Pages

Saturday, February 9, 2008

ਚਮਕੀਲਾ ਬਨਾਮ ਸਮਾਜਿਕ ਵਰਤਾਰਾ......

ਚਮਕੀਲਾ ਬਨਾਮ ਸਮਾਜਿਕ ਵਰਤਾਰਾ (ਬਰਸੀ ਤੇ ਵਿਸ਼ੇਸ਼ ੦੮ ਮਾਰਚ)
ਜੀਵਨ ਵਾਰੇ ਸੰਖੇਪ ਸ਼ਬਦਾਂ 'ਚ:
ਚਮਕੀਲਾ ਬਹੁਤ ਹੀ ਵਧੀਆ ਗਾਇਕ, ਗੀਤਕਾਰ, ਕੰਪੋਜ਼ਿਰ ਅਤੇ ਸੰਗੀਤਕਾਰ ਸੀ ਜਿਸ ਦੀ ਹਮੇਸ਼ਾਂ ਸਾਡੇ ਮਨਾਂ ਤੇ ਉਸ ਦੇ ਪ੍ਰਤੀ ਮੋਹ ਦੀ ਛਾਪ ਰਹੇਗੀ। ਅਮਰ ਸਿੰਘ ਚਮਕੀਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੁੱਗਰੀ ਵਿੱਚ ਦਲਿਤ ਪਰਿਵਾਰ ਦੀ ਰਾਮਦਾਸੀਆ ਬਰਾਦਰੀ ਦੇ ਸ੍ਰ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ 21 ਜੁਲਾਈ 1961 ਨੂੰ ਜਨਮਿਆ ਸੀ। ਗਰੀਬ ਪਰਿਵਾਰ ਵਿੱਚ ਜਨਮੇ ਚਮਕੀਲੇ ਦੇ ਬਚਪਨ ਦਾ ਨਾਂ ਧਨੀ ਰਾਮ ਸੀ। ਬਚਪਨ ‘ਚ ਹੀ ਉਸ ਦੀ ਮਾਤਾ ਗੁਜ਼ਰ ਗਈ ਸੀ। ਚਮਕੀਲਾ ਘਰ ਦੀਆਂ ਤੰਗੀਆਂ ਕਾਰਨ ਸਿਰਫ਼ ਪੰਜ ਜਮਾਤਾਂ ਹੀ ਪਾਸ ਕਰ ਸਕਿਆ ਸੀ ਅਤੇ ਫਿਰ ਉਹ ਹੋਰ ਕਈ ਮੁਸ਼ਕਲਾਂ ‘ਚੋਂ ਲੰਘਦਾ ਹੋਇਆ ਆਪਣੀ ਮਿਹਨਤ ਸਦਕਾ ਉਹਨਾਂ ਬੁਲੰਦੀਆਂ ਤੇ ਪਹੁੰਚ ਗਿਆ ਸੀ ਜਿੱਥੇ ਪਹਿਲਾਂ ਕੋਈ ਨਹੀਂ ਪਹੁੰਚ ਸਕਿਆ ਸੀ ਅਤੇ ਉਸ ਤੋਂ ਬਾਅਦ ਵੀ ਕੋਈ ਨਹੀਂ ਪਹੁੰਚ ਸਕਿਆ। ਬੇਸ਼ੱਕ ਉਸ ਦੇ ਫੌਤ ਹੋਣ ਤੋਂ ਬਾਅਦ ਬਹੁਤਿਆਂ ਨੇ ਚਮਕੀਲਾ ਬਣਨ ਦੀ ਨਾਕਾਮ ਕੋਸਿ਼ਸ਼ ਕੀਤੀ ਵੀ ਸੀ। ਉਹ ਛੋਟਾ ਹੁੰਦਾ ਹੀ ਗੀਤ ਲਿਖਣ ਲੱਗ ਪਿਆ ਸੀ। ਉਸ ਨੇ ਸੁਰਿੰਦਰ ਛਿੰਦੇ ਨਾਲ ਢੋਲਕੀ ਵੀ ਵਜਾਈ ਸੀ। ਸੁਰਿੰਦਰ ਛਿੰਦੇ ਅਤੇ ਸੁਰਿੰਦਰ ਸੋਨੀਆ ਨੇ ਹੀ ਚਮਕੀਲੇ ਦਾ ਪਹਿਲਾ ਗੀਤ ਗਾਇਆ “ਨੀ ਮੈਂ ਡਿੱਗੀ ਤਿਲਕ ਕੇ, ਛੜੇ ਜੇਠ ਨੇ ਚੁੱਕੀ” ਜਿਹੜਾ ਬੇਹੱਦ ਮਕਬੂਲ ਹੋਇਆ। ਫਿਰ 15 ਸਾਲ ਦੀ ਉਮਰ ਤੱਕ ਉਸ ਦੇ ਗੀਤ ਕਈ ਮਸ਼ਹੂਰ ਕਲਾਕਾਰਾਂ ਵਲੋਂ ਗਾਏ ਗਏ, ਜਿਨ੍ਹਾਂ ‘ਚ ਨਰਿੰਦਰ ਬੀਬਾ, ਕੁਲੀ ਰਾਮ, ਬੀਬੀ ਤਾਰਾ ਅਤੇ ਸੋਹਣ ਲਾਲ ਆਦਿ ਕਲਾਕਾਰ ਸਨ।
ਚਮਕੀਲੇ ਦਾ ਨਾਂ “ਅਮਰ ਸਿੰਘ ਚਮਕੀਲਾ” ਸਨਮੁੱਖ ਸਿੰਘ ‘ਅਜ਼ਾਦ’ ਨੇ ਰੱਖਿਆ ਸੀ ਜਦੋਂ ‘ਅਜ਼ਾਦ’ ਨੇ ਇਸ ਨੂੰ ਪਹਿਲੀ ਵਾਰ ਲੋਕਾਂ ਸਾਹਵੇਂ ਸੁਰਿੰਦਰ ਛਿੰਦਾ ਦੀ ਸਟੇਜ ਤੇ ਪੇਸ਼ ਕੀਤਾ ਸੀ ਅਤੇ ਉਸ ਦਿਨ ਤੋਂ ਚਮਕੀਲਾ ਇਸ ਨਾਂ ਨਾਲ ਮਸ਼ਹੂਰ ਹੋ ਗਿਆ। ਉਦੋਂ ਚਮਕੀਲਾ, ਸੁਰਿੰਦਰ ਛਿੰਦੇ ਨਾਲ ਢੋਲਕੀ ਵਜਾਇਆ ਕਰਦਾ ਸੀ। ਸੁਰਿੰਦਰ ਛਿੰਦਾ ਹੀ ਚਮਕੀਲੇ ਦਾ ਉਸਤਾਦ ਸੀ। ਸੁਰਿੰਦਰ ਸੋਨੀਆ ਪਹਿਲਾਂ ਸੁਰਿੰਦਰ ਛਿੰਦੇ ਨਾਲ ਗਾਇਆ ਕਰਦੀ ਸੀ, ਫਿਰ ਛਿੰਦੇ ਨੇ ਜਦੋਂ ਗੁਲਸ਼ਨ ਕੋਮਲ ਨਾਲ ਗਾਉਣਾ ਸ਼ੁਰੂ ਕੀਤਾ ਤਾਂ ਸੋਨੀਆ ਚਮਕੀਲੇ ਨਾਲ ਗਾਉਣ ਲੱਗ ਪਈ। ਫੇਰ ਚਮਕੀਲੇ ਨੇ ਸੁਰਿੰਦਰ ਸੋਨੀਆ ਨਾਲ ਚਾਰ ਗੀਤਾਂ ਦਾ ਤਵਾ ਰਿਕਾਰਡ ਕਰਵਾਇਆ “ਟਕੂਏ ਤੇ ਟਕੂਆ ਖੜਕੇ”। ਜੋ ਸਰੋਤਿਆਂ ਵਲੋਂ ਬਹੁਤ ਹੀ ਸਲਾਹਿਆ ਗਿਆ। ਫਿਰ ਚਮਕੀਲੇ ਨੇ ਅਮਰਜੋਤ ਨਾਲ ਗਾਉਣਾ ਸ਼ੁਰੂ ਕਰ ਦਿੱਤਾ, ਜੋ ਪਹਿਲਾਂ ਕਲੀਆਂ ਦੇ ਬਾਦਸ਼ਾਹ ਮਾਣਕ ਨਾਲ ਗਾਇਆ ਕਰਦੀ ਸੀ। ਇਸ ਤੋਂ ਬਾਅਦ ਅਮਰਜੋਤ ਨਾਲ ਚਮਕੀਲੇ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਸਦਾ ਲਈ ਇਕੱਠੇ ਗਾਉਣ ਲੱਗ ਪਏ। ਸੰਨ 1984 ‘ਚ ਚਮਕੀਲੇ ਦੀ ਚੜ੍ਹਾਈ ਜ਼ੋਰਾਂ ਤੇ ਸੀ। ਪਰ ਉਸ ਦੀ ਕਿਸਮਤ ਵਿੱਚ ਇਹ ਸਭ ਬਹੁਤ ਲੰਮੇ ਸਮੇਂ ਲਈ ਨਹੀਂ ਸੀ। 8 ਮਾਰਚ 1988 ਨੂੰ ਸਮਾਜ ਦੀਆਂ ਅੰਦਰੂਨੀ ਪਰਤਾਂ ਖੋਲ੍ਹਣ ਵਾਲਾ ਮਹਾਨ ਫਨਕਾਰ ਹਮੇਸ਼ਾਂ ਹਮੇਸ਼ਾਂ ਲਈ ਸਾਥੋਂ ਵਿੱਛੜ ਗਿਆ ਸੀ। ਖਾੜਕੂ ਵਾਦ ਦੀ ਓਟ ਵਿੱਚ ਚਮਕੀਲਾ ਪਿੰਡ ਮਹਿਸਮ ਪੁਰ ਜ਼ਿਲ੍ਹਾ ਜਲੰਧਰ ਵਿੱਚ ਅੱਤਵਾਦੀਆਂ ਵਲੋਂ ਮਾਰਿਆ ਗਿਆ। ਚਮਕੀਲੇ ਦੇ ਨਾਲ ਅਮਰਜੋਤ ਆਪਣੇ ਹੋਣ ਵਾਲੇ ਬੱਚੇ ਸਮੇਤ ਅਤੇ ਉਹਨਾਂ ਦੇ ਦੋ ਸਾਥੀ ਹਰਜੀਤ ਗਿੱਲ ਅਤੇ ਬਲਦੇਵ ਸਿੰਘ ਦੇਬੂ ਢੋਲਕ ਮਾਸਟਰ ਵੀ ਮਾਰੇ ਗਏ। 27 ਸਾਲ ਦੀ ਉਮਰ ਵਿੱਚ ਇੰਨਾ ਮਸ਼ਹੂਰ ਹੋਣਾ ਉਸ ਲਈ ਮੰਦਭਾਗਾ ਸਾਬਤ ਹੋਇਆ। ਪਰ ਕਾਤਲਾਂ ਨੇ ਇਹ ਘਿਣਾਉਣੀ ਕਾਰਵਾਈ ਕਰ ਕੇ ਪੰਜਾਬ ਤੋਂ ਇੱਕ ਬਹੁਤ ਹੀ ਵਧੀਆ ਫਨਕਾਰ ਖੋਹ ਲਿਆ ਜਿਸ ਦਾ ਘਾਟਾ ਹੋਰ ਕੋਈ ਕਦੀ ਵੀ ਪੂਰਾ ਨਹੀਂ ਕਰ ਸਕਿਆ ਅਤੇ ਨਾ ਹੀ ਕੋਈ ਕਰ ਸਕੇਗਾ।
ਚਮਕੀਲੇ ਦੇ ਗੀਤਾਂ ‘ਚ ਸਚਾਈ ਸੀ ਸਮਾਜ ਵਿੱਚ ਵਿਚਰ ਰਹੇ ਲੋਕਾਂ ਦੀਆਂ ਭਾਵਨਾਵਾਂ ਦੀ। ਗੀਤਾਂ ਦੀ ਸਾਦਗੀ ਲੋਕਾਂ ਦੀ ਜੁਬਾਨ ਤੇ ਸਹਿਜੇ ਹੀ ਚੜ ਜਾਂਦੀ ਸੀ। ਗੀਤਾਂ ‘ਚ ਕਹਾਵਤਾਂ, ਮੁਹਾਵਰੇ ਫਿੱਟ ਕਰਨਾ ਉਸ ਦੀ ਕਲਾ ਦਾ ਅਮੁੱਲਾ ਚਮਤਕਾਰ ਸੀ। ਉਸ ਦੇ ਗੀਤ ਪੰਜਾਬੀ ਸੱਭਿਆਚਾਰ ਦੇ ਚੰਗੇ ਅਤੇ ਮੰਦੇ ਪੱਖਾਂ ਨੂੰ ਉਜਾਗਰ ਕਰਦੇ ਹਨ। ਪਰ ਇਹ ਸਭ ਨੂੰ ਪ੍ਰਵਾਨ ਨਹੀਂ ਹੁੰਦੇ। ਪਰ ਕਈ ਉਸ ਦੇ ਵਿਰੋਧੀ ਵੀ ਕਿਸੇ ਨਾ ਕਿਸੇ ਹੱਦ ਤੱਕ ਉਸ ਨੂੰ ਸਵੀਕਾਰ ਜਰੂਰ ਕਰਦੇ ਹਨ। ਉਸ ਨੇ ਧਾਰਮਿਕ ਗੀਤਾਂ ਨੂੰ ਲਿਖਿਆ ਵੀ, ਗਾਇਆ ਵੀ ਅਤੇ ਉਹ ਵੀ ਬਹੁਤ ਦਿਲ ਨੂੰ ਟੁੰਬਣ ਵਾਲੇ ਸ਼ਬਦਾਂ ਵਿੱਚ। ਜਿਵੇਂ ਉਸ ਦੇ ਗੀਤ ਸਨ,
“ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ”,
“ਤਲਵਾਰ ਮੈਂ ਕਲਗੀਧਰ ਦੀ ਹਾਂ, ਮੈਂ ਤੀਰ ਸੱਚੀ ਸਰਕਾਰ ਦਾ ਹਾਂ”,
“ਪਾਣੀ ਦਿਆ ਬੁਲਬੁਲਿਆ, ਕੀ ਬੁਨਿਆਦਾਂ ਤੇਰੀਆਂ”,
“ਢਾਈ ਦਿਨ ਦੀ ਪਰੁਹਣੀ ਇੱਥੇ ਤੂੰ” ਆਦਿ।
ਇਹਨਾਂ ਦੋ ਕੈਸਿਟਾਂ ਵਿੱਚ ਕਈ ਗੀਤ ਪੰਜਾਬ ਦੇ ਹੋਰ ਨਾਮਵਰ ਚੰਗੇ ਚੰਗੇ ਗੀਤਕਾਰਾਂ ਦੇ ਵੀ ਸਨ। ਇਹ ਗੀਤ ਅੱਜ ਵੀ ਲੋਕਾਂ ਦੇ ਮਨ ਪਸੰਦ ਗੀਤ ਹਨ। ਸਾਡੇ ਪਿੰਡ ਵੀ ਇੱਕ ਵਾਰ ਚਮਕੀਲਾ ਆਇਆ ਸੀ। ਵਿਆਹ ਦੇ ਮੌਕੇ ਤੇ। ਪਿੰਡੋਂ ਥੋੜਾ ਜਿਹਾ ਬਾਹਰ ਕਰਕੇ ਖੂਹ ਤੇ ਘਰ ਸੀ। ਮੈਂ ਉਦੋਂ ਕੋਈ 10-11 ਕੁ ਸਾਲ ਦਾ ਸੀ। ਸੰਨ 85-86 ਦੀ ਸ਼ਾਇਦ ਗੱਲ ਹੈ। ਅੱਜ ਵੀ ਉਹਨਾਂ ਦੋਵਾਂ ਦੇ ਗਾਉਂਦਿਆਂ ਦਾ ਚਿਹਰਾ ਸਾਫ ਝਲਕਦਾ ਦਿਸਦਾ ਹੈ। ਗਰਮੀਆਂ ਦੇ ਦਿਨਾਂ ‘ਚ ਹਵਾ ਹਾਰੇ ਸਟੇਜ ਲੱਗੀ ਹੋਈ ਸੀ। ਸਾਰਾ ਕੁਝ ਤਾਂ ਯਾਦ ਨਹੀਂ ਪਰ ਮਾਹੌਲ ਬੜਾ ਰੁਮਾਂਚਕ ਸੀ। ਖੈਰ ਉਹ ਸਮੇਂ ਕੁਝ ਹੋਰ ਹੀ ਸਨ। ਉਹਨਾਂ ਸਮਿਆਂ ‘ਚ ਹਵਾਵਾਂ ਅੱਗ ਉਗਲ਼ ਰਹੀਆਂ ਸਨ। ਜਿਹੜੀਆਂ ਜਿੱਧਰ ਵੀ ਗਈਆਂ, ਆਪਣਿਆਂ ਨੂੰ ਹੀ ਖਾਂਦੀਆਂ ਗਈਆਂ। ਚਮਕੀਲੇ ਵਾਰੇ ਕਾਫੀ ਲਿਖਿਆ ਜਾ ਸਕਦਾ ਹੈ, ਉਸ ਦੀ ਜਿੰਦਗੀ ਦੇ ਸੰਘਰਸ਼ ਦੀਆਂ ਕਈ ਕਹਾਣੀਆਂ ਹਨ। ਇਹਨਾਂ ਕਹਾਣੀਆਂ ਵਾਰੇ ਅਤੇ ਉਸ ਦੇ ਲਿਖੇ ਗੀਤਾਂ ਦੀਆਂ ਕਈ ਕਿਤਾਬਾਂ ਵੀ ਛਪ ਚੁੱਕੀਆਂ ਹਨ। ਪਰ ਅੱਜ ਏਸ ਲੇਖ ਵਿੱਚ ਉਹਦੇ ਜੀਵਨ ਸਬੰਧੀ ਸੰਖੇਪ ਜਾਣਕਾਰੀ ਤੋਂ ਬਾਅਦ ਅਸੀਂ ਉਹਦੀ ਗੀਤਕਾਰੀ ਦੀ ਸਮਾਜਿਕ ਢਾਂਚੇ ਨਾਲ ਤੁਲਨਾ ਕਰਾਂਗੇ।
ਚਮਕੀਲਾ ਅਤੇ ਸਮਾਜਿਕ ਵਿਵਸਥਾ:
ਸਮਾਜ ਇੱਕ ਵਿਅਕਤੀ ਤੋਂ ਨਹੀਂ ਬਣਦਾ ਇਹ ਤਾਂ ਸਮੂਹ ਵਿਅਕਤੀਆਂ ਦੀ ਹੋਂਦ ਦੇ ਇਕੱਠ ਤੋਂ ਬਣਦਾ ਹੈ। ਉਸ ਇਕੱਠ ਵਿੱਚ ਕਈ ਚੰਗੀਆਂ ਸੋਚਾਂ ਵੀ ਹੁੰਦੀਆਂ ਹਨ ਤੇ ਕਈ ਮਾੜੀਆਂ ਵੀ। ਇਹਨਾਂ ਦੋਵਾਂ ਸੋਚਾਂ ਵਾਰੇ ਚਮਕੀਲਾ ਆਪਣੇ ਗੀਤਾਂ ‘ਚ ਲਿਖਦਾ ਸੀ ਤੇ ਗਾਉਂਦਾ ਸੀ। ਜਿਹੜਾ ਵਿਅਕਤੀ ਸਮਾਜ ਦੀ ਬੁਰਾਈ ਨੂੰ ਦੂਜਿਆਂ ਸਾਹਮਣੇ ਪ੍ਰਗਟ ਕਰੇ ਉਹ ਮਾੜਾ ਨਹੀਂ ਹੁੰਦਾ ਸਗੋਂ ਜੋ ਬੁਰਾਈ ਨੂੰ ਜਨਮ ਦਿੰਦੇ ਹਨ ਉਹ ਆਪ ਮਾੜੇ ਹੁੰਦੇ ਹਨ। ਪਰ ਅਕਸਰ ਚਮਕੀਲੇ ਵਾਰੇ ਉਲਟਾ ਹੁੰਦਾ ਰਿਹਾ ਹੈ। ਉਸ ਦੇ ਕਈ ਗੀਤਾਂ ਵਾਰੇ ਸਾਡੇ ਸਮਾਜ ਵਿੱਚ ਵਾਦ ਵਿਵਾਦ ਛਿੜਦੇ ਰਹਿੰਦੇ ਹਨ ਤੇ ਛਿੜਦੇ ਰਹੇ ਹਨ। ਕਿ ਚਮਕੀਲੇ ਦੇ ਗੀਤ ਇਸ ਤਰਾਂ, ਉਸ ਤਰਾਂ ਆਦਿ। ਉਸਦੇ ਕਈ ਗੀਤ ਸਮਾਜ ਦੇ ਮਿਹਦੇ ਵਿੱਚ ਛੇਤੀ ਹਜ਼ਮ ਨਹੀਂ ਹੋਏ ਪਰ ਸਮਾਜ ਇਹ ਭੁੱਲ ਜਾਂਦਾ ਹੈ ਕਿ ਇਹ ਸਭ ਸਾਡੇ ਹੀ ਲੁਕੇ ਹੋਏ ਪੱਖ ਹਨ। ਸ਼ਾਇਦ ਸਮਾਜ ਇਹੋ ਹੀ ਨਹੀਂ ਚਾਹੁੰਦਾ ਕਿ ਸਾਨੂੰ ਕੋਈ ਸਾਡੀ ਬੁਰਾਈ ਦੱਸੇ। ਆਲੇ ਦੁਆਲੇ ਵੇਖੀਏ ਤਾਂ ਕੀ ਨਹੀਂ ਹੋ ਰਿਹਾ? ਸਮਾਜਿਕ ਥਾਂਵਾਂ ਤੇ, ਬਜ਼ਾਰਾਂ ‘ਚ ਅਤੇ ਹੋਰ ਤਾਂ ਹੋਰ ਧਾਰਮਿਕ ਸਥਾਨਾਂ ਤੇ ਜਾ ਕੇ ਲੋਕ ਕੀ ਕੁਝ ਕਰਦੇ ਹਨ ਇਸ ਵਾਰੇ ਇੱਥੇ ਬਹੁਤਾ ਕੁਝ ਨਾ ਕਹਿੰਦੇ ਹੋਏ, ਕਿਉਂਕਿ ਸਿਆਣਿਆਂ ਨੇ ਕਿਹਾ ਹੈ ਕਿ ਸਮਝਦਾਰ ਨੂੰ ਸਿਰਫ਼ ਇਸ਼ਾਰੇ ਦੀ ਹੀ ਲੋੜ ਹੁੰਦੀ ਏ। ਆਪਣੇ ਆਪ ਨੂੰ ਸਮਾਜਿਕ, ਧਾਰਮਿਕ ਲੀਡਰ ਸਮਝਣ ਵਾਲੇ ਤੇ ਆਮ ਜਨਤਾ ਇੱਥੇ ਸਾਰੇ ਦੇ ਸਾਰੇ ਦੁੱਧ ਧੋਤੇ ਨਹੀਂ ਹਨ। ਬਕੌਲ ਸ਼ਾਇਰ ਹਮਾਮ ਮੇਂ ਸਭ ਹੀ ਨੰਗੇ ਹੋਤੇ ਹੈਂ ਇਸ ਤਰਾਂ ਦੀ ਸਥਿਤੀ ਦਾ ਜਨਾਜ਼ਾ ਕੱਢ ਦਿੰਦਾ ਹੈ। ਸਾਨੂੰ ਵਿਸ਼ਾਲ ਸੋਚ ਦੀ ਲੋੜ ਹੈ। ਤੰਗ ਦਿਲੀ ਸਾਨੂੰ ਤਬਾਹ ਕਰ ਰਹੀ ਹੈ। ਕਿਸੇ ਇੱਕ ਸਿਰ ਭਾਂਡੇ ਭੰਨਣੇ ਬਿਲਕੁਲ ਜਾਇਜ਼ ਨਹੀਂ ਕਹੇ ਜਾ ਸਕਦੇ। ਸਾਡੇ ਸਮਾਜ ਦੀਆਂ ਕੁਰੀਤੀਆਂ ਨੂੰ ਲੋਕਾਂ ‘ਚ ਨੰਗੇ ਸੱਚ ਵਾਂਗ ਲੋਕਾਂ ਸਾਹਵੇਂ ਲਿਆਉਣ ਦਾ ਚਮਕੀਲੇ ਦਾ ਇਹ ਵੱਖਰਾ ਢੰਗ ਸੀ। ਜੇ ਇਸ ਨੂੰ ਮਨੋਰੰਜਨ ਦੇ ਪੱਖ ਨਾਲੋਂ ਸਮਾਜਿਕ ਵਰਤਾਰੇ ਦੇ ਵਿਚਾਰ ਵਿਟਾਂਦਰੇ ਦੇ ਪੱਖ ਤੋਂ ਘੋਖਿਆ ਜਾਵੇ ਤਾਂ ਮੇਰੇ ਖਿਆਲ ਮੁਤਾਬਿਕ ਜਿਆਦਾ ਬਿਹਤਰ ਕਿਹਾ ਜਾ ਸਕਦਾ ਹੈ। ਵੈਸੇ ਗੀਤ ਤਾਂ ਮਨੋਰੰਜਨ ਲਈ ਹੀ ਹੁੰਦੇ ਹਨ ਪਰ ਫਿਰ ਵੀ ਜੇ ਅਸੀਂ ਉਸ ਦੇ ਬੁਰੇ ਪੱਖਾਂ ਨੂੰ ਪੜਤਾਲ ਸਕਦੇ ਹਾਂ ਤਾਂ ਚੰਗੇ ਪੱਖ ਵੀ ਵਿਚਾਰਨੇ ਚਾਹੀਦੇ ਹਨ। ਚਮਕੀਲੇ ਨੂੰ ਗੀਤਾਂ ‘ਚ ਆਮ ਲੋਕਾਂ ਦੇ ਜੀਵਨ ਦੀਆਂ ਗੱਲਾਂ ਕਹਿਣ ਦਾ ਬਹੁਤ ਵਲ ਸੀ। ਲੋਕ ਵਹੀਰਾਂ ਘੱਤ ਕੇ ਉਸ ਨੂੰ ਵੇਖਣ ਲਈ ਦੂਰ ਦੂਰ ਤੱਕ ਪਹੁੰਚਦੇ ਸੀ।
ਚਮਕੀਲੇ ਦੇ ਗੀਤਾਂ ‘ਚ ਦਰਦ ਤੇ ਹਾਸਾ ਇੱਕੋ ਸਮੇਂ ਤੇ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ। ਸਮਾਜਿਕ ਬੁਰਾਈਆਂ ਤੇ ਚੋਟ ਕਰਦੇ ਉਸ ਦੇ ਕਈ ਗੀਤ ਮੈਨੂੰ ਯਾਦ ਆ ਰਹੇ ਹਨ ਜਿਨ੍ਹਾਂ ‘ਚੋਂ ਬੁੱਢੀ ਘੋੜੀ ਲਾਲ ਲਗਾਮਾਂ, ਨਾ ਕੋਈ ਜੋੜੀ ਨਾ ਕੋਈ ਜਾਮਾ, ਸੰਤਾਂ ਨੇ ਪਾਈ ਫੇਰੀ, ਰਹੇ ਵਸਦੀ ਨਗਰੀ ਤੇਰੀ, ਰੱਬ ਤੈਨੂੰ ਮੁੰਡਾ ਦੇਵੇ, ਸੋਹਣਿਆ ਵਿਆਹ ਕਰਵਾ ਕੇ ਵੇ, ਤੂੰ ਮਿਲਦਾ ਗਿਲਦਾ ਰਹੀਂ, ਓਏ ਡਰਾਈਵਰ ਰੋਕ ਗਾੜੀ, ਸੱਜਣਾ ਦੇ ਨਾਲ ਧੋਖਾ ਨਈਂ ਕਮਾਈਦਾ, ਕੀ ਜੋਰ ਗਰੀਬਾਂ ਦਾ, ਪਹਿਲੇ ਲਲਕਾਰੇ ਨਾਲ ਮੈਂ ਡਰ ਗਈ , ਸਾਡੇ ਪਿੰਡ ਦਾ ਰਿਵਾਜ਼ ਨਿਆਰਾ, ਕਾਕੇ ਦੀ ਲੋਹੜੀ ਨੀ, ਪੁੱਤ ਬਣਾ ਕੇ ਛੱਡਣ ਗੇ, ਅਮਲੀ ਦੇ ਲੜ ਲਾ ਕੇ ਬੇੜੀ ਰੋੜ ਤੀ ਆਦਿ ਅਨੇਕ ਹੋਰ ਵੀ ਗੀਤ ਹਨ ਜੋ ਲੋਕਾਂ ਦੀ ਜ਼ੁਬਾਨ ਤੇ ਸਦਾ ਗੂੰਜਦੇ ਰਹਿਣਗੇ। ਸਮਾਜ ਵਿੱਚ ਹੋ ਰਹੇ ਅਣਜੋੜ ਵਿਆਹਾਂ ਵਾਰੇ ਉਹ ਆਪਣੇ ਭਾਵ ਗੀਤ ਬੁੱਢੀ ਘੋੜੀ ਲਾਲ ਲਗਾਮਾਂ ਵਿੱਚ ਲਿਖ ਕੇ ਪ੍ਰਗਟ ਕਰਦਾ ਹੈ। ਫੇਰ ਸੰਤਾਂ ਨੇ ਪਾਈ ਫੇਰੀ , ਰੱਬ ਤੈਨੂੰ ਮੁੰਡਾ ਦੇਵੇ, ਕਾਕੇ ਦੀ ਲੋਹੜੀ ਨੀ ਗੀਤਾਂ ਵਿੱਚ ਪਾਖੰਡੀ ਸਾਧਾਂ ਦੇ ਬਖ਼ੀਏ ਉਧੇੜਦਾ ਹੈ ਕਿ ਇਹ ਕਿਵੇਂ ਲੋਕਾਂ ਨੂੰ ਭਰਮਾਉਂਦੇ ਫਿਰਦੇ ਹਨ, ਕਿਵੇਂ ਭੋਲ਼ੀਆਂ ਭਾਲ਼ੀਆਂ ਜ਼ਨਾਨੀਆਂ ਨੂੰ ਆਪਣੀ ਹਵਸ ਦਾ ਸਿ਼ਕਾਰ ਬਣਾਉਣ ਲਈ ਤਿਆਰ ਰਹਿੰਦੇ ਹਨ। ਕਿਸੇ ਪ੍ਰੇਮੀ ਜੋੜੇ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ। ਕਿਸੇ ਡਰਾਈਵਰ ਵਲੋਂ ਯੂਪੀ ਦੀ ਭਈਆ ਰਾਣੀ ਨੂੰ ਆਪਣੀ ਹਵਸ ਦਾ ਸਿ਼ਕਾਰ ਬਣਾ ਲੈਣਾ ਤੇ ਪਿੱਛੋਂ ਉਸ ਦੀ ਸਾਰ ਨਾ ਲੈਣੀ, ਉਸ ਦੇ ਮਨ ਨੂੰ ਖੋਰਦੀ ਹੈ ਤੇ ਲਿਖਣ ਲਈ ਪ੍ਰੇਰਦੀ ਹੈ। ਇਹ ਤਾਂ ਕੁਝ ਕੁ ਉਦਾਹਰਨਾਂ ਹੀ ਹਨ। ਹੋਰ ਗੀਤ ਵੀ ਉਸਦੇ ਸੋਚਣ ਲਈ ਮਜਬੂਰ ਕਰਦੇ ਨੇ। ਕਈ ਗੀਤਾਂ ‘ਚ ਹਾਸ ਰਸ ਹੈ ਤੇ ਦਰਦ ਵੀ ਨਾਲੋ ਨਾਲ ਹੈ। ਰੋਂਦੀ ਕੁਰਲਾਉਂਦੀ ਨੂੰ ਵੇ ਕੋਈ ਲੈ ਚੱਲਿਆ ਮੁਕਲਾਵੇ ਗੀਤ ਚਮਕੀਲੇ ਦੀ ਬਹੁਤ ਹੀ ਵਧੀਆ ਪੇਸ਼ਕਾਰੀ ਹੈ। ਲੋਕ ਤੱਥ ਸੱਜਣਾ ਦੇ ਨਾਲ ਧੋਖਾ ਨਈਂ ਕਮਾਈਦਾ ਤਾਂ ਉਸਦੇ ਹਰ ਇਕ ਦੀ ਜੁਬਾਨ ਤੇ ਸਦਾ ਲਈ ਚੜ ਗਏ ਹਨ। ਕਦੀ ਪਾਠਕ ਉਸ ਦੇ ਹੋਰ ਵੀ ਗੀਤਾਂ ਵਿਚਲੀ ਸੋਚ ਨੂੰ ਸੁਣ ਕੇ ਆਪ ਵਿਚਾਰ ਕਰਨ ਕਿ ਕੀ ਉਸ ਨੂੰ ਇਹ ਸਭ ਸਾਨੂੰ ਦੱਸਣਾ ਨਹੀਂ ਸੀ ਚਾਹੀਦਾ। ਅਸੀਂ ਆਪਣੀਆਂ ਹੀ ਬੁਰਾਈਆਂ ਨੂੰ ਲੁਕਾਉਣ ਦਾ ਯਤਨ ਕਰਾਂਗੇ ਤਾਂ ਉਹ ਵਧਣਗੀਆਂ ਹੀ ਵਧਣਗੀਆਂ, ਘਟਣਗੀਆਂ ਕਦੇ ਵੀ ਨਹੀਂ। ਗੀਤਕਾਰਾਂ ਦੇ ਦਿਲ ਵਿੱਚ ਵੀ ਸਮਾਜ ਪ੍ਰਤੀ ਕਿੰਨੀ ਸੰਵੇਦਨਾ ਹੁੰਦੀ ਹੈ ਚਮਕੀਲੇ ਨੂੰ ਸੁਣ ਕੇ ਪਤਾ ਲੱਗ ਸਕਦਾ ਹੈ ਪਰ ਇੱਥੇ ਨਾਲ ਹੀ ਲਿਖਣਾ ਚਾਹਾਂਗਾ ਕਿ ਉਸ ਵਰਗੇ ਸਾਰੇ ਵੀ ਨਹੀਂ ਹੁੰਦੇ।
ਚਮਕੀਲੇ ਤੇ ਸੁਰਿੰਦਰ ਸੋਨੀਆ ਦੇ ਪਹਿਲੇ ਤਵੇ ਵਾਲੇ ਰਿਕਾਰਡ ਟਕੂਏ ਤੇ ਟਕੂਆ ਖੜਕੇ ‘ਚ ਗੀਤ ਸੀ ਕਿ ਕੁੜਤੀ ਸੱਤ ਰੰਗ ਦੀ, ਵਿੱਚ ਘੁੱਗੀਆਂ ਗੁਟਾਰਾਂ ਪਾਈਆਂ, ਗੀਤ ਸੁਣ ਕੇ ਪਤਾ ਲੱਗਦਾ ਹੈ। ਗੀਤ ਸੁਣ ਕੇ ਬੰਦੇ ਦੀ ਰੂਹ ਨਸਿ਼ਆ ਜਾਂਦੀ ਹੈ ਤੇ ਆਪਣੇ ਸੱਭਿਆਚਾਰ ਤੇ ਮਾਣ ਮਹਿਸੂਸ ਹੁੰਦਾ ਹੈ। ਸੱਭਿਆਚਾਰ ਭਾਵੇਂ ਸਮੇਂ ਦੇ ਨਾਲ ਨਾਲ ਬਦਲਦਾ ਰਹਿੰਦਾ ਹੈ, ਪਰ ਪੁਰਾਣਾ ਸੱਭਿਆਚਾਰ ਯਾਦ ਕਰਕੇ ਅਸੀਂ ਹਮੇਸ਼ਾਂ ਪੁਰਾਣੇ ਸਮੇਂ ‘ਚ ਜਾਣ ਲਈ ਲੋਚਦੇ ਹਾਂ। ਕਈ ਵਾਰ ਬਜ਼ੁਰਗਾਂ ਨੂੰ ਕਹਿੰਦੇ ਸੁਣਿਆ ਹੈ ਕਿ ‘ਮੱਲਾ ਸਮੇਂ ਤਾਂ ਬੱਸ ਪੁਰਾਣੇ ਵਧੀਆ ਸੀ’। ਉਹਨਾਂ ਮੁਤਾਬਿਕ ਇਕੱਲਾ ਸਮੇਂ ਤੋਂ ਹੀ ਨਹੀਂ ਹੁੰਦਾ, ਉਨ੍ਹਾਂ ਦਾ ਮਤਲਬ ਉਸ ਸਮੇਂ ਵਿੱਚ ਵਿਚਰ ਰਹੇ ਸੱਭਿਆਚਾਰ ਤੋਂ ਵੀ ਹੁੰਦਾ ਹੈ। ਸੱਭਿਆਚਾਰ ਸਾਰੇ ਰੰਗਾਂ ਨਾਲ ਭਰਿਆ ਪਿਆ ਹੁੰਦਾ ਹੈ। ਇਹ ਨਾ ਤਾਂ ਪੂਰਾ ਸਵੱਛ ਹੀ ਹੁੰਦਾ ਹੈ ਨਾ ਹੀ ਪੂਰਾ ਮਲੀਨ। ਨਾ ਹੀ ਸਾਰਾ ਚੰਗਾ ਤੇ ਨਾ ਹੀ ਮਾੜਾ। ਸਾਰੇ ਤਰਾਂ ਦੇ ਹੀ ਸੱਭਿਆਚਾਰ ਦੇ ਪੱਖ ਹੁੰਦੇ ਹਨ। ਇਹੋ ਜਿਹੇ ਪੱਖ ਹੀ ਚਮਕੀਲਾ ਚਾਹੁੰਦਾ ਸੀ ਲੋਕਾਂ ਅੱਗੇ ਪੇਸ਼ ਕਰਨੇ। ਸਮਾਜ ਵਿੱਚ ਜੱਟ ਪਰਿਵਾਰ ਦੇ ਪੰਜ ਭਰਾਵਾਂ ‘ਚੋਂ ਇੱਕ ਦਾ ਵਿਆਹ ਕਰਨਾ, ਇੱਕ ਤਰਾਂ ਨਾਲ ਜ਼ਮੀਨਾਂ ਦੇ ਵੰਡ ਵੰਡਾਈਏ ਨੂੰ ਰੋਕਣ ਦਾ ਮੁੱਖ ਕਾਰਣ ਹੀ ਹੁੰਦਾ ਸੀ। ਤੇ ਬਾਕੀ ਭਰਾ ਛੜੇ ਜੇਠ ਜਾਂ ਦਿਉਰ ਹੀ ਹੁੰਦੇ। ਉਹਨਾਂ ਦੇ ਦਿਲਾਂ ਦੀਆਂ ਭਾਵਨਾਵਾਂ ਨੂੰ ਚਮਕੀਲਾ ਪੜ੍ਹਨ ਦਾ ਵਿਦਵਾਨ ਸੀ। ਇਸੇ ਦਾ ਹੀ ਨਤੀਜਾ ਸੀ ਉਸ ਨੇ ਲਿਖਿਆ ਮੈਂ ਸਿਖਰ ਦੁਪਹਿਰੇ ਨ੍ਹਾਉਂਦੀ ਸੀ। ਇਸ ਤੋਂ ਬਾਅਦ ਗੱਭਰੂ ਹੋ ਲੈਣ ਦੇ ਕਿਸੇ ਛੋਟੀ ਉਮਰ ਦੇ ਮੁੰਡੇ ਦਾ ਵਿਆਹ ਹੋ ਜਾਣਾ ਤੇ ਉਸ ਦੀ ਵਿਆਂਹਦੜ ਵਲੋਂ ਇਤਰਾਜ਼ ਕਰਨਾ, ਸਮਾਜ ‘ਚ ਹੋ ਰਹੇ ਅਨਿਆਂ ਨੂੰ ਪ੍ਰਗਟਾਉਂਦਾ ਹੈ। ਚਮਕੀਲੇ ਦਾ ਆਪਣਾ ਵਿਆਹ ਵੀ ਛੋਟੀ ਉਮਰ ‘ਚ ਹੋ ਗਿਆ ਸੀ। ਸ਼ਾਇਦ ਇਹ ਗੀਤ ਉਸਨੇ ਉਦੋਂ ਹੀ ਲਿਖੇ ਹੋਣ। ਪਰ ਜਦੋਂ ਉਸਨੇ ਅਮਰਜੋਤ ਨਾਲ ਵਿਆਹ ਕਰਵਾਇਆ ਤਾਂ ਉਸ ਦੇ ਦੋਸਤ ਦੀ ਮਾਂ ਨੇ ਕਿਹਾ ਕਿ ਫੋਟ ਦਾਦੇ ਮਗਾਉਣਿਆ ਆਹ ਕੀ ਕੀਤਾ? ਉਦੋਂ ਉਸਨੇ ਲਿਖਿਆ ਸੀ ਫੋਟ ਦਾਦੇ ਮਗਾਉਣਿਆ ਇਹ ਕੀ ਕਰਤੂਤ ਖਿੰਡਾ ਦਿੱਤੀ। ਮੌਕੇ ਤੇ ਹੀ ਗੀਤ ਲਿਖਣਾ ਚਮਕੀਲੇ ਦੀ ਸਮਝ ਦੀ ਚਮਕ ਸੀ। ਉਸ ਦੇ ਇਕ ਹੋਰ ਗੀਤ ‘ਚ ਲਾਈਨ ਆਉਂਦੀ ਹੈ ਕਿ ਲਾਹ ਸੈਕਲ ਦੇ ਹੈਂਡਲ ਉੱਤੋਂ, ਝੋਲੀ ਭਰੇ ਮਖਾਣੇ। ਇਹ ਲਾਈਨ ਪੁਰਾਣੇ ਸੱਭਿਆਚਾਰ ਦੀ ਤਸਵੀਰ ਖਿੱਚ ਕੇ ਸਰੋਤਿਆਂ ਸਾਹਵੇਂ ਪੇਸ਼ ਕਰਦੀ ਹੈ ਕਿ ਉਹ ਪੁਰਾਣਾ ਖੁਸ਼ੀ ਦਾ ਸਮਾਂ ਲੋਕ ਕਿਵੇਂ ਬਿਤਾਉਂਦੇ ਸਨ, ਰਿਸ਼ਤੇਦਾਰੀ ‘ਚ ਜਾਣਾ ਤੇ ਸਾਦਗੀ ਭਰੇ ਮਾਹੌਲ ‘ਚ ਵਿਚਰਨਾ। ਹੁਣ ਕਦੇ ਨਹੀਂ ਸੁਣੀਆਂ ਇਹ ਸੱਭਿਆਚਾਰਕ ਭਰਪੂਰ ਗੱਲਾਂ ਜਿਹੜੀਆਂ ਚਮਕੀਲਾ ਕਰ ਗਿਆ ਆਪਣੇ ਗੀਤਾਂ ‘ਚ।
ਉਸ ਦੇ ਕਈ ਗੀਤਾਂ ‘ਚ ਲੋਕਾਂ ਦੇ ਕਹਿਣ ਅਨੁਸਾਰ ਕਿ ਦੋਹਰੇ ਅਰਥਾਂ ਵਾਲੀ ਸ਼ਬਦਾਵਲੀ ਦੀ ਭਰਮਾਰ ਹੈ। ਅਮਰ ਸਿੰਘ ਚਮਕੀਲਾ ਸਪਸ਼ਟ ਸ਼ਬਦਾਂ ਵਿੱਚ ਗੱਲ ਕਹਿੰਦਾ ਸੀ, ਉਹ ਗੱਲ ਨੂੰ ਵਿੰਗ ਵਲੇਂਵੇਂ ਨਹੀਂ ਸੀ ਪਾਉਂਦਾ, ਸਿੱਧੀ ਗੱਲ ਕਰਦਾ ਸੀ ਜਿਹੜੀ ਲੋਕਾਂ ਦੇ ਦਿਲ ਘਰ ਕਰਦੀ ਸੀ। ਬਾਕੀ ਗੀਤਾਂ ਵਿੱਚ ਪਾਤਰ ਦੀ ਲੋੜ ਅਨੁਸਾਰ ਉਸ ਨੂੰ ਉਸ ਤਰਾਂ ਦੇ ਹੀ ਸ਼ਬਦ ਪਾਉਣੇ ਪੈਂਦੇ ਸੀ। ਜੀਜੇ ਸਾਲੀ ਦੀ ਛੇੜ-ਛਾੜ, ਜੇਠ ਭਰਜਾਈ ਦੀ ਨੋਕ ਝੋਕ, ਦਿਓਰ ਭਰਜਾਈ ਦਾ ਵਾਰਤਾਲਾਪ ਆਦਿ। ਪੁਰਾਣੇ ਸੱਭਿਆਚਾਰ ਦੀ ਸਹੀ ਤਸਵੀਰ ਵਿਖਾਉਂਦੇ ਨੇ ਚਮਕੀਲੇ ਦੇ ਗੀਤ। ਕਈ ਗੀਤ ਦੋਹਰੇ ਅਰਥਾਂ ਦੀ ਸ਼ਬਦਾਵਲੀ ਵਾਲੇ ਅੱਜ ਵੀ ਸਮਾਜ ‘ਚ ਨਵੇਂ ਕਲਾਕਾਰਾਂ ਦੇ ਵਿਕ ਰਹੇ ਨੇ ਅਤੇ ਪਹਿਲਾਂ ਵੀ ਵਿਕਦੇ ਰਹੇ ਨੇ। ਅੱਜ ਦੇ ਕਈ ਕਲਾਕਾਰ ਤਾਂ ਪੱਛਮੀ ਸੱਭਿਆਚਾਰ ਨਾਲੋਂ ਵੀ ਖੁੱਲੇ ਸੁਭਾਅ ਦੇ ਹੋ ਗਏ ਨੇ ਕਿ ਉਨ੍ਹਾਂ ਨੂੰ ਸੁਣਿਆ ਹੀ ਨਹੀਂ ਜਾ ਸਕਦਾ। ਪੁਰਾਣੇ ਕਲਾਕਾਰ ਜਿਵੇਂ ਦੀਦਾਰ ਸੰਧੂ, ਸਦੀਕ, ਛਿੰਦਾ, ਕੇ ਦੀਪ ਜਗਮੋਹਨ ਕੌਰ ਆਦਿ ਵੀ ਦੋਹਰੇ ਅਰਥਾਂ ਵਾਲੀ ਸ਼ਬਦਾਵਲੀ ਵਾਲੇ ਗੀਤਾਂ ਨੂੰ ਅਵਾਜ਼ ਦੇ ਚੁੱਕੇ ਹਨ। ਚਮਕੀਲੇ ਨੇ ਇਹ ਕੋਈ ਨਵੀਂ ਗੱਲ ਨਹੀਂ ਸੀ ਕੀਤੀ। ਛੜਾ ਜੇਠ, ਦਿਓਰ ਭਾਬੀ, ਜੀਜਾ ਸਾਲੀ, ਅਮਲੀ, ਪਾਖੰਡੀ ਸਾਧ, ਟਰੱਕ ਡਰਾਈਵਰ ਆਦਿ ਉਸ ਦੇ ਗੀਤਾਂ ਦੇ ਜੀਉਂਦੇ ਜਾਗਦੇ ਪਾਤਰ ਸਾਡੇ ਸਮਾਜ ‘ਚੋਂ ਹੀ ਉਹ ਲੱਭਦਾ ਸੀ ਤੇ ਉਹਨਾਂ ਦੀਆਂ ਹੀ ਗੱਲਾਂ ਮੋਤੀ ਬਣਾ ਬਣਾ ਗੀਤਾਂ ‘ਚ ਫਿੱਟ ਕਰਦਾ ਸੀ। ਜੇ ਮੈਂ ਇੱਥੇ ਗਲਤ ਨਾ ਹੋਵਾਂ ਤਾਂ ਇਹ ਕਹਾਂਗਾ ਕਿ ਗਾਲ਼ਾਂ ਵੀ ਸੱਭਿਆਚਾਰ ਦਾ ਹੀ ਹਿੱਸਾ ਹਨ। ਭਾਵੇਂ ਇਹ ਮੰਦੀਆਂ ਹੀ ਹਨ। ਚਮਕੀਲਾ ਆਪਣੇ ਗੀਤਾਂ ਦੇ ਪਾਤਰਾਂ ਤੋਂ ਉਹ ਹੀ ਕਹਾਉਂਦਾ ਸੀ ਜੋ ਉਹਨਾਂ ਦਾ ਕਹਿਣਾ ਬਣਦਾ ਸੀ ਤੇ ਸਮੇਂ ਦਾ ਚਿਤਰਣ ਸੀ। ਕਿਸੇ ਨੇ ਸੱਚ ਕਿਹਾ ਹੈ ਕਿ “ਸਾਹਿਤਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ।”
ਗੀਤਾਂ ਵਿਚਲੇ ਸਮਾਜਿਕ ਦਰਦ ਨੂੰ ਸਮਝਣ ਦੀ ਲੋੜ ਹੈ। ਲੋੜ ਇਨ੍ਹਾਂ ਤੇ ਗੁੱਸਾ ਕਰਨੇ ਦੀ ਨਹੀਂ। ਜਿਵੇਂ ਪਹਿਲਾਂ ਵੀ ਲਿਖਿਆ ਹੈ ਕਿ ਚਮਕੀਲੇ ਦੇ ਗੀਤ ਸਾਡੇ ਸਮਾਜ ਦੇ ਹੀ ਚੰਗੇ ਮੰਦੇ ਪੱਖ ਹਨ, ਉਸ ਤੋਂ ਪਹਿਲਾਂ ਵੀ ਹੋਰ ਗੀਤਕਾਰਾਂ ਨੇ ਗੀਤ ਲਿਖੇ, ਕਲਾਕਾਰਾਂ ਨੇ ਗਾਏ। ਉਸ ਸਮੇਂ ਦੇ ਹੋਰ ਕਲਾਕਾਰਾਂ ਦੇ ਗੀਤ ਜਿਵੇਂ ਮੁਹੰਮਦ ਸਦੀਕ, ਛਿੰਦਾ, ਕਰਤਾਰ ਰਮਲਾ, ਕੇ ਦੀਪ ਜਗਮੋਹਨ ਕੌਰ ਆਦਿ ਸੁਣੋ ਤਾਂ ਜਿਹੜੀ ਅਸ਼ਲੀਲਤਾ ਤੁਹਾਨੂੰ ਚਮਕੀਲੇ ਦੇ ਗੀਤਾਂ ‘ਚ ਨਜ਼ਰ ਆਉਂਦੀ ਹੈ, ਉਹਨਾਂ ‘ਚ ਵੀ ਆ ਜਾਵੇਗੀ। ਪਰ ਸਮੇਂ ਦੀਆਂ ਪਰਤਾਂ ‘ਚ ਸੌ ਸੱਚ ਲੁਕੇ ਹੁੰਦੇ ਨੇ ਤੇ ਉਹਨਾਂ ਨੂੰ ਹਰ ਕੋਈ ਨਹੀਂ ਵੇਖ ਸਕਦਾ। ਜਿਹੋ ਜਿਹੀ ਗੱਲ ਲੋਕਾਂ ਦੇ ਦਿਲ ਦੀ ਚਮਕੀਲੇ ਨੇ ਕੀਤੀ ਇਸ ਦਾ ਹੀ ਨਤੀਜਾ ਸੀ ਕਿ ਹਰ ਪਾਸੇ ਉਹਦੇ ਹੀ ਨਾਂ ਦੇ ਚਰਚੇ ਸਨ। ਅੱਜ ਵੀ ਦੋਗਾਣੇ ਗੀਤਾਂ ਦਾ ਰਿਵਾਜ ਹੈ, ਅੱਜ ਉਹ ਲਿਖਿਆ ਜਾ ਰਿਹਾ ਜੋ ਅੱਜ ਦੇ ਸਮੇਂ ‘ਚ ਹੋ ਰਿਹਾ ਹੈ। ਇਸ ‘ਚ ਗੀਤਕਾਰ ਦਾ ਕੋਈ ਦੋਸ਼ ਨਹੀਂ, ਉਹ ਤਾਂ ਉਹ ਹੀ ਲਿਖ ਰਿਹਾ ਜੋ ਵੇਖ ਰਿਹਾ ਹੈ। ਪਰ ਮਾਫ਼ ਕਰਨਾ ਇਹ ਵੀ ਸਭ ਤੇ ਲਾਗੂ ਨਹੀਂ ਹੁੰਦਾ ਅੱਜ ਦੇ ਸਮੇਂ ‘ਚ। ਅੱਜ ਕੱਲ ਕਲਪਨਾਵਾਂ ਦੇ ਘੇਰੇ ਵਿੱਚ ਜਿਆਦਾ ਲਿਖਿਆ ਜਾ ਰਿਹਾ ਹੈ। ਅੱਜ ਟੀ ਵੀ ਤੇ ਜੋ ਪਰੋਸਿਆ ਜਾ ਰਿਹਾ, ਚਮਕੀਲੇ ਦੇ ਗੀਤਾਂ ‘ਚ ਇਹੋ ਜਿਹਾ ਕੁਝ ਵੀ ਨਹੀਂ ਸੀ, ਕਿਉਂਕਿ ਉਸ ਦਾ ਕਹਿਣ ਢੰਗ ਹੋਰ ਸੀ। ਉਸ ਦੇ ਗੀਤਾਂ ਨੂੰ ਵੀਡੀਓ ਦੀ ਪੌੜੀ ਤੇ ਚੜ੍ਹਨ ਦੀ ਸ਼ਾਇਦ ਲੋੜ ਨਾ ਪੈਂਦੀ ਜੇ ਉਹ ਬਦਕਿਸਮਤ ਅੱਜ ਜਿਉਂਦਾ ਹੁੰਦਾ।
ਇਹ ਅਜੋਕਾ ਸੱਚ ਹੈ ਕਿ ਅੱਜ ਦੇ ਗੀਤਾਂ ਦੇ ਮੁਕਾਬਲੇ ਚਮਕੀਲੇ ਦੇ ਗੀਤ ਸੁਣੋਂ ਤਾਂ ਧਾਰਮਿਕ ਹੀ ਲੱਗਣਗੇ। ਅੱਜ ਦੇ ਗੀਤਾਂ ‘ਚ ਨਸ਼ੇ, ਔਰਤ, ਹਥਿਆਰ ਮੁੱਖ ਤੌਰ ਤੇ ਭਰਪੂਰ ਮਸਾਲੇ ਲਾ ਲਾ ਕੇ ਵਰਤੇ ਜਾ ਰਹੇ ਹਨ। ਤੇ ਇਹਨਾਂ ਨੂੰ ਕੌਣ ਨਹੀਂ ਸੁਣਦਾ? ਸਭ ਸੁਣਦੇ ਹਨ। ਦੁਹਾਈ ਮਾਂ ਬੋਲੀ ਦੀ, ਸੱਭਿਆਚਾਰ ਦੀ ਪੈ ਰਹੀ ਹੈ। ਕਦੀ ਘੁੰਮ ਕੇ ਇਸ ਪਾਸੇ ਤੇ ਕਦੀ ਘੁੰਮ ਕੇ ਓਸ ਪਾਸੇ ਹੋ ਰਹੇ ਨੇ ਕਈ ਕਰੈਕਟਰ। ‘ਗੁਰਦਾਸ ਮਾਨ’ ਸਾਹਿਬ ਨੇ ਸੱਚ ਕਿਹਾ ਹੈ ਕਿ ਇਹ ਦੁਨੀਆਂ ਮੰਡੀ ਪੈਸੇ ਦੀ, ਹਰ ਚੀਜ਼ ਵਿਕੇਂਦੀ ਭਾਅ ਸੱਜਣਾ, ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ, ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਆਪਣੀਆਂ ਗਲਤੀਆਂ ਵੀ ਕਬੂਲ ਕਰਨੀਆਂ ਚਾਹੀਦੀਆਂ ਹਨ ਤਾਂ ਹੀ ਇਸ ਦੁਨੀਆਂ ‘ਚ ਝੱਟ ਲੰਘਾ ਸਕਾਂਗੇ। ਬਾਕੀ ਵਿਰੋਧ ਤਾਂ ਇਸ ਦੁਨੀਆਂ ਤੇ ਸਭ ਦਾ ਹੁੰਦਾ ਹੈ, ਚੰਗੇ ਦਾ ਵੀ ਤੇ ਮੰਦੇ ਦਾ ਵੀ। ਪਰ ਸੋਚਣਾ ਸਮਝਣਾ ਤਾਂ ਹਰੇਕ ਦਾ ਵੱਖ ਵੱਖ ਹੈ। ਕਿਸੇ ਤੇ ਕਿਸੇ ਗੱਲ ਦਾ ਅਸਰ ਹੋਣਾ ਹੈ ਕਿਸੇ ਤੇ ਕਿਸੇ ਦਾ। ਆਪਣੀ ਚੰਗਿਆਈ ਸੁਣਨ ਲਈ ਜੇ ਅਸੀਂ ਲੋਚਦੇ ਰਹਿੰਦੇ ਹਾਂ ਤਾਂ ਸਾਨੂੰ ਆਪਣੀ ਬੁਰਾਈ ਸੁਣਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
ਅਮਰ ਸਿੰਘ ਚਮਕੀਲੇ ਦੀ ਅਵਾਜ਼ ਤਵੇ ਵਾਲੇ ਰਿਕਾਰਡਾਂ ਤੋਂ ਅੱਜ ਸੀ ਡੀ ਤੱਕ ਪਹੁੰਚ ਗਈ ਹੈ। ਰੀਮਿਕਸ ਦੀ ਦੁਨੀਆਂ ‘ਚ ਚਮਕੀਲਾ ਕਾਫੀ ਨਵੀਂ ਪੀੜ੍ਹੀ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਇੰਗਲੈਂਡ, ਕਨੇਡਾ, ਅਮਰੀਕਾ ਦੇ ਜੰਮੇ ਪਲ਼ੇ ਗੱਭਰੂ ਚਮਕੀਲੇ ਦੇ ਗੀਤਾਂ ਨੂੰ ਰੀਮਿਕਸ ਕਰ ਕੇ ਬੁਲੰਦੀਆਂ ਤੇ ਪਹੁੰਚਾ ਰਹੇ ਹਨ ਅਤੇ ਨਾਮਣਾ ਖੱਟ ਰਹੇ ਹਨ। ਪਰ ਕਈ ਗੀਤਾਂ ਦਾ ਅਸਲ ਸੁਆਦ ਖਰਾਬ ਵੀ ਕਰ ਰਹੇ ਨੇ ਰੀਮਿਕਸ ਕਰ ਕੇ। ਇੰਡੀਆ ਦੀ ਮਸ਼ਹੂਰ ਰਿਕਾਰਡ ਕੰਪਨੀ ਐਚ। ਐਮ। ਵੀ। ਅਜੇ ਵੀ ਚਮਕੀਲੇ ਦੇ ਗੀਤਾਂ ਤੋਂ ਅੰਨ੍ਹਾ ਪੈਸਾ ਬਣਾ ਰਹੀ ਹੈ। ਜਿਵੇਂ ਕਹਿੰਦੇ ਹੁੰਦੇ ਨੇ ਕਿ ‘ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ’, ਇੰਝ ਹੀ ਹੋਇਆ ਹੈ ਲੋਕਾਂ ਦੇ ਹਰਮਨ ਪਿਆਰੇ ਗਾਇਕ ਚਮਕੀਲੇ ਨਾਲ। ਉਸ ਵੱਖਰੀ ਸੋਚ ਦੇ ਮਾਲਕ ਦੀਆਂ ਸੀਡੀਆਂ, ਕੈਸਟਾਂ ਅਜੇ ਵੀ ਅੱਜ ਦੇ ਕਈ ਗਾਇਕਾਂ ਤੋਂ ਵੱਧ ਵਪਾਰ ਕਰ ਰਹੀਆਂ ਹਨ। ਇਹ ਉਸ ਦੀ ਲੋਕ ਪ੍ਰੀਯਤਾ ਦਾ ਹੀ ਦੂਸਰਾ ਰੂਪ ਹੈ। ਚਮਕੀਲਾ ਉਸ ਦੇ ਸਮੇਂ ਦੇ ਸੱਭਿਆਚਾਰ ਦੀ ਅਸਲੀ ਤਸਵੀਰ ਸਾਨੂੰ ਵਿਖਾ ਕੇ ਸਾਥੋਂ ਸਦਾ ਲਈ ਅਜਿਹਾ ਦੂਰ ਹੋਇਆ ਕਿ ਕਦੇ ਵੀ ਮੁੜ ਕੇ ਨਹੀਂ ਆਵੇਗਾ, ਪਰ ਉਸਦੀ ਅਵਾਜ਼ ਸਾਡੇ ਮਨਾਂ ਤੇ ਰਾਜ ਕਰਦੀ ਰਹੇਗੀ। ਅਣਮੁੱਲੇ ਦੋ ਸਿਤਾਰੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਮਰ ਕੇ ‘ਅਮਰ’ ਹੋ ਗਏ ਹਨ।
ਯਾਦ ਕਰਾਂਗੇ ਤੈਨੂੰ ਜਿੰਨਾ ਚਿਰ ਸੰਗੀਤ ਹੈ ਦੁਨੀਆਂ ਤੇ,
ਤੇਰੇ ਸੁਣਾਂਗੇ ਗੀਤ ਜਿੰਨਾ ਸਮਾਂ ਪਰੀਤ ਹੈ ਦੁਨੀਆਂ ਤੇ
ਕਿਉਂ ਆਪਣਾ ਚਿਹਰਾ ਵੇਖਣ ਤੋਂ ਅਸੀਂ ਡਰਦੇ ਹਾਂ ‘ਕੰਗ’,
ਕਿਉਂ ਸਾਡੀ ਸੋਚ ਹੀ ਰਹਿੰਦੀ ਸਾਡੇ ਵਿਪਰੀਤ ਹੈ ਦੁਨੀਆਂ ਤੇ?

4 comments:

Dhillon said...

ਆਪ ਜੀ ਨੇ ਬਹੁਤ ਖੂਬ ਲਿਖਿਆ ਚਮਕੀਲੇ ਵਰਗਾ ਲਿਖਣ ਵਾਲਾ ਕੋਈ ਨਹੀ ਆਉਣਾ.
ਪਰ ਜੇ ਤੁਸੀਂ ਮੁਹਮਦ ਸਦੀਕ ਹੋਰਾਂ ਬਾਰੇ ਕਹੋ ਤਾਂ ਓਹਨਾ ਨੇ ਕਦੇ ਨਹੀ ਗਾਇਆ "ਵੇ ਮੈਨੂੰ ਹਿੱਕ ਨਾਲ ਲਾ ਲੈ ਵੇ ਜਾਂ ਫੇਰ ਤੈਨੂੰ ਘੁੱਟ ਕੇ ਕਾਲਜੇ ਲਾਉਣ ਨੂੰ ਮੇਰਾ ਜੀ ਕਰਦੈ"
ਓਹ ਇੱਕ ਵਧਿਆ ਲੇਖਕ ਸੀ ਪਰ ਕੀਤੇ ਨਾ ਕੀਤੇ ਓਹਨੇ ਭੁੱਲੇ ਭਟਕੇ ਏਹੋ ਜਿਹੇ ਕੁਝ ਗੀਤ ਵੀ ਲਿਖ ਦਿੱਤੇ ਜੋ ਅੱਜ ਵੀ ਪਰਿਵਾਰਾਂ ਵਿਚ ਬੈਠ ਕੇ ਨਹੀ ਸੁਣੇ ਜਾ ਸਕਦੇ.
dhillon.rania@gmail.com

Mandeep Singh said...

ਚਮਕੀਲੇ ਦੀ ਸੋਚ ਸ਼ਕਤੀ ਕਮਾਲ ਦੀ ਸੀ। ਉਸ ਦੇ ਗੀਤਾਂ ਨੂੰ ਅਸ਼ਲੀਲ ਨਹੀਂ ਕਿਹਾ ਜਾ ਸਕਦਾ। ਕਿਉਂਕਿ ਉਹਨੇ ਉਹ ਕੁਝ ਬਿਆਨਿਆ ਹੈ ਜੋ ਸਾਡੇ ਸਮਾਜ ਚ ਲੋਕਾਂ ਦੇ ਮਨਾਂ ਚ ਹੋ ਰਿਹਾ ਹੈ। ਹੁਣ ਆਪਣੀਆਂ ਫਿਲਮਾਂ ਜੇ ਬਦਮਾਸ਼ ਬੰਦੇ ਦਾ ਕਰੈਕਟਰ ਉਭਾਰਣਾ ਹੋਵੇ ਤਾਂ ਉਸ ਤੋਂ ਮਾੜੇ ਕੰਮ ਤਾਂ ਕਰਵਾਉਣੇ ਪੈਣਗੇ ਹੀ। ਇਸੇ ਤਰਾਂ ਚਮਕੀਲੇ ਨੇ ਅਮਲੀ ਬੰਦੇ ਦੀ ਗੱਲ ਕਰਨੀ ਹੈ ਤਾਂ ਉਸ ਦੀ ਜੀਵਨ ਸ਼ੈਲੀ ਨਾਲ ਸੰਬੰਧਤ ਸ਼ਬਦ ਤਾਂ ਲਿਖਣੇ ਪੈਣਗੇ ਹੀ। ਸੋ ਚਮਕੀਲਾ ਮਾੜਾ ਨੀ ਲਿਖਦਾ ਸੀ ਉਹ ਸਿਰਫ ਗੀਤ ਦੇ ਪਾਤਰਾਂ ਦੇ ਜੀਵਨ ਦਾ ਵਰਨਣ ਕਰਦਾ ਸੀ।

Mandeep Singh said...

ਚਮਕੀਲੇ ਦੀ ਸੋਚ ਸ਼ਕਤੀ ਕਮਾਲ ਦੀ ਸੀ। ਉਸ ਦੇ ਗੀਤਾਂ ਨੂੰ ਅਸ਼ਲੀਲ ਨਹੀਂ ਕਿਹਾ ਜਾ ਸਕਦਾ। ਕਿਉਂਕਿ ਉਹਨੇ ਉਹ ਕੁਝ ਬਿਆਨਿਆ ਹੈ ਜੋ ਸਾਡੇ ਸਮਾਜ ਚ ਲੋਕਾਂ ਦੇ ਮਨਾਂ ਚ ਹੋ ਰਿਹਾ ਹੈ। ਹੁਣ ਆਪਣੀਆਂ ਫਿਲਮਾਂ ਜੇ ਬਦਮਾਸ਼ ਬੰਦੇ ਦਾ ਕਰੈਕਟਰ ਉਭਾਰਣਾ ਹੋਵੇ ਤਾਂ ਉਸ ਤੋਂ ਮਾੜੇ ਕੰਮ ਤਾਂ ਕਰਵਾਉਣੇ ਪੈਣਗੇ ਹੀ। ਇਸੇ ਤਰਾਂ ਚਮਕੀਲੇ ਨੇ ਅਮਲੀ ਬੰਦੇ ਦੀ ਗੱਲ ਕਰਨੀ ਹੈ ਤਾਂ ਉਸ ਦੀ ਜੀਵਨ ਸ਼ੈਲੀ ਨਾਲ ਸੰਬੰਧਤ ਸ਼ਬਦ ਤਾਂ ਲਿਖਣੇ ਪੈਣਗੇ ਹੀ। ਸੋ ਚਮਕੀਲਾ ਮਾੜਾ ਨੀ ਲਿਖਦਾ ਸੀ ਉਹ ਸਿਰਫ ਗੀਤ ਦੇ ਪਾਤਰਾਂ ਦੇ ਜੀਵਨ ਦਾ ਵਰਨਣ ਕਰਦਾ ਸੀ।

ਕਾਵਿ-ਕਣੀਆਂ said...

ਧੰਨਵਾਦ ਬਹੁਤ ਬਹੁਤ ਲੇਖ ਪਸੰਦ ਕਰਨ ਲਈ ਅਤੇ ਟਿੱਪਣੀਆਂ ਲਿਖਣ ਲਈ!