Pages

Sunday, October 21, 2007

ਵਿੱਸਰ ਰਹੀ ਲੋਕ ਗਾਇਕੀ ਦਾ ਇੱਕ ਰੂਪ....

ਕੁਦਰਤ ਦੇ ਕਣ ਕਣ ਵਿੱਚ ਸੰਗੀਤ ਹੈ, ਲੋੜ ਹੈ ਤਾਂ ਸਿਰਫ਼ ਮਹਿਸੂਸ ਕਰਨ ਦੀ। ਅੱਜ ਦੇ ਸੰਸਾਰ ਵਿੱਚ ਭਾਵੇਂ ਸੰਗੀਤ ਦੇ ਨਾਂ ਤੇ ਬਹੁਤ ਰੌਲ਼ਾ-ਰੱਪਾ ਪੈ ਰਿਹਾ ਹੈ ਪਰ ਫਿਰ ਵੀ ਦਿਲ ਨੂੰ ਮਧੁਰਤਾ ਵਿੱਚ ਰੰਗਣ ਵਾਲੀ ਸੁਰ ਸਾਨੂੰ ਬਹੁਤ ਘੱਟ ਹੀ ਸੁਣਾਈ ਦਿੰਦੀ ਹੈ। ਉਦਾਂ ਤਾਂ ਹਰ ਤਰਾਂ ਦੀ ਅਵਾਜ਼ ਵਿੱਚ ਸੰਗੀਤ ਹੀ ਸੰਗੀਤ ਹੈ। ਪਰ ਪੰਜਾਬ ਦੀ ਲੋਕ ਗਾਇਕੀ ਦੇ ਕਈ ਪੱਖ ਮੁੱਕ ਗਏ ਹਨ ਅਤੇ ਕਈ ਖਤਮ ਹੋ ਰਹੇ ਹਨ। ਜਿਨ੍ਹਾਂ ਦੀ ਘਾਟ ਮਹਿਸੂਸ ਹੋ ਰਹੀ ਹੈ/ਹੁੰਦੀ ਰਹੇਗੀ, ਉਹਨਾਂ ‘ਚੋਂ ਇਕ ਵਾਰੇ ਇਸ ਲੇਖ ਵਿੱਚ ਵਿਚਾਰ ਕੀਤੀ ਗਈ ਹੈ।

ਸਾਡੇ ਪੰਜਾਬੀ ਸੱਭਿਆਚਾਰ ਵਿੱਚ ਮਨੋਰੰਜਨ ਕਰਨ ਦਾ ਇਕ ਸਾਧਨ ਹੈ, ਲੋਕ ਗਾਇਕੀ। ਲੋਕ ਗਾਇਕੀ ਦਾ ਇਕ ਪੱਖ ਹੈ ਅਲਗ਼ੋਜ਼ਿਆਂ ਅਤੇ ਤੂੰਬੇ ਨਾਲ ਗਾਉਣਾ। ਇਸ ਲੋਕ ਗਾਇਕੀ ਨੂੰ ਗਾਉਣ ਵਾਲਿਆਂ ਨੂੰ ਗਵੱਈਏ ਜਾਂ ਰਾਗੀ ਕਿਹਾ ਜਾਂਦਾ ਹੈ। ਤਿੰਨ/ਚਾਰ ਵਿਅਕਤੀ/ਰਾਗੀ ਜ਼ਿਆਦਾਤਰ ਇਸ ਗਰੁੱਪ ਵਿੱਚ ਹੁੰਦੇ ਹਨ। ਇਹਨਾਂ ਕੋਲ ਅਵਾਜ਼ ਨੂੰ ਲੈਅ ਦੇਣ ਲਈ ਸਾਜ਼ਾਂ ਵਿੱਚ ਅਲਗੋਜ਼ੇ ਅਤੇ ਤੂੰਬਾ ਹੁੰਦੇ ਹਨ। ਅਲਗ਼ੋਜ਼ਿਆਂ ਨੂੰ ਜੋੜੀ ਵੀ ਕਹਿੰਦੇ ਹਨ ਕਿਉਂਕਿ ਇਹ ਦੋ ਸਾਜ਼ ਹੁੰਦੇ ਹਨ। ਪਰ ਇਹਨਾਂ ਨੂੰ ਵਜਾਉਣ ਵਾਲਾ ਦੋਵਾਂ ਨੂੰ ਇਕੱਠੇ ਵਜਾਉਂਦਾ ਹੈ। ਇਹ ਅਲਗੋਜ਼ੇ ਅੰਦਰ ਨੂੰ ਸਾਹ ਖਿੱਚਣ ਸਮੇਂ ਅਤੇ ਬਾਹਰ ਨੂੰ ਸਾਹ ਕੱਢਣ ਸਮੇਂ ਦੋਨੋਂ ਸਮੇਂ ਹੀ ਵੱਜਦੇ ਹਨ। ਵਜਾਉਣ ਵਾਲੇ ਨੂੰ ਇਹਨਾਂ ਨੂੰ ਵਜਾਉਣ ਲਈ ਵੱਖਰੀ/ਸਪੈਸ਼ਲ ਸਿਖਿਆ/ਟਰੇਨਿੰਗ ਲੈਣੀ ਪੈਂਦੀ ਹੈ ਅਤੇ ਕਾਫੀ ਸੰਘਰਸ਼ ਤੋਂ ਬਾਅਦ ਹੀ ਇਹ ਵਜਾਉਣੇ ਆਉਂਦੇ ਹਨ। ਵਜਾਉਣ ਵਾਲੇ ਦਾ ਯਕੀਨਨ ਹੀ ਗਲ਼ੇ ਦਾ ਜੋਰ ਵੀ ਕਾਫੀ ਲੱਗਦਾ ਹੈ। ਅਲਗ਼ੋਜ਼ਿਆਂ ਦਾ ਸ਼ਿੰਗਾਰ ਕਰਨ ਲਈ ਇਹਨਾਂ ਦੇ ਨਾਲ ਡੋਰੀਆਂ ਵੀ ਪਾਈਆਂ ਹੁੰਦੀਆਂ ਹਨ। ਤੂੰਬਾ, ਦੋ ਤਾਰਾਂ ਵਾਲਾ ਸਾਜ਼ ਹੁੰਦਾ ਹੈ। ਜੋ ਤੂੰਬੀ ਵਾਂਗ ਹੇਠਾਂ ਉੱਤੇ ਉਂਗਲੀ ਨੂੰ ਕਰਨ ਨਾਲ ਨਹੀਂ ਬਲਕਿ ਉੱਪਰ ਤੋਂ ਹੇਠਾਂ ਨੂੰ ਦੋਵਾਂ ਤਾਰਾਂ ਨੂੰ ਹਿਲਾਉਣ ਨਾਲ ਵੱਜਦਾ ਹੈ ਅਤੇ ਇਸ ਦਾ ਤੂੰਬੀ ਨਾਲੋਂ ਅਕਾਰ ਵਿੱਚ ਵੱਡਾ ਹੋਣ ਕਰਕੇ ਵੀ ਇਸ ਨੂੰ ਤੂੰਬਾ ਕਿਹਾ ਜਾਂਦਾ ਹੈ। ਅਵਾਜ਼ ਵਿੱਚ ਵੀ ਤੂੰਬੀ ਨਾਲੋਂ ਬਹੁਤ ਵਖਰੇਵਾਂ ਹੁੰਦਾ ਹੈ। ਇਹ ਲੋਕ ਗਾਇਕੀ, ਗਾਉਣ ਦੀ ਬਹੁਤ ਪੁਰਾਣੀ ਪ੍ਰਥਾ ਹੈ। ਕਿੱਸਾ ਕਾਵਿ ਨਾਲ ਸਬੰਧਿਤ ਕਵਿਤਾ ਨੂੰ ਇਸ ਗਾਇਕੀ/ਗਾਉਣ ਵਿੱਚ ਜ਼ਿਆਦਾ ਗਾਇਆ ਜਾਂਦਾ ਹੈ। ਪ੍ਰੇਮ ਗਾਥਾਵਾਂ, ਭਗਤੀ ਭਾਵ, ਵੀਰ ਰਸ ਆਦਿ ਇਹਨਾਂ ਦੇ ਰੰਗ ਵਿੱਚ ਰੰਗਿਆ ਮਿਲਦਾ ਹੈ। ਜਿਵੇਂ ਪੰਜਾਬ ਦੀ ਧਰਤੀ ਤੇ ਹੋਏ ਆਸ਼ਕਾਂ ਦੀ ਇਸ਼ਕ ਹਕੀਕੀ/ਮਿਜ਼ਾਜੀ ਨਾਲ ਸਬੰਧਿਤ ਕਿੱਸੇ ਹੀਰ ਰਾਂਝਾ, ਸੱਸੀ ਪੁੰਨੂੰ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਂਵਾਲ ਆਦਿ, ਭਗਤੀ ਭਾਵ ਵਿੱਚ ਪੂਰਨ ਭਗਤ, ਇਤਿਹਾਸ ਨਾਲ ਸਬੰਧਿਤ ਅਕਬਰ ਬਾਦਸ਼ਾਹ, ਰਾਣੀ ਕੌਲਾਂ ਆਦਿ ਅਤੇ ਵੀਰ ਰਸ ਨਾਲ ਭਰਪੂਰ ਸਬੰਧਿਤ ਦੁੱਲਾ ਭੱਟੀ ਆਦਿ।

ਇਹ ਬਹੁਤ ਪੁਰਾਣੀ ਲੋਕ ਗਾਇਕੀ ਹੈ ਜੋ ਅੱਜ ਵੀ ਕਿਤੇ ਕਿਤੇ ਪੰਜਾਬ ਵਿੱਚ ਜਿਉਂਦੀ ਹੈ, ਭਾਵੇਂ ਕਿ ਅੱਜ ਪੱਛਮੀ ਸੰਗੀਤ ਦਾ ਰੌਲ਼ਾ ਸਾਨੂੰ ਸਾਡੀ ਆਪਣੀ ਅਵਾਜ਼ ਵੀ ਨਹੀਂ ਸੁਣਨ ਦੇ ਰਿਹਾ। ਭਾਵੇਂ ਕਿ ਫਿਰ ਵੀ ਨਵੀਂ ਪੀੜ੍ਹੀ ਦੇ ਬਹੁਤ ਹੀ ਘੱਟ ਲੋਕ ਅਤੇ ਸਾਡੇ ਬਜ਼ੁਰਗ ਜ਼ਿਆਦਾਤਰ ਕਰਕੇ ਅਜੇ ਵੀ ਇਸ ਕਲਾ ਦਾ ਦਿਲੋਂ ਸਤਿਕਾਰ ਕਰਦੇ ਹਨ। ਇਹ ਗਾਇਕੀ ਕਈ ਪਿੰਡਾਂ ਵਿੱਚ ਵੱਖਰੇ ਵੱਖਰੇ ਤਿਓਹਾਰਾਂ ਨਾਲ ਸਬੰਧਿਤ ਪ੍ਰੋਗਰਾਮਾਂ ਸਮੇਂ ਸੁਣਨ ਲਈ ਮਿਲਦੀ ਹੈ। ਪੁਰਾਣੇ ਪੰਜਾਬ ਸਮੇਂ ਤੋਂ ਹੀ ਇਹ ਲੋਕ ਗਾਇਕੀ ਪ੍ਰਚਲਤ ਹੈ। ਪਾਕਿਸਤਾਨੀ/ਲਹਿੰਦੇ ਪੰਜਾਬ ਦੇ ਨਾਲ ਸਬੰਧਿਤ ਗਵੱਈਏ ਇਸ ਕਲਾ/ਗਾਇਕੀ ਦੇ ਖੇਤਰ ਵਿੱਚ ਕਾਫੀ ਸਰਗਰਮ ਰਹੇ ਕਹੇ ਜਾ ਸਕਦੇ ਹਨ। ਉਹਨਾਂ ਦੀਆਂ ਅਜੇ ਵੀ ਰਿਕਾਰਡਿੰਗ ਹੋਈਆਂ ਕੈਸਟਾਂ ਬਜ਼ਾਰ ਵਿੱਚੋਂ ਮਿਲ ਜਾਂਦੀਆਂ ਹਨ (ਪਰ ਕਾਫੀ ਦੌੜ ਭੱਜ ਤੋਂ ਬਾਅਦ), ਪਰ ਪੰਜਾਬ ਦੇ ਗਵੱਈਆਂ ਦੀਆਂ ਕੈਸਟਾਂ ਸ਼ਾਇਦ ਉਪਲਬਦ ਨਹੀਂ ਹਨ। ਪਰ ਹੁਣ ਇਸ ਲੋਕ ਗਾਇਕੀ ਦਾ ਲਹਿੰਦੇ ਪੰਜਾਬ ਵਿੱਚ ਕੀ ਹਾਲ ਹੈ ਕੁਝ ਦਾਅਵੇ ਨਾਲ ਤਾਂ ਨਹੀਂ ਕਿਹਾ ਜਾ ਸਕਦਾ। ਪਰ ਚੜ੍ਹਦੇ/ਭਾਰਤੀ ਪੰਜਾਬ ਵਿੱਚ ਇਹ ਗਵੱਈਏ ਅਜੇ ਵੀ ਆਪਣੇ ਜੌਹਰ ਦਿਖਾਉਂਦੇ ਰਹਿੰਦੇ ਹਨ ਕਈ ਪਿੰਡਾਂ ਦੇ ਤਿਓਹਾਰਾਂ ਸਮੇਂ। ਪਰ ਵਪਾਰਕ ਤੌਰ ਤੇ ਇਹਨਾਂ ਦੀ ਸੰਗੀਤਕ ਦੁਨੀਆਂ ਵਿੱਚ ਕੋਈ ਪਛਾਣ ਨਹੀਂ ਹੈ। ਜੋ ਕਿ ਸਾਡੀ/ਸਮਾਜ ਦੀ ਗਲਤੀ ਹੀ ਕਹੀ ਜਾ ਸਕਦੀ ਹੈ ਕਿ ਅਸੀਂ ਇਹਨਾਂ ਨੂੰ ਬਣਦਾ ਸਤਿਕਾਰ, ਮਾਣ, ਵਪਾਰਕ ਸਹਿਯੋਗ ਨਹੀਂ ਦੇ ਸਕੇ।

ਸੱਭਿਆਚਾਰ ਵਿੱਚ ਤਬਦੀਲੀਆਂ ਸਮੇਂ ਦੀ ਰਫ਼ਤਾਰ ਦੇ ਨਾਲ ਨਾਲ ਆਉਂਦੀਆਂ ਰਹਿੰਦੀਆਂ ਹਨ। ਪਰ ਇਸ ਤਰਾਂ ਦੀ ਲੋਕ ਗਾਇਕੀ ਨਵੀਂਆ ਆਉਣ ਵਾਲੀਆਂ ਤਬਦੀਲੀਆਂ ਦੇ ਰਾਹ ਵਿੱਚ ਰੋੜਾ ਨਹੀਂ ਬਣਦੀ। ਇਹਨਾਂ ਵਿੱਚ ਪਹਿਲਾਂ ਲਿਖਣ ਅਨੁਸਾਰ ਜਿਆਦਾਤਰ ਕਿੱਸਾ ਕਾਵਿ ਗਾਇਆ ਜਾਂਦਾ ਹੈ। ਕਈ ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਸਾਡੇ ਸਮਾਜ ਵਿੱਚੋਂ ਕਈ ਚੰਗੀਆਂ ਚੀਜ਼ਾਂ/ਗੱਲਾਂ ਵਿੱਸਰ ਰਹੀਆਂ ਹਨ, ਪਰ ਮਾੜੀਆਂ ਚੀਜ਼ਾਂ/ਗੱਲਾਂ ਸਾਡੇ ਸਮਾਜ ਵਿੱਚ ਪਹਿਲਾਂ ਵਾਂਗੂੰ ਹੀ ਬਰਕਰਾਰ ਹਨ (ਜਦੋਂ ਕਿ ਮਾੜੀਆਂ ਚੀਜ਼ਾਂ/ਗੱਲਾਂ ਨੂੰ ਮੁਕਾਉਣ ਲਈ ਸੁਹਿਰਦ, ਜਾਗਰਿਤ ਲੋਕ ਕੋਸਿ਼ਸ਼ਾਂ ਵੀ ਬਹੁਤ ਕਰ ਰਹੇ ਹਨ)। ਖੈਰ, ਵਿਸ਼ੇ ਮੁਤਾਬਕ ਚੱਲਦੇ ਹਾਂ ਕਿ ਇਹ ਬਹੁਤ ਹੀ ਜਿਆਦਾ ਦਿਲ ਨੂੰ ਟੁੰਬਣ ਵਾਲੀ ਲੋਕ ਗਾਇਕੀ ਦਾ ਵੱਖਰਾ ਰੂਪ ਹੈ। ਇਸ ਵਿੱਚ ਸਾਜ਼ਾਂ ਦਾ ਬਹੁਤ ਹੀ ਘੱਟ/ਜਰੂਰਤ ਅਨੁਸਾਰ ਸਹਿਯੋਗ ਲਿਆ ਜਾਂਦਾ ਹੈ। ਜ਼ਿਆਦਾਤਰ ਗਾਉਣ ਵਾਲਿਆਂ ਦੀਆਂ ਦਮਦਾਰ ਅਵਾਜ਼ਾਂ ਤੇ ਹੀ ਗਾਇਕੀ ਦਾ ਸਿਹਰਾ/ਅਧਾਰ ਹੁੰਦਾ ਹੈ। ਅੱਖੀਂ ਦੇਖਿਆ ਗਾਇਕਾਂ ਦਾ ਜੀਵਨ ਅਤੇ ਇਸ ਲੋਕ ਗਾਇਕੀ ਦਾ ਰੂਪ ਪਾਠਕਾਂ ਸਾਹਮਣੇ ਪੇਸ਼ ਕਰਦਾਂ ਹਾਂ। (ਜਦੋਂ ਮੈਂ ਪੰਜਾਬ ਵਿੱਚ ਸੀ ਦਸ ਕੁ ਸਾਲ ਪਹਿਲਾਂ, ਉਸ ਸਮੇਂ ਦੀ ਗੱਲ ਪਾਠਕਾਂ ਨਾਲ ਸਾਂਝੀ ਕਰਦਾ ਹਾਂ।)

ਸਾਡੇ ਪਿੰਡ ਕੰਗ ਜਗੀਰ ਹਰ ਸਾਲ ਅਕਤੂਬਰ/ਨਵੰਬਰ ਮਹੀਨੇ ਇਕ ਤਿਓਹਾਰ ਹੁੰਦਾ ਹੈ। ਉਸ ਸਮੇਂ ਪਿੰਡ ਵਿੱਚ ਛਿੰਝ/ਘੋਲ਼ ਵੀ ਹੁੰਦੇ ਹਨ। ਇਹ ਛਿੰਝ ਅੱਜ ਤੋਂ ਤਕਰੀਬਨ 4/5 ਸਾਲ ਪਹਿਲਾਂ ਆਲੇ ਦੁਆਲੇ ਦੇ ਕੁਝ ਕੁ ਪਿੰਡਾਂ ਤੱਕ ਹੀ ਸੀਮਤ ਸੀ ਪਰ ਹੁਣ ਕਾਫੀ ਵੱਡੀ ਛਿੰਝ ਪੈਂਦੀ ਹੈ/ਇਨਾਮ ਕਾਫੀ ਵੱਡੀ ਕੀਮਤ ਵਾਲਾ ਰੱਖਿਆ ਜਾਂਦਾ ਹੈ। ਇਸ ਛਿੰਝ ਤੋਂ ਪਹਿਲਾਂ ਤਿੰਨ ਕੁ ਦਿਨ ਇਹ ਲੋਕ ਗਾਇਕੀ ਦਾ ਰੂਪ ਪਿੰਡ ਵਾਲਿਆਂ ਨੂੰ ਅਤੇ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਮਾਣਨ ਲਈ/ਸੁਣਨ ਲਈ ਪ੍ਰਾਪਤ ਹੁੰਦਾ ਹੈ। ਸ਼ਾਮ ਨੂੰ ਇਹ ਗਾਉਣ/ਗਾਇਕੀ ਸੁਣਨ ਲਈ ਲੋਕ ਪਹੁੰਚਣ ਲੱਗ ਪੈਂਦੇ। ਉਸ ਸਮੇਂ ਦੇ ਮਸ਼ਹੂਰ ਰਾਗੀ ਦਰਸ਼ਨ ਰਾਮਾਂ ਖੇਲਿਆਂ ਵਾਲਾ, ਹਰਬੰਸ ਫਰੀਦਕੋਟੀਆ ਆਦਿ ਸਾਡੇ ਪਿੰਡ ਆਇਆ ਕਰਦੇ ਸੀ। ਹੋਰ ਵੀ ਇਹਨਾਂ ਦੇ ਸਾਥੀ ਸਨ/ਹਨ ਜੋ ਆਇਆ ਕਰਦੇ ਸੀ ਪਰ ਸਾਰਿਆਂ ਦੇ ਨਾਂ ਤਾਂ ਹੁਣ ਯਾਦ ਨਹੀਂ ਹਨ। ਸਾਡੇ ਬਾਬਾ ਜੀ, ਤਾਇਆ ਜੀ ਅਤੇ ਪਰਿਵਾਰ ਨਾਲ ਇਹਨਾਂ ਦੇ ਭਾਈਚਾਰਕ ਸਬੰਧ ਹਨ। ਇਸ ਲਈ ਮੈਨੂੰ ਇਹਨਾਂ ਨੂੰ ਨੇੜਿਓਂ ਵੇਖਣ ਸੁਣਨ ਦਾ ਮੌਕਾ ਮਿਲਿਆ ਸੀ। ਇਹ ਬਹੁਤ ਹੀ ਚੰਗੇ ਸੁਭਾਅ ਦੇ ਇਨਸਾਨ ਸਨ/ਹਨ। ਦਰਸ਼ਨ ਰਾਮਾਂ ਖੇਲਿਆਂ ਵਾਲੇ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਹਰਬੰਸ ਰਾਗੀ ਤਾਂ ਅਜੇ ਵੀ ਮੇਰੇ ਤਾਇਆ ਜੀ ਦੇ ਦੱਸਣ ਮੁਤਾਬਕ ਸਾਡੇ ਪਿੰਡ ਗਾਉਣ ਆਉਂਦਾ ਹੈ। ਹੁਣ ਉਸ ਨਾਲ ਇੱਕ ਹੋਰ ਨੌਜਵਾਨ ਗਵੱਈਆ ਜਿਹੜਾ ਦਰਸ਼ਨ ਰਾਗੀ ਦਾ ਹੀ ਸ਼ਗਿਰਦ ਹੈ, ਸੁੱਖਾ (ਸੁਖਦੇਵ) ਮੋਗਾ, ਬੱਦੋਕੀ ਵਾਲਾ ਆਉਂਦਾ ਹੈ ਜੋ ਬਹੁਤ ਹੀ ਚੰਗਾ ਗਾਉਂਦਾ ਹੈ।

ਇਹਨਾਂ ਦਾ ਪਹਿਰਾਵਾ ਪੂਰਾ ਪੰਜਾਬੀ ਹੁੰਦਾ ਹੈ। ਇਹ ਆਪਣੇ ਘਰਾਂ ਵਿੱਚ ਵੀ ਇਹੋ ਹੀ ਪਹਿਰਾਵਾ ਪਹਿਨਦੇ ਹਨ, ਭਾਵ ਕਿ ਅੱਜ ਦੇ ਕਲਾਕਾਰਾਂ ਵਾਂਗ ਸ਼ਗਨ ਕਰਨ ਲਈ ਹੀ ਪੰਜਾਬੀ ਪਹਿਰਾਵਾ ਨਹੀਂ ਪਾਉਂਦੇ ਹਨ ਬਲਕਿ ਕਹਿਣੀ ਤੇ ਕਰਨੀ ਤੇ ਪਹਿਰਾ ਦਿੰਦੇ ਹਨ। ਮਾਵਾ ਲੱਗੀ ਪੱਗ ਤੁਰਲੇ ਵਾਲੀ ਲੜ ਛੱਡ ਕੇ ਬੰਨ੍ਹੀ ਹੋਈ, ਤੇੜ ਚਾਦਰਾ, ਗਲ਼ ਕੁੜਤਾ, ਗਲ਼ੇ ‘ਚ ਤਵੀਤ ਜਾਂ ਕੋਈ ਗਾਨੀ ਵਗੈਰਾ ਅਤੇ ਪੈਰੀਂ ਨੋਕਦਾਰ ਕਢਾਈ ਵਾਲੀ ਤਿੱਲੇਦਾਰ ਜੁੱਤੀ। ਇਹਨਾਂ ਦੇ ਜ਼ਿਆਦਾਤਰ ਮੁੱਖ/ਮੂੰਹ ਤੇ ਇਕੱਲੀਆਂ ਮੁੱਛਾਂ ਰੱਖੀਆਂ ਹੁੰਦੀਆਂ ਜੋ ਜ਼ਿਆਦਾਤਰ ਕਰਕੇ ਖੜੀਆਂ ਹੀ ਹੁੰਦੀਆਂ। ਇਹ ਲੋਕ ਗਾਇਕ ਕਲਾਕਾਰ ਹਮੇਸ਼ਾਂ ਹੀ ਲੋਕਾਂ ‘ਚ ਵਿਚਰਦੇ ਹਨ। ਘਰ ਦੀ ਕੱਢੀ ਹੋਈ ਦਾਰੂ ਦੇ ਇਹ ਗਵੱਈਏ ਕਾਫੀ ਜ਼ਿਆਦਾ ਸ਼ੌਕੀਨ ਹੁੰਦੇ ਹਨ।

ਇਸ ਲੋਕ ਗਾਇਕੀ ਦਾ ਦ੍ਰਿਸ਼ ਇਸ ਤਰਾਂ ਹੁੰਦਾ ਕਿ ਖੁੱਲੀ ਜਿਹੀ ਜਗ੍ਹਾ ਤੇ ਬੋਹੜ ਜਾਂ ਪਿੱਪਲ ਹੇਠਾਂ ਲੋਕ ਇਹਨਾਂ ਨੂੰ ਸੁਣਨ ਲਈ ਆਪਣੀ ਆਪਣੀ ਮਨਪਸੰਦ ਜਗ੍ਹਾ ਲੱਭ ਕੇ ਬੈਠ ਜਾਂਦੇ, ਵਿਚਾਲੇ ਥੋੜੀ ਜਿਹੀ ਗੋਲ਼ ਦਾਅਰੇ ਵਰਗੀ ਜਗ੍ਹਾ ਇਹਨਾਂ ਦੇ ਤੁਰਨ ਲਈ ਛੱਡੀ ਹੋਈ ਹੁੰਦੀ। ਸਭ ਤੋਂ ਪਹਿਲਾਂ ਤਿੰਨਾਂ ਰਾਗੀਆਂ ਵਿੱਚੋਂ ਇਕ ਮੋਹਰੀ ਰਾਗੀ ਆਪਣੇ ਕਿੱਸੇ ਦੀ ਭੂਮਿਕਾ ਬੰਨ੍ਹਦਾ। ਕਿੱਸੇ ਦਾ ਆਗਾਜ਼ ਵੱਖਰੇ ਅੰਦਾਜ਼ ਵਿੱਚ ਕੁਝ ਟੋਟਕੇ ਕਵਿਤਾ ਦੇ ਅਤੇ ਕੁਝ ਗੱਲਬਾਤ ਪੇਸ਼ ਕਰਕੇ ਕਰਦਾ। ਕਿੱਸੇ ਦਾ ਮੁੱਢ ਬੰਨ੍ਹਣ ਤੋਂ ਬਾਅਦ ‘ਜੋੜੀ’ (ਅਲਗੋਜ਼ੇ ਅਤੇ ਤੂੰਬੇ ਵਾਲੇ ਨੂੰ) ਨੂੰ ਸੰਬੋਧਨ ਕਰ ਕੇ ਇਸ ਤਰਾਂ ਕਹਿੰਦਾ, “ਜਰਾ ਦੱਸੀਂ ਬਈ ਜੋੜੀ ਵਾਲਿਆ, ਪੂਰਨ ਫਿਰ ਕੀ ਕਹਿੰਦਾ ਰਾਣੀ ਸੁੰਦਰਾਂ ਨੂੰ”(ਨਾਂ ਕਿੱਸੇ ਮੁਤਾਬਕ ਲਏ ਜਾਂਦੇ)। ਆਪਣੀ ਅਵਾਜ਼ ਅੰਤਲੇ ਸ਼ਬਦ ਕਹਿਣ ਸਮੇਂ ਥੋੜੀ ਜਿਹੀ ਉੱਚੀ ਚੁੱਕਦਾ। ਫਿਰ ਜੋੜੀ ਵਾਲੇ ਦੋਨੋਂ ਰਾਗੀ/ਸਾਜੀ ਥੋੜਾ ਚਿਰ ਸਾਜ਼ਾਂ ਨਾਲ ਸਰੋਤਿਆਂ/ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੰਦੇ। ਫਿਰ ਨਾਲੋ ਨਾਲ ਕੁਝ ਸਮੇਂ ਬਾਅਦ ਮੋਹਰੀ ਰਾਗੀ ਸਾਜੀਆਂ ਦੇ ਸੰਗੀਤਕ ਲੈਅ ਨਾਲ ਪੱਬ ਚੁੱਕਦਾ ਚੁੱਕਦਾ ਕਵਿਤਾ/ਰਾਗ ਦੇ ਬੋਲ ਬੋਲਦਾ, ਜਿਸ ਦੇ ਮਗਰਲੇ ਬੋਲਾਂ/ਸ਼ਬਦਾਂ ਨੂੰ ਜੋੜੀ/ਸਾਜ਼ਾਂ ਵਾਲਿਆਂ ਵਿੱਚੋਂ ਤੂੰਬੇ ਵਾਲਾ ਰਾਗੀ ਤੂੰਬਾ ਵਜਾਉਣ ਦੇ ਨਾਲ ਨਾਲ ਲੋਕਾਂ ਨੂੰ ਗਾ ਕੇ ਸੁਣਾਉਂਦਾ। ਕਈ ਲੋਕ ਰਾਗੀਆਂ ਦਾ ਹੌਸਲਾ ਵਧਾਉਣ ਲਈ ਆਪਣੇ ਵਿਤ ਮੁਤਾਬਕ ਰੁਪਈਏ ਦਿੰਦੇ, ਜਿਨ੍ਹਾਂ ਨੂੰ ਤੀਜਾ ਮੋਹਰੀ ਰਾਗੀ ਬੜੇ ਸਲੀਕੇ ਨਾਲ ਫੜਦਾ ਰਹਿੰਦਾ। ਲੋਕ ਉਹਨਾਂ ਦੇ ਗਾਉਣ ਤੋਂ ਖੁਸ਼ ਹੋ ਕੇ ਪੈਸੇ ਫੜਾਉਣ ਲਈ ਰੁਪਈਆ/ਰੁਪਈਏ ਹੱਥ ਉਪਰ ਨੂੰ ਚੱਕ ਕੇ ਰਾਗੀ ਨੂੰ ਵਿਖਾਉਂਦੇ ਅਤੇ ਉਹ ਪੈਸੇ ਫੜਨ ਹੌਲ਼ੀ ਹੌਲ਼ੀ ਬੜੀ ਮੜਕ ਅਤੇ ਧਿਆਨ ਨਾਲ ਆ ਕੇ ਰੁਪਈਏ ਫੜਦਾ ਅਤੇ ਬੜੇ ਅਦਬ ਨਾਲ ਉਹਨਾਂ ਦਾ ਸ਼ੁਕਰਾਨਾ ਕਰਦਾ। ਅਤੇ ਜਦੋਂ ਵੀ ਉਸ ਨੇ ਰਾਗ ਦੀਆਂ ਤੁਕਾਂ ਨੂੰ ਅਵਾਜ਼ ਦੇਣੀ ਹੁੰਦੀ ਤਾਂ ਉਹ ਉੱਥੋਂ ਹੀ ਬੋਲ ਚੱਕਦਾ/ਗਾਉਂਦਾ ਜਿੱਥੇ ਉਹ ਖੜਾ ਹੁੰਦਾ। ਤੂੰਬੇ ਵਾਲਾ ਰਾਗੀ ਤੂੰਬਾ ਵਜਾ ਰਿਹਾ ਹੁੰਦਾ ਤੇ ਗਾ ਵੀ ਰਿਹਾ ਹੁੰਦਾ ਜਦੋਂ ਕਿ ਜੋੜੀ ਵਾਲਾ ਰਾਗੀ ਅਲਗੋਜ਼ੇ ਵਜਾ ਰਿਹਾ ਹੁੰਦਾ। ਕਿਉਂਕਿ ਉਹ ਸਿਰਫ਼ ਅਲਗੋਜ਼ੇ ਹੀ ਵਜਾ ਸਕਦਾ ਸੀ। ਕਦੀ ਕਦੀ ਇਹਨਾਂ ਦੇ ਨਾਲ ਚੌਥਾ ਰਾਗੀ ਸਿਰਫ਼ ਤੂੰਬੇ ਵਾਲੇ ਨਾਲ ਰਲ਼ ਕੇ ਬੋਲ ਚੁੱਕਣ ਲਈ ਵੀ ਹੁੰਦਾ, ਪਰ ਉਸ ਕੋਲ ਕੋਈ ਸਾਜ਼ ਨਹੀਂ ਹੁੰਦਾ ਸੀ। ਇਹਨਾਂ ਦੀ ਤੋਰ ਵੀ ਬੜੇ ਨਿਆਰੇ ਅਦਬ ਵਾਲੀ ਹੁੰਦੀ ਸੀ।

ਇਸ ਤਰਾਂ ਇਹ ਬੜੀ ਨਿਰਾਲੀ ਅਤੇ ਸੁਰੀਲੀ ਲੋਕ ਗਾਇਕੀ ਲੋਕਾਂ ਦੇ ਦਿਲ ਨੂੰ ਆਪਣੇ ਸੁਰਾਂ ਵਿੱਚੋਂ ਸਰੂਰ ਦਿੰਦੀ ਜਾਂਦੀ। ਜੋੜੀ ਵਾਲੇ ਦੋਵੇਂ ਜਾਂ ਤਿੰਨੋਂ ਰਾਗੀ ਹਲਟ ਵਾਲੇ ਬਲਦਾਂ ਵਾਂਗ ਪਰ ਹੌਲ਼ੀ ਹੌਲ਼ੀ ਘੁੰਮਦੇ ਘੁੰਮਦੇ ਗਾਉਂਦੇ/ਵਜਾਉਂਦੇ ਰਹਿੰਦੇ। ਕਵਿਤਾ ਦੇ ਖਤਮ ਹੋਣ ਤੱਕ ਇਵੇਂ ਹੀ ਇਹ ਪ੍ਰਕਰਣ ਚੱਲਦਾ ਰਹਿੰਦਾ। ਫਿਰ ਬਾਅਦ ਵਿੱਚ ਮੋਹਰੀ ਰਾਗੀ ਕਿੱਸੇ ਨੂੰ ਅਗਾਂਹ ਤੋਰਦਾ ਤੇ ਮਾਹੌਲ ਵਿੱਚ ਸੰਗੀਤ ਭਰੀਆਂ ਅਵਾਜ਼ਾਂ ਗੂੰਜਦੀਆਂ ਰਹਿੰਦੀਆਂ। ਸ਼ਾਮ ਸੁਰਖ ਹੋਈ ਜਾਂਦੀ ਅਤੇ ਕਈ ਲੋਕਾਂ ਦੀ ਤਬੀਅਤ ਵੀ ਨਾਲੋ ਨਾਲ ਸੁਰਖ ਹੁੰਦੀ ਰਹਿੰਦੀ। ਨੇਰਾ ਹੋਣ ਤੱਕ ਇਹ ਗਵੱਈਏ ਗਾਉਂਦੇ ਰਹਿੰਦੇ। ਜੇ ਕਿੱਸਾ ਖਤਮ ਹੋ ਜਾਵੇ ਤਾਂ ਠੀਕ, ਨਹੀਂ ਤਾਂ ਦੁਬਾਰਾ ਦੂਸਰੇ ਦਿਨ ਉੱਥੋਂ ਹੀ ਸ਼ੁਰੂ ਕਰ ਲੈਂਦੇ। ਪਰ ਕਈ ਵਾਰ ਕਈ ਲੋਕਾਂ ਦੀਆਂ ਪਸੰਦੀ ਦੀਆਂ ਕਵਿਤਾਵਾਂ ਹੁੰਦੀਆਂ। ਫਿਰ ਉਹ ਸਿਰਫ਼ ਓਹੀ ਰਚਨਾਵਾਂ ਹੀ ਲੋਕਾਂ ਦੀ ਮੰਗ ਅਨੁਸਾਰ ਸੁਣਾਉਂਦੇ। ਇਸ ਮੌਕੇ ਹੋਰ ਗਰੁੱਪ ਵੀ ਰਾਗੀਆਂ ਦੇ ਆਏ ਹੁੰਦੇ ਸਨ। ਉਹ ਵੀ ਆਪਣੇ ਸਮੇਂ ਮੁਤਾਬਕ ਹਾਜਰੀ ਲਵਾਉਂਦੇ। ਆਮ ਕਰਕੇ ਇਹ ਇਕੱਠ ਪਿੰਡ ਦੇ ਵਿਚਕਾਰ ਵਿਹੜੇ ਵਾਲਿਆਂ ਵੱਲ ਪਿੱਪਲ/ਬੋਹੜ ਦੇ ਦਰਖ਼ਤ ਹੇਠਾਂ ਲੱਗਿਆ ਹੁੰਦਾ। ਸੁਖਾਵੇਂ ਮਾਹੌਲ ਵਿੱਚ ਇਹ ਅਜੀਬ ਨਜ਼ਾਰਾ ਹੁੰਦਾ ਸੀ ਲੋਕ ਗਾਇਕੀ ਦੇ ਇਸ ਰੂਪ ਦਾ। ਕਈ ਵਾਰ ਕਈ ਲੋਕ ਸੋਮ ਰਸ ਪੀ ਕੇ ਮਦਹੋਸ਼ ਜਿਹੇ ਹੋਏ ਹੋਏ ਆਪਣੀਆਂ ਨਿਗੂਣੀਆਂ ਕਿੜਾਂ ਕੱਢਣ ਲਈ ਆਪਸ ਵਿੱਚ ਇਹੋ ਜਿਹੇ ਮੌਕੇ ਲੜ ਵੀ ਪੈਂਦੇ (ਉਦਾਂ ਅਸੀਂ ਆਪਸ ਵਿੱਚ ਲੜਦੇ ਕਦੋਂ ਨਹੀਂ? ਆਖਰ ਪੰਜਾਬੀ ਹਾਂ!) ਫਿਰ ਲੋਕ ਗਾਇਕੀ ਦੀ ਮਹਿਫਲ ਦਾ ਮਜ਼ਾ ਕਿਰਕਿਰਾ ਵੀ ਹੋ ਜਾਂਦਾ ਸੀ। ਪਰ ਇਹ ਕਦੀ ਕਦਾਈਂ ਹੀ ਹੁੰਦਾ ਸੀ। ਇਸ ਲੋਕ ਗਾਇਕੀ ਦਾ ਅਨੰਦ ਲੋਕ ਬਹੁਤ ਲੈਂਦੇ ਸੀ। ਬੜਾ ਅਲੌਕਿਕ ਨਜ਼ਾਰਾ ਹੁੰਦਾ ਸੀ ਓਸ ਵੇਲੇ। ਅਜੇ ਵੀ ਮੇਰੀਆਂ ਯਾਦਾਂ ਦੇ ਕਾਗਜ ਤੇ ਓਸ ਸਮੇਂ ਦੀ ਇਹ ਤਸਵੀਰ ਚੰਗੀ ਤਰਾਂ ਉਘੜੀ ਹੋਈ ਹੈ, ਸ਼ਾਇਦ ਹੁਣ ਪਾਠਕਾਂ ਦੇ ਵੀ ਉਘੜ ਆਈ ਹੋਣੀ ਏ! ਜਿਹਨਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਇਸ ਲੋਕ ਗਾਇਕੀ ਦਾ ਅਨੰਦ ਮਾਣਿਆ ਹੋਣਾ ਹੈ।

ਆਪਣੀ ਜਿੰਦਗੀ ਵਿੱਚ ਇਹ ਮੇਰਾ ਅੱਖੀਂ ਵੇਖਿਆ ਇਸ ਲੋਕ ਗਾਇਕੀ ਦਾ ਇਕ ਦ੍ਰਿਸ਼ ਸੀ। ਪਰ ਹੁਣ ਮੇਰੇ ਪਿੰਡ ਇਹ ਸਭ ਕਿਵੇਂ ਚੱਲਦਾ ਹੈ, ਆਪਣੇ ਤਾਇਆ ਜੀ ਨੂੰ ਹਰ ਸਾਲ ਪੁੱਛ ਕੇ ਪਤਾ ਕਰਦਾ ਰਹਿੰਦਾ ਹਾਂ। ਇਸ ਲੋਕ ਗਾਇਕੀ ਨੂੰ ਮੈਂ ਅਜੇ ਵੀ ਬੜੀ ਸ਼ਿੱਦਤ ਨਾਲ ਲੋਚਦਾ ਹਾਂ ਕਿ ਸੁਣਿਆ/ਵੇਖਿਆ ਜਾਵੇ। ਖੈਰ, ਇਹ ਰੂਹ ਨੂੰ ਖੇੜਾ ਪ੍ਰਦਾਨ ਕਰਨ ਵਾਲੀ ਲੋਕ ਗਾਇਕੀ ਹੈ। ਪਰ ਹੁਣ ਇਹ ਅਲੋਪ ਹੁੰਦੀ ਨਜ਼ਰ ਆ ਰਹੀ ਹੈ। ਆਸ ਹੈ ਇਸ ਲੋਕ ਗਾਇਕੀ ਨੂੰ ਸੁਣਨ ਵਾਲੇ ਅਤੇ ਗਾਉਣ ਵਾਲੇ ਇੰਝ ਹੀ ਪੰਜਾਬ ਦੇ ਸੱਭਿਆਚਾਰ ਵਿੱਚ ਹੋਰ ਲੰਮੇ ਸਮੇਂ ਲਈ ਜਿਉਂਦੀ ਰੱਖ ਸਕਣ।

3 comments:

ਮੁਖਵੀਰ ਸਿੰਘ said...

ਵੀਰੇ ਚੰਗਾ ਕੰਮ ਕੀਤਾ ਹੈ
mukhvir

ਕਾਵਿ-ਕਣੀਆਂ said...

ਧੰਨਵਾਦ ਜਨਾਬ ਬਹੁਤ ਬਹੁਤ!!!

Amit said...

bahut vadhiya kam hai veere.