Pages

Wednesday, October 15, 2008

ਭਾਈਵਾਲ਼ੀ- ਵਿਅੰਗਾਤਮਿਕ ਛੋਟੀ ਕਹਾਣੀ

“ਸਾਡੀ ਕਾਮਯੂਬੀ ਥੋਡੀ ਆਪਣੀ ਕਾਮਯੂਬੀ ਹੈ....ਸਾਡੀ ਕਾਮਯੂਬੀ ਥੋਡੀ”..... ਅਮਲੀ ਲੀਡਰਾਂ ਵਾਂਗ ਘਸੇ ਪਿਟੇ ਨਾਹਰੇ ਮਾਰਦਾ ਅੱਜ ਸੱਥ ਵੱਲ ਤੁਰਿਆ ਆ ਰਿਹਾ ਸੀ....।
“ਓ ਅਮਲੀਆ, ਕੇਹਨੂੰ ਕਾਮਯਾਬ ਕਰੀਂ ਜਾਨੈਂ?, ਕਿਹੜੀ ਪਾਰਟੀ ਨਾਲ਼ ਭਾਈਵਾਲ਼ੀ ਕਰ ਲੀ?”..... ‘ਕਿਹਰੂ’ ਕਿਆਂ ਦਾ ਭਾਨਾ, ਅਮਲੀ ਨੂੰ ਮਾਸਟਰਾਂ ਵਾਂਗ ਸਵਾਲ ਕਰਨ ਲੱਗ ਪਿਆ।
“ਓ ਏਹਨੇ ਕਿਸੇ ਨਾਲ਼ ਕੀ ਭਾਈਵਾਲ਼ੀ ਪਾਉਣੀ ਆ? ਲੱਗਦਾ ਅੱਜ ਜਾਂ ਤਾਂ ਏਹਦੀ ਭੁੱਕੀ ਥੋੜ੍ਹੀ ਜਿਆਦਾ ਛਕੀ ਗਈ ਏ, ਜਾਂ ਫੇਰ ਇਹ ਕਿਸੇ ਪਾਰਟੀ ਦੇ ਪੰਡਾਲ ‘ਚੋਂ ਸਿੱਧਾ ਇੱਧਰ ਈ ਆ ਗਿਆ।”, ਰਾਜੀ ‘ਸੱਜਣ’ ਕਿਆਂ ਦਾ ਤਾਸ਼ ਦਾ ਪੱਤਾ ਸੁੱਟਦਾ ਹੋਇਆ ਬੋਲਿਆ।
“ਨਾ ਤੂੰ ਮੈਨੂੰ ਭੁੱਕੀ ਲਿਆ ਕੇ ਦਿੰਨੈਂ?...... ਓ ਚੌਰਿਆ?..... ਮੂੰਹ ਸਮਾਲ਼ ਕੇ ਗੱਲ ਕਰੀਂ!..... ਐਂਵੇਂ ਨਾ ਸ਼ਿਕਾਰੀ ਕੁੱਤੇ ਜਿਹਾ ਲੱਕ ਤੁੜਾ ਲਈਂ ਮੈਥੋਂ!!” ਧੀਮੀਂ ਗਤੀ ਦੀਆਂ ਖਬ਼ਰਾਂ ਸੁਣਾਉਣ ਵਾਲ਼ਿਆਂ ਵਾਂਗ ਬੋਲਦਾ ਹੋਇਆ ਅਮਲੀ, ਅੱਜ ਕੁਝ ਨਰਾਜ਼ ਜਿਹਾ ਲੱਗਦਾ ਸੀ, ਏਸ ਲਈ ਚਾਰੇ ਖੁਰ ਚੁੱਕ ਕੇ ਰਾਜੀ ਨੂੰ ਗੱਲੀਂ ਗੱਲੀਂ ਮਾਰਨ ਪਿਆ।
“........” ਰਾਜੀ ਚੁੱਪ ਸੀ। ਸਮੈਕ ਦਾ ਭੰਨਿਆ ਹੋਇਆ ਰਾਜੀ ਹੁਣ ਅਮਲੀ ਨਾਲ਼ ਵੀ ਲੜ੍ਹਨ ਭਿੜਨ ਜੋਗਾ ਨਹੀਂ ਸੀ, ਏਸ ਲਈ ਉਸਨੇ ਚੁੱਪ ‘ਚ ਹੀ ਭਲਾ ਸਮਝਿਆ।
“ਓ ਤੈਨੂੰ ਕੀ ਹੋਇਆ ਅਮਲੀਆ? ਬੜਾ ਤਪਿਆ ਪਿਐਂ ਲੁਹਾਰਾਂ ਦੀ ਭੱਠੀ ਵਾਂਗੂੰ, ਅੱਗ ਹੀ ਕੱਢੀਂ ਜਾਨੈਂ” ਮੰਨਾ ਸਿਓਂ ਗੱਲ ਨੂੰ ਸੁਲਝਾਉਣ ਦੇ ਰੌਂਅ ‘ਚ ਹੁੰਦਾ ਹੋਇਆ ਬੋਲਿਆ।
(ਸੱਥ ਵਿੱਚ ਗਰਮੀਆਂ ਨੂੰ ਤਾਂ ਜਿਵੇਂ ਮੇਲਾ ਹੀ ਲੱਗਿਆ ਰਹਿੰਦਾ ਸੀ। ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਮੁੰਡੇ ਖੁੰਡੇ ਵੀ ਸੱਥ ਵਿੱਚ ਆ ਬਹਿੰਦੇ। ਤਾਸ਼ ਦੀਆਂ ਬਾਜ਼ੀਆਂ ਲੱਗਦੀਆਂ, ਪਿੱਪਲਾਂ, ਬੋਹੜਾਂ ਦੀ ਛਾਵੇਂ, ਠੰਡੀ ਠੰਡੀ ਹਵਾ ਚੱਲਦੀ ਤੇ ਲੋਕ ਨਜਾਰੇ ਮਾਣਦੇ। ਖੇਤੀ ਤੋਂ ਲੈ ਕੇ ਸਿਆਸਤ ਤੱਕ ਦੀਆਂ ਗੱਲਾਂ ਸੱਥ ਦਾ ਵਿਸ਼ਾ ਬਣਦੀਆਂ।)
“ਨਾ ਮੈਨੂੰ ਕੀ ਹੋਣਾ ਮਾਂਈ ਜਾਵੀ ਦਾ? ਹੋਇਆ ਤਾਂ ਓਹਨਾਂ ਨੂੰ ਆ, ਜਿਹੜੇ ਹਰ ਪੰਜੀਂ ਸਾਲੀਂ ਆ ਕੇ ਖੌਰੂ ਪੱਟਣ ਲੱਗ ਪੈਂਦੇ ਨੇ..... ਆਹ ਕਰਾਂਗੇ ਓਹ ਕਰਾਂਗੇ.....ਕਰਨਾ ਕੱਤਰਨਾ ਕੱਖ ਨੀ..... ਸਾਲ਼ੇ ਗੱਲਾਂ ਨਾਲ਼ ਈ ਕਾਮਯੂਬੀ ਕਾਮਯੂਬੀ ਕਰ ਕੇ ਓਹ ਗਏ ਤੇ ਓਹ ਗਏ”, ਸ਼ਿੰਦੇ ਅਮਲੀ ਨੇ ਦਿਲ ਦੀ ਪੋਟਲੀ ਸੱਥ ਦੇ ਸਾਹਮਣੇ ਖੋਹਲੀ।
“ਨਾ ਵਿਚਲੀ ਗੱਲ ਤਾਂ ਦੱਸ, ਕਿੱਥੇ ਆਏ ਸੀ? ਕੇਹੜੀ ਪਾਰਟੀ ਵਾਲ਼ੇ ਸੀ? ਕੀ ਕੀ ਵਾਅਦੇ ਕਰ ਗਏ? ਮਾਸਟਰ ਵੀ ਬੇਗੀ ਤੇ ਬਾਦਸ਼ਾਹ ਸੁੱਟਦਾ ਹੋਇਆ ਬੋਲਿਆ। ਮਾਸਟਰ ਨੂੰ ਵੀ ਅੱਜ ਨਿਆਣੇ ਕੁੱਟਣ ਤੋਂ ਛੁੱਟੀ ਸੀ।
“ਪਾਰਟੀ ਦਾ ਨਾਓਂ ਤਾਂ ‘ਭੰਨ-ਤੋੜ-ਭੰਨ ਪਾਰਟੀ’ ਦੱਸਦੇ ਸੀ, ਕਈ ਪੱਗਾਂ ਵਾਲ਼ੇ ਸੀ ਤੇ ਕਈ ਟੋਪੀਆਂ ਵਾਲ਼ੇ ਸੀ। ਆਹ ਨਾਲ਼ ਦੇ ਪਿੰਡ, ਆਏ ਸੀ। ਵਾਅਦੇ ਤਾਂ ਕਰਨ ਤੋਂ ਬਾਅਦ ਓਹਨਾਂ ਨੂੰ ਨੀਂ ਯਾਦ ਰਹਿੰਦੇ ਮਾਸਟਰਾ, ਮੈਨੂੰ ਕੀ ਰਹਿਣੇ ਆ ਸਹੁਰੀ ਦੇ?” ਅਮਲੀ ਨੱਕ ‘ਚ ਬੋਲਦਾ ਬੋਲਦਾ ਜਰਾ ਕੁ ਰੁਕਿਆ ਤੇ ਫੇਰ ਬੋਲਣ ਲੱਗ ਪਿਆ, “ਪੱਗਾਂ, ਟੋਪੀਆਂ ਦੇ ਰੰਗ ਵੀ ਸਹੁਰੇ ਰਲ਼ਵੇ ਈ ਸੀ ਸਭ ਦੇ, ਗੱਲਾਂ ਬਥੇਰੀਆਂ ਕਰਦੇ ਸੀ। ਦੋ ਤਿੰਨ ਨੀਂਹ ਪੱਥਰੂ ਜਏ ਰੱਖ ਗਏ ਨੇ,,,, ਆਂਹਦੇ ਸੀ ਜੇ ਸਾਡੀ ਸਰਕਾਰ ਬਣ ਗਈ ਤਾਂ ਨੀਂਹ ਪੱਥਰੂ ਪੱਟ ਦਿਆਂਗੇ ਤੇ ਉਸਾਰੀ ਸ਼ੁਰੂ ਕਰਾਵਾਂਗੇ.....ਨਾਲ਼ੇ ਦੋ ਟਰੱਕ ਸਾਡੇ ਲਈ ਖਾਸ ਤੌਰ ਤੇ ਲੈ ਕੇ ਆਏ ਸੀ”, ਅਮਲੀ ਸਾਹੋ ਸਾਹੀ ਹੋਇਆ ਦੱਸੀ ਜਾ ਰਿਹਾ ਸੀ। ਆਖ਼ਰੀ ਫਿਕਰਾ ਬੋਲਦਾ ਬੋਲਦਾ ਅਮਲੀ ਮੁਸਕੜੀਂ ਹੱਸਿਆ।
“ਨਾ ਨੀਂਹ ਪੱਥਰ ਤਾਂ ਪਹਿਲਾਂ ਈ ਬਥੇਰੇ ਆ ਪਿੰਡਾਂ, ਸ਼ਹਿਰਾਂ ‘ਚ ਲੱਗੇ ਹੋਏ” ਮੰਨਾ ਸਿਓਂ ਠੀਕ ਹੋ ਕੇ ਬਹਿੰਦਾ ਹੋਇਆ ਬੋਲਿਆ।
“ਚਾਚਾ, ਕੀ ਫਰਕ ਪੈਂਦਾ ਜੇ ਦੋ ਚਾਰ ਹੋਰ ਲੱਗ ਗਏ ਤਾਂ” ਰਾਜੀ ਕਾਫੀ ਦੇਰ ਚੁੱਪ ਰਹਿਣ ਪਿੱਛੋਂ ਹੁਣ ਮੰਨਾ ਸਿਓਂ ਨੂੰ ਸੰਬੋਧਨ ਹੁੰਦਾ ਹੋਇਆ ਬੋਲਿਆ।
“ਅਮਲੀਆ ਤੇਰਾ ਕੋਟਾ ਤਾਂ ਪੂਰਾ ਹੋ ਗਿਆ ਲੱਗਦੈ”, ਭਾਨਾ ‘ਕਿਹਰੂ’ ਕਿਆਂ ਦਾ ਅਮਲੀ ਤੇ ਟੌਣਾ ਲਾਉਂਦਾ ਹੋਇਆ ਬੋਲਿਆ।
“ਆਹੋ, ਭਾਨਿਆਂ, ਆਪਣਾ ਕੋਟਾ ਤਾਂ ਸਹੁਰੀ ਦਾ ਪੂਰਾ ਈ ਰਹਿੰਦੈ, ਚਲੋ ਹੁਣ ਲੱਗਦੇ ਹੱਥ ਦੋ ਚਾਰ ਦਿਨ ਹੋਰ ਸੌਖੇ ਲੰਘ ਜਾਣਗੇ। ਜਦ ਮਾਲ-ਮੂਲ ਮੁੱਕਿਆ ਤਾਂ ਕਿਸੇ ਹੋਰ ਪਾਰਟੀ ਨਾਲ਼ ਭਾਈਵਾਲ਼ੀ ਪਾ ਲਾਂ ਗੇ, ਸਾਡਾ ਕਿਹੜਾ ਸਾਲ਼ਾ ਜੋਰ ਲੱਗਦੈ?”........ ਅਮਲੀ ਲੋਟ ਪੋਟ ਜਿਹਾ ਹੋ ਕੇ ਹੱਸਦਾ ਹੋਇਆ ਬੋਲਿਆ।
ਅਮਲੀ ਦਾ ਗੁੱਸਾ ਸੱਥ ‘ਚ ਆ ਕੇ ਛੂ ਮੰਤਰ ਹੋ ਚੁੱਕਾ ਸੀ। ਸ਼ਿੰਦੇ ਅਮਲੀ ਦੀ ਪਾਰਟੀਆਂ ਨਾਲ਼ ਭਾਈਵਾਲ਼ੀ, ਵੀ ਪਾਰਟੀਆਂ ਦੀ ਲੋਕਾਂ ਨਾਲ਼ ਭਾਈਵਾਲ਼ੀ ਵਰਗੀ ਹੀ ਹੋ ਗਈ ਸੀ, ਅੱਜ ਏਹਦੇ ਨਾਲ਼ ਤੇ ਕੱਲ ਓਹਦੇ ਨਾਲ਼.....।
ਸੱਥ ਵਿੱਚ ਅਮਲੀ ਦੀ ਸੁਲਝੀ ਹੋਈ ਸਮਝ ਤੇ ਹਾਸਾ ਪੈ ਗਿਆ।
ਕਮਲ ਕੰਗ 13 ਅਕਤੂਬਰ 2008

1 comment:

Vinod Kumar ( Educator ) said...

ਪੰਜਾਬੀ ਦੇ ਵਿਚ ਲਿਖਣ ਵਾਲੀਆ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਤੁਹਾਡਾ ਬਲੋਗ , ਪੰਜਾਬੀ ਮੇਰੀ ਆਵਾਜ ਨਾਲ ਜੋੜ ਦਿਤਾ ਗਿਆ ਹੈ ਉਮੀਦ ਹੈ ਕੀ ਤੁਸੀ ਵੀ ਇਸ ਬਲਾਗ ਦਾ ਲਿੰਕ http://punjabirajpura.blogspot.com/ ਨੂੰ ਆਪਣੇ ਬਲਾਗ ਨਾਲ ਜੋੜੋਗੇ ਤੇ ਸਾਡੇ ਬਲਾਗ ਤੇ ਵੀ ਦਰਸ਼ਨ ਦੇਵੋਗੇ
ਧੰਨਵਾਦ

ਤੁਹਾਡੇ ਬਲਾਗ ਨੂੰ ਪੜਨ ਵਾਲਾ ਤੇ ਤੁਹਾਡਾ ਦੋਸਤ

ਵਿਨੋਦ ਕੁਮਾਰ