾਈ ਪਿਆਰਿਆ। ਇਹ ਜ਼ਮੀਨ ਕਿਸੇ ਨੇ ਨਾਲ ਥੋੜੀ ਲੈ ਜਾ ਜਾਣੀ ਆ। ਢਾਈ ਗਜ਼ ਜ਼ਮੀਨ ਹੀ ਕੰਮ ਆਉਣੀ ਆ, ਬਾਕੀ ਤਾਂ ਐਂਵੇ ਈ ਬੰਦਾ ਮੇਰੀ ਮੇਰੀ ਕਰਦਾ ਫਿਰਦਾ ਏ ਇੱਥੇ। ਬਾਕੀ ਅਸੀਂ ਨਹੀਂ ਕਿਸੇ ਦੀ ਭੋਇੰ ਵਗੈਰਾ ਤੇ ਕਬਜ਼ਾ ਕੀਤਾ। ਅਸੀਂ ਤਾਂ ਬਾਣੀ ਦੇ ਆਸ਼ੇ ਅਨੁਸਾਰ ਹੀ ਚਲਦੇ ਹਾਂ। ਅਸੀਂ ਤਾਂ ਉਸ ਨੂੰ ਇਹੀ ਸਮਝਾਇਆ ਸੀ ਕਿ ਬਾਣੀ ‘ਚ ਆਉਂਦਾ ਏ ਕਿ :
ਆਪੇ ਬੀਜਿ ਆਪੇ ਹੀ ਖਾਹੁ। ਨਾਨਕ ਹੁਕਮੀ ਆਵਹੁ ਜਾਹੁ।।
ਜਿਵੇਂ ਬਾਣੀ ‘ਚੋਂ ਹੁਕਮ ਹੁੰਦਾ ਹੈ ਅਸੀਂ ਤਾਂ ਭਾਈ ਉਵੇਂ ਹੀ ਕਰਦੇ ਹਾਂ। ਤਾਂਹੀ ਉਹਨੂੰ ਕਿਹਾ ਸੀ ਕਿ ਅਸੀਂ ਬੀਜੀ ਬਾਹੀ ਕਰੀ ਜਾਣੀ ਏ ਤੇ ਤੂੰ ਇੱਥੇ ਦੋ ਟੈਮ ਆ ਕੇ ਲੰਗਰ-ਲੁੰਗਰ ਬਣਾ ਜਾਇਆ ਕਰ ਤੇ ਖਾ ਜਾਇਆ ਕਰ। ਬੱਸ ਆਉਂਦੀ ਜਾਂਦੀ ਰਿਹਾ ਕਰ। ਜ਼ਮੀਨਾਂ-ਜੁਮੂਨਾਂ ਦੀ ਬਾਹਲੀ ਚਿੰਤਾ ਨਹੀਂ ਕਰੀਦੀ ਹੁੰਦੀ। ਬਾਕੀ ਇਹ ਖਬਾਰਾਂ ਵਾਲਿਆਂ ਨੂੰ ਤਾਂ ਗੱਲ ਚਾਹੀਦੀ ਆ। ਇਹ ਤਾਂ ਮਖੀਲ ਆ ਨਿਰੇ। ਝੱਟ ਚਾਮ ਚੜਿੱਕ ਵਾਂਗੂੰ ਚਿੰਬੜਦੇ ਆ ਆਕੇ। ਆਹ ਚਾਮ ਚੜਿੱਕ ਤੋਂ ਯਾਦ ਆਇਆ ਕਿ ਸਾਡਾ ਤਾਂ ਇੱਕ ਕੰਮ ਅੱਜ ਦੀ ਲੈਸਟ ‘ਚੋਂ ਰਹਿੰਦਾ ਆ ਕਰਨ ਲਈ। ਤੂੰ ਪਿਆਰਿਆ ਇੱਥੇ ਬੈਠ, ਦੁੱਧ-ਦੱਧ ਛਕ ਤੇ ਅਸੀਂ ਆਉਂਨੇ ਆ ਮੁੜ ਕੇ। ਬਾਕੀ ਦੀ ਇੰਟਰਬੂ ਬਾਦ ‘ਚ ਕਰ ਲਈਂ। ਚੰਗਾ ਵਾਗਰੂ।
(ਬਾਬੇ ਉੱਠੇ ਤੇ ਪਿਛਲੇ ਕਮਰੇ ‘ਚ ਚਲੇ ਗਏ। ਮੈਂ ਟੇਪ ਰਿਕਾਰਡ ਬੰਦ ਕਰਕੇ ਟਾਈਮ ਵੇਖਿਆ ਤਾਂ ਖਾਸਾ ਚਿਰ ਹੋ ਚੁੱਕਾ ਸੀ ਸਾਨੂੰ ਗੱਲਬਾਤ ਕਰਦਿਆਂ। ਬਾਬਿਆਂ ਦੀ ਉਡੀਕ ਕਰਦਾ ਕਰਦਾ ਮੈਂ ਉੱਥੇ ਬੈਠਾ ਛੱਤ ਵੱਲ ਵੇਖਣ ਲੱਗ ਪਿਆ। ਛੱਤ ਵਾਲਾ ਪੱਖਾ ਵਾਹੋ ਦਾਹੀ ਚਲ ਰਿਹਾ ਸੀ ਤੇ ਮੈਨੂੰ ਲੱਗਾ ਕਿ ਇਹ ਵੀ ਬਾਬੇ ਦੇ ਡੇਰੇ ‘ਚ ਲੋਕਾਂ ਵਾਂਗ ਚੱਕਰਾਂ ‘ਚ ਪਿਆ ਹੋਇਆ ਏ। ਉਹ ਦੋਵੇਂ ਸੇਵਕ ਵੀ ਉੱਥੇ ਹੀ ਇਸੇ ਕਮਰੇ ‘ਚ ਬੈਠੇ ਆਪਸ ‘ਚ ਬਾਬਿਆਂ ਦੇ ਅੱਜ ਦੇ ਹੋ ਚੁੱਕੇ ਸਮਾਗਮ ਵਾਰੇ ਗੱਲਬਾਤ ਕਰ ਰਹੇ ਸਨ।)
(ਮੇਰੀ ਸ਼ਾਇਦ ਅੱਖ ਲੱਗ ਗਈ ਸੀ ਏ ਸੀ ਵਾਲੇ ਕਮਰੇ ‘ਚ ਬੈਠੇ ਦੀ। ਜਾਗ ਆਈ ਤਾਂ ਮੈਂ ਠੀਕ ਹੋ ਕੇ ਬੈਠ ਗਿਆ। ਇੰਨੇ ਨੂੰ ਬਾਬੇ ਓਸ ਕਮਰੇ ‘ਚੋਂ ਵਾਪਸ ਆ ਰਹੇ ਸਨ। ਬਾਬਿਆਂ ਦੇ ਮੁੱਖ ਤੇ ਦੇਸੀ ਘਿਓ ਵਾਂਗ ਨੂਰਾਨੀ ਲੋਅ ਚਮਕ ਰਹੀ ਸੀ ਤੇ ਬਾਬੇ ਆਪਣੇ ਗਲਮੇਂ ਦੇ ਬਟਨ ਠੀਕ ਕਰਦੇ ਆ ਰਹੇ ਸੀ ਤੇ ਬੈਠਦੇ ਹੋਏ ਆਖਣ ਲੱਗੇ…)
ਬਾਬਾ:
ਪੁੱਛ ਪਿਆਰਿਆ ਹੋਰ ਵੀ ਜਿਹੜੀਆਂ ਤੇਰੇ ਦਿਲ ‘ਚੇ ਨੇ।
ਦਾਸ:
(ਮੈਂ ਟੇਪ ਰਿਕਾਰਡ ਔਨ ਕਰਦੇ ਹੋਏ ਨੇ ਪੁੱਛਿਆ) ਬਾਬਾ ਜੀ ਕਦੇ ਵਿਦੇਸ਼ ਵੀ ਗਏ ਹੋ?
ਬਾਬਾ:
ਬੜੇ ਪਿਆਰੇ ਨੇ ਸਾਡੇ ਉੱਥੇ। ਜਾਂਦੇ ਈ ਰਈਦਾ ਬਾਹਰ-ਬੂਹਰ ਨੂੰ ਤਾਂ। ਡੁਬਈ, ਸਿੰਗਾਪੁਰ, ਮਲੇਸ਼ੀਆ, ‘ਮਰੀਕਾ, ਘਨੇਢਾ ‘ਚ ਟਰੰਟੋ, ਵੈਨਗੋਬਰ, ਸਰੀ-ਸੁਰੀ, ਜਰਮਣੀ, ‘ਗਲੈਂਡ ਵਗੈਰਾ ਵਗੈਰਾ ਸਾਰੀਆਂ ਥਾਵਾਂ ਤੇ ਸਾਡੇ ਸ਼ਰਦਾਲੂ ਨੇ। ਬਹੁਤ ਮਾਣਤਾਣ ਕਰਦੇ ਨੇ ਉੱਥੇ ਗਇਆਂ ਦਾ। ਅਸਲੀ ਸਿੱਖ ਤਾਂ ਸਾਡੇ ਉੱਥੇ ਈ ਨੇ। ਆਹ ਐਥੇ ਵਾਲੇ ਤਾਂ ਮੰਗਣ ਤੇ ਈ ਰਹਿੰਦੇ ਆ, ਬਾਹਰਲੇ ਤਾਂ ਦਿੰਦੇ ਈ ਦਿੰਦੇ ਆ। ਉਹ ਆ ਜਿਹੜਾ ਇੱਕ ਪੰਜਾਬ ਦਾ ਵੱਡਾ ਗਵੱਈਆ… ਕੀ ਨਾਂ ਉਹਦਾ? ਚੱਲ ਓਹਦੇ ਨਾਂ ਤੋਂ ਕੀ ਲੈਣਾ ਆਪਾਂ। ਉਹਦੇ ਪ੍ਰੋਗਰਾਮ ਨਾਲੋਂ ਤਾਂ ਵੱਧ ਹੀ ਮਾਲ ਦਿਵਾਉਂਦੇ ਆ ਆਪਣੇ ਪਿਆਰੇ। ਨਾਲੇ ਤਨ, ਮਨ ਤੇ ਧਨ ਨਾਲ ਕਰਦੇ ਆ ਆਪਣੀ ਸੇਵਾ। ਕਿਸੇ ਵੀ ਚੀਜ਼ ਦੀ ਤੋਟ ਨੀ ਆਉਣ ਦਿੰਦੇ ਧਰਮ ਨਾਲ। ਨਾਲੇ ਉੱਥੇ ਦੀਆਂ ਖਬਾਰਾਂ 'ਚ ਇੱਕ ਦੂੰਹ ਨੂੰ ਛੱਡ ਕੇ, ਬਾਕੀ ਆਪਣੀ ਹਾਂ ‘ਚ ਹਾਂ ਈ ਭਰਦੇ ਆ ਸਾਰੇ। ਮਜਾਲ ਆ ਸਾਡੇ ਗਇਆਂ ਵਾਰੇ ਲੋਕਾਂ ਨੂੰ ਇਹ ਨਾ ਦੱਸਣ। ਆਹ ਟੜੇ ਟੈਲੀਵੂਜਨ ਤੇ ਵੀ ਆਪਣੇ ਈ ਰਾਗ ਚਲਾਉਂਦੇ ਆ ਉਹ ਤੇ। ਬਾਹਰ ਦੇ ਰੇੜੂਏ ਆਲੇ ਤਾਂ ਫੇਰੀ ਆਲੇ ਭਾਈ ਵਾਂਗੂੰ ਹਾਕਾਂ ਮਾਰ ਮਾਰ ਕੇ ਕਰਦੇ ਆ ਲੋਕਾਂ ਨੂੰ ਕੱਠੇ। ਤੇ ਸਾਡੇ ਪਰੋਗਰਾਮਾਂ ਦੀ ਤਾਂ ਤੂੰ ਪੁੱਛ ਹੀ ਨਾ। ਬੜੀ ਦੂਰੋਂ ਦੂਰੋਂ ਲੋਕ ਪਹੁੰਚਦੇ ਆ ਉੱਥੇ। ਚਾਲੀ ਚਾਲੀ ਹਜਾਰ ਬੰਦਾ ਹੁੰਦਾ ਕੱਠਾਂ ਸਮਾਗਮਾਂ ਤੇ। ਤੇ ਲਾ ਲਾ ‘ਸਾਬ ਬਈ ਉੱਥੇ ਪੰਜ ਤਾਂ ਕੋਈ ਚੜਾਉਂਦਾ ਈ ਨਹੀਂ, ਸਭ ਵੀਹ ਪੰਜਾਹ ਤੋਂ ਘੱਟ ਦੀ ਵੇਲ ਨਹੀਂ ਕਰਾਉਂਦਾ। ਪਰ ਇਹ ਗੱਲ ਨਾ ਲਿਖੀਂ ਸਾਡੀ ਇੰਟਰਬੂ ‘ਚੇ। ਕਿਤੇ ਸਾਡੇ ਵੀਜ਼ੇ ਨਾ ਬੰਦ ਹੋ ਜਾਣ ਲੱਗਣੋਂ। ਬੜਾ ਦਿਲ ਕਰਦਾ ਪਿਆਰਿਆ ਬਾਹਰ ਬੂਹਰ ਜਾਣ ਨੂੰ ਸਾਡਾ। ਓਹ ਭਾਈ ਸਾਡੇ ਪਰੋਗਰਾਮ ਤਾਂ ਓਹ ਗੋਰਿਆਂ ਦੇ ‘ਸੈਕਲ ਸੈਕਸ਼ਨ’ ਤੋਂ ਵੀ ‘ਜਾਦਾ ਮਸ਼ੂਰ ਨੇ ਉੱਥੇ। ਤੈਨੂੰ ਵੀ ਤਾਂ ਪਤਾ ਈ ਹੋਣਾ ਕਿ, ਬੋਲ ਵਾਗਰੂ।
(ਇੰਨੇ ਨੂੰ ਉਹ ਸੋਹਣੀ ਜਿਹੀ ਬੀਬੀ ਅੰਦਰੋਂ ਆ ਕੇ ਬਾਬਿਆਂ ਨੂੰ ਮੱਥਾ ਟੇਕ ਕੇ ਤੇ ਖਾਲੀ ਗਲਾਸ ਚੁੱਕ ਕੇ ਕਮਰੇ ‘ਚੋਂ ਬਾਹਰ ਨਿਕਲ ਜਾਂਦੀ ਹੈ ਤੇ ਸਾਡੀ ਗੱਲਬਾਤ ਬਿਨਾਂ ਰੋਕ ਟੋਕ ਚਲਦੀ ਰਹਿੰਦੀ ਹੈ)
ਦਾਸ:
ਕਿੰਨੇ ਕੁ ਬੰਦੇ ਤੁਹਾਡੇ ਨਾਲ ਹੁੰਦੇ ਆ ਬਾਹਰ ਦੇ ਟੂਰ ਤੇ ਬਾਬਾ ਜੀ?
ਬਾਬਾ:
ਆਹ ਬੱਸ 35-40 ਕੁ ਬੰਦੇ ਈ ਹੁੰਦੇ ਆ। ਹੋਰ ਆਪਾਂ ਕਿਹੜੀ ਜਨੇਤ ਲਿਜਾਣੀ ਊ। ਆਪਣਾ ਈ ਹਜਾਜ ਕਰ ਲਈ ਦਾ ਭਾੜੇ ਤੇ। ਉੱਡਿਆ ਈ ਜਾਂਦਾ ਪਤੰਗ ਮਾਂਗੂੰ ਕਿ। ਬੜੀ ਸੇਵਾ ਕਰਦੀਆਂ ਹਜਾਜ ਵਾਲੀਆਂ ਬੀਬੀਆਂ ਵੀ। ਭੋਰਾ ਤਕਲੀਫ਼ ਨੀਂ ਹੋਣ ਦਿੰਦੀਆਂ ਸਹੁਰੀ ਦੀਆਂ। ਤਰਸਦੇ ਈ ਰਹੀਦਾ ਕਿ ਕਦੋਂ ਮੁੜ ਕੇ ਚੜਾਂਗੇ ਹਜਾਜੇ?
ਦਾਸ:
ਤੇ ਬਾਬਾ ਜੀ ਏਅਰ ਪੋਰਟ ਤੇ ਤਾਂ ਕੋਈ ਖੇਚਲ ਨੀ ਹੁੰਦੀ ਹੋਣੀ?
ਬਾਬਾ:
ਐਥੇ ਆਲ਼ੇ ਕਰਦੇ ਆ ਮਾੜੀ ਮੋਟੀ, ਉੱਥੇ ਆਲ਼ੇ ਤਾਂ ਜਮਾਂ ਈ ਸਾਊ ਆ। ਬਾਕੀ ਭਾਈ ਆਪਣੇ ਈ ਹੱਥ ਵੱਸ ਆ ਸਭ ਕੁਝ। ਸਾਨੂੰ ਵੀ ਕੱਢਣੇ ਆਉਂਦੇ ਆ ਡੋਕੇ, ਫੰਡਰ ਦੇ।
ਦਾਸ:
ਬਾਬਾ ਜੀ ਤੁਹਾਡੇ ਜਥਿਆਂ ਵਰਗੇ ਕਿੰਨੇ ਕੁ ਹੋਰ ਪੰਥ ਦੀ ‘ਸੇਵਾ’ ਕਰ ਰਹੇ ਨੇ? ਤੇ ਕਿੱਥੇ ਕਿੱਥੇ ਨੇ ਦੇਸ਼ ਵਿੱਚ?
ਬਾਬਾ:
ਭਾਈ ਪਿਆਰਿਆ, ਕੌਮ ਦੀ ‘ਸੇਵਾ’ ‘ਚ ਬਹੁਤ ਸੇਵਾਦਾਰ ਜੁਟੇ ਪਏ ਨੇ। ਸਾਰੇ ਭਾਰਤ ‘ਚ ਬੱਸ ਆਪਾਂ ਸਿੱਖ ਰਾਜ ਕੈਮ ਕਰ ਦੇਣਾ ਕਿ। ਬੱਸ ਵੇਖੀ ਜਾ। ਜੇ ਏਸ ਤਰਾਂ ਹੀ ਜਨਤਾ ਦਾ… ਮੇਰਾ ਮਤਬਲ ਸੰਗਤ ਦਾ ਸਹਿਯੋਗ ਮਿਲਦਾ ਰਿਹਾ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਈ ਝੰਡਾ ਝੁੱਲੂ ਦਿੱਲੀ ਤੇ। ਆਹ ਥੋੜੇ ਜਹੇ ਬੰਦੇ ਆ ਆਪਣੇ ਧਰਮ ‘ਚੇ ਜਿਹੜੇ ਸਾਡੇ ਮਿਸਨ ਨੂੰ ਖਰਾਬ ਕਰਨਾ ਚਾਹੁੰਦੇ ਆ, ਬਾਕੀ ਛਰੋਮਣੀ ਕਮੇਟੀ ਤਾਂ ਲਗਭਗ ਆਪਣੇ ਨਾਲ ਈ ਆ। ਬੜੇ ਬੀਬੇ ਬੰਦੇ ਆ ਬਈ ਵਾਗਰੂ।
ਦਾਸ:
ਬਾਬਾ ਜੀ ਪਿੱਛੇ ਥੋੜਾ ਜਿਹਾ ਚਿਰ ਹੋਇਆ, ਸ਼੍ਰੋਮਣੀ ਕਮੇਟੀ ਨੇ ਕੀਰਤਨੀਆਂ ਨੂੰ ਕਿਹਾ ਸੀ ਕਿ ਕੱਚੀ ਬਾਣੀ ਨਾ ਗਾਇਆ ਕਰੋ। ਜੇ ਗਾਈ ਤਾਂ ਛੇਕ ਦਿੱਤੇ ਜਾਣਗੇ ਪੰਥ ‘ਚੋਂ। ਪਰ ਉਹਨਾਂ ਨੇ ਤੁਹਾਨੂੰ ਨਹੀਂ ਕਿਹਾ ਕੁਝ? ਨਾਲੇ ਤੁਸੀਂ ਕੱਚੀ ਬਾਣੀ ਕਿਉਂ ਪੜ੍ਹਦੇ ਹੋ, ਜਦੋਂ ਕਿ ਪੰਥ ਕੋਲ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਗੁਰੂ ਦੇ ਰੂਪ ‘ਚ ਸੱਚੀ ਬਾਣੀ ਦਾ ਸੰਗ੍ਰਹਿ ਮੌਜੂਦ ਹੈ?
ਬਾਬਾ:
ਓਹ ਭਾਈ ਇਹ ਛਰੋਮਣੀ ਕਮੇਟੀ, ਉਹ ਕਮੇਟੀ ਨਹੀਂ ਹੁਣ ਜਿਹੜੀ ਸਾਨੂੰ ਕਹੂ ਕੁਛ। ਇਹ ਤਾਂ ਆਪ ਬੈਸਾਖੀਆਂ ‘ਨ ਤੁਰਦੀ ਆ। ਮਾੜੇ ਗਰੀਬੜਿਆਂ ਜਹੇ ਕੀਰਤਨੀਆਂ ਨੂੰ ਹੀ ਝਿੜਕ-ਝੁੜਕ ਸਕਦੀ ਆ। ਨਾਲੇ ਸੱਚੀ ਗੱਲ ਇੱਕ ਹੋਰ ਵੀ ਆ ਕਿ ਉਹਨਾਂ ਨੂੰ ਵੀ ਪਤਾ ਈ ਆ ਕਿ ਪੱਲੇ ਸਾਡੇ ਵੀ ਕਮੇਟੀ ਮਾਂਗੂੰ ਕੱਖ ਨੀ। ਜੇ ਸਾਨੂੰ ਨਾਨਕ ਬਾਣੀ ਸਮਝ ਆਉਂਦੀ ਤਾਂ ਅਸੀਂ ਆਪ ਨਾ ਤਰ ਜਾਂਦੇ? ਬਾਣੀ ਵਾਰੇ ਨੀ ਪਤਾ ਸਾਨੂੰ ਵੀ ਕੁਛ। ਆਹ ਤੁਕ ਬੰਦੀ ਜਹੀ ਕਰਾ ਲਈਦੀ ਆ ਕਿਸੇ ਗੀਤਕਾਰ ਕੋਲੋਂ ਤੇ ਤਰਜਾਂ ਤਾਂ ਸਾਡੀਆਂ ਇੱਕੋ ਈ ਰਹਿੰਦੀਆਂ ਸਦਾ। ਪਹਿਲਾਂ ਲੋਕਾਂ ‘ਚ ਕੈਸਟਾਂ-ਕੂਸਟਾਂ ਵੇਚ ਕੇ ਦੇਖੀਦੀਆਂ ਜੇ ਚੱਲ ਜਾਣ ਫੇਰ ਆਪ ਆ ਜਾਈਦਾ ਮੈਦਾਨ ‘ਚੇ। ਲੋਕਾਂ ਦਾ ਕੀ ਐ, ਉਨਾਂ ਤੇ ਸਿਰ ਈ ਹਿਲਾਉਣਾ ਮਾੜਾ ਜਿਹਾ। ਸਿਰ ‘ਚ ਪਾਉਣਾ ਥੋੜੋ ਆ ਕੁਝ। ਉਹ ਤਾਂ ਸਾਡੇ ਵਾਜੇ ਦੀ ਮਾਰ ਮਸਾਂ ਝੱਲਦੇ ਨੇ। ਪਹਿਲੇ ਈ ਹੱਲੇ ਜੇਬਾਂ ਖਾਲੀ ਕਰ ਦਿੰਦੇ ਆ ਸਹੁਰੀ ਦੇ। ਬੋਲ ਵਾਗਰੂ।
ਦਾਸ:
ਜਿਹੜਾ ਇਤਿਹਾਸ ਤੁਸੀਂ ਸੁਣਾਉਂਦੇ ਓ ਬਾਬਾ ਜੀ ਇਹ ਵੀ ਅਸੀਂ ਕਦੇ ਸੁਣਿਆ ਨੀ ਹੁੰਦਾ ਪਹਿਲਾਂ। ਤੁਸੀਂ ਇਹ ਕਿੱਥੋਂ ਸਿੱਖ ਕੇ ਸੰਗਤ ਨੂੰ ਦੱਸਦੇ ਹੋ?
ਬਾਬਾ:
ਸਾਨੂੰ ਨੀ ਲੋੜ-ਲੂੜ ਕਿਤੋਂ ਸਿੱਖਣ ਦੀ। ਸੁਣਿਆ ਤਾਂ ਭਾਈ ਪਿਆਰਿਆ ਅਸੀਂ ਵੀ ਨਹੀਂ ਹੁੰਦਾ ਪਹਿਲਾਂ। ਬੱਸ ਇਹ ਤਾਂ ਸਿੱਧਾ ਵਾਗਰੂ ਤੋਂ ਆਉਂਦਾ ਸਾਡੇ ਮਨ ‘ਚੇ। ਜਿਉਂ ਜਿਉਂ ਮਨ ‘ਚੋਂ ਆਈ ਜਾਂਦਾ, ਅਸੀਂ ਬੋਲੀ ਜਾਈਦਾ। ਨਾਲੇ ਲੋਕਾਂ ਨੇ ਕਿਹੜਾ ਕਿਤਾਬੂ ਫੋਲ ਕੇ ਦੇਖਣਾ ਕਿ ਸਹੀ ਆ ਜਾਂ ਗਲਤ? ਉੱਦਾਂ ਥੋੜਾ ਬਹੁਤ ਸਾਡੇ ਗੁਰੂ ਬਾਬੇ ਨੇ ਵੀ ਦੱਸਿਆ ਸੀ ਸਾਨੂੰ। ਬਾਕੀ ਜਿੱਥੇ ਕਿਤੇ ਘਾਟ ਲੱਗਦੀ ਆ ਆਪ ਪੂਰੀ ਕਰ ਦੇਈਦੀ ਆ। ਸੰਗਤ ਬੜੇ ਪਰੇਮ ‘ਨ ਸੁਣਦੀ ਆ ਅਤਾਸ ਨੂੰ।
(ਗੱਲਬਾਤ ਅਜੇ ਜਾਰੀ ਸੀ ਕਿ ਦੋ ਕੁ ਬੀਬੀਆਂ ਤੇ ਤਿੰਨ ਕੁ ਬੰਦੇ ਕਮਰੇ ਅੰਦਰ ਦਾਖਲ ਹੋਏ, ਨਾਲ ਦੋ ਕੁ ਬੱਚੇ ਵੀ ਸੀ। ਆਉਂਦੇ ਸਾਰ ਈ ਬਾਬੇ ਦੀਆਂ ਲੱਤਾਂ ਨੂੰ ਚੁੰਬੜ ਗਏ। ਮੈਂ ਟੇਪ ਬੰਦ ਕਰ ਲਈ ਸੀ, ਬਾਬੇ ਕਹਿਣ ਲੱਗੇ ਕਿ “ਭਗਤਾ ਤੂੰ ਉੱਠ ਕੇ ਬਾਹਰ ਤੁਰ ਫਿਰ ਆ ਦਸ-ਪੰਦਰਾਂ ਕੁ ਮਿੰਟ। ਲੱਤਾਂ-ਲੁੱਤਾਂ ਸਿੱਧੀਆਂ ਕਰ ਲੈ ਥੱਕ ਗਿਆ ਹੋਣਾ।” ਮੈਂ ਉੱਠ ਕੇ ਬਾਹਰ ਆ ਗਿਆ ਤੇ ਫਿਰ ਬੀਹੀਂ ਕੁ ਮਿੰਟੀ ਵਾਪਸ ਬਾਬਿਆਂ ਕੋਲ ਆ ਗਿਆ ਜਦੋਂ ਤੱਕ ਉਹ ਸਭ ਜਾ ਚੁੱਕੇ ਸਨ ਤੇ ਸੇਵਾਦਾਰ ਵੀ ਬਦਲ ਚੁੱਕੇ ਸਨ। ਟੇਪ ਔਨ ਕਰਨ ਦਾ ਬਾਬੇ ਇਸ਼ਾਰਾ ਕਰਦੇ ਨੇ ਤੇ ਗੱਲ ਫੇਰ ਸ਼ੁਰੂ ਹੁੰਦੀ ਹੈ)
ਦਾਸ:
ਬਾਬਾ ਜੀ ਬੜੀ ਧੰਨ ਧੰਨ ਆ ਜੀ ਤੁਹਾਡੀ ਤੇ। ਸੰਗਤਾਂ ਤਾਂ ਦੀਵਾਨ ਤੋਂ ਬਾਅਦ ਵੀ ਦਰਸ਼ਨ ਕਰਨ ਆਉਂਦੀਆਂ ਨੇ। ਕਿਵੇਂ ਆਏ ਸੀ?
ਬਾਬਾ:
ਲੋੜਬੰਦ ਸੀ ਭਾਈ ਇਹ ਟੱਬਰ ਵਿਚਾਰਾ, ਤਿੰਨੋਂ ਭਾਈ ਸੀ ਤੇ ਦੋ ਇਹਨਾਂ ਦੀਆਂ ਘਰ ਵਾਲੀਆਂ ਸੀ। ਵੱਡੇ ਦੇ ਤਾਂ ਜੁਆਕ ਹੈਗੇ ਆ, ਛੋਟੇ ਦੇ ਵਿਆਹ ਨੂੰ ਵੀ ਅਰਸਾ ਹੋ ਗਿਆ ਪਰ ਕੋਈ ਬੱਚਾ ਨੀ ਦਿੱਤਾ ਵਾਗਰੂ ਨੇ ਅਜੇ। ਤੇ ਤੀਜਾ ਅਜੇ ਵਿਆਇਆ ਨੀ ਗਿਆ। ਕਹਿੰਦੇ ਕਿਤੇ ਗੱਲ ਨੀ ਬਣਦੀ। ਦੁਖੀ ਸੀ ਵਿਚਾਰੇ। ਅਸਾਂ ਤਾਂ ਇਹੋ ਈ ਆਖਿਆ ਕਿ ਸੇਵਾ ਕਰਿਆ ਕਰੋ ਡੇਰੇ ਤੇ ਆ ਕੇ ਸਭ ਠੀਕ ਹੋਜੂ। ਵਾਗਰੂ ਆ ਸਭ ਦਾ ਸੋਚਣ ਵਾਲਾ। ਹੈ ਕਿ ਨਹੀਂ ਪਿਆਰਿਆ ਆਖ ਵਾਗਰੂ ਤੇ ਗਾਂਹ ਬੋਲ, ਅਜੇ ਕਿੰਨੀ ਕੁ ਰਹਿੰਦੀ ਆ ਤੇਰੀ ਇੰਟਰਬੂ?
ਦਾਸ:
ਦੋ ਚਾਰ ਕੁ ਸਵਾਲ ਹੋਰ ਆ ਜੀ।
ਬਾਬਾ:
ਚੰਗਾ ਪੁੱਛ ਫੇ ਛੇਤੀਂ ਛੇਤੀਂ।
ਦਾਸ:
ਫੇਰ ਬਾਬਾ ਜੀ ਇਹ ਤਾਂ ਬ੍ਰਾਹਮਣਵਾਦ ਹੋਇਆ। ਤੁਸੀਂ ਵੀ ਬ੍ਰਾਹਮਣਾਂ ਵਾਂਗ ਲੋਕਾਂ ਨੂੰ ਮਗਰ ਲਾਉਣ ਲਈ ਮਨਘੜ੍ਹਤ ਜਿਹੀਆਂ ਗੱਲਾਂ ਬਣਾ ਬਣਾ ਕੇ ਸੁਣਾਈ ਜਾਂਦੇ ਹੋ। ਕੀ ਤੁਸੀਂ ਸਮਾਜ ਨੂੰ ਬਾਬੇ ਨਾਨਕ ਦੇ ਸਮੇਂ ਤੋਂ ਪਹਿਲਾਂ ਦੇ ਸਮੇਂ ਵਰਗਾ ਨਹੀਂ ਬਣਾ ਰਹੇ?
ਬਾਬਾ:
ਓਹ ਨਹੀਂ ਪਿਆਰਿਆ ਤੂੰ ਨੀਂ ਸਮਝਿਆ ਸਾਡੀ ਗੱਲ। ਗੱਲ ਇਹ ਆ ਪਈ ਸਿੱਖ ਧਰਮ ਆ ਜਿਹੜਾ ਇਹ ਕਰਦਾ ਆ ਬਿੱਪਰਵਾਦ ਦਾ ਖੰਡਨ। ਪਰ ਬਿੱਪਰਾਂ ਤੋਂ ਵੱਖ ਹੋ ਕੇ ਸਾਡਾ ਕਿਵੇਂ ਸਰੂ? ਜੇ ਸੰਗਤ ਨੂੰ ਸਹੀ ਅਤਾਸ ਦੱਸਿਆ ਤਾਂ ਸੰਗਤ ਤਾਂ ਛੱਡ ਜੂ ਸਾਨੂੰ ਕੱਲਿਆਂ ਨੂੰ। ਬਾਕੀ ਰਈ ਗੱਲ ਤੇਰੇ ਸਮਾਜ ਦੀ। ਇਹ ਤਾਂ ਨਾ ਕਦੇ ਸੁਧਰਿਆ ਤੇ ਨਾ ਹੈਗਾ ਸੁਧਰਨਾ। ਇਹ ਤਾਂ ਸਾਡੇ ਤੋਂ ਈ ਸੂਤ ਆਉਂਦਾ। ਨਾਲੇ ਬੀਜੋ, ਨਾਲੇ ਵੱਢੋ, ਨਾਲੇ ਫੜੋ ਤੇ ਨਾਲੇ ਛੱਡੋ। ਬੋਲ ਵਾਗਰੂ।
ਦਾਸ:
ਕਈ ਲੋਕ ਪੁੱਛਦੇ ਆ ਬਾਬਾ ਜੀ ਕਿ ਜਦੋਂ ਪੰਜਾਬ ‘ਚ ਖੂਨ ਖਰਾਬਾ ਹੋ ਰਿਹਾ ਸੀ ਉਦੋਂ ਤੁਸੀਂ ਅਤੇ ਤੁਹਾਡੀਆਂ ਜਥੇਬੰਦੀਆਂ ਕਿੱਥੇ ਸੀ? ਤੁਹਾਡੀ ਲੋੜ ਸੀ ਪੰਥ ਨੂੰ ਓਸ ਟਾਈਮ ਤੇ ਤੁਸੀਂ ਪਤਾ ਨਹੀਂ ਕਿੱਥੇ ਭੂਮੀਗਤ ਹੋ ਗਏ ਸੀ? ਹੁਣ ਬੜੇ ਖੁੰਬਾਂ ਵਾਂਗ ਨਿਕਲੇ ਫਿਰਦੇ ਹੋ?
ਬਾਬਾ:
ਇਹ ਗੱਲਾਂ ਦੱਸਣ ਵਾਲੀਆਂ ਤਾਂ ਹੈਨੀ ਪਰ ਕੋਈ ਗੱਲ ਨੀ ਦੱਸ ਦਿੰਨੇ ਆ ਤੈਨੂੰ। ਹੁਣ ਨੀ ਸਾਨੂੰ ਕਿਸੇ ਦਾ ਡਰ-ਡੁਰ। ਭਾਈ ਓਹ ਤਾਂ ਸਮੇਂ ਈ ਖਰਾਬ ਸੀ ਤੇ ਸਾਨੂੰ ਸਾਡੀ ਜਾਨ ਪਿਆਰੀ ਕਰ ਕੇ ਸਾਂਭਣੀ ਪਈ। ਸਾਨੂੰ ਕਿਹੜਾ ਪੁੱਛਦਾ ਸੀ ਉਦੋਂ? ਅਸੀਂ ਤਾਂ ਲੁਕਣਾ ਈ ਲੁਕਣਾ ਸੀ ਓਸ ਵੇਲ਼ੇ। ਨਹੀਂ ਤਾਂ ਸਿੰਘਾਂ ਨੇ ਸਾਡੇ ਆਲਾ ਘੋਗਾ ਚਿੱਤ ਕਰ ਦੇਣਾ ਸੀ। ਕਈਆਂ ਦਾ ਕੀਤਾ ਵੀ ਸੀ, ਮਸਾਂ ਈ ਬਚੇ ਆਂ ਅਸੀਂ ਤਾਂ। ਐਸ ਪਿੰਡ ਦੇ ਸਰਪੰਚ ਦਾ ਕੰਮ ਕਰਨ ਨੂੰ ਮਿੰਟ ਨੀ ਸੀ ਲਾਇਆ ਉਨ੍ਹਾਂ ਨੇ। ਬੰਦਾ ਉੱਦਾਂ ਖਰਾਬ ਸੀ ਉਹ ਬਹੁਤ। ਸਾਨੂੰ ਵੀ ਮਸੰਦ ਦੱਸਦੇ ਸੀ ਓਹ ਤਾਂ। ਇਹਦੇ ‘ਚ ਸ਼ੱਕ ਵਾਲੀ ਵੀ ਉੱਦਾਂ ਗੱਲ ਨੀ ਕੋਈ (ਹੱਸਦੇ ਹੋਏ)। ਨਾਲੇ ਉਦੋਂ ਸਾਨੂੰ ਕਿਹੜਾ ਕੁਝ ਸੁਝਦਾ ਸੀ ਕਿ ਕੀ ਕਰੀਏ ਤੇ ਕੀ ਨਾ ਕਰੀਏ। ਬੱਸ ਇਹੋ ਸੀ ਕਾਰਣ ਕਿ ਸਾਨੂੰ ਲੁਕਣਾ ਪਿਆ। ਸਾਡਾ ਤੇ ਦਾਅ ਈ ਹੁਣ ਲੱਗਾ। ਪੰਜੇ ਉਂਗਲਾਂ ਘਿਓ ‘ਚ ਨੇ। ਜਿੱਧਰ ਜਾਨੇਂ ਆਂ ਬਾਬਾ ਜੀ ਬਾਬਾ ਜੀ ਹੁੰਦੀ ਆ। ਪਰ ਉਹ ਟੈਮ ਸਾਡੇ ਲਈ ਠੀਕ ਨਹੀਂ ਸੀ ਪਿਆਰਿਆ। ਨਾਲੇ ਗੱਲ ਇਉਂ ਵੀ ਆ ਕਿ ਜੇ ਉਦੋਂ ਅਸੀਂ ਨਾ ਲੁਕਦੇ ਤਾਂ ਹੁਣ ਕੌਣ ਕਰਦਾ ਸੇਵਾ? ਬੋਲ ਵਾਗਰੂ।
ਦਾਸ:
ਗੱਲ ਤਾਂ ਤੁਹਾਡੀ ਵੀ ਠੀਕ ਆ ਜੀ ਤੁਹਾਡੇ ਹਿਸਾਬ ਨਾਲ ਪਰ ਬਾਬਾ ਜੀ ਜੇ ਤੁਸੀਂ ਸਾਥ ਦਿੰਦੇ ਤਾਂ ਸ਼ਾਇਦ ਕੌਮ ਦਾ ਕੋਈ ਘਰ ਬਣ ਜਾਂਦਾ?
ਬਾਬਾ:
ਇਹ ਵੀ ਤਾਂ ਅਸੀਂ ਚਾਹੁੰਦੇ ਨੀ ਸੀ ਵੱਡਿਆ ਪੜ੍ਹਾਕੂਆ। ਜੇ ਘਰ ਬਣ ਜਾਂਦਾ ਤਾਂ ਸਾਨੂੰ ਕੀਹਨੇ ਪੁੱਛਣਾ ਸੀ। ਸਾਡੀਆਂ ਲੱਤਾਂ ਕੀਹਨੇ ਘੁੱਟਣੀਆਂ ਸਨ ਫੇਰ। ਆਹ ‘ਏ ਸੀ’ ਦਿਸਦਾ? ਇਹਦੀ ਥਾਂ ਤੇ ਟੁੱਟਾ ਜਿਹਾ ਪੱਖਾ ਹੋਣਾ ਸੀ ਤੇ ਆਹ ਸੋਫੇ ਦੀ ਥਾਂ ਤੇ ਟੁੱਟੀ ਬਾਣ ਦਾ ਮੰਜਾ ਹੋਣਾ ਸੀ ਸਾਡੇ ਥੱਲੇ, ਜੀਹਦੀ ਦੌਣ ਵੀ ਧਰਤੀ ਨੂੰ ਦੁੱਖ ਦੱਸਦੀ ਹੋਣੀ ਸੀ। ਗੱਲਾਂ ਕਰਦਾ ਈ। ਸਾਡੀ ਤੇ ਅਗਲਿਆਂ ਨੇ ਫੱਟੀ ਪੋਚ ਕੇ ਰੱਖ ਦੇਣੀ ਸੀ ਕੇਰਾਂ। (ਜਰਾ ਕੁ ਜੋਸ਼ ‘ਚ ਆ ਕੇ) ਸਾਡੇ ਤਾਂ ਡੇਰੇ ਤਬੇਲੇ ਬਣ ਕੇ ਰਹਿ ਜਾਣੇ ਸੀ ਸਿੰਘਾਂ ਦੇ ਘੋੜਿਆਂ ਲਈ। ਬਲੈਤਾਂ ਤਾਂ ਇੱਕ ਪਾਸੇ ਪੰਜਾਬ ‘ਚ ਨੀ ਸੀ ਕਿਸੇ ਨੇ ਪੁੱਛਣਾ ਸਾਨੂੰ। ਚੱਲ ਛੱਡ ਹੋਰ ਈ ਗੱਲ ਛੇੜ ਬੈਠਾਂ ਤੂੰ ਤਾਂ। ਹੋਰ ਪੁੱਛ ਕੋਈ ਚੰਗਾ ਜਿਹਾ ਸਵਾਲ। ਸਵਾਦ ਈ ਖਰਾਬ ਕਰ ਦਿੱਤਾ ਤੂੰ ਤਾਂ ਪਿਆਰਿਆ। ਬੋਲ ਖਾਂ ਵਾਗਰੂ।
ਦਾਸ:
ਚਲੋ ਤੁਹਾਡਾ ਮੂਡ ਠੀਕ ਕਰਦੇ ਆਂ ਬਾਬਾ ਜੀ। ਇਹ ਦੱਸੋ ਪਈ ਜਿਹੜੀਆਂ ਡੇਰੇ ਦੇ ਅੰਦਰ ਵੜਦਿਆਂ ਹੀ ਪੰਜ ਸੱਤ ਇੰਮਪੋਰਟਿਡ ਕਾਰਾਂ ਖੜੀਆਂ ਸੀ ਉਹ ਤੁਹਾਡੀਆਂ ਹੀ ਸਨ ਕਿ ਕਿਸੇ ਸ਼ਰਧਾਲੂ ਦੀਆਂ?
ਬਾਬਾ:
ਭਾਈ ਗੱਗੇ ਨਾਲ ਗੋਲਕ ਤੇ ਗੱਗੇ ਨਾਲ ਗੱਡੀ। ਚੱਚੇ ਨਾਲ ਚਾਬੀ ਤੇ ਚੱਚੇ ਨਾਲ ਚੱਲੀ। ਮਾਇਆ ਦੀ ਛਾਇਆ ਏ ਇਹ ਤਾਂ। ਆਪਣੀਆਂ ਈ ਨੇ ਗੱਡੀਆਂ-ਗੁੱਡੀਆਂ। ਮਾੜਾ ਮੋਟਾ ਤੁਰਨ ਫਿਰਨ ਲਈ ਰੱਖੀਆਂ ਨੇ ਹੋਰ ਆਪਾਂ ਕਿਹੜਾ ਦੌੜਾਂ ਕਰਾਉਣੀਆਂ। ਤੈਨੂੰ ਦੱਸਿਆ ਪਈ ਆਪਣੇ ਡੇਰੇ ਤੇ ਮੰਤਰੀ ਸੰਤਰੀ ਜਹੇ ਆਉਂਦੇ ਰਹਿੰਦੇ ਆ। ਇੱਕ ਕਹੌਤ ਆ ਭਾਈ ਕਿ ‘ਯਾਰੀ ਊਠਾਂ ਵਾਲਿਆਂ ਨਾਲ ਤੇ ਬਾਰ ਭੀੜੇ’। ਮੰਤਰੀਆਂ-ਮੁੰਤਰੀਆਂ ਵਰਗੇ ਵੀ ਬਣ ਕੇ ਰਹਿਣਾ ਪੈਣਾ। ਮਾੜਾ ਮੋਟਾ ਦਾਬਾ-ਦੂਬਾ ਵੀ ਪਾਉਣਾ ਪੈਂਦਾ ਲੋਕਾਂ ਤੇ। ਇਹਨਾਂ ਨਾਲ ਈ ਤੇ ਸਾਡੇ ਨਾਂ ਨਾਲ ‘ਕਾਰਾਂ ਵਾਲੇ’ ਲੱਗਿਆ ਹੋਇਆ ਕਿ। ਨਾਲੇ ਇਹਨਾਂ ਨਾਲ ਈ ਤੇ ਪਤਾ ਲੱਗਦਾ ਸਾਡੀ ਮਹਿਮਾ ਦਾ। ਜਦ ਕਿਸੇ ਸਮਾਗਮ ਤੇ ਜਾਈ ਦਾ ਤਾਂ ਧੂੜ ਉੱਡਦੀ ਆ ਪਿੱਛੇ ਪਿੱਛੇ। ਲੋਕਾਂ ਦੇ ਸਿਰ ਮਿੱਟੀ ਨਾ ਪਾਈਏ ਤਾਂ ਸਾਡਾ ਧੂੜ ‘ਚ ਟੱਟੂ ਕੀਹਨੇ ਚੱਲਣ ਦੇਣਾ। ਬੋਲ ਵਾਗਰੂ।
ਦਾਸ:
ਬਾਬਾ ਜੀ ਹੁਣ ਇਹ ਵੀ ਦੱਸ ਦਿਓ ਕਿ ਉਹ ਬੀਬੀ ਕੌਣ ਸੀ, ਲੱਤ ਜਿੱਡੇ ਗਲਾਸ ਵਾਲੀ?
ਬਾਬਾ:
ਐਥੇ ਨੇੜੇ ਈ ਸ਼ਹਿਰ ‘ਚ ਰਹਿੰਦੀ ਆ, ਕਦੀ ਕਦੀ ਆ ਜਾਂਦੀ ਹੁੰਦੀ ਆ ਨਾਮ ਜਪਣ। ਬੜੀ ਚੰਗੀ ਆ ਬੀਬੀ। ਹੋਰ ਵੀ ਬੀਬੀਆਂ ਨੂੰ ਲਿਆਉਂਦੀ ਹੁੰਦੀ ਆ ਡੇਰੇ ਤੇ। ਬਹੁਤ ਪਰੇਮਣ ਆ ਰੱਬ ਦੀ, ਛੋਟੀ ਉਮਰੇ ਰੱਬ ਨਾਲ ਜੁੜ ਗਿਆ ਮਨ ਕਰਮਾਂ ਵਾਲੀ ਦਾ। ਜਨਮ ਸਫਲਾ ਹੋਣਾ ਭਾਈ ਸਭ ਦਾ ਜਿਹੜਾ ਵਾਗਰੂ ਨੂੰ ਮੰਨਦਾ ਨੇੜੇ ਹੋ ਕੇ।
ਦਾਸ:
ਬਾਬਾ ਜੀ ਆਖਰੀ ਸਵਾਲ ਇਹ ਹੈ ਕਿ ਤੁਸੀਂ ਚਿੱਟੇ ਕੱਪੜੇ ਈ ਕਿਉਂ ਪਾਉਂਦੇ ਹੋ?
ਬਾਬਾ:
ਭਾਈ ਪਿਆਰਿਆ ਇਹ ਤਾਂ ਤੇਰਾ ਸਵਾਲ ਥੋੜਾ ਜਿਹਾ ਗਲਤ ਈ ਆ। ਕਿਉਂਕਿ ਅਸੀਂ ਹੁਣ ਹੋਰ ਵੀ ਸੋਹਣੇ ਸੋਹਣੇ ਰੰਗ ਪਾਈਦੇ ਆ। ਪੱਗ ਨਾਲ ਰੰਗ ਮਿਲਾ ਕੇ ਪਾਈਦਾ ਚੋਲੇ ਦਾ। ਕਦੇ ਕਦੇ ਪੱਗ ਤੇ ਗੋਟਾ ਜਿਹਾ ਵੀ ਲਾ ਲਈਦਾ। ਉਹ ਕਈ ਗਾਉਣ ਵਾਲੇ ਵੀ ਤਾਂ ਲਾਉਂਦੇ ਈ ਆ। ਪਰ ਚਿੱਟਿਆਂ ਦਾ ਇਹ ਫੈਦਾ ਕਿ ਸੰਗਤ ਨੂੰ ਅਸੀਂ ਦੂਰੋਂ ਈ ਬੈਠੇ ਦਿਖ ਜਾਈਦਾ। ਰਾਤ ਵਿੱਚ ਵੀ ਚਮਕਦੇ ਰਹਿੰਦੇ ਆ ਚਿੱਟੇ ਕੱਪੜੇ। ਬੱਸ ਆਹੀ ਆ ਗੱਲ।
ਦਾਸ:
ਚੰਗਾ ਬਾਬਾ ਜੀ ਧੰਨਵਾਦ ਤੁਹਾਡਾ ਤੁਸੀਂ ਇੰਟਰਵਿਊ ਦਿੱਤੀ ਸਾਡੇ ਪੇਪਰ ਲਈ। ਆਖਰ ‘ਚ ਤੁਸੀਂ ਪਾਠਕਾਂ ਨੂੰ ਕੀ ਕਹਿਣਾ ਚਾਹੋਗੇ?
ਬਾਬਾ:
ਅਸੀਂ ਕੀ ਕਹਿਣਾ ਭਾਈ? ਬੱਸ ਇਹੀ ਆ ਕਿ ਡੇਰੇ ਵਿੱਚ ਆਉਂਦੇ ਜਾਂਦੇ ਰਿਹਾ ਕਰੋ, ਤਾਂ ਕਿ ਸਾਡੀ ਵੀ ਦਾਲ ਰੋਟੀ ਚਲਦੀ ਰਹੇ। ਨਾਲੇ ਦੀਵਾਨਾਂ ਦੀ ਰੱਜ ਰੱਜ ਕੇ ਹਾਜਰੀ ਭਰਦੇ ਰਿਹਾ ਕਰੋ ਕਿਉਂਕਿ ਸਭ ਸੰਗਤ ਦੀ ਹੀ ਰੰਗਤ ਹੈ ਤਾਂਹੀ ਸਾਡੇ ਵਰਗੇ ਬਣੋਗੇ ਜੇ ਸਾਡੀ ਸੰਗਤ ਕਰੋਗੇ। ਹਾਂ ਇੱਕ ਗੱਲ ਹੋਰ ਕਿ ਜਦ ਅਸੀਂ ਕਦੀਂ ਕਦਾਈਂ ਬਾਹਰ-ਬੂਹਰ ਜਾਂਦੇ ਆਂ ਤਾਂ ਹੁੰਮ ਹੁੰਮਾ ਕੇ ਆਇਆ ਕਰੋ। ਅਸੀਂ ਵੀ ਹਜਾਜ ਦਾ ਭਾੜਾ ਦੇਣਾ ਹੁੰਦਾ ਕਿ। ਚੰਗਾ ਬਈ ਪਿਆਰਿਆ ਤੇਰੀ ਹੁਣ ਛੁੱਟੀ। ਆ ਜਾਇਆ ਕਰ ਤੂੰ ਵੀ ਕਦੇ ਕਦਾਈਂ ਇੰਟਰਬੂ ਕਰਨ। ਨਾਲੇ ਸਾਡਾ ਨਾਂ ਖਬਾਰ ‘ਚ ਵੱਡਾ ਕਰਕੇ ਲਾਈਂ। ਪਤਾ ਲੱਗ ਜੇ ਕੇਰਾਂ ਜਨਤਾ…ਮੇਰਾ ਮਤਬਲ ਸੰਗਤ ਤਾਂਈ ਕਿ ਬਾਬੇ ਦੀ ਇੰਟਰਬੂ ਛਪੀ ਏ। ਬੋਲ ਵਾਗਰੂ।
ਦਾਸ:
ਚੰਗਾ ਬਾਬਾ ਸਰਬ ਨਾਸ਼ ਜੀ ‘ਕਾਰਾਂ ਵਾਲਿਓ’ ਫਤਿਹ ਬੁਲਾਉਂਨਾ ਜੀ। ਟਾਈਮ ਮਿਲਿਆ ਤਾਂ ਕਦੀ ਫੇਰ ਆਵਾਂਗਾ ਜੀ ਦਰਸ਼ਨ ਕਰਨ।
ਬਾਬਾ:
ਚੰਗਾ ਭਾਈ ਪਿਆਰਿਆ ਫਤਿਹ ਬਈ ਫਤਿਹ।

No comments: