Pages

Friday, December 14, 2007

ਓਇ ਹਰਿ ਕੇ ਸੰਤ ਨ....

“ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ”(20 ਮਈ 2005)
ਪੰਜਾਬ ਹੋਵੇ ਜਾਂ ਵਿਦੇਸ਼, ਅਖੌਤੀ ਸਾਧ, ਸੰਤ ਹਰ ਜਗ੍ਹਾ ਤੁਹਾਨੂੰ ਵੇਖਣ ਸੁਣਨ ਲਈ ਮਿਲਣਗੇ। ਸਿੱਖ ਧਰਮ ਦੀ ਇਹ ਤਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਇਸ ਦੇ ਅਨੁਯਾਈ, ਇਸ ਦੇ ਪੈਰੋਕਾਰ ਸਤਿਗੁਰੂ ਸੱਚੇ ਪਾਤਸ਼ਾਹ, ਬਾਣੀ ਦੇ ਖ਼ਜ਼ਾਨੇ, ਅੰਮ੍ਰਿਤ ਦੇ ਮਾਲਕ, ਅਕਾਲ ਪੁਰਖ, ਯੁੱਗੋ ਯੁੱਗ ਅਟੱਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਦੂਰ ਹੀ ਦੂਰ ਹੋ ਰਹੇ ਹਨ। ਵਹਿਮਾਂ ਭਰਮਾਂ ਦੇ ਸ਼ਿਕਾਰ ਲੋਕ, ਛੇਤੀ ਹੱਥ ਤੇ ਸਰ੍ਹੋਂ ਜਮਾਉਣ ਦੇ ਚਾਹਵਾਨ ਲੋਕ ਇਹਨਾਂ ਦੇਹ ਧਾਰੀ, ਮਸੰਦ ਰੂਪੀ ਜਰਵਾਣਿਆਂ ਦੇ ਵਿਛਾਏ ਹੋਏ ਮੱਕੜੀ ਜਾਲ ਵਿੱਚ ਅਚੇਤ ਜਾਂ ਸੁਚੇਤ ਆਪਣੀ ਜ਼ਿੰਦਗੀ ਦੀਆਂ ਕਮਾਈਆਂ, ਕਰਮਾਂ ਦੀਆਂ ਕਮਾਈਆਂ ਢਹਿ ਢੇਰੀ ਕਰੀ ਜਾ ਰਹੇ ਹਨ। ਪਰ ਲੋਕ ਇਹ ਸਭ ਸਾਲਾਂ ਤੋਂ ਕਰ ਰਹੇ ਹਨ ਤੇ ਰੱਬ ਨਾ ਕਰੇ ਸ਼ਾਇਦ ਕਰਦੇ ਵੀ ਰਹਿਣਗੇ, ਪਿੱਛੋਂ ਪਛਤਾਉਂਦੇ ਵੀ ਰਹਿਣਗੇ।
ਅਖੌਤੀ ਸਾਧਾਂ ਦੇ ਸਦਕੇ ਪੰਜਾਬ ‘ਚੋਂ ਬੌਧਿਕ ਪੱਖ ਖਤਮ ਹੋ ਰਿਹਾ ਹੈ ਅਤੇ ਵਿਦੇਸ਼ਾਂ ‘ਚ ਵੀ ਇਹ ਸਿੱਧੇ ਜਾਂ ਅਸਿੱਧੇ ਢੰਗ ਨਾਲ ਲੋਕਾਂ ਦੀ ਜਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਹਨ। ਜ਼ਿੰਦਗੀ ਨੂੰ ਜਿਉਣ ਲਈ ਜੋ ਉਤਸ਼ਾਹ ਕੌਮ ਨੇ ਆਪਣੇ ਵੱਡਿਆਂ ਤੋਂ ਪ੍ਰਾਪਤ ਕੀਤਾ ਸੀ ਇਹਨਾਂ ਦੇ ਪ੍ਰਤਾਪ ਸਦਕਾ ਅੱਜ ਮਿੱਟੀ ਵਿੱਚ ਮਿਲ ਗਿਆ ਹੈ। ਗੁਰੂ ਸਾਹਿਬਾਨਾਂ ਨੇ ਵੀ ਕਦੀ ਕਿਸੇ ਨੂੰ ਸੰਤ, ਬ੍ਰਹਮ ਗਿਆਨੀ ਨਹੀਂ ਸੀ ਆਖਿਆ। ਭਾਈ ਗੁਰਦਾਸ, ਬਾਬਾ ਬੁੱਢਾ ਜੀ, ਬਾਬਾ ਗੁਰਦਿੱਤਾ ਜੀ ਆਦਿ ਪੂਰਨ ਗੁਰਸਿੱਖਾਂ ਨੇ ਵੀ ਆਪਣੇ ਆਪ ਨੂੰ ਬ੍ਰਹਮ ਗਿਆਨੀ, ਸੰਤ ਨਹੀਂ ਅਖਵਾਇਆ। ਪਰ ਅੱਜ ਜਣਾ ਖਣਾ ਸੰਤ ਸ਼ਬਦ ਨਾਂ ਨਾਲ ਲਾਈ ਫਿਰਦਾ ਹੈ। ਗੁਰਬਾਣੀ ਅਕਾਲ ਪੁਰਖ ਦਾ ਭੇਜਿਆ ਹੋਇਆ ਸੰਦੇਸ਼ ਹੈ। ਗੁਰਬਾਣੀ ਸੇਧ ਬਖ਼ਸ਼ਦੀ ਹੈ, ਜਿੰਦਗੀ ਜਿਊਣ ਦੀ ਪ੍ਰੇਰਨਾ ਦਿੰਦੀ ਹੈ। ਅੱਜ ਦੇ ਹਾਲਾਤਾਂ ਨਾਲ ਭਾਵੇਂ ਜਦੋਂ ਵੀ ਗੁਰਬਾਣੀ ਤੋਂ ਸੇਧ ਲੈ ਲਓ, ਗੁਰਬਾਣੀ ਜਿੰਦਗੀ ਦਾ ਰਾਹ ਰੌਸ਼ਨ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ। ਪੰਜਾਬ ਵਿੱਚ ਸਿੱਖਿਆ ਸੰਸਥਾਵਾਂ ਦਾ ਜੋ ਹਾਲ ਅੱਜ ਹੈ ਉਸ ਵਾਰੇ ਵਿੱਚ ਚਿੰਤਾ ਕਰਨੀ ਬਣਦੀ ਹੈ। ਪਰ ਇਹ ਅਖੌਤੀ ਸਾਧ ਸੰਤ ਲੋਕਾਂ ਨੂੰ ਹੋਰ ਹਨੇਰ-ਗਰਦੀ ਦੇ ਰਾਹ ਪਾਉਣ ਦਾ ਕੋਝਾ ਜਤਨ ਕਰੀ ਜਾ ਰਹੇ ਹਨ। ਜੇ ਕੌਮ ਨਾ ਸੁਚੇਤ ਹੋਈ ਇਸ ਦੇ ਅੱਜ ਨਾਲੋਂ ਵੀ ਗੰਭੀਰ ਨਤੀਜੇ ਅਗਾਂਹ ਜਾ ਕੇ ਨਿਕਲ਼ਣਗੇ। ਹੋਰ ਵੀ ਦੁੱਖ ਉਦੋਂ ਹੁੰਦਾ ਹੈ ਜਦੋਂ ਵੇਖੀਦਾ ਹੈ ਕਿ ਪੂਰਨ ਰੂਪ ‘ਚ ਸਜੇ ਗੁਰਸਿੱਖ ਸਿੰਘ ਵੀ ਇਹਨਾਂ ਦੇ ਚਿਮਟਿਆਂ ਦੀਆਂ ਤਾਲਾਂ ਤੇ ਸਿਰ ਮਾਰ ਮਾਰ ਆਪਣੇ ਅਗਿਆਨੀ ਹੋਣ ਦਾ ਸਬੂਤ ਦੇ ਰਹੇ ਹੁੰਦੇ ਹਨ। ਇੱਕ ਸਾਧ ਇਹ ਲਾਈਨਾਂ ਬੜੀ ਰੀਝ ਨਾਲ ਇੱਕ ਗੁਰਦੁਆਰੇ ਵਿੱਚ ਲੋਕਾਂ ਨੂੰ ਸੁਣਾ ਰਿਹਾ ਸੀ ਕਿ “ਲਾਈਆਂ ਮੁੱਖ ਨੂੰ ਬੀੜੀਆਂ ਜੀ, ਬੁੱਲ੍ਹਾਂ ਵਿੱਚ ਜਰਦੇ, ਬੁੱਲ੍ਹਾਂ ਵਿੱਚ ਜਰਦੇ” ਇਹ ਮਨਘੜਤ ਲਾਈਨ (ਇਸ ਨੂੰ ‘ਤੁਕ’ ਕਹਿਣਾ ਜਾਇਜ਼ ਨਹੀਂ ਹੈ) ਗੁਰੂ ਘਰਾਂ ਵਿੱਚ ਬੜੇ ਚਾਅ ਨਾਲ ਬੋਲਦੇ ਲੋਕਾਂ ਦੀ ਸੁਰਤ ਪਤਾ ਨਹੀਂ ਕਿੱਥੇ ਘਾਹ ਚਰਨ ਗਈ ਹੋਈ ਹੁੰਦੀ ਹੈ। ਗੱਲ ਬੜੇ ਬੌਧਿਕ ਤਰੀਕੇ ਨਾਲ ਹੋ ਸਕਦੀ ਹੈ, ਤਸ਼ਬੀਹਾਂ ਸੁੰਦਰ ਹੋ ਸਕਦੀਆਂ ਨੇ, ਜਿਹੜੀਆਂ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ‘ਚ ਪੜ੍ਹੀਆਂ ਜਾਣ/ਕਹੀਆਂ ਜਾਣ। ਸਮਝਾਉਣ ਦਾ ਤਰੀਕਾ ਕਾਬਿਲ-ਏ-ਤਾਰੀਫ਼ ਹੋ ਸਕਦਾ ਹੈ ਜਿਵੇਂ ਮਸਕੀਨ ਜੀ, ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ਅਤੇ ਹੋਰ ਕੀਰਤਨੀਏ ਭਾਈ ਸਾਹਿਬ ਵਰਤਿਆ ਕਰਦੇ ਸਨ/ਹਨ। ਪੱਚੀ ਤੋਂ ਤੀਹ ਕੁ ਸਾਲ ਦੇ ਚੋਬਰ ਨਾਲ ਰੱਖ ਕੇ ਢੱਡ, ਚਿਮਟੇ, ਢੋਲਕੀਆਂ ਵਜਾ ਵਜਾ ਕੇ ਸਿਰ ਹਿਲਾ ਹਿਲਾ ਕੇ ਜਦ ਇਹਨਾਂ ਨੂੰ ਪੌਣ ਆਉਂਦੀ ਏ ਤਾਂ ਸੰਗਤਾਂ ਦਾ ਤਾਂ ਭਾਈ ਰੱਬ ਹੀ ਰਾਖਾ। ਕਿਉਂਕਿ ਉਦੋਂ ਤਾਂ ਰੱਬ ਵੀ ਇਹਨਾਂ ਤੋਂ ਡਰਦਾ ਗੁਰੂ ਘਰ ਦੇ ਤਹਿਖ਼ਾਨੇ ਵਿੱਚ ਜਾ ਵੜਦਾ ਹੈ ਕਿ ਪਤਾ ਨਹੀਂ ਕਦੋਂ ਇਹ ਮੈਨੂੰ ਹੀ ਲੰਮਾ ਪਾ ਲੈਣ? ਚਿਮਟੇ ਹਵਾ ‘ਚ ਉੱਲਰਦੇ ਦੇਖ ਦੇਖ ਕੇ ਧਰਮਰਾਜ ਵੀ ਮੂੰਹ ‘ਚ ਉਂਗਲਾਂ ਪਾ ਲੈਂਦਾ ਹੋਣਾ ਏ ਇੱਕ ਵਾਰੀ ਤਾਂ! ਪਰ ਦੇਹ ਧਾਰੀਆਂ ਦੀ ਸੇਵਾ ਦੇ ਭੁੱਖੇ ਲੋਕ ਏਸ ਮਾਰ ਤੇ ਬੈਠੇ ਹੁੰਦੇ ਹਨ ਕਿ ਕਦੋਂ ਬਾਬਾ ਗਾਉਣੋਂ ਹਟੇ ਤੇ ਅਸੀਂ ਬਾਬੇ ਦੀਆਂ ਪਿੰਨੀਆਂ ਦੀ ਮਾਲਿਸ਼ ਕਰੀਏ। ਬਾਬੇ ਨੂੰ ਲੌਂਗਾਂ ਵਾਲੀ ਚਾਅ ‘ਚ ਗਾਂ ਦਾ ਦੁੱਧ ਪਾ ਕੇ ਬਦਾਮਾਂ ਨਾਲ ਖੁਆਈਏ, ਕਦੋਂ ਬਾਬਾ ਸਾਡੇ ਨਾਲ ਸਾਡੇ ਘਰ ਚੱਲੇ ਤੇ ਸਾਨੂੰ ਤਨ, ਮਨ ਤੇ ਧਨ ਦੀ ਸੇਵਾ ਕਰਨ ਦਾ ਮੌਕਾ ਬਖ਼ਸ਼ੇ। ਕਦੋਂ ਬਾਬੇ ਦੀ ਡਿਜਟਿਲ ਕੈਮਰੇ ਨਾਲ ਸਾਡੇ ਲਿਵਿੰਗ ਰੂਮ ‘ਚ ਬੈਠੇ ਦੀ ਫੋਟੋ ਖਿੱਚੀਏ। ਓਹ ਬਖ਼ਸ਼ੀਂ ਮਾਲਕਾ।
ਸਾਹਿਬੇ ਕਮਾਲ ਸਰਬੰਸ-ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਮਸੰਦ ਰੂਪੀ ਠੱਗਾਂ ਨੂੰ ਜਿਉਂਦਿਆਂ ਸਾੜਿਆ ਸੀ ਇਸ ਕਰਕੇ ਕਿ ਇਹ ਮਾਇਆ ਨੂੰ ਨਾਗਣ ਦੱਸਦੇ ਲੁਟੇਰੇ ਲੋਕ ਆਪ ਮਾਇਆ ਵੱਸ ਹੋ ਕੇ ਕੁਕਰਮ ਕਰਦੇ ਸਨ ਤੇ ਗਰੀਬ ਗੁਰਬੇ ਲੋਕਾਂ ਦੀ ਲੁੱਟ ਕਰਦੇ ਸਨ। ਧਰਮ ਦੇ ਕਾਰਜ ਲਈ ਵਰਤਿਆ ਜਾਣ ਵਾਲਾ ਪੈਸਾ ਆਪਣੀਆਂ ਗੋਗੜਾਂ ‘ਚ ਪਾਈ ਜਾਂਦੇ ਸੀ। ਸੋਚੀਏ, ਵੇਖੀਏ, ਪਰਖੀਏ ਕੀ ਅੱਜ ਦਾ ਸਮਾਂ ਉਸ ਸਮੇਂ ਨਾਲ ਮੇਲ਼ ਖਾਂਦਾ ਨਹੀਂ ਜਾਪਦਾ? ਪੈਰ ਪੈਰ ਤੇ ਡੇਰੇ ਰੂਪੀ ਲੁੱਟਣ ਦੀਆਂ ਥਾਂਵਾਂ ਉਸਾਰ ਕੇ ਬੈਠੇ ਇਹ ਲੋਕ ਅੱਜ ਵੀ ਭੋਲੇ਼ ਭਾਲ਼ੇ ਲੋਕਾਂ ਨੂੰ ਸ੍ਵਰਗਾਂ ਦੇ ਸੁਪਨ ਮਹਿਲ ਦਿਖਾ ਦਿਖਾ ਕੇ, ਨਰਕਾਂ ਦੀ ਅੱਗ ਤੋਂ ਡਰਾ ਡਰਾ ਕੇ ਲੁੱਟ ਰਹੇ ਨੇ। ਹਰ ਰੋਜ਼ ਹੀ ਜਬਰ ਜ਼ਿਨਾਹ, ਝੂਠ ਪਖੰਡ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਗੁਰਦੁਆਰਿਆਂ ‘ਚ ਮੱਥੇ ਹੋਏ ਸੰਗਮਰਮਰ ਹੇਠਾਂ ਲੋਕਾਂ ਦੀ ਖੁਸ਼ਹਾਲੀ ਅਖੌਤੀ ਪੰਥ ਦਰਦੀਆਂ ਨੇ ਪਹਿਲਾਂ ਹੀ ਦਫ਼ਨ ਕਰ ਦਿੱਤੀ ਹੈ। ਉੱਤੋਂ ਇਹ ਸਾਧ ਬੌਧਿਕ ਕੰਗਾਲੀ ਪੈਦਾ ਕਰਨ ਦੇ ਜ਼ਿੰਮੇਵਾਰ ਹਨ। ਇਸ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ? ਉਹ ਤਾਂ ਜੱਗ ਜ਼ਾਹਰ ਹੋ ਚੁੱਕੀਆਂ ਹਨ। ਲਾਲ ਸਿੰਘ, ਪਹਾੜਾ ਸਿੰਘ ਵਰਗੇ ਵੀ ਕੌਮ ਲਈ ਧਤੂਰਾ ਸਿੱਧ ਹੋ ਰਹੇ ਹਨ। ਸਾਡੀ ਸਰਬ ਉੱਚ ਸੰਸਥਾ ਵੀ ਚੌਧਰ ਖ਼ਾਤਰ ਇਹਨਾਂ ਦੀ ਦਿੱਤੀ ਹੋਈ ਵੋਟ ਬੈਂਕ ਰੂਪੀ ਰਜਾਈ ਓੜ ਕੇ ਘੂਕ ਸੌਂ ਰਹੀ ਹੈ। ਕੱਚੀ ਬਾਣੀ ਪੜ੍ਹਨ ਵਾਲੇ ਇਹਨਾਂ ਮਸੰਦਾਂ ਜਿਹੀ ਸੋਚ ਦੇ ਮਾਲਿਕ ਸਾਧਾਂ ਦੇ ਸਿਰ ਤੇ ਕੋਈ ਵੀ ਕੁੰਡਾ ਨਹੀਂ ਪਾ ਰਿਹਾ।
ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਦੇ ਉਲਟ ਵਗ ਰਹੀਆਂ ਰਹੁਰੀਤਾਂ ਨੂੰ ਇਹਨਾਂ ਡੇਰੇ ਰੂਪੀ ਸਮਾਜ ਨੂੰ ਲੱਗੇ ਕੋਹੜੀ ਨੁਮਾ ਕਰਿੰਦੇ ਬੜਾਵਾ ਦੇ ਰਹੇ ਹਨ। ਉਹੀ ਕੁਝ ਹੋ ਰਿਹਾ ਹੈ ਜਿਸ ਨੂੰ ਗੁਰੂ ਬਾਬੇ ਨਾਨਕ ਦੇਵ ਜੀ ਨੇ ਵਰਜਿਆ ਸੀ। ਉਹਨਾਂ ਦੀ ਬਾਣੀ ਇਸ ਗੱਲ ਦੀ ਗਵਾਹ ਹੈ। ਬਾਬੇ ਤਾਂ ਆਖਿਆ ਸੀ “ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ”। ਪਾਠਕ ਗੁਰੂ ਬਾਬੇ ਨਾਨਕ ਦੇਵ ਜੀ ਦੇ ਜੀਵਨ ਤੋਂ ਤਾਂ ਭਲੀ ਭਾਂਤ ਜਾਣੂੰ ਹੋਣਗੇ ਕਿ ਕਿਵੇਂ ਉਹਨਾਂ ਮੋਦੀਖ਼ਾਨੇ ਵਿੱਚ ਨੌਕਰੀ ਕੀਤੀ, ਕਰਤਾਰਪੁਰ ਖੇਤੀ ਕੀਤੀ, ਲੋਕਾਂ ਦੀ ਭਲਾਈ ਲਈ ਜਗਤ ਵਿੱਚ ਘੁੰਮ ਘੁੰਮ ਸਿੱਖਿਆ ਦਿੱਤੀ। ਉਹਨਾਂ ਨਾਮ ਜਪਣ ਤੋਂ ਵੀ ਪਹਿਲਾਂ ਕਿਰਤ ਕਰਨ ਨੂੰ ਮਹੱਤਾ ਦਿੱਤੀ ਹੈ। ਪਰ ਇਹ ਲੋਕਾਂ ਦੇ ਕੰਮ ਛਡਾਉਂਦੇ ਹਨ, ਆਖਦੇ ਨੇ ਘਰ ਦੇ ਕੰਮ ਤੁਹਾਡੇ ਲਈ ਕੋਈ ਜਰੂਰੀ ਨਹੀਂ, ਸਤਸੰਗ ਵਿੱਚ ਆਓ ਤੇ ਸਾਡੀਆਂ ਧਾਰਨਾਵਾਂ ਨੂੰ, ਗੀਤਾਂ ਦਿਆਂ ਟੋਟਕਿਆਂ ਨੂੰ ਸੰਘ ਪਾੜ ਪਾੜ ਗਾਓ ਨਾਮ ਪ੍ਰਾਪਤ ਕਰੋ ਗੇ, ਆਪ ਤਾਂ ਨਿਹਾਲ ਹੋਵੋਗੇ ਹੀ ਸਾਡੀ ਗੋਲਕ ਵੀ ਨਿਹਾਲ ਕਰੋਗੇ। ਸਾਡੇ ਵੀਜ਼ੇ ਤਾਂ ਤੁਸੀਂ ਹੀ ਲਵਾਉਣੇ ਨੇ। ਅਵਤਾਰੀ ਪੁਰਸ਼, ਯੁੱਗ ਪੁਰਸ਼, ਮਹਾਨ ਦਾਰਸ਼ਨਿਕ, ਸਿਆਣੇ ਸੂਝਵਾਨ, ਬੁੱਧੀਮਾਨ ਲੋਕ ਸੰਸਾਰ ਤੇ ਆਉਂਦੇ ਹਨ ਸਮਾਜ ਨੂੰ ਸੇਧ ਦੇਣ ਲਈ, ਸਮਾਜ ਨੂੰ ਧਰਤੀ ਤੇ ਭੁਗਤ ਰਹੇ ਨਰਕੀ ਜੀਵਨ ‘ਚੋਂ ਬਾਹਰ ਕੱਢਣ ਲਈ। ਤੇ ਇਸ ਤਰਾਂ ਦੇ ਲੋਕ (ਅਖੌਤੀ ਸਾਧ) ਜੋ ਆਮ ਲੋਕਾਂ ਨੂੰ ਭੇਡਾਂ ਬੱਕਰੀਆਂ ਦੱਸਦੇ ਹਨ, ਸਮਾਜ ਦੀ ਮਾਨਸਿਕਤਾ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਦੂਰ ਲਿਜਾਣ ਦੀ ਘਿਨਾਉਣੀ ਕੋਸਿ਼ਸ਼ ਕਰਦੇ ਹਨ। ਸਮਾਜ ਨੂੰ ਕੰਮ ਚੋਰ ਬਣਾਉਣ ਦੇ ਚਾਹਵਾਨ ਇਹ ਲੋਕ ਆਪ ਤਾਂ ਲੋਕਾਂ ਦੀ ਕਮਾਈ ਤੇ ਵਿਹਲੇ ਸਾਨ ਵਾਂਗ ਪਲ਼ਦੇ ਹੀ ਹਨ ਲੋਕਾਂ ਨੂੰ ਵੀ ਆਖਦੇ ਹਨ ਕਿ “ਭਾਵੇਂ ਤੁਹਾਡੇ ਪਸ਼ੂਆਂ ਨੂੰ ਪੱਠੇ ਪਾਉਣ ਲਈ ਟਾਈਮ ਨਾ ਮਿਲੇ ਪਰ ਸਾਡੀ ਸੰਗਤ ਕਰਨ ਜਰੂਰ ਆਇਆ ਕਰੋ। ਬੱਸ ਤੁਹਾਡੇ ਲਈ ਨਾਮ ਹੀ ਕਾਫੀ ਹੈ। ਸਾਡੀ ਟੁੱਟੀ ਫੁੱਟੀ ਗੀਤ ਦੀ ਲਾਈਨ ਨੂੰ ਸਾਡੇ ਮਗਰ ਮਗਰ ਹੇਕਾਂ ਲਾ ਲਾ ਗਾਈ ਜਾਓ, ਤੁਹਾਡੇ ਬੇੜੇ ਨੂੰ ਭਵ ਸਾਗਰ ਤੋਂ ਪਾਰ ਲੈ ਕੇ ਜਾਣਾ ਸਾਡਾ ਕੰਮ ਹੈ, ਤੇ ਤੁਹਾਨੂੰ ਪਾਰ ਲਾ ਕੇ ਫਿਰ ਤੁਹਾਡਾ ਮਾਲ ਪੱਤਾ ਸਾਂਭਣਾ ਸਾਡਾ ਉਸ ਤੋਂ ਵੀ ਵੱਡਾ ਪੁੰਨ ਦਾਨ ਦਾ, ਸੇਵਾ ਭਾਵ ਦਾ ਕੰਮ ਹੈ।” ਇੱਥੇ ਹੀ ਬੱਸ ਨਹੀਂ ਅਗਾਂਹ ਵਿਖਿਆਨ ਕਰਦੇ ਨੇ ਕਿ “ਇੱਥੇ ਕੋਈ ਨਾ ਕਿਸੇ ਦਾ ਬੇਲੀ, ਦੁਨੀਆ ਮਤਲਬ ਦੀ”, “ਭਾਈ ਇਹ ਮਾਇਆ ਜਿਸ ਤੇ ਆਪਣਾ ਜਾਲ਼ ਪਾ ਲਵੇ ਉਹ ਨਹੀਂ ਫਿਰ ਬਚਦਾ, ਇਸ ਤੋਂ ਤਾਂ ਦੂਰ ਹੀ ਰਹੋ, ਜੋ ਕੁਝ ਸਤ ਸੰਗ ਸੁਣਨ ਆਏ ਨਾਲ ਲੈ ਕੇ ਆਏ ਹੋ ਇੱਥੇ ਹੀ ਦੇ ਜਾਓ, ਇਹ ਤੁਹਾਡੇ ਨਾਲ ਨਹੀਂ ਜਾਣਾ। ਜਦੋਂ ਤੁਸੀ ਮਰ ਜਾਣਾ ਹੈ, ਮਰੇ ਹੋਏ ਨੂੰ ਤਾਂ ਉਸ ਦੀ ਘਰਵਾਲੀ, ਉਸ ਦਾ ਕੋਈ ਪਿਆਰਾ ਵੀ ਛੇਤੀ ਛੇਤੀ ਸਿਵਿਆਂ ਵਿੱਚ ਪਹੁੰਚਾਉਣ ਦੀ ਕਰਦਾ ਹੈ, ਭਾਵ ਉਸ ਦੇ ਨਾਲ ਨਹੀਂ ਜਾਂਦਾ, ਸਭ ਸਾਥ ਛੱਡ ਜਾਂਦੇ ਨੇ। ਫਿਰ ਮਾਇਆ ਦੀ ਤੁਹਾਨੂੰ ਕੀ ਲੋੜ ਹੈ ਜੀ?”
ਇਕ ਨਵਾਂ ਨਵਾਂ ਬਣਿਆ ਅਖੌਤੀ ਸੰਤ ਇੱਕ ਕੈਸਿਟ ਵਿੱਚ ਆਖਦਾ ਹੈ ਕਿ “ਮੈਨੂੰ ਮੇਰੇ ਘਰ ਦੇ ਬੜਾ ਤੰਗ ਕਰਦੇ ਸੀ ਕਿ ਕੋਈ ਕੰਮ ਧੰਦਾ ਕਰ, ਪਰ ਮੈਨੂੰ ਉਹਨਾਂ ਦੀਆਂ ਗੱਲਾਂ ਭੋਰਾ ਭਰ ਵੀ ਸੁਖਾਦੀਂਆਂ ਨਹੀਂ ਸਨ ਇਸ ਲਈ ਮੈਂ ਘਰ ਦਿਆਂ ਨੂੰ ਕਿਹਾ ਕਿ ਮੈਨੂੰ ਇੱਕ ਢੋਲਕੀ ਲੈ ਦਿਓ। ਬਾਕੀ ਕੰਮ ਬੱਸ ਮੇਰਾ ਹੈ। ਪਰ ਘਰ ਦੇ ਕਹਿਣ ਕਿ ‘ਢੋਲਕੀ-ਢਾਲਕੀ’ ਅਸੀਂ ਨਹੀਂ ਲੈ ਕੇ ਦੇ ਸਕਦੇ ਕਿਉਂਕਿ ਸਾਡਾ ਤਾਂ ਪਹਿਲਾਂ ਹੀ ਤੋਰੀ ਫੁਲਕਾ ਮਸਾਂ ਮਸਾਂ ਚੱਲਦਾ ਹੈ। ਪਰ ਮੇਰੇ ਕੋਲ ‘ਬਾਜਾ’ ਪਹਿਲੋਂ ਹੀ ਸੁੱਖ ਨਾਲ ਸਿਗਾ ਤੇ ਮੈਂ ਆਪਣਾ ਪੁਰਾਣਾ ਜਿਹਾ ਸਾਈਕਲ ਵੇਚ ਕੇ ਢੋਲਕੀ ਲੈ ਹੀ ਆਂਦੀ ਤੇ ਨਾਲ ਲਏ ਕੁਝ ਸਾਥੀ (ਲਫੰਗੇ ਜਿਹੇ), ਜਿਹੜੇ ਮੇਰੇ ਵਰਗੇ ਵਿਹਲੜ ਸੀ ਤੇ ਅਸੀਂ ਓਸ ਦਿਨ ਤੋਂ ਹੀ ਢੋਲਕੀ ਕੁੱਟਣੀ ਸ਼ੁਰੂ ਕਰ ਦਿੱਤੀ ਜਿਹੜੀ ਉਦੋਂ ਦੀ ਵੱਜਦੀ ਅੱਜ ਵੀ ਆ ਦੇਖ ਲੋ ਵੱਜੀ ਹੀ ਜਾਂਦੀ ਹੈ। ਇਹ ਨਾਮ ਦੀ ਹੀ ਕਿਰਪਾ ਹੈ ਪਿਆਰਿਓ!” ਉਹ ਅਗਾਂਹ ਕਹਿੰਦਾ ਕਿ “ਹੁਣ ਤਾਂ ਹੋਰ ਵੀ ਬਹੁਤ ਢੋਲਕੀਆਂ ਵਾਲੇ ਜਥੇ ਬਣੀ ਜਾਂਦੇ ਆ, ਬੱਸ ਇਹ ਨਾਮ ਦਾ ਹੀ ਪ੍ਰਤਾਪ ਹੈ, ਹੈ ਕਿ ਨਹੀਂ?” ਤੇ ਪਿੱਛੋਂ ਉਹਦੀ ਜੁੰਡਲੀ ਦੇ ਸਾਥੀ ਜੈਕਾਰਾ ਛੱਡ ਦਿੰਦੇ ਹਨ। ਖੈਰ, ਉਹ ‘ਨਾਮ’ ਦਾ ਪ੍ਰਤਾਪ ਲੋਕਾਂ ਨੂੰ ਦੱਸਦਾ ਹੈ ਅਸਲ ‘ਚ ਮੈਨੂੰ ਤਾਂ ਇਹ ਸਭ ਮਾਇਆ ਦਾ ਪ੍ਰਤਾਪ ਹੀ ਲੱਗਦਾ ਹੈ। ਬਾਕੀ ਹੋਰ ਜਥੇ ਵੀ ਇਹਦੇ ਵਰਗੇ ਭੁੱਖ ਨਾਲ ਘੁਲ਼ਦੇ ਕੰਮਚੋਰ ਹੋਣੇ ਆ, ਬੇਗਾਨੀ ਚੀਜ਼ ਤੇ ਕਿਹੜਾ ਨਹੀਂ ਨਿਗ੍ਹਾ ਰੱਖਦਾ? (ਇਹਨਾਂ ਵਰਗਾ) ਨਾਲੇ ਜਿਸ ਦੇਸ਼ ‘ਚ ਬਿਨਾਂ ਕੰਮ ਕੀਤੇ ਸਰਦਾ ਹੋਵੇ, ਉੱਥੇ ਐਂਵੇ ਮਿੱਟੀ ਨਾਲ ਘੁਲ਼ੀ ਜਾਓ ਇਹਨੂੰ ਕਿਹੜਾ ਅਕਲਮੰਦੀ ਕਹੂ ਗਾ? ਖੈਰ ਬੇਤੁਕੀਆਂ, ਬੇ ਸਿਰ ਪੈਰ ਤੋਂ ਇਹਨਾਂ ਪਖੰਡੀਆਂ ਦੀ ਗੱਲਾਂ ਤਾਂ ਟੇਪਾਂ ਦੀਆਂ ਟੇਪਾਂ ਜਾਂ ਸੀਡੀਆਂ ਦੀਆਂ ਸੀਡੀਆਂ ਭਰ ਭਰ ਕੇ ਕੁਝ ਨਾਮੀ ਕੰਪਨੀਆਂ ਆਪਣੀ ਕਮਾਈ ਵਿੱਚ ਵਾਧਾ ਕਰ ਹੀ ਰਹੀਆਂ ਹਨ। ਪੰਜਾਬ ਦੇ ਸਭ ਤੋਂ ਵਧੀਆ ਕਿਸੇ ਵੀ ਗਾਇਕ ਦੀ ਕੈਸਿਟ ਇੰਨੀ ਨਹੀਂ ਵਿਕਦੀ ਹੋਣੀ ਜਿੰਨੀ ਇਹਨਾਂ ਦੀਆਂ ਕੈਸਿਟਾਂ ਦੀ ਵਿੱਕਰੀ ਹੋ ਰਹੀ ਹੈ। ਸਜਣੋਂ ਇਸ ਚਲਦੀ ਗੰਗਾ ‘ਚ ਸਭ ਨੂੰ ਮੌਕਾ ਮਿਲਦਾ ਹੈ ਹੱਥ ਧੋਣ ਦਾ ਹੀ ਨਹੀਂ ਸਗੋਂ ਨਹਾਉਣ ਦਾ ਵੀ। ਹਾਂ ਇਹ ਗੱਲ ਜਰੂਰ ਹੈ ਕਿ ਝੂਠ ਦੀ ਕਮਾਈ ਜ਼ਮੀਰ ਨੂੰ ਮਾਰ ਕੇ ਹੀ ਹੋ ਸਕਦੀ ਹੈ। ਮਿਹਨਤ ਦੀ ਕਮਾਈ ਨਾਲ ਜੋ ਸੁੱਖ ਭਾਈ ਲਾਲੋ ਨੂੰ ਮਿਲਦਾ ਸੀ ਉਹ ਕਿਸੇ ਮਲਿਕ ਭਾਗੋ ਨੂੰ ਨਹੀਂ ਮਿਲ ਸਕਦਾ ਤੇ ਰੱਬ ਵੀ ਉਹਨਾਂ ਤੇ ਹੀ ਬਖ਼ਸ਼ਸ਼ ਦੀ ਨਿਗ੍ਹਾ ਮਾਰਦਾ ਹੈ ਜਿਹੜੇ ਕਿਰਤ ਕਰਦੇ ਕਰਦੇ ਦੁਨੀਆਂ ਨੂੰ ਅਲਵਿਦਾ ਆਖ ਜਾਂਦੇ ਹਨ। ਸਚਾਈ ਕਹਿੰਦੇ ਹੁੰਦੇ ਨੇ ਕਿ ਸੱਤ ਪਰਦੇ ਪਾੜ ਕੇ ਵੀ ਬਾਹਰ ਆ ਜਾਂਦੀ ਹੈ। ਇਸ ਲਈ ਇਹਨਾਂ ਝੂਠੇ ਸੰਤਾਂ ਤੋਂ ਬਚਣ ਲਈ ਮੈਂ ਲੋਕਾਂ ਨੂੰ ਅਪੀਲ ਕਰਦਾਂ ਹਾਂ, ਕਿ ਜਿਹੜਾ ਇਹਨਾਂ ਦੀ ਮਾਰ ਹੇਠ ਆ ਗਿਆ ਹੈ ਜਾਂ ਆਉਣ ਨੂੰ ਫਿਰਦਾ ਹੈ। ਉਸ ਦੀ ਅਕਾਲ ਪੁਰਖ ਦੀ ਕਚਹਿਰੀ ਤੋਂ ਸਿਵਾਏ ਹੋਰ ਕਿਤੇ ਵੀ ਕਿਸੇ ਨੇ ਅਪੀਲ ਦਲੀਲ ਨਹੀਂ ਸੁਣਨੀ। (ਮਾੜੇ ਦਿਨ ਜਦੋਂ ਆਉਂਦੇ ਹਨ ਪਤਾ ਨਹੀਂ ਲੱਗਦਾ, ਪਰ ਰੱਬ ਜਰੂਰ ਅਗਾਂਹੋਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ, ਕੋਈ ਵਸੀਲੇ ਨਾਲ ਖ਼ਬਰਦਾਰ ਕਰਨ ਦੀ ਕੋਸਿ਼ਸ਼ ਕਰਦਾ ਜਰੂਰ ਹੈ)। ਸਿਹਤਮੰਦ ਸਮਾਜ ਸਿਰਜਣ ਲਈ ਇਹਨਾਂ ਬਿਮਾਰਾਂ ਦੀ ਸੰਗਤ ਕਰਨ ਤੋਂ ਪਰਹੇਜ਼ ਕਰਨਾ ਜਰੂਰੀ ਹੋ ਜਾਂਦਾ ਹੈ। ਇਹਨਾਂ ਦੀ ਮਾਨਸਿਕਤਾ ਦਾ ਜਨਾਜ਼ਾ ਤਾਂ ਇਹ ਖੁਦ ਹੀ ਆਪਣੀਆਂ ਧਾਰਨਾਵਾਂ, ਝੂਠੀਆਂ ਸਾਖੀਆਂ, ਹੰਕਾਰ ਭਰੀਆਂ ਤਕਰੀਰਾਂ ‘ਚ ਕਰ ਹੀ ਦਿੰਦੇ ਹਨ, ਸਿਰਫ਼ ਸਾਨੂੰ ਅਕਾਲ ਪੁਰਖ ਦੀ ਦਿੱਤੀ ਹੋਈ ਸੂਝ ਸਮਝ ਵਾਲੀ ਨਿਗ੍ਹਾ ਨਾਲ ਵੇਖਣ ਦੀ ਲੋੜ ਹੈ। ਜਦ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੀ ਗੁਰਬਾਣੀ ਦੇ ਜਰੀਏ ਓਸ ਅਕਾਲ ਪੁਰਖ ਤੱਕ ਪਹੁੰਚ ਬਣਾ ਦਿੱਤੀ ਹੈ ਤਾਂ ਫਿਰ ਇਸ ਤਰਾਂ ਦੇ ਟੁੱਕੜਬੋਚ ਵਿਚੋਲਿਆਂ ਦੀ ਕੀ ਲੋੜ ਹੈ? ਧਰਤੀ ਤੇ ਰਹਿਣ ਵਾਲਾ ਮਾਲੀ ਇੱਕ ਬਾਗ਼ ਦਾ ਰਖਵਾਲਾ ਹੋ ਸਕਦਾ ਹੈ ਪਰ ਸਭ ਤੋਂ ਵੱਡਾ ਮਾਲੀ, ਕੁਦਰਤ ਦਾ ਮਾਲੀ ਸਭ ਦਾ ਖ਼ੈਰਖ਼ਾਹ ਹੈ। ਉਸ ਨੂੰ ਸਭ ਦਾ ਫਿਕਰ ਹੈ। ਗੁਰਬਾਣੀ ਦੇ ਲੜ ਲੱਗੋ, ਓਸ ਕਰਤਾਰ, ਦਾਤਾਰ, ਕਰਤੇ ਮਾਲਕ ਦਾ ਪੱਲਾ ਨਾ ਛੱਡੋ, ਭਾਵੇਂ ਕੁਝ ਵੀ ਹੋਵੇ, ਉਸ ਨੇ ਹੀ ਸਹਾਈ ਹੋਣਾ ਏ।
“ਆਉਣੀ ਏ ਬਹਾਰ ਜਦੋਂ ਖਿੜਨੇ ਨੇ ਫੁੱਲ,
ਉੱਡੂਗੀਆਂ ਮਹਿਕਾਂ ਵਿੱਚ ਇਹਨਾਂ ਉੱਚੇ ਅੰਬਰਾਂ,
ਹੋਣੀ ਨਹੀਂ ਕੈਦ ਮਹਿਕ ਇੱਕ ਕੱਲੇ ਬਾਗ਼ ਵਿੱਚ,
ਮਾਲੀ ਵੀ ਲਗਾਉਣਾ ਚਾਹੇ ਭਾਵੇਂ ਵੱਡਾ ਜਿੰਦਰਾ”

No comments: