Pages

Sunday, June 8, 2008

ਮਨੁੱਖ ਦੇ ਪੱਖ ਵਿੱਚ....

ਮਨੁੱਖ ਦੇ ਪੱਖ ਵਿੱਚ
ਔਰਤ ਜਾਤ ਸਦੀਆਂ ਤੋਂ ‘ਮਨੁੱਖ' ਬਣਨਾ ਚਾਹ ਰਹੀ ਹੈ ਪਰ ਸਦਾ ਹੀ ਉਸ ਦੀਆਂ ਆਸਾਂ ਤੇ ਪਾਣੀ ਫਿਰਿਆ ਹੈ। ਇਤਿਹਾਸ, ਮਿਥਿਹਾਸ ਦੇ ਲੇਖਕਾਂ ਨੇ ਰੱਜ ਕੇ ਔਰਤ ਨੂੰ ਭੰਡਿਆ ਹੈ। ਵੇਦਾਂ, ਕਤੇਬਾਂ, ਸ਼ਾਸਤਰਾਂ, ਧਾਰਮਿਕ ਗ੍ਰੰਥਾਂ ਵਿੱਚ ਔਰਤ ਦੇ ਪੱਲੇ ਜੋ ਖ਼ੈਰਾਤਾਂ ਪਾਈਆਂ ਗਈਆਂ ਹਨ, ਸੁਣ/ਪੜ੍ਹ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਪ੍ਰਕਿਰਤੀ ਦੇ ਨਿਯਮ ਅਨੁਸਾਰ ਆਦਮੀ ਅਤੇ ਔਰਤ ਦੋਨਾਂ ਤੋਂ ਹੀ ਮਨੁੱਖ ਜਾਤੀ ਦੀ ਉਤਪਤੀ ਹੁੰਦੀ ਹੈ। ਇਕੱਲਾ ਆਦਮੀ ਜਾਂ ਔਰਤ ਜੇ ਚਾਹੇ ਤਾਂ ਕੁਦਰਤ ਦੇ ਨਿਯਮ ਨੂੰ ਤੋੜ ਨਹੀਂ ਸਕਦੇ। ਪਰ ਇਹ ਸਭ ਕੁਝ ਅੱਖੋਂ ਪਰੋਖੇ ਕਰ ਕੇ ਆਦਮੀ ਨੇ ਸਦਾ ਔਰਤ ਨੂੰ ਮਨੁੱਖ ਨਹੀਂ ਬਣਨ ਦਿੱਤਾ। ਦੁਨੀਆ ਦੇ ਹਰ ਪੱਖ ਵਿੱਚ ਮਰਦ ਨੇ ਔਰਤ ਨੂੰ ਬਰਾਬਰੀ ਦੇਣ ਤੋਂ ਕੰਨੀ ਕਤਰਾਈ ਹੈ। ਨੀਂਵਾ ਦਿਖਾਉਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਬਰਾਬਰੀ ਦਾ ਵਿਸ਼ਾ ਬਹੁਤ ਵਿਸ਼ਾਲ ਹੈ ਜਿਸ ਕਰਕੇ ਇੱਥੇ ਸਿਰਫ਼ ਇਸ ਦੇ ਇਕ ਪੱਖ ਨਾਲ਼ ਸਬੰਧਿਤ ਹੀ ਗੱਲ ਕਰਦੇ ਹਾਂ।
ਥੋੜੇ ਦਿਨ ਹੋਏ ਹਨ ਕਿ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਲਈ ਇਕ ਨਵੇਂ ਕਲਾਕਾਰ ਨੇ ਪੰਜਾਬੀ ਸੰਗੀਤ ਦੀ ਦੁਨੀਆ ਦੀ ਪੈੜ ਵਿੱਚ ਆ ਕੇ ਪੈਰ ਟਿਕਾਏ ਹਨ। ਗੀਤ ਦੇ ਬੋਲ ਪੰਜਾਬੀ ਔਰਤ ਦੀ ਕਹਾਣੀ ਤੇ ਅਧਾਰਤ ਹਨ ਜੋ ਆਪਣਾ ਸਹੁਰਾ ਘਰ ਘਰੇਲੂ ਲੜਾਈ ਝਗੜੇ ਤੋਂ ਦੁਖੀ ਹੋ ਕੇ ਛੱਡ ਕੇ ਆਪਣੇ ਪੇਕਿਆਂ ਨੂੰ ਜਾ ਰਹੀ ਹੈ। ਗੀਤ ਵਿਚਲੀ ਕਹਾਣੀ ਸੁਣਨ ਵਾਲੇ ਦੇ ਜਿ਼ਹਨ ਵਿੱਚ ਬੜੀ ਅਮਿੱਟ ਛਾਪ ਛੱਡਦੀ ਹੈ। ਗੀਤ ਦਾ ਸੰਗੀਤ, ਸ਼ਬਦਾਵਲੀ, ਕਲਾਕਾਰ ਦੀ ਅਵਾਜ਼ ਸਭ ਹੀ ਬਹੁਤ ਚੰਗੀ ਤਰਾਂ ਮਨ ਨੂੰ ਭਾਉਂਦੇ ਹਨ। ਸ਼ਾਲਾ ਰੱਬ/ਲੋਕ ਕਲਾਕਾਰ ਨੂੰ ਕਾਮਯਾਬੀ ਬਖ਼ਸ਼ਣ।
ਉਸ ਗੀਤ ਦਾ ਆਖਰੀ ਅੰਤਰਾ ਸੀ:

“ਤੈਨੂੰ ਸਿਰ ਦਿਆ ਸਾਂਈਂਆ, ਮੇਰੇ ਲੱਗ ਜਾਣ ਸਾਹ,
ਨਿੱਤ ਮੰਗੂਗੀ ਦੁਆਵਾਂ, ਵੇ ਨਾ ਲੱਗੇ ਤੱਤੀ ਵਾਹ,
ਰਹੇ ਵੱਸਦਾ ਹਾਏ ਵੇ ਰਹੇ ਵੱਸਦਾ,
ਰਹੇ ਵੱਸਦਾ ਕਟਾਣੀ ਪਿੰਡ ਤੇਰਾ,
ਗੱਡੀ ਦੇ ਵਿੱਚ ਮੈਂ ਰੋਵਾਂ, ਘਰੇ ਚਰਖਾ ਰੋਂਦਾ ਹਊ ਮੇਰਾ”...
ਇਸ ਅੰਤਰੇ ਨੂੰ ਸੁਣ ਕੇ ਮਹਿਸੂਸ ਹੁੰਦਾ ਹੈ ਕਿ ਅੱਜ ਦੀ ਹਰ ਔਰਤ ਬਹੁਤ ਕਮਜ਼ੋਰ, ਮਜਬੂਰ, ਨਿਮਾਣੀ, ਅਬਲਾ, ਨਿਤਾਣੀ ਹੀ ਹੈ ਜਿਵੇਂ ਅਸੀਂ ਸਦੀਆਂ ਤੋਂ ਸੁਣਦੇ ਹੀ ਆਏ ਹਾਂ। ਗੀਤ ਅਨੁਸਾਰ ਉਹ ਘਰੋਂ ਕੱਢੇ ਜਾਣ ਤੇ ਵੀ ਅਤੇ ਹੱਦੋਂ ਵੱਧ ਦੁਖੀ ਹੋ ਕੇ ਵੀ ਆਪਣੇ ਬੇਕਦਰੇ ਪਤੀ ਤੋਂ ਦੂਰ ਜਾਂਦੀ ਹੋਈ ਵੀ ਉਸ ਨੂੰ ਖੁਸ਼ ਵੇਖਣ ਦੀ ਆਸ ਵਿੱਚ ਹੈ। ਆਖਦੀ ਹੈ ਕਿ ਉਸ ਦੇ ਪਤੀ ਨੂੰ ਤੱਤੀ ਵਾਹ ਨਾ ਲੱਗੇ, ਉਸ ਦਾ ਪਿੰਡ ਵਸਦਾ ਰਹੇ, ਆਖਦੀ ਹੈ ਮੇਰੇ ਸਿਰ ਦਿਆ ਸਾਂਈਂਆ ਤੇਰੇ ਲਈ ਮੈਂ ਦੁਆਵਾਂ ਕਰਦੀ ਹਾਂ ਕਿ ਤੈਨੂੰ ਕੱਖ ਨਾ ਹੋਵੇ ਤੂੰ ਮੈਨੂੰ ਉਜਾੜ ਕੇ ਸਦਾ ਹੀ ਸੁੱਖੀਂ ਸਾਂਦੀ ਵਸਦਾ ਰਹੇਂ।
ਮੈਨੂੰ ਗੀਤ ਦੀ ਡੁੰਘਾਈ ਵਿੱਚ ਜਾ ਕੇ ਏਸ ਤਰ੍ਹਾਂ ਲੱਗਦਾ ਹੈ ਕਿ ਆਪਣਾ ਘਰ (ਮਾਪਿਆਂ ਦਾ) ਛੱਡ ਕੇ ਆਈ ਔਰਤ ਜਦੋਂ ਪਤੀ ਦੇ ਘਰ ਨੂੰ ਆਪਣਾ ਸਮਝ ਕੇ ਆਪਣੀ ਮੌਤ ਤੱਕ ਉੱਥੇ ਹੀ ਵਸਣਾ ਚਾਹੁੰਦੀ ਸੀ, ਅੱਜ ਘਰ ਛੱਡ ਕੇ ਜਾਣ ਤੋਂ ਬਾਅਦ ਇਸ ਤਰ੍ਹਾਂ ਵੀ ਕਹਿ ਰਹੀ ਹੈ ਕਿ ਮੇਰੇ ਜਾਣ ਬਾਅਦ ਤੂੰ ਹੋਰ ਔਰਤ ਨੂੰ ਘਰ ਵਿਆਹ ਕੇ ਲੈ ਆਵੇਂ, ਜਦੋਂ ਉਸ ਦੀ ਜ਼ਿੰਦਗੀ ਵੀ ਤਬਾਹ ਕਰ ਦੇਵੇਂ ਤਾਂ ਹੋਰ ਔਰਤ ਨੂੰ ਵਿਆਹ ਲਿਆਵੇਂ, ਉਸ ਤੋਂ ਬਾਅਦ ਹੋਰ, ਉਸ ਤੋਂ ਬਾਅਦ ਹੋਰ...। ਇਹ ਸਿਲਸਿਲਾ ਉਦੋਂ ਤੱਕ ਚੱਲਦਾ ਹੀ ਰਹੇ ਜਦੋਂ ਤੱਕ ਇਹ ਸਮਾਜ ਔਰਤ ਨੂੰ ਕਮਜ਼ੋਰ, ਮਜਬੂਰ, ਨਿਮਾਣੀ, ਨਿਤਾਣੀ, ਬੇਸਹਾਰਾ, ਬੇਵੱਸ, ਅਬਲਾ, ਨਿਰਦੋਸ਼ ਹੋ ਕੇ ਵੀ ਦੋਸ਼ੀ ਸਮਝਦਾ ਰਹੇ ਅਤੇ ਆਖਰ ਗੀਤ ਵਿਚਲੀ ਔਰਤ ਉਸ ਦੇ ਬੇਕਦਰੇ, ਨਿਰਦਈ, ਅਮਨੁੱਖ ਪਤੀ ਵਲੋਂ ਦੁਰਕਾਰੇ ਜਾਣ ਤੇ ਵੀ ਉਸ ਦਾ ਭਲਾ ਕਿਉਂ ਨਾ ਚਾਹੇ, ਕਿਉਂਕਿ ਉਸ ਦੇ ਪਤੀ ਪਰਮੇਸ੍ਵਰ ਨੇ ਉਸ ਨੂੰ ਜਿੰਦਾ ਤਾਂ ਨਹੀਂ ਸਾੜਿਆ ਕਿਸੇ ਫਟਦੇ ਹੋਏ ਸਟੋਵ ਨਾਲ਼, ਕਤਲ ਤਾਂ ਨਹੀਂ ਕੀਤਾ ਉਸ ਦੇ ਸਰੀਰ ਦਾ, ਹੋਰ ਦਾਜ ਲਿਆਉਣ ਲਈ ਉਹਦੇ ਮਾਪਿਆਂ ਨੂੰ ਵਿਕਣ ਲਈ ਮਜਬੂਰ ਤਾਂ ਨਹੀਂ ਕੀਤਾ?
ਦੂਜੇ ਪਾਸੇ ਦੇ ਹਾਲਾਤਾਂ ਅਨੁਸਾਰ ਔਰਤ ਨੂੰ ਪਤੀ ਦੇ ਘਰੋਂ ਜਾਂਦੀ ਨੂੰ ਇਹ ਜਰੂਰ ਹੀ ਸੋਚਣਾ ਚਾਹੀਦਾ ਸੀ ਕਿ ਅਜੇ ਪਤਾ ਨਹੀਂ ਕਿੰਨਾ ਕੁ ਹੋਰ ਚਿਰ ਉਸਨੇ ਮੈਨੂੰ ਪੈਰਾਂ ਹੇਠ ਲਿਤਾੜਦੇ ਰਹਿਣਾ ਸੀ ਜੇ ਮੈਂ ਉੱਥੋਂ ਜਿਉਂਦੀ ਜਾਗਦੀ ਬੱਚ ਕੇ ਨਾ ਆਉਂਦੀ ਤਾਂ! ਜੋ ਔਰਤ ਪਤੀ ਦਾ ਘਰ ਛੱਡ ਕੇ ਇਕ ਵਾਰ ਆ ਗਈ ਹੋਵੇ ਫਿਰ ਉਸ ਦਾ ਮੁੜ ਕੇ ਓਸ ਘਰ ਵਿੱਚ ਵਸਣਾ ਜਿਸ ਤਰ੍ਹਾਂ ਦੁੱਭਰ ਹੁੰਦਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ। ਨਾ ਤਾਂ ਔਰਤ ਦੇ ਮਾਪੇ ਘਰ ਵਿੱਚ ਹੀ ਮੁੜ ਕੇ ਉਸ ਦੀ ਕਦਰ ਪੈਂਦੀ ਹੈ ਨਾ ਹੀ ਉਸ ਦਾ ਭਵਿੱਖ ਸੁਨਹਿਰੀ ਹੁੰਦਾ ਹੈ। ਔਰਤ ਦੀ ਦੁਨੀਆ ਹਨੇਰ ਭਰੀ ਹੋ ਜਾਂਦੀ ਹੈ। ਜੇ ਔਰਤ ਕੋਲ਼ ਔਲਾਦ ਹੋਵੇ ਤਾਂ ਉਸ ਤੋਂ ਵੀ ਮਾੜੇ ਹਾਲਾਤ ਬਣ ਜਾਂਦੇ ਹਨ। ਉਮਰ ਉੱਪਰ ਵੀ ਉਸ ਦਾ ਭਵਿੱਖ ਨਿਰਭਰ ਕਰਦਾ ਹੈ। ਨਾ ਅੱਗੇ ਨਾ ਪਿੱਛੇ ਕਿਸੇ ਪਾਸੇ ਵੀ ਜਦੋਂ ਔਰਤ ਨੂੰ ਢੋਈ ਨਾ ਮਿਲੇ ਤਾਂ ਤੁਸੀਂ ਸੋਚੋ ਕਿ ਉਸ ਦੇ ਦਿਲ ਵਿੱਚੋਂ ਅਜੇ ਵੀ ਉਸ ਦੇ ਪਤੀ ਪਰਮੇਸ੍ਵਰ ਜਿਸ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ, ਉਸ ਲਈ ਅਸੀਸਾਂ, ਦੁਆਵਾਂ ਨਿਕਲ਼ਣੀਆਂ ਚਾਹੀਦੀਆਂ ਹਨ?
ਕੁਝ ਸਮਾਂ ਪਹਿਲਾਂ 'ਸੀਰਤ' ਵਿੱਚ ਅਤੇ 'ਕਨੇਡੀਅਨ ਪੰਜਾਬ ਟਾਈਮਜ਼' ਵਿੱਚ ਛਪ ਚੁੱਕੀ ਹੱਥਲੇ ਲੇਖ ਦੇ ਲੇਖਕ ਦੀ ਕਵਿਤਾ 'ਚੋਂ ਕੁਝ ਲਾਈਨਾਂ ਅੱਜ ਦੀ ਔਰਤ ਦੇ ਹਾਲਾਤਾਂ ਨੂੰ ਪੇਸ਼ ਕਰਦੀਆਂ ਹਾਜਰ ਹਨ:
“ਕਦਮ ਕਦਮ ਤੇ ਨਾ ਅਜ਼ਮਾ ਤੂੰ, ਮੈਂ ਸ਼ਕਤੀ ਸਾਕਾਰ ਹਾਂ,
ਸਦੀਆਂ ਦੀ ਮੈਂ ਜ਼ਹਿਰ ਹੈ ਪੀਤੀ, ਫਿਰ ਵੀ ਜਿ਼ੰਦਾ ਨਾਰ ਹਾਂ।
ਕਿੰਨਾ ਚਿਰ ਹੁਣ ਹੋਰ ਤੂੰ ਮੈਨੂੰ, ਪੈਰਾਂ ਹੇਠ ਲਿਤਾੜੇਂਗਾ,
ਤੇਰੇ ਪੈਰ ਦੀ ਜੁੱਤੀ ਨਹੀਂ ਹੁਣ, ਮੈਂ ਤੇਰੀ ਦਸਤਾਰ ਹਾਂ।”
ਇਸ ਕਵਿਤਾ ਵਿੱਚ ਔਰਤ ਨੂੰ ਬਰਾਬਰਤਾ ਦਾ ਹੱਕ, ਜੋ ਉਸ ਦਾ ਬਣਦਾ ਹੀ ਹੈ, ਪੇਸ਼ ਕੀਤਾ ਹੋਇਆ ਹੈ। ਅੱਜ ਦੀ ਔਰਤ 'ਅਬਲਾ' ਨਹੀਂ ਸਗੋਂ ਮਰਦ ਦੇ ਬਰਾਬਰ ਹਰ ਕਾਰਜ ਵਿੱਚ ਬਰਾਬਰ ਦਾ ਹਿੱਸਾ ਪਾਉਣ ਲਈ ਤਿਆਰ-ਬਰ-ਤਿਆਰ ਖੜ੍ਹੀ ਹੈ। ਪਰ ਅਸੀਂ ਪੁਰਾਣੀ ਸੰਸਕ੍ਰਿਤੀ ਨੂੰ ਅਜੇ ਤਿਲਾਂਜਲੀ ਦੇਣ ਤੋਂ ਇਨਕਾਰੀ ਹੋਏ ਬੈਠੇ ਹਾਂ। ਕਿਉਂ?
ਇਸ ਗੀਤ ਦੇ ਲੇਖਕ, ਗਾਇਕ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ ਕਿਉਂਕਿ ਉਹ ਜੋ ਸਮਾਜ ਵਿੱਚ ਵੇਖ ਰਿਹਾ ਹੈ ਪੇਸ਼ ਕਰ ਰਿਹਾ ਹੈ। ਪਰ ਪੈੜਾਂ ਪਈਆਂ 'ਚ ਤੁਰਨਾ ਸੌਖਾ ਹੁੰਦਾ ਹੈ, ਨਵੀਂਆਂ ਪੈੜਾਂ ਪਾਉਣੀਆਂ ਬੇਹੱਦ ਔਖੀਆਂ ਹੁੰਦੀਆਂ ਹਨ, ਬਹੁਤੀ ਵਾਰ! ਲੇਖਕਾਂ, ਗਾਇਕਾਂ ਦਾ ਕੁਝ ਤਾਂ ਫਰਜ਼ ਬਣਦਾ ਹੀ ਹੈ ਕਿ ਉਹ ਆਪਣੇ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਕਿਸੇ ਹੱਦ ਤੱਕ ਕੁਚਲਣ ਦੀ ਕੋਸ਼ਿਸ਼ ਕਰਨ। ਬੂੰਦ ਬੂੰਦ ਕਰ ਕੇ ਸਮੁੰਦਰ ਭਰ ਜਾਂਦੇ ਹਨ, ਸਾਡੇ ਕੁਝ ਅੱਖਰਾਂ, ਬੋਲਾਂ ਨਾਲ਼ ਕੁਝ ਤਾਂ ਫਰਕ ਪਏਗਾ ਹੀ!ਇਨਸਾਨੀਅਤ ਦੇ ਨਾਤੇ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਔਰਤ ਨੂੰ ਵੀ ਮਨੁੱਖ ਸਮਝੇ ਅਤੇ ਜਿੱਥੇ ਕਿਤੇ ਵੀ ਅੱਜ ਦੀ ਔਰਤ ਹੀਣ ਭਾਵਨਾ ਵਿੱਚ ਗਹਿਰੀ ਧਸੀ ਹੋਈ ਹੈ ਉਸ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰੇ। ਔਰਤ ਨੂੰ ਅਬਲਾ ਦੀ ਥਾਂ ਮਜ਼ਬੂਤ ਇਰਾਦਿਆਂ ਵਾਲ਼ੀ ਬਣਨਾ/ਬਣਾਉਣਾ/ਦਰਸਾਉਣਾ ਚਾਹੀਦਾ ਹੈ। ਔਰਤ ਦੇ ਜਜ਼ਬਾਤਾਂ ਨੂੰ ਮਰਦ ਦੀਆਂ ਪਿਛਾਂਹ-ਖਿੱਚੂ ਸੋਚਾਂ ਨਾਲ਼ ਨਕਾਰਨ ਦੀ ਨਾਕਾਮ ਕੋਸ਼ਿਸ਼ ਹੁਣ ਬੰਦ ਹੋਣੀ ਚਾਹੀਦੀ ਹੈ। ਮਨੁੱਖਾਂ ਨੂੰ ਮਨੁੱਖ ਬਣਨ ਦੇਣਾ ਚਾਹੀਦਾ ਹੈ ਅਤੇ ਰਲ਼ ਕੇ ਸਿਹਤਮੰਦ ਸਮਾਜ ਸਿਰਜਣਾ ਸਾਡਾ ਸਭ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ।
ਮੈਨੂੰ ਆਸ ਹੈ ਕਈ ਲੋਕ ਮੇਰੀ ਸੋਚ ਅਨੁਸਾਰ ਮੇਰੇ ਨਾਲ਼ ਸਹਿਮਤ ਹੋਣਗੇ ਕਿ ਉਸ ਗੀਤ ਦਾ ਆਖਰੀ ਅੰਤਰਾ ਏਸ ਤਰ੍ਹਾਂ ਹੋਣਾ ਚਾਹੀਦਾ ਸੀ:
“ਸੁਣ ਸਿਰ ਦਿਆ ਸਾਂਈਂਆ, ਤੇਰੇ ਮੁੱਕ ਜਾਣ ਸਾਹ,
ਨਿੱਤ ਚਾਹਾਂਗੀ ਵੇ ਦਿਲੋਂ, ਤੇਰੀ ਉੱਡ ਜਏ ਸੁਆਹ,
ਰਹੇ ਕੱਖ ਨਾ ਹਾਏ ਵੇ ਰਹੇ ਕੱਖ ਨਾ,
ਰਹੇ ਕੱਖ ਨਾ ਕਟਾਣੀ ਵਿੱਚ ਤੇਰਾ
ਗੱਡੀ ਦੇ ਵਿੱਚ ਮੈਂ ਰੋਵਾਂ, ਘਰੇ ਚਰਖਾ ਰੋਂਦਾ ਹਊ ਮੇਰਾ”.....
ਏਸ ਤਰ੍ਹਾਂ ਕਿਸੇ ਦੁਖੀ ਔਰਤ ਵਲੋਂ ਕਹਿਣਾ ਸ਼ਾਇਦ ਕਈ ਲੋਕਾਂ ਨੂੰ ਚੰਗਾ ਨਾ ਵੀ ਲੱਗੇ ਕਿਉਂਕਿ ਮਰਦ ਦੀ ਈਗੋ/ਹੰਕਾਰ ਨੂੰ ਸੱਟ ਲੱਗਦੀ ਹੈ, ਪੁਰਾਣੇ ਸੰਸਕਾਰਾਂ ਦੀਆਂ ਧੱਜੀਆਂ ਉੱਡਦੀਆਂ ਹਨ, ਪਰੰਪਰਾਵਾਂ ਬਿਖ਼ਰਦੀਆਂ ਹਨ, ਕੋਝੀਆਂ ਰਸਮਾਂ ਖੇਰੂੰ ਖੇਰੂੰ ਹੁੰਦੀਆਂ ਹਨ। ਇਸ ਲਈ ਕਈ ਲੋਕ ਸੋਚਣਗੇ ਕਿ ਔਰਤ ਵਲੋਂ ਆਪਣੇ ਪਤੀ ਲਈ ਇਸ ਤਰ੍ਹਾਂ ਬੁਰਾ ਚਿਤਵਣਾ ਬਹੁਤ ਹੀ ਮਾੜੀ ਗੱਲ ਹੈ! ਪਤੀ ਜੋ ਮਰਜ਼ੀ ਕਰਦਾ ਰਹੇ!
ਚਲੋ ਮੰਨ ਲੈਂਦੇ ਹਾਂ ਕਿ ਇਹ ਗੱਲ ਠੀਕ ਹੈ ਕਿ ਕਿਸੇ ਦਾ ਬੁਰਾ ਚਾਹੁਣਾ ਚੰਗੀ ਗੱਲ ਨਹੀਂ ਹੈ। ਪਰ ਦੂਜਿਆਂ ਨੂੰ ਕੰਨ ਕਰਨ ਲਈ ਫਾਂਸੀ ਵਰਗੀਆਂ ਸਜ਼ਾਵਾਂ ਦੁਨੀਆਂ ਵਿੱਚ ਜਾਇਜ਼ ਗਿਣੀਆਂ ਜਾਂਦੀਆਂ ਹਨ। ਇੱਥੇ ਤਾਂ ਸਿਰਫ ਬਦਅਸੀਸਾਂ ਹੀ ਹਨ ਜੋ ਇਕ ਦੁਖੀ ਔਰਤ ਆਪਣੇ ਪਤੀ ਦੇ ਘਰੋਂ ਨਿਕਲ਼ ਕੇ ਨ੍ਹੇਰ ਭਰੇ ਭਵਿੱਖ ਵੱਲ ਗੱਡੀ ਵਿੱਚ ਬੈਠ ਕੇ ਜਾਂਦੀ ਹੋਈ ਉਸ ਨੂੰ ਦੇ ਰਹੀ ਹੈ। ਕੀ ਇਹ ਵੀ ਉਸ ਦਾ ਹੱਕ ਨਹੀਂ ਬਣਦਾ ਕਿ ਉਹ ਆਪਣੇ ਦਿਲ ਦਾ ਭਾਰ ਹੌਲਾ ਕਰ ਸਕੇ, ਮਨ ਦਾ ਗੁੱਸਾ ਸ਼ਬਦਾਂ ਰਾਹੀਂ ਕਹਿ ਕੇ?

No comments: