Pages

Monday, October 29, 2007

ਭਵਿੱਖ ਜਾਨਣ ਵਾਲ਼ੇ?....

ਪੁਰਾਣੀ ਕਹਾਣੀ: ਇੱਕ ਜੋਤਸ਼ੀ ਸੀ, ਜਿਹੜਾ ਤਾਰਿਆਂ ਵੱਲ ਵੇਖ ਕੇ ਲੋਕਾਂ ਦਾ ਭਵਿੱਖ ਵੇਖਦਾ ਸੀ ਤੇ ਲੋਕਾਂ ਨੂੰ ਉਹਨਾਂ ਦੇ ਅਗਲੇ ਪਿਛਲੇ ਜੀਵਨ ਵਾਰੇ ਦੱਸਦਾ ਸੀ। ਉਸ ਨੇ ਇਸ ਮਾਮਲੇ’ਚ ਬੜੀ ਖੋਜ ਕੀਤੀ ਹੈ, ਉਹ ਹਮੇਸ਼ਾਂ ਸਭ ਨੂੰ ਇਹੋ ਆਖਦਾ ਸੀ। ਇੱਕ ਵਾਰ ਟਿਕੀ ਹੋਈ ਕਾਲੀ ਰਾਤ ਵਿੱਚ ਉਹ ਆਪਣਾ ‘ਵਡਮੁੱਲਾ’ ਕਾਰਜ ਕਰ ਰਿਹਾ ਸੀ, ਤਾਰਿਆਂ ਵੱਲ ਵੇਖਦਾ ਵੇਖਦਾ ਪੈਰ ਪੁੱਟਦਾ ਪਿਛਾਂਹ ਨੂੰ ਆ ਰਿਹਾ ਸੀ। ਇਵੇਂ ਕਰਦਾ ਕਰਦਾ ਉਹ ਇਕਦਮ ਅੱਖ ਝਮੱਕੇ ਵਿੱਚ ਹੀ ਖੂਹ ਵਿੱਚ ਜਾ ਡਿੱਗਾ। ਉਸ ਨੇ ਬੜੀ ਹਾਲ ਦੁਹਾਈ ਪਾਈ, ਬਚਾਓ ਬਚਾਓ ਦੀਆਂ ਅਵਾਜ਼ਾਂ ਰਾਤ ਦੀ ਚੁੱਪ ਨੂੰ ਦੂਰ ਦੂਰ ਤੱਕ ਤੋੜ ਰਹੀਆਂ ਸਨ। ਉਸ ਦੇ ਚੰਗੇ ਭਾਗਾਂ ਨੂੰ ਓਸ ਖੂਹ ਦੇ ਨੇੜੇ ਹੀ ਇੱਕ ਮਾਈ ਰਹਿੰਦੀ ਸੀ। ਉਹ ਅਜੇ ਜਾਗਦੀ ਹੀ ਸੀ ਤਾਂ ਉਹ ਅਵਾਜ਼ ਸੁਣ ਕੇ ਉਸ ਖੂਹ ਵੱਲ ਆਈ। ਉਸ ਨੇ ਖੂਹ ਕੋਲ ਪਏ ਰੱਸੇ ਨਾਲ ਕਿਸੇ ਤਰਾਂ ਕਰਕੇ ਉਸ ਜੋਤਸ਼ੀ ਨੂੰ ਬਾਹਰ ਕੱਢਿਆ। ਜੋਤਸ਼ੀ ਜਾਨ ਬਚਣ ਕਰਕੇ ਉਸ ਮਾਈ ਦਾ ਧੰਨਵਾਦ ਕਰਦਾ ਹੋਇਆ ਬੋਲਿਆ ਕਿ ਮਾਤਾ ਮੈਂ ਇੱਕ ਮਹਾਨ ਜੋਤਸ਼ੀ ਹਾਂ, ਤੂੰ ਮੇਰੀ ਜਾਨ ਬਚਾਈ ਹੈ ਇਸ ਲਈ ਕਦੀ ਮੈਂ ਤੇਰੇ ਕੰਮ ਆਵਾਂ ਤਾਂ ਮੈਂ ਆਪਣਾ ਧੰਨਭਾਗ ਸਮਝਾਂਗਾ। ਮਾਈ ਨੇ ਕਿਹਾ ਕਿ ਪੁੱਤ ਕੋਈ ਗੱਲ ਨਹੀਂ ਇਨਸਾਨ ਇੱਕ ਦੂਜੇ ਦੇ ਕੰਮ ਆਉਂਦਾ ਹੀ ਹੁੰਦਾ ਹੈ, ਤਾਂ ਕੀ ਹੋਇਆ ਜੇ ਮੇਰੇ ਕਰਕੇ ਤੇਰੀ ਜਾਨ ਬਚ ਗਈ। ਉਹ ਜੋਤਸ਼ੀ ਫਿਰ ਕਹਿਣ ਲੱਗਾ ਕਿ ਨਹੀਂ ਨਹੀਂ ਮਾਤਾ ਮੈਂ ਲੋਕਾਂ ਦਾ ਭਵਿੱਖ ਤਾਰਿਆਂ ਵੱਲ ਵੇਖ ਕੇ ਦੱਸਦਾਂ ਹਾਂ ਤੂੰ ਵੀ ਆਪਣਾ ਭਵਿੱਖ ਜਾਨਣ ਲਈ ਮੇਰੇ ਘਰ ਕਦੀ ਤਸ਼ਰੀਫ਼ ਲੈ ਕੇ ਆਈਂ। ਜਦੋਂ ਜੋਤਸ਼ੀ ਨੇ ਉਸ ਮਾਤਾ ਨੂੰ ਇਹ ਗੱਲ ਕਈ ਵਾਰ ਕਹੀ ਤਾਂ ਉਸ ਮਾਈ ਤੋਂ ਰਿਹਾ ਨਾ ਗਿਆ। ਉਹ ਕਹਿਣ ਲੱਗੀ ਕਿ ਪੁੱਤ ਕੀ ਤੂੰ ਅੱਜ ਆਪਣਾ ਭਵਿੱਖ ਜਾਣ ਕੇ ਘਰੋਂ ਨਹੀਂ ਸੀ ਤੁਰਿਆ? ਉਸ ਜੋਤਸ਼ੀ ਨੂੰ ਹੁਣ ਮਾਈ ਕੋਲ ਖੜਨਾ ਭਾਰੀ ਹੋ ਗਿਆ ਸੀ ਤੇ ਉਹ ਉੱਥੋਂ ਕੰਨ ਵਲ੍ਹੇਟ ਕੇ ਆਪਣਾ ਰਾਹ ਵੇਖਦਾ ਵੇਖਦਾ ਤੁਰਦਾ ਬਣਿਆ।
ਹੁਣ ਦੀ ਕਹਾਣੀ: ਇਹਨਾਂ ਦੀ ਨਵੀਂ ਕਹਾਣੀ ਵੀ ਹਰ ਇੱਕ ਦੇ ਸਮਝ ਆ ਜਾਂਦੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਇਹਨਾਂ ਦਾ ਕਾਰੋਬਾਰ ਵੀ ਚੱਲੀ ਜਾਂਦਾ ਹੈ, ਇਹ ਗੱਲ ਕਈ ਵਾਰ ਸਮਝ ਨਹੀਂ ਆਉਂਦੀ। ਇਹ ਪਤਾ ਇੱਥੋਂ ਲੱਗਦਾ ਹੈ ਕਿ 21ਵੀਂ ਸਦੀ ਦੇ ਕਈ ਪੱਤਰਕਾਰ ਵੀ ਇਹਨਾਂ ਦੇ ਸਿਰੋਂ ਹੀ ਆਪਣੀ ਰੋਟੀ ਦਾ ਜੁਗਾੜ ਕਰੀ ਬੈਠੇ ਨੇ, ਇਸ ਤੋਂ ਇਸ ਗੱਲ ਨੂੰ ਸਮਝਣ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਹਨਾਂ ਦਾ ਕਾਰੋਬਾਰ ਚੰਗੀ ਤਰਾਂ ਚੱਲ ਰਿਹਾ ਹੈ। ਵੈਸੇ ਤਾਂ ਇਸ ਵਿੱਚ ਕੋਈ ਮਾੜੀ ਗੱਲ ਵੀ ਨਹੀਂ ਕਿ ਇੱਕ ਤੀਰ ਦੋ ਨਿਸ਼ਾਨੇ। ਨਾਲੇ ਅਖ਼ਬਾਰਾਂ ਦੀ ਚਾਂਦੀ ਤੇ ਨਾਲੇ ਲੋਕਾਂ ਦਾ ਫਾਇਦਾ। ਨਾਲੇ ਏਸ ਮਤਲਬ ਪ੍ਰਸਤ ਦੁਨੀਆ ਵਿੱਚ ਕਿਸੇ ਦੇ ਭਲੇ ਲਈ ਸੋਚਦਾ ਹੀ ਕੌਣ ਹੈ। ਇਹਨਾਂ ਦਾ ਬੜਾ ਹੀ ਉਪਕਾਰ ਹੈ ਦੁਖੀ ਦੁਨੀਆ ਤੇ ਕਿ ਇਹ ਆਪਣੇ ਕੰਮ ਦੇ ਵਾਧੇ ਲਈ ਸੋਚਦੇ ਸੋਚਦੇ, ਧਰਤੀ ਤੇ ਵਸਦੇ ਦੁਖੀ ਵਿਚਾਰੇ ਜਿਹੇ ਲੋਕਾਂ ਦਾ ਵੀ ਭਲਾ ਕਰ ਰਹੇ ਹਨ। ਨਹੀਂ ਤਾਂ ਅੱਜ ਦੇ ਜ਼ਮਾਨੇ ਵਿੱਚ ਤਾਂ ਯਾਰ ਕਹਾਉਣ ਵਾਲੇ ਵੀ ਖੋਰਾ ਲਾਉਣ ਲਈ ਤਿਆਰ ਹੀ ਰਹਿੰਦੇ ਹਨ ਤੇ ਮੌਕਾ ਭਾਲ਼ਦੇ ਭਾਲ਼ਦੇ ਆਪਣਾ ਤੀਰ ਨਿਸ਼ਾਨੇ ਤੇ ਲਾ ਹੀ ਜਾਂਦੇ ਹਨ। ਸਾਡੇ ਪਾਠਕ ਵੀ ਸ਼ਾਇਦ ਸਾਡੇ ਵਾਂਗ ਸੋਚਦੇ ਹੋਣਗੇ ਕਿ ਕਦੀ ਇਹਨਾਂ ਤੰਤਰਾਂ ਮੰਤਰਾਂ ਵਾਲਿਆਂ ਨੇ ਆਪਣੀਆਂ ਸੇਵਾਵਾਂ ਦੀ ਸੇਲ ਨਹੀਂ ਲਾਈ। ਜਿਵੇਂ ਕਿ ਜੁੱਤੀਆਂ, ਸਬਜ਼ੀਆਂ, ਮੂਵੀਆਂ ਆਦਿ ਸਟੋਰਾਂ ਵਾਲੇ ਲਾਉਂਦੇ ਹਨ। ਇਹਨਾਂ ਨੇ ਕਦੀ ਵੀ ਟੂ ਫੋਰ ਵਨ ਜਾਂ ਇੱਕ ਖਰੀਦੋ ਤੇ ਨਾਲ ਇੱਕ ਮੁਫ਼ਤ ਵਰਗੀਆਂ ਡੀਲਾਂ ਨਹੀਂ ਦਿੱਤੀਆਂ। ਇਹ ਆਪਣੇ ਗਾਹਕਾਂ ਦਾ ਲੱਗਦਾ ਹੈ ਭੋਰਾ ਵੀ ਖਿਆਲ ਨਹੀਂ ਰੱਖਦੇ।
ਖੈਰ ਗੱਲ ਆਲ਼ੇ ਦੁਆਲੇ ਨਾ ਜਾਵੇ ਇਸ ਲਈ ਆਪਾਂ ਪਖੰਡੀਆਂ ਦੀ ਨਗਰੀ ਵੱਲ ਚੱਲਦੇ ਹਾਂ। ਇਸ ਨਗਰੀ ਦੇ ਰੰਗ ਬੜੇ ਅਜੀਬ ਜਾਪਦੇ ਨੇ। ਪਰ ਇੱਥੇ ਬਿਨਾਂ ਨਾਗਾ ਆਉਣ ਤੇ ਇਹ ਦਿਲ ਨੂੰ ਭਾਅ ਹੀ ਜਾਂਦੇ ਨੇ। ਇਹ ਤਾਂ ਅਕਸਰ ਹੋ ਹੀ ਜਾਂਦਾ ਹੈ ਕਿ ਕਿਸੇ ਨਵੇਂ ਰਾਹੇ ਵਾਰ ਵਾਰ ਆਉਣ ਨਾਲ ਉਹ ਰਾਹ ਵੀ ਚੰਗਾ ਲੱਗਣ ਲੱਗ ਪੈਂਦਾ ਹੈ ਜਿੱਥੇ ਪਹਿਲੀ ਵਾਰ ਜਾਂਦਿਆਂ ਨੂੰ ਭਾਵੇਂ ਡਰ ਹੀ ਲੱਗਿਆ ਹੋਵੇ। ਜੇ ਉਹ ਰਾਹ ਕਿਤੇ ਸੱਜਣਾਂ ਵੱਲ ਜਾਂਦਾ ਹੋਵੇ ਤਾਂ ਕਿਆ ਬਾਤਾਂ ਕਹਿਣ ਦੀਆਂ। ਚਲੋ ਛੱਡੋ ਏਸ ਗੱਲ ਨੂੰ। ਆਪਾਂ ਰੋਜ਼ ਹੀ ਮਿਲਦੇ ਹਾਂ ਸਾਡੀ ਦੁਨੀਆ ਦੇ ਅਖੌਤੀ ਪੀਰਾਂ ਪੰਡਤਾਂ ਨੂੰ, ਜਿਹੜੇ ਦੁਨੀਆ ਦੇ ਦੁੱਖ ਦਰਦ ਬਿਨਾਂ ਚੀਰ ਫਾੜ ਕਰੇ ਤੋਂ ਠੀਕ ਕਰ ਦਿੰਦੇ ਨੇ। ਤੇ ਨਾਲੇ ਕੌਂਸਲਿੰਗ ਵੀ ਕਰਦੇ ਨੇ ਲੜਾਈਆਂ ਝਗੜਿਆਂ ਵਾਲੇ ਮਾਮਲਿਆਂ ਦੀ। ਤੇ ਹੋਰ ਵੀ ਬਹੁਤ ਕੁਝ ਕਰਦੇ ਨੇ। ਇਹ ਤਾਂ ਲੋਕਾਂ ਨੂੰ ਦੱਸ ਦੱਸ ਕੇ ਉਹਨਾਂ ਦੀਆਂ ਜੇਬਾਂ ਵੀ ਬਿਨਾਂ ਦੁੱਖ ਲਾਏ ਕੱਟ ਦਿੰਦੇ ਨੇ। ਹੈ ਨਾ ਕਮਾਲ ਦੇ ਜੇਬ-ਕਤਰੇ। ਕਿਸੇ ਨਾ ਕਿਸੇ ਤਰੀਕੇ ਆਪਾਂ ਨੂੰ ਇਹਨਾਂ ਮਹਾਨ ਦੇਣਦਾਰਾਂ ਦੇ ਦਰਸ਼ਨ ਹੁੰਦੇ ਹੀ ਰਹਿੰਦੇ ਹਨ। ਕਦੀ ਅਖ਼ਬਾਰ, ਕਦੀ ਰਸਾਲਾ, ਕਦੀ ਟੈਲੀਵੀਜ਼ਨ ਆਦਿ ਤੇ। ਕਈ ਸਾਡੇ ਚੰਗੇ ਲੋਕ ਇਹਨਾਂ ਦੇ ਦਰਸ਼ਨ ਇਹਨਾਂ ਦੇ ਕਾਰੋਬਾਰ ਕਰਨ ਵਾਲੇ ਥਾਂਵਾਂ ਤੇ ਜਾ ਕੇ ਵੀ ਕਰਦੇ ਨੇ, ਕਰਮਾਂ ਵਾਲੇ ਨੇ ਬਈ ਉਹ ਤਾਂ। ‘ਨਾ ਹੋਣ ਗਰੀਬਾਂ ਨੂੰ, ਤੇਰੇ ਦਰਸ਼ਨ ਹੋ ਗਏ ਮਹਿੰਗੇ।’ ਕਦੀ ਇਹ ਗੀਤ ਹੰਸ ਰਾਜ ਹੰਸ ਨੇ ਗਾਇਆ ਸੀ ਤਾਂ ਮੈਂ ਸੋਚਦਾ ਹੁੰਦਾ ਸੀ ਕਿ ਦਰਸ਼ਨ ਕਿਵੇਂ ਮਹਿੰਗੇ ਹੋ ਸਕਦੇ ਨੇ। ਹੁਣ ਇਹ ਗੱਲ ਵੀ ਸਮਝ ਆਈ ਕਿ ਉਹ ਗੀਤ ਵਾਲੀ ਕੁੜੀ ਕਿਸੇ ਜੋਤਸ਼ੀ ਦੀ ਕੁੜੀ ਹੋਣੀ ਏ, ਜਦੋਂ ਮੁੰਡਾ ਕੁੜੀ ਨੂੰ ਮਿਲਣ ਜਾਂਦਾ ਹੋਣਾ ਹੈ ਤਾਂ ਆਪਣਾ ਹੱਥ ਵਿਖਾਉਣ ਦੇ ਬਹਾਨੇ ਜਾਂਦਾ ਹੋਣਾ ਹੈ, ਉਸ ਦੇ ਬਾਪ ਨੂੰ ਹੱਥ ਵੇਖਣ ਦੇ ਪੈਸੇ ਦਿੰਦਾ ਹੋਣਾ ਤੇ ਕੁੜੀ ਦੇ ਦਰਸ਼ਨ ਕਰਦਾ ਹੋਣਾ। ਤਾਂ ਹੀ ਹੰਸ ਭਾਜੀ ਕਹਿੰਦੇ ਸੀ ਕਿ ਤੇਰੇ ਦਰਸ਼ਨ ਹੋ ਗਏ ਮਹਿੰਗੇ। ਵਾਹ ਬਈ ਨਹੀਂ ਰੀਸਾਂ ਓਸ ਜੋਤਸ਼ੀ ਦੀਆਂ। ਇੱਕ ਪੰਥ ਦੋ ਕਾਜ ਕਰ ਗਿਆ ਹੋਣਾ ਉਹ ਵੀ। ਕੁੜੀ ਦਾ ਦਾਜ ਵੀ ਮੁੰਡੇ ਸਿਰੋਂ ਹੀ ਬਣਾ ਗਿਆ ਹੋਣਾ, ਪੈਸੇ ਜਿਉਂ ਲੈਂਦਾ ਸੀ ਹੱਥ ਵੇਖਣ ਦੇ।
ਕਈ ਵਾਰ ਇਹ ਆਖਦੇ ਹਨ ਕਿ ਇਹਨਾਂ ਕਰਕੇ ਹੀ ਦੁਨੀਆ ਚੱਲਦੀ ਏ, ਨਹੀਂ ਤਾਂ ਕਦੋਂ ਦੇ ਹੀ ਆਪਾਂ ਇਸ ਨਗਰੀ ਨੂੰ ਅਲਵਿਦਾ ਕਹਿ ਜਾਣੀ ਸੀ। ਹੈਰਾਨੀ ਦੀ ਗੱਲ ਹੈ ਕਿ ਜਦੋਂ ਵੀ ਕੋਈ ਕੈਟਰੀਨਾ, ਸੁਨਾਮੀ ਜਾਂ ਭੁਚਾਲ ਆਵੇ ਇਹਨਾਂ ਨੂੰ ਸਾਰਿਆਂ ਤੋਂ ਪਹਿਲਾਂ ਪਤਾ ਹੀ ਨਹੀਂ ਲੱਗਦਾ। ਪਤਾ ਨਹੀਂ ਸ਼ਾਇਦ ਇਹਨਾਂ ਦਾ ਵਾਤਾਵਰਣ ਵਾਲਾ ਐਨਟੀਨਾ ਖਰਾਬ ਹੋਵੇ। ਜਿਹੜਾ ਕਿ ਨਾ ਖਿੱਚਦਾ ਹੋਊ ਇਸ ਤਰਾਂ ਦੀ ਜਾਣਕਾਰੀ। ਸ਼ਾਇਦ ਇਹਨਾਂ ਦਾ ਐਨਟੀਨਾ ਲੋਕਾਂ ਦੀ ਜੇਬ ਦੀ ਹੀ ਜਾਣਕਾਰੀ ਇਹਨਾਂ ਤਾਂਈ ਪ੍ਰਦਾਨ ਕਰਦਾ ਹੋਊ। ਨਾ ਹੀ ਇਹਨਾਂ ਨੂੰ ਦਸਵੇਂ ਗ੍ਰਹਿ ਵਾਰੇ ਪਹਿਲੋਂ ਪਤਾ ਲੱਗਾ। ਜਿਹੜਾ ਹੁਣੇ ਹੁਣੇ ਥੋੜਾ ਸਮਾਂ ਪਹਿਲੋਂ ਸਾਇੰਸਦਾਨਾਂ ਨੇ ਲੱਭਿਆ ਕਿ ਸੂਰਜ ਦੇ ਨੌਂ ਗ੍ਰਹਿ ਹੀ ਨਹੀਂ ਬਲਕਿ ਨਵਾਂ ਲੱਭਿਆ ਗਿਆ ਦਸਵਾਂ ਗ੍ਰਹਿ ਵੀ ਹੈ। ਪਰ ਗੱਲ ਸੋਚਣ ਵਾਲੀ ਇਹ ਹੈ ਕਿ ਇਹਨਾਂ ਕੋਲ ਅਜੇ ਵੀ ਚੰਗਾ ਮੌਕਾ ਹੈ। ਇਸ ਤੋਂ ਪਹਿਲਾਂ ਕਿ ਸਾਇੰਸਦਾਨ ਗਿਆਰਵਾਂ ਜਾਂ ਬਾਰ੍ਹਵਾਂ ਗ੍ਰਹਿ ਲੱਭਣ, ਇਹ ਜੋਤਸ਼ੀ, ਪੀਰ ਬਾਬੇ ਹੀ ਕਿਉਂ ਨੀ ਪਹਿਲੋਂ ਹੀ ਦੱਸ ਦਿੰਦੇ ਕਿ ਸੂਰਜ ਦੇ ਹੋਰ ਵੀ ਗ੍ਰਹਿ ਹਨ। ਨਾਸਾ ਵਾਲਿਆਂ ਨੂੰ ਇਹ ਆਪਣੀ ਟੀਮ ਵਿੱਚ ਜਰੂਰ ਭਰਤੀ ਕਰਨੇ ਚਾਹੀਦੇ ਹਨ। ਆਸ ਹੈ ਕਿ ਜਿਹੜੀ ਉਹਨਾਂ ਨੇ ਸੌ ਸਾਲ ਵਿੱਚ ਖੋਜ ਕਰਨੀ ਹੈ ਇਹ ਪੰਜਾਹ ਸਾਲਾਂ ‘ਚ ਕਰ ਦਿਖਾਉਣ ਗੇ। ਨਹੀਂ ਤਾਂ ਇਹਨਾਂ ਨੂੰ ਕਿਸੇ ਵੱਡੀ ਸਾਰੀ ਸਪੇਸ ਸ਼ਟਲ ‘ਚ ਭਰ ਕੇ ਮੰਗਲ ਗ੍ਰਹਿ ਤੇ ਛੱਡ ਦੇਣ ਤਾਂ ਕਿ ਉੱਥੇ ਪਾਣੀ ਦਾ ਅੱਗਾ ਪਿੱਛਾ ਤਾਂ ਖੋਜਣ। ਇਹ ਨਾਸਾ ਵਾਲੇ ਵੀ ਐਂਵੇ ਬੱਸ ਡਾਲਰ ਖਰਾਬ ਕਰੀ ਜਾਂਦੇ ਹਨ। ਚੰਗੇ ਚੰਗੇ ਦਾਅਵੇ ਕਰਨ ਵਾਲੇ ਜੋਤਸ਼ੀ ਉਹਨਾਂ ਦੇ ਕੰਮ ਸੱਤਰ ਬਹੱਤਰ ਘੰਟਿਆਂ ‘ਚ ਵੀ ਕਰ ਸਕਦੇ ਹਨ। ਨਾਸਾ ਵਾਲਿਆਂ ਨੂੰ ਇਹਨਾਂ ਦੀਆਂ ਸੇਵਾਵਾਂ ਜਰੂਰ ਲੈਣੀਆਂ ਚਾਹੀਦੀਆਂ ਹਨ। ਸਾਇੰਸ ਨੂੰ ਇਹਨਾਂ ਨਾਲ ਵੈਰ ਨਹੀਂ ਪਾਉਣਾ ਚਾਹੀਦਾ, ਸਗੋਂ ਇਹਨਾਂ ਤੋਂ ਕੰਮ ਲੈਣਾ ਚਾਹੀਦਾ ਹੈ।
ਅਮਰੀਕਾ ਤੇ ਇਰਾਕ ’ਚ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋਈਆਂ ਹਨ। ਇਹ ਨਹੀਂ ਸੀ ਹੋਣੀਆਂ ਜੇ ਜੌਰਜ ਬੁਸ਼ ਪਹਿਲਾਂ ਹੀ ਇਹਨਾਂ ਅਖੌਤੀ ਸਿਆਣਿਆਂ ਨੂੰ ਪੁੱਛ ਲੈਂਦੇ ਕਿ ਸੁਦਾਮ ਕੋਲ ਖਤਰਨਾਕ ਹਥਿਆਰ ਹੈਗੇ ਸਨ ਕਿ ਨਹੀਂ? ਕਾਲੇ ਜਾਦੂ ਸਦਕਾ ਸੱਚੋ ਸੱਚ ਪਤਾ ਲੱਗ ਜਾਣਾ ਸੀ ਤੇ ਬੇਕਸੂਰੇ ਲੋਕ ਮਰਨ ਤੋਂ ਬਚ ਜਾਣੇ ਸੀ। ਸੁਦਾਮ ਹੁਸੈਨ ਦੀ ਤੇਲ ਤੇ ਮਲਕੀਅਤ ਵੀ ਨਹੀਂ ਸੀ ਖੁੱਸਣੀ ਤੇ ਰਾਜ ਭਾਗ ਵੀ। ਇਰਾਕ ਦੇ ਰਾਜੇ ਨੂੰ ਅਦਾਲਤਾਂ ਦੇ ਚੱਕਰ ਵੀ ਨਹੀਂ ਸੀ ਕੱਟਣੇ ਪੈਣੇ ਜੇ ਮਾੜਾ ਜਿਹਾ ਪੀਰ ਬਾਬੇ ਨੂੰ ਫੋਨ ਤੇ ਹੀ ਭਾਵੇਂ ਪੁੱਛਿਆ ਹੁੰਦਾ। ਚਲੋ ਜੋ ਹੋਇਆ ਸੋ ਹੋਇਆ ਪਰ ਜੂ ਐਨ ਓ (U.N.O.) ਨੂੰ ਅਗਾਂਹ ਵਾਸਤੇ ਪਹਿਲਾਂ ਇਹਨਾਂ ਫੂਕਾਂ ਮਾਰਨ ਵਾਲੇ ਅਖੌਤੀ ਸਾਈਕਾਲੋਜੀ ਦੇ ਮਾਹਰਾਂ ਦੀ ਸਲਾਹ ਜਰੂਰ ਲੈ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਘਿਣਾਉਣਾ ਕਾਰਾ ਦੁਨੀਆ ਤੇ ਨਾ ਵਾਪਰੇ।
ਇਕ ਇਤਿਹਾਸਕ ਪੱਖ: ਜਦੋਂ ਬਾਬਰ ਨੇ ਐਮਨਾਬਾਦ ਸ਼ਹਿਰ ਤੇ ਆਪਣੀਆਂ ਫੌਜਾਂ ਚੜ੍ਹਾਉਣੀਆਂ ਸਨ ਤਾਂ ਉੱਥੋਂ ਦੇ ਲੋਕਾਂ ਨੂੰ ਇਸ ਹੱਲੇ ਦੀ ਕਨਸੋ ਪਹਿਲਾਂ ਹੀ ਮਿਲ ਗਈ ਤੇ ਉਹ ਸਭ ਇਕੱਠੇ ਹੋ ਕੇ ਆਪਣੇ ਸ਼ਹਿਰ ਦੇ ਉੱਚ ਕੋਟੀ ਦੇ ਪੰਡਤਾਂ ਦੇ ਸਿਰਹਾਣੇ ਜਾ ਖੜੇ ਹੋਏ ਤੇ ਉਹਨਾਂ ਤੋਂ ਆਪਣੇ ਸ਼ਹਿਰ ਦੀ ਹੋਣ ਵਾਲੀ ਤਬਾਹੀ ਰੋਕਣ ਲਈ ਮਦਦ ਮੰਗੀ। ਨਾਲੋ ਨਾਲ ਲੋਕਾਂ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਅਸੀਂ ਆਪਣੀ ਪੂਰੀ ਵਾਹ ਲਾ ਕੇ ਬਾਬਰ ਨਾਲ ਲੜਨ ਲਈ ਤਿਆਰ ਹਾਂ। ਪਰ ਪੰਡਤਾਂ ਨੇ ਲੋਕਾਂ ਦੇ ਇਰਾਦਿਆਂ ਤੇ ਪਾਣੀ ਪਾਉਂਦਿਆਂ ਕਿਹਾ ਕਿ ਤੁਹਾਨੂੰ ਸਾਡੇ ਹੁੰਦਿਆਂ ਕੁਝ ਨਹੀਂ ਹੋ ਸਕਦਾ। ਤੁਸੀਂ ਬੇਚਿੰਤ ਰਹੋ ਤੇ ਜਾ ਕੇ ਐਸ਼ ਕਰੋ, ਅਸੀਂ ਆਪਣੇ ਮੰਤਰਾਂ ਤੰਤਰਾਂ ਨਾਲ ਬਾਬਰ ਨੂੰ ਇੱਥੇ ਨਹੀਂ ਆਉਣ ਦਿਆਂਗੇ। ਪਰ ਹੋਇਆ ਇਸ ਤੋਂ ਉਲਟ। ਬਾਬਰ ਨੇ ਜਦੋਂ ਆਪਣੀ ਫੌਜ ਸਮੇਤ ਐਮਨਾਬਾਦ ਤੇ ਹੱਲਾ ਕੀਤਾ ਤਾਂ ਪੰਡਤਾਂ ਦੇ ਤੰਤਰ ਮੰਤਰ ਪਤਾ ਨਹੀਂ ਕਿੱਥੇ ਜਾ ਵੜੇ? ਬਾਬਰ ਨੇ ਉਹਨਾਂ ਪੰਡਤਾਂ ਦੀ ਤੇ ਉੱਥੇ ਦੇ ਬੇਵਕੂਫ਼ ਲੋਕਾਂ ਦੀ ਉਹ ਛਿੱਤਰ ਕੁੱਟ ਕੀਤੀ ਕਿ ਰਹੇ ਰੱਬ ਦਾ ਨਾਂ। ਵੱਡੇ ਵੱਡੇ ਵਿਦਵਾਨਾਂ ਦੇ ਸਿਰਾਂ ਵਾਂਗ ਉਹਨਾਂ ਦੇ ਤੰਤਰ ਮੰਤਰ ਵੀ ਬਾਬਰ ਨੇ ਮਿੱਟੀ ’ਚ ਰੋਲ਼ ਦਿੱਤੇ। ਪਰ ਇਹ ਗੱਲ ਕੋਈ ਪੰਜ ਸੌ ਸਾਲ ਤੋਂ ਵੱਧ ਪੁਰਾਣੀ ਹੈ, ਤੇ ਉਹਨਾਂ ਵਰਗੇ ਜੋਤਸ਼ੀ, ਪੀਰ ਬਾਬੇ ਅੱਜ ਵੀ ਇੱਕ੍ਹੀਂ ਵੀਂ ਸਦੀ ’ਚ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ ਅਤੇ ਆਪਣਾ ਧੰਦਾ ਬੜੇ ਜ਼ੋਰਾਂ ਸ਼ੋਰਾਂ ਨਾਲ ਚਲੇ ਹਨ। ਇੰਨੇ ਸਾਲਾਂ ਬਾਦ ਚਲੋ ਜੇ ਮੰਨ ਵੀ ਲਈਏ ਕਿ ਇਹਨੀਂ ਕੱਦੂ’ਚ ਤੀਰ ਮਾਰ ਹੀ ਲਿਆ ਹੋਊ। ਪਰ ਫੇਰ ਜੇ ਅਸੀਂ ਸੋਚੀਏ ਕਿ ਫਿਰ ਇਹਨਾਂ ਨੂੰ ਝੂਠੀਆਂ ਮਸ਼ਹੂਰੀਆਂ ਕਰਨ ਦੀ ਕੀ ਲੋੜ ਹੈ? ਕਿਉਂਕਿ ਹਮੇਸ਼ਾਂ ਪਿਆਸਾ ਹੀ ਖੂਹ ਕੋਲ ਜਾਂਦਾ ਹੈ ਕਦੀ ਖੂਹ ਪਿਆਸੇ ਕੋਲ ਨਹੀਂ ਆਉਂਦਾ। ਆਪਾਂ ਰੋਜ਼ ਹੀ ਵੇਖਦੇ ਹਾਂ ਕਿਵੇਂ ਇਹ ਮੱਲੋ ਜੋਰੀ ਸਾਡੀ ਜਿੰਦਗੀ’ਚ ਦਖਲ ਦਿੰਦੇ ਹਨ। ਆਪਣੇ ਖਿਆਲਾਂ ਦੇ ਪੁਲਾਂ ਤੇ ਲੋਕਾਂ ਨੂੰ ਲਿਜਾ ਕੇ ਫਿਰ ਉੱਥੋਂ ਐਸੇ ਹਨੇਰੇ’ਚ ਧੱਕਾ ਮਾਰਦੇ ਹਨ ਕਿ ਬੰਦਾ ਸਾਰੀ ਉਮਰ ਇਹਨਾਂ ਦਾ ‘ਉਪਕਾਰ’ ਨਹੀਂ ਭੁੱਲਦਾ। ਇਹਨਾਂ ਦੀਆਂ ਮੇਖਾਂ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ’ਚ ਐਸੀਆਂ ਠੁਕਦੀਆਂ ਹਨ ਕਿ ਸਾਰੀ ਜ਼ਿੰਦਗੀ ਮਸਾਂ ਮਸਾਂ ਹੀ ਨਿਕਲ਼ਦੀਆਂ ਹਨ।
ਅਜੋਕੀ ਦੁਨੀਆ ਕਿੰਨੀ ਅਡਵਾਂਸ ਹੋ ਗਈ ਹੈ ਇਸ ਦਾ ਅੰਦਾਜ਼ਾ ਵੀ ਇਹਨਾਂ ਦੇ ਧੰਦਿਆਂ ਤੋਂ ਸੌਖਾ ਹੀ ਲਗਾਇਆ ਜਾ ਸਕਦਾ ਹੈ। ਕਿਉਂਕਿ ਕਿਸੇ ਚੋਰ ਡਾਕੂ ਨੂੰ ਹੁਣ ਕਿਸੇ ਦੇ ਘਰ ਜਾ ਕੇ ਵੀ ਡਾਕਾ ਮਾਰਨ ਦੀ ਲੋੜ ਨਹੀਂ ਹੈ। ਲੁੱਟ ਹੋਣ ਵਾਲੇ ਨੂੰ ਦੱਸ ਕੇ ਹੁਣ ਇੰਟਰਨੈੱਟ ਤੇ ਜਾਂ ਫੋਨ ਤੇ ਹੀ ਡਾਕਾ ਮਾਰਿਆ ਜਾ ਸਕਦਾ ਹੈ। ਇਹਨਾਂ ਜੋਤਸ਼ੀਆਂ ਆਦਿ ਨੂੰ ਇਹ ਕਲਾ ਪੇਟੈਂਟ ਵੀ ਕਰਵਾ ਲੈਣੀ ਚਾਹੀਦੀ ਹੈ ਨਹੀਂ ਤਾਂ ਅਮਰੀਕਾ ਨੇ ਹਲਦੀ ਵਾਂਗ ਜੋਤਿਸ਼ ਨੂੰ ਵੀ ਆਪਣੇ ਦੇਸ਼ ਦੇ ਨਾਂ ਤੇ ਪੇਟੈਂਟ ਕਰਵਾ ਲੈਣਾ ਹੈ।
ਸਿੱਟਾ: ਫਾਇਦਾ ਜਾਂ ਨੁਕਸਾਨ ਇਹਨਾਂ ਤੋਂ ਕੀ ਹੋਵੇਗਾ? ਪਾਠਕ ਜਾਣਦੇ ਹੀ ਹਨ ਤੇ ਹੋਰ ਵੀ ਸ਼ਾਇਦ ਜਾਣ ਗਏ ਹੋਣਗੇ। ਕਈਆਂ ਨੇ ਪ੍ਰੈਕਟੀਕਲ ਵੀ ਵੈਸੇ ਤਾਂ ਕਰ ਕੇ ਦੇਖੇ ਹੋਣਗੇ ਕਿ ਇਹਨਾਂ ਦੀਆਂ ਸੇਵਾਵਾਂ ਦਾ ਕੀ ਫਾਇਦਾ ਹੁੰਦਾ ਹੈ?
ਅੰਤਿਕਾ: ਇੱਕ ਵਾਰ ਇੱਕ ਫਕੀਰ ਸਾਰੀ ਪ੍ਰਿਥਵੀ ਦਾ ਚੱਕਰ ਲਗਾ ਕੇ ਆਪਣੇ ਦੇਸ਼ ਵਾਪਸ ਪਰਤ ਰਿਹਾ ਸੀ। ਉਹ ਬੜਾ ਪਹੁੰਚਿਆ ਹੋਇਆ ਫਕੀਰ ਸੀ। ਉਸ ਦੇ ਸਵਾਗਤ ਲਈ ਦੇਸ਼ ਭਰ ਵਿੱਚ ਬੜੀਆਂ ਤਿਆਰੀਆਂ ਹੋ ਰਹੀਆਂ ਸਨ, ਦੇਸ਼ ਦਾ ਰਾਜਾ ਵੀ ਉਸ ਨੂੰ ਵੈੱਲਕਮ ਕਹਿਣ ਲਈ ਰਾਜਧਾਨੀ ਦੇ ਗੇਟ ਤੇ ਖੜ੍ਹਾ ਉਸ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਕਿਉਂਕਿ ਉਹ ਰਾਜੇ ਦਾ ਮਿੱਤਰ ਵੀ ਸੀ ਤੇ ਉਸ ਦੇ ਦੇਸ਼ ਦਾ ਪ੍ਰਸਿੱਧ ਫਕੀਰ ਵੀ। ਜਦੋਂ ਉਹ ਰਾਜਧਾਨੀ ਵਿੱਚ ਪਹੁੰਚਿਆ ਤਾਂ ਰਾਜਾ ਬੜੇ ਜਸ਼ਨਾਂ ਨਾਲ ਉਸ ਦਾ ਸਵਾਗਤ ਕਰ ਕੇ ਉਸ ਨੂੰ ਆਪਣੇ ਮਹਿਲਾਂ ਵਿੱਚ ਲੈ ਗਿਆ। ਅਤੇ ਉਸ ਦੀ ਸੇਵਾ ਕਰਨ ਤੋਂ ਬਾਅਦ ਉਸ ਨੂੰ ਪੁੱਛਿਆ ਕਿ ਤੂੰ ਸਾਰੀ ਦੁਨੀਆ ਦਾ ਭਰਮਣ ਕਰ ਕੇ ਆਇਆਂ ਹੈਂ। ਪਹਿਲੋਂ ਇਹ ਦੱਸ ਕਿ ਮੇਰੇ ਲਈ ਕੀ ਲੈ ਕੇ ਆਇਆਂ ਹੈ। ਉਸ ਫਕੀਰ ਨੇ ਉੱਤਰ ਦਿੱਤਾ ਕਿ ਤੁਸੀਂ ਦੇਸ਼ ਦੇ ਬੜੇ ਮਹਾਨ ਰਾਜਾ ਹੋ। ਤੁਹਾਨੂੰ ਕੀ ਭੇਂਟ ਕੀਤਾ ਜਾ ਸਕਦਾ ਹੈ? ਪਰ ਫਿਰ ਵੀ ਮੈਂ ਬਹੁਤ ਸੋਚ ਵਿਚਾਰ ਤੋਂ ਬਾਅਦ ਇੱਕ ਛੋਟੀ ਜਿਹੀ ਚੀਜ਼ ਹੀ ਆਪ ਲਈ ਚੁਣ ਸਕਿਆਂ ਹਾਂ, ਆਸ ਹੈ ਤੁਸੀਂ ਇਸ ਨੂੰ ਸਵੀਕਾਰ ਕਰੋਗੇ। ਸਾਰੇ ਵਜ਼ੀਰ ਤੇ ਰਾਜਾ ਉਸ ਦੇ ਨਿੱਕੇ ਜਿਹੇ ਝੋਲੇ ਵੱਲ ਵੇਖਣ ਲੱਗ ਪਏ ਤੇ ਸੋਚ ਹੀ ਰਹੇ ਸਨ ਕਿ ਇਸ ਵਿੱਚ ਕੀ ਅਦਭੁਤ ਚੀਜ਼ ਹੋ ਸਕਦੀ ਹੈ। ਉਦੋਂ ਹੀ ਫਕੀਰ ਨੇ ਝੋਲੇ ਵਿੱਚੋਂ ਇੱਕ ਛੋਟਾ ਜਿਹਾ ਸ਼ੀਸ਼ਾ ਕੱਢਿਆ ਤੇ ਰਾਜੇ ਨੂੰ ਭੇਂਟ ਕਰਦਾ ਹੋਇਆ ਕਿ ਮੈਂ ਇਸ ਤੋਂ ਵਧੀਆ ਹੋਰ ਕੁਝ ਨਹੀਂ ਲਿਆ ਸਕਿਆ। ਰਾਜੇ ਨੇ ਫਕੀਰ ਨੂੰ ਆਖਿਆ ਕਿ ਮੇਰੇ ਤਾਂ ਮਹਿਲਾਂ ਵਿੱਚ ਬਹੁਤ ਸ਼ੀਸ਼ੇ ਹੀ ਸ਼ੀਸ਼ੇ ਹਨ। ਹਰ ਕਮਰੇ ਦੀ ਦੀਵਾਰ ਤੇ ਸ਼ੀਸ਼ੇ ਲਟਕ ਰਹੇ ਹਨ। ਮੈਂ ਇਸ ਦਾ ਕੀ ਕਰਾਂਗਾ। ਫਕੀਰ ਨੇ ਆਖਿਆ ਕਿ ਇਸ ਵਿੱਚ ਆਪਣੇ ਆਪ ਨੂੰ ਵੇਖਣਾ ਹੈ ਬੱਸ ਹੋਰ ਕੁਝ ਨਹੀਂ ਕਰਨਾ। ਰਾਜੇ ਨੇ ਫਿਰ ਆਖਿਆ ਕਿ ਮੈਂ ਤਾਂ ਰੋਜ਼ ਹੀ ਆਪਣੇ ਆਪ ਨੂੰ ਕਈ ਵਾਰ ਦਿਨ ਵਿੱਚ ਵੇਖਦਾ ਹਾਂ। ਫਕੀਰ ਨੇ ਕਿਹਾ ਕਿ ਤੁਸੀਂ ਜਰੂਰ ਹੀ ਵੇਖਦੇ ਹੋਵੋਗੇ, ਪਰ ਜਿਹੜਾ ਸ਼ੀਸ਼ਾ ਮੈਂ ਲੈ ਕੇ ਆਇਆਂ ਹਾਂ ਇਸ ਵਿੱਚ ਆਪਣੇ ਆਪ ਨੂੰ ਧੁਰ ਅੰਦਰ ਤੱਕ ਵੇਖਣ ਦੀ ਕੋਸਿ਼ਸ਼ ਕਰਨਾ ਅਤੇ ਮੇਰੇ ਤਜਰਬੇ ਤੋਂ ਸਮਝਣਾ ਕਿ ਜਿਹੜਾ ਵਿਅਕਤੀ ਆਪਣੇ ਆਪ ਨੂੰ ਨਹੀਂ ਜਾਣ ਸਕਦਾ ਉਸ ਨੂੰ ਦੁਨੀਆ ਦੇ ਵਾਰੇ ਵਿੱਚ ਪਤਾ ਨਹੀਂ ਲੱਗ ਸਕਦਾ, ਭਾਵੇਂ ਉਹ ਕਿਤੇ ਵੀ ਘੁੰਮ ਆਵੇ। ਕਹਾਣੀ ਵਿੱਚ ਦਿਸ਼ਾ ਨਿਰਦੇਸ਼ ਇਹੋ ਹੀ ਹੈ ਕਿ ਆਪਣੇ ਆਪ ਨੂੰ ਜਾਣ ਲੈਣ ਵਿੱਚ ਹਰ ਵਿਅਕਤੀ ਦੀ ਜਿੱਤ ਹੈ। ਇਸ ਦੁਨੀਆ ਵਿੱਚ ਬਹੁਤ ਘੱਟ ਲੋਕ ਹਨ ਜੋ ਆਪਣੇ ਆਪ ਨੂੰ ਅੰਦਰ ਤੱਕ ਵੇਖਣ ਵਿੱਚ ਕਾਮਯਾਬ ਹੁੰਦੇ ਹਨ। ਜੇ ਅਸੀਂ ਮਨ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਅਸਲੀ ਰੂਪ ਵਿੱਚ ਵੇਖਣ ਲਈ ਕਾਮਯਾਬ ਹੋ ਸਕੀਏ ਤਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਹਨ, ਜਿਹੜੀਆਂ ਅਸੀਂ ਇਹਨਾਂ ਝੂਠ ਦੇ ਵਪਾਰੀਆਂ ਮਗਰ ਫਿਰ ਫਿਰ ਕੇ ਹੱਲ ਕਰਵਾਉਣਾ ਚਾਹੁੰਦੇ ਹਾਂ। ਸਾਰੀ ਦੁਨੀਆ ਦੇ ਦੁੱਖਾਂ ਦਰਦਾਂ ਨੂੰ ਜਾਨਣ ਵਾਲੇ ਲੋਕਾਂ ਨੂੰ ਝੂਠੇ ਦਾਅਵੇ ਕਰਨ ਤੋਂ ਪਹਿਲਾਂ ਆਪਣੇ ਅੰਦਰ ਜਰੂਰ ਝਾਤ ਮਾਰਨੀ ਚਾਹੀਦੀ ਹੈ। ਇਹਨਾਂ ਅਖੌਤੀ ਜੋਤਸ਼ੀਆਂ, ਪੀਰ ਬਾਬਿਆਂ, ਪੰਡਤਾਂ ਆਦਿ ਨੂੰ ਵੀ ਸਾਡੀ ਇਹੋ ਹੀ ਸਲਾਹ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੋਂ ਪਹਿਲਾਂ ਆਪਣੀਆਂ ਮੁਸ਼ਕਲਾਂ ਤਾਂ ਹੱਲ ਕਰ ਲਵੋ।

No comments: