15.10.08

ਭਾਈਵਾਲ਼ੀ- ਵਿਅੰਗਾਤਮਿਕ ਛੋਟੀ ਕਹਾਣੀ

“ਸਾਡੀ ਕਾਮਯੂਬੀ ਥੋਡੀ ਆਪਣੀ ਕਾਮਯੂਬੀ ਹੈ....ਸਾਡੀ ਕਾਮਯੂਬੀ ਥੋਡੀ”..... ਅਮਲੀ ਲੀਡਰਾਂ ਵਾਂਗ ਘਸੇ ਪਿਟੇ ਨਾਹਰੇ ਮਾਰਦਾ ਅੱਜ ਸੱਥ ਵੱਲ ਤੁਰਿਆ ਆ ਰਿਹਾ ਸੀ....।
“ਓ ਅਮਲੀਆ, ਕੇਹਨੂੰ ਕਾਮਯਾਬ ਕਰੀਂ ਜਾਨੈਂ?, ਕਿਹੜੀ ਪਾਰਟੀ ਨਾਲ਼ ਭਾਈਵਾਲ਼ੀ ਕਰ ਲੀ?”..... ‘ਕਿਹਰੂ’ ਕਿਆਂ ਦਾ ਭਾਨਾ, ਅਮਲੀ ਨੂੰ ਮਾਸਟਰਾਂ ਵਾਂਗ ਸਵਾਲ ਕਰਨ ਲੱਗ ਪਿਆ।
“ਓ ਏਹਨੇ ਕਿਸੇ ਨਾਲ਼ ਕੀ ਭਾਈਵਾਲ਼ੀ ਪਾਉਣੀ ਆ? ਲੱਗਦਾ ਅੱਜ ਜਾਂ ਤਾਂ ਏਹਦੀ ਭੁੱਕੀ ਥੋੜ੍ਹੀ ਜਿਆਦਾ ਛਕੀ ਗਈ ਏ, ਜਾਂ ਫੇਰ ਇਹ ਕਿਸੇ ਪਾਰਟੀ ਦੇ ਪੰਡਾਲ ‘ਚੋਂ ਸਿੱਧਾ ਇੱਧਰ ਈ ਆ ਗਿਆ।”, ਰਾਜੀ ‘ਸੱਜਣ’ ਕਿਆਂ ਦਾ ਤਾਸ਼ ਦਾ ਪੱਤਾ ਸੁੱਟਦਾ ਹੋਇਆ ਬੋਲਿਆ।
“ਨਾ ਤੂੰ ਮੈਨੂੰ ਭੁੱਕੀ ਲਿਆ ਕੇ ਦਿੰਨੈਂ?...... ਓ ਚੌਰਿਆ?..... ਮੂੰਹ ਸਮਾਲ਼ ਕੇ ਗੱਲ ਕਰੀਂ!..... ਐਂਵੇਂ ਨਾ ਸ਼ਿਕਾਰੀ ਕੁੱਤੇ ਜਿਹਾ ਲੱਕ ਤੁੜਾ ਲਈਂ ਮੈਥੋਂ!!” ਧੀਮੀਂ ਗਤੀ ਦੀਆਂ ਖਬ਼ਰਾਂ ਸੁਣਾਉਣ ਵਾਲ਼ਿਆਂ ਵਾਂਗ ਬੋਲਦਾ ਹੋਇਆ ਅਮਲੀ, ਅੱਜ ਕੁਝ ਨਰਾਜ਼ ਜਿਹਾ ਲੱਗਦਾ ਸੀ, ਏਸ ਲਈ ਚਾਰੇ ਖੁਰ ਚੁੱਕ ਕੇ ਰਾਜੀ ਨੂੰ ਗੱਲੀਂ ਗੱਲੀਂ ਮਾਰਨ ਪਿਆ।
“........” ਰਾਜੀ ਚੁੱਪ ਸੀ। ਸਮੈਕ ਦਾ ਭੰਨਿਆ ਹੋਇਆ ਰਾਜੀ ਹੁਣ ਅਮਲੀ ਨਾਲ਼ ਵੀ ਲੜ੍ਹਨ ਭਿੜਨ ਜੋਗਾ ਨਹੀਂ ਸੀ, ਏਸ ਲਈ ਉਸਨੇ ਚੁੱਪ ‘ਚ ਹੀ ਭਲਾ ਸਮਝਿਆ।
“ਓ ਤੈਨੂੰ ਕੀ ਹੋਇਆ ਅਮਲੀਆ? ਬੜਾ ਤਪਿਆ ਪਿਐਂ ਲੁਹਾਰਾਂ ਦੀ ਭੱਠੀ ਵਾਂਗੂੰ, ਅੱਗ ਹੀ ਕੱਢੀਂ ਜਾਨੈਂ” ਮੰਨਾ ਸਿਓਂ ਗੱਲ ਨੂੰ ਸੁਲਝਾਉਣ ਦੇ ਰੌਂਅ ‘ਚ ਹੁੰਦਾ ਹੋਇਆ ਬੋਲਿਆ।
(ਸੱਥ ਵਿੱਚ ਗਰਮੀਆਂ ਨੂੰ ਤਾਂ ਜਿਵੇਂ ਮੇਲਾ ਹੀ ਲੱਗਿਆ ਰਹਿੰਦਾ ਸੀ। ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਮੁੰਡੇ ਖੁੰਡੇ ਵੀ ਸੱਥ ਵਿੱਚ ਆ ਬਹਿੰਦੇ। ਤਾਸ਼ ਦੀਆਂ ਬਾਜ਼ੀਆਂ ਲੱਗਦੀਆਂ, ਪਿੱਪਲਾਂ, ਬੋਹੜਾਂ ਦੀ ਛਾਵੇਂ, ਠੰਡੀ ਠੰਡੀ ਹਵਾ ਚੱਲਦੀ ਤੇ ਲੋਕ ਨਜਾਰੇ ਮਾਣਦੇ। ਖੇਤੀ ਤੋਂ ਲੈ ਕੇ ਸਿਆਸਤ ਤੱਕ ਦੀਆਂ ਗੱਲਾਂ ਸੱਥ ਦਾ ਵਿਸ਼ਾ ਬਣਦੀਆਂ।)
“ਨਾ ਮੈਨੂੰ ਕੀ ਹੋਣਾ ਮਾਂਈ ਜਾਵੀ ਦਾ? ਹੋਇਆ ਤਾਂ ਓਹਨਾਂ ਨੂੰ ਆ, ਜਿਹੜੇ ਹਰ ਪੰਜੀਂ ਸਾਲੀਂ ਆ ਕੇ ਖੌਰੂ ਪੱਟਣ ਲੱਗ ਪੈਂਦੇ ਨੇ..... ਆਹ ਕਰਾਂਗੇ ਓਹ ਕਰਾਂਗੇ.....ਕਰਨਾ ਕੱਤਰਨਾ ਕੱਖ ਨੀ..... ਸਾਲ਼ੇ ਗੱਲਾਂ ਨਾਲ਼ ਈ ਕਾਮਯੂਬੀ ਕਾਮਯੂਬੀ ਕਰ ਕੇ ਓਹ ਗਏ ਤੇ ਓਹ ਗਏ”, ਸ਼ਿੰਦੇ ਅਮਲੀ ਨੇ ਦਿਲ ਦੀ ਪੋਟਲੀ ਸੱਥ ਦੇ ਸਾਹਮਣੇ ਖੋਹਲੀ।
“ਨਾ ਵਿਚਲੀ ਗੱਲ ਤਾਂ ਦੱਸ, ਕਿੱਥੇ ਆਏ ਸੀ? ਕੇਹੜੀ ਪਾਰਟੀ ਵਾਲ਼ੇ ਸੀ? ਕੀ ਕੀ ਵਾਅਦੇ ਕਰ ਗਏ? ਮਾਸਟਰ ਵੀ ਬੇਗੀ ਤੇ ਬਾਦਸ਼ਾਹ ਸੁੱਟਦਾ ਹੋਇਆ ਬੋਲਿਆ। ਮਾਸਟਰ ਨੂੰ ਵੀ ਅੱਜ ਨਿਆਣੇ ਕੁੱਟਣ ਤੋਂ ਛੁੱਟੀ ਸੀ।
“ਪਾਰਟੀ ਦਾ ਨਾਓਂ ਤਾਂ ‘ਭੰਨ-ਤੋੜ-ਭੰਨ ਪਾਰਟੀ’ ਦੱਸਦੇ ਸੀ, ਕਈ ਪੱਗਾਂ ਵਾਲ਼ੇ ਸੀ ਤੇ ਕਈ ਟੋਪੀਆਂ ਵਾਲ਼ੇ ਸੀ। ਆਹ ਨਾਲ਼ ਦੇ ਪਿੰਡ, ਆਏ ਸੀ। ਵਾਅਦੇ ਤਾਂ ਕਰਨ ਤੋਂ ਬਾਅਦ ਓਹਨਾਂ ਨੂੰ ਨੀਂ ਯਾਦ ਰਹਿੰਦੇ ਮਾਸਟਰਾ, ਮੈਨੂੰ ਕੀ ਰਹਿਣੇ ਆ ਸਹੁਰੀ ਦੇ?” ਅਮਲੀ ਨੱਕ ‘ਚ ਬੋਲਦਾ ਬੋਲਦਾ ਜਰਾ ਕੁ ਰੁਕਿਆ ਤੇ ਫੇਰ ਬੋਲਣ ਲੱਗ ਪਿਆ, “ਪੱਗਾਂ, ਟੋਪੀਆਂ ਦੇ ਰੰਗ ਵੀ ਸਹੁਰੇ ਰਲ਼ਵੇ ਈ ਸੀ ਸਭ ਦੇ, ਗੱਲਾਂ ਬਥੇਰੀਆਂ ਕਰਦੇ ਸੀ। ਦੋ ਤਿੰਨ ਨੀਂਹ ਪੱਥਰੂ ਜਏ ਰੱਖ ਗਏ ਨੇ,,,, ਆਂਹਦੇ ਸੀ ਜੇ ਸਾਡੀ ਸਰਕਾਰ ਬਣ ਗਈ ਤਾਂ ਨੀਂਹ ਪੱਥਰੂ ਪੱਟ ਦਿਆਂਗੇ ਤੇ ਉਸਾਰੀ ਸ਼ੁਰੂ ਕਰਾਵਾਂਗੇ.....ਨਾਲ਼ੇ ਦੋ ਟਰੱਕ ਸਾਡੇ ਲਈ ਖਾਸ ਤੌਰ ਤੇ ਲੈ ਕੇ ਆਏ ਸੀ”, ਅਮਲੀ ਸਾਹੋ ਸਾਹੀ ਹੋਇਆ ਦੱਸੀ ਜਾ ਰਿਹਾ ਸੀ। ਆਖ਼ਰੀ ਫਿਕਰਾ ਬੋਲਦਾ ਬੋਲਦਾ ਅਮਲੀ ਮੁਸਕੜੀਂ ਹੱਸਿਆ।
“ਨਾ ਨੀਂਹ ਪੱਥਰ ਤਾਂ ਪਹਿਲਾਂ ਈ ਬਥੇਰੇ ਆ ਪਿੰਡਾਂ, ਸ਼ਹਿਰਾਂ ‘ਚ ਲੱਗੇ ਹੋਏ” ਮੰਨਾ ਸਿਓਂ ਠੀਕ ਹੋ ਕੇ ਬਹਿੰਦਾ ਹੋਇਆ ਬੋਲਿਆ।
“ਚਾਚਾ, ਕੀ ਫਰਕ ਪੈਂਦਾ ਜੇ ਦੋ ਚਾਰ ਹੋਰ ਲੱਗ ਗਏ ਤਾਂ” ਰਾਜੀ ਕਾਫੀ ਦੇਰ ਚੁੱਪ ਰਹਿਣ ਪਿੱਛੋਂ ਹੁਣ ਮੰਨਾ ਸਿਓਂ ਨੂੰ ਸੰਬੋਧਨ ਹੁੰਦਾ ਹੋਇਆ ਬੋਲਿਆ।
“ਅਮਲੀਆ ਤੇਰਾ ਕੋਟਾ ਤਾਂ ਪੂਰਾ ਹੋ ਗਿਆ ਲੱਗਦੈ”, ਭਾਨਾ ‘ਕਿਹਰੂ’ ਕਿਆਂ ਦਾ ਅਮਲੀ ਤੇ ਟੌਣਾ ਲਾਉਂਦਾ ਹੋਇਆ ਬੋਲਿਆ।
“ਆਹੋ, ਭਾਨਿਆਂ, ਆਪਣਾ ਕੋਟਾ ਤਾਂ ਸਹੁਰੀ ਦਾ ਪੂਰਾ ਈ ਰਹਿੰਦੈ, ਚਲੋ ਹੁਣ ਲੱਗਦੇ ਹੱਥ ਦੋ ਚਾਰ ਦਿਨ ਹੋਰ ਸੌਖੇ ਲੰਘ ਜਾਣਗੇ। ਜਦ ਮਾਲ-ਮੂਲ ਮੁੱਕਿਆ ਤਾਂ ਕਿਸੇ ਹੋਰ ਪਾਰਟੀ ਨਾਲ਼ ਭਾਈਵਾਲ਼ੀ ਪਾ ਲਾਂ ਗੇ, ਸਾਡਾ ਕਿਹੜਾ ਸਾਲ਼ਾ ਜੋਰ ਲੱਗਦੈ?”........ ਅਮਲੀ ਲੋਟ ਪੋਟ ਜਿਹਾ ਹੋ ਕੇ ਹੱਸਦਾ ਹੋਇਆ ਬੋਲਿਆ।
ਅਮਲੀ ਦਾ ਗੁੱਸਾ ਸੱਥ ‘ਚ ਆ ਕੇ ਛੂ ਮੰਤਰ ਹੋ ਚੁੱਕਾ ਸੀ। ਸ਼ਿੰਦੇ ਅਮਲੀ ਦੀ ਪਾਰਟੀਆਂ ਨਾਲ਼ ਭਾਈਵਾਲ਼ੀ, ਵੀ ਪਾਰਟੀਆਂ ਦੀ ਲੋਕਾਂ ਨਾਲ਼ ਭਾਈਵਾਲ਼ੀ ਵਰਗੀ ਹੀ ਹੋ ਗਈ ਸੀ, ਅੱਜ ਏਹਦੇ ਨਾਲ਼ ਤੇ ਕੱਲ ਓਹਦੇ ਨਾਲ਼.....।
ਸੱਥ ਵਿੱਚ ਅਮਲੀ ਦੀ ਸੁਲਝੀ ਹੋਈ ਸਮਝ ਤੇ ਹਾਸਾ ਪੈ ਗਿਆ।
ਕਮਲ ਕੰਗ 13 ਅਕਤੂਬਰ 2008

2.10.08

ਛੋਟੀ ਕਹਾਣੀ-ਘਿਰਣਾ

ਮੰਦਰ ਦੀਆਂ ਸੰਗਮਰਮਰੀ ਪੌੜੀਆਂ ਤੇ ਬੁੱਢੀ ਮਾਈ ਬੈਠੀ ਹੈ। ਰੰਗ ਸਾਂਵਲਾ, ਹੱਠੀਆਂ ਦੀ ਮੁੱਠ ਜਿਹਾ ਸਰੀਰ, ਮੈਲ਼ੇ ਕੁਚੈਲ਼ੇ ਕੱਪੜੇ, ਅੱਖਾਂ ਤੇ ਘਸਮੈਲ਼ੇ ਸ਼ੀਸ਼ਿਆਂ ਵਾਲ਼ੀ ਐਨਕ। ਐਨਕ ਦੀਆਂ ਦੋਵੇਂ ਡੰਡੀਆਂ ਧਾਗੇ ਨਾਲ਼ ਬੰਨ੍ਹੀਆਂ ਹੋਈਆਂ ਨੇ ਜਿਵੇਂ ਮਾਈ ਦੇ ਸਰੀਰ ਨਾਲ਼ ਕੁਝ ਸਾਹ ਅਜੇ ਵੀ ਬੰਨ੍ਹੇ ਹੋਏ ਹੋਣ। ਮੰਦਰ ਦੀਆਂ ਪੌੜੀਆਂ ਤੇ ਅੱਜ ਬੜੀ ਭੀੜ ਹੈ, ਲੋਕ ਵਾਹੋ ਦਾਹੀ ਭਗਵਾਨ ਦੇ ਦਰਸ਼ਨਾਂ ਲਈ ਮੰਦਰ ਦੇ ਦਰਵਾਜੇ ਵੱਲ ਇਕ ਦੂਜੇ ਤੋਂ ਅੱਗੇ ਵਧਦੇ ਹੋਏ, ਰਾਮ ਰਾਮ ਕਰਦੇ ਹੋਏ ਪੌੜੀਆਂ ਚੜ੍ਹੀ ਜਾ ਰਹੇ ਹਨ। ਬੁੱਢੀ ਮਾਈ ਮੰਦਰ ਦੀਆਂ ਪੌੜੀਆਂ ਚੜ੍ਹਦੇ ਹਰ ਸ਼ਰਧਾਲੂ ਵੱਲ ਤਰਸ ਭਰੀਆਂ ਅੱਖਾਂ ਨਾਲ਼ ਵੇਖਦੀ ਹੈ, ਨਾਲ਼ ਹੀ ਨਾਲ਼ ਆਪਣੇ ਅੱਗੇ ਪਈ ਥਾਂ ਥਾਂ ਤੋਂ ਉਸ ਵਾਂਗ ਚਿੱਬੀ ਹੋਈ ਪਈ ਸਿਲਵਟ ਦੀ ਕੌਲੀ ਵੱਲ ਵੇਖਦੀ ਹੈ। ਕੌਲੀ ਵੱਲ ਵੇਖ ਕੇ ਲੱਗਦਾ ਹੈ ਜਿਵੇਂ ਮਾਈ ਵਾਂਗ ਉਹ ਵੀ ਸਦੀਆਂ ਤੋਂ ਭੁੱਖੀ ਹੋਵੇ। ਬੁੱਢੀ ਮਾਈ ਕੌਲੀ ਨੂੰ ਹਰ ਲੰਘਦੇ ਹੋਏ ਦੇ ਹੱਥਾਂ ਵੱਲ ਵੇਖ ਕੇ ਅੱਗੇ ਨੂੰ ਕਰਦੀ ਹੈ ਪਰ ਅੱਜ ਲੋਕਾਂ ਦਾ ਧਿਆਨ ਖਿੱਚਣ ਵਿੱਚ ਮਾਈ ਅਸਮਰੱਥ ਲੱਗਦੀ ਹੈ।
ਅੱਜ ਦੀ ਹਰ ਅਖ਼ਬਾਰ ਵਿੱਚ ਮੁੱਖ ਸੁਰਖ਼ੀ ਏਹੀ ਸੀ ਕਿ ਹਰ ਮੰਦਰ ਦਾ ਭਗਵਾਨ ਦੁੱਧ ਪੀ ਰਿਹਾ ਹੈ। ਟੈਲੀਵੀਜਨ ਤੇ ਵੀ ਵਾਰ ਵਾਰ ਚੈਨਲਾਂ ਵਾਲ਼ੇ ਇਹੀ ਦੱਸ ਰਹੇ ਸਨ ਅਤੇ ਭਗਵਾਨ ਨੂੰ ਦੁੱਧ ਪੀਂਦਾ ਵਿਖਾ ਰਹੇ ਸਨ। ਦੁਨੀਆਂ ਲਈ ਇਹ ਹੈਰਾਨੀ ਭਰੀ, ਸ਼ਰਧਾ ਭਰੀ, ਪਿਆਰ ਭਰੀ ਗੱਲ ਸੀ, ਇਸ ਲਈ ਹਰ ਕੋਈ ਦੁੱਧ ਚੁੱਕੀ ਅੱਜ ਮੰਦਰ ਵੱਲ ਨੱਸਾ ਜਾ ਰਿਹਾ ਸੀ ਆਪਣੇ ਆਪਣੇ ਭਗਵਾਨ ਨੂੰ ਦੁੱਧ ਪਿਲਾਉਣ ਵਾਸਤੇ।
ਅੱਜ ਬੁੱਢੀ ਮਾਈ ਨੂੰ ਆਪਣੇ ਮਨੁੱਖ ਹੋਣ ਤੇ ਘਿਰਣਾ ਹੋ ਰਹੀ ਸੀ, ਉਹ ਸੋਚ ਰਹੀ ਸੀ ਕਿ ਕਾਸ਼ ਉਹ ਵੀ ਮਨੁੱਖ ਨਾ ਹੁੰਦੀ ਬਲਕਿ ਪੱਥਰ ਦਾ ਭਗਵਾਨ ਹੁੰਦੀ।

14.7.08

ਯੁਨੀਕੋਡ ਵਿੱਚ ਪੰਜਾਬੀ ਲਿਖਣੀ ਸਿੱਖੋ....

ਇਸ ਲੇਖ ਨੂੰ ਪੜ੍ਹ ਕੇ ਤੁਸੀਂ ਬਿਨਾ ਕਿਸੇ ਸਾਈਟ /ਸੌਫਟਵੇਅਰ ਆਦਿ ਤੋਂ ਸਿੱਧੇ ਹੀ ਕੰਪਿਊਟਰ ਤੇ ਪੰਜਾਬੀ ਲਿਖਣ ਦੇ ਕਾਬਲ ਹੋ ਸਕਦੇ ਹੋ। ਕਿਸੇ ਵੀ ਪ੍ਰੋਗਰਾਮ ਵਿੱਚ ਸਿੱਧੇ ਹੀ ਟਾਈਪ ਕਰ ਕੇ ਪੰਜਾਬੀ ਲਿਖ ਸਕਦੇ ਹੋ। ਏਸ ਜਾਣਕਾਰੀ ਨਾਲ਼ ਭਰੇ ਹੋਏ ਲੇਖ ਵਿੱਚ ਕੁਝ ਕਮੀਆਂ ਵੀ ਹੋਣਗੀਆਂ ਪਰ ਤੁਸੀਂ ਮੈਨੂੰ ਈਮੇਲ ਕਰ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ @ kang.punjabi@gmail.com
ਪੰਜਾਬੀ ਯੁਨੀਕੋਡ ਦੀ ਵਰਤੋਂ ਬਾਰੇ ਕੁਝ ਨੁਕਤੇ (ਇਸ ਲੇਖ ਨੂੰ ਪੜ੍ਹ ਕੇ ਕੁਝ ਵੀ ਕਰਨ ਤੋਂ ਪਹਿਲਾਂ ਪਰਿੰਟ ਕਰ ਲਵੋ)
ਵਿੰਡੋਜ਼ ਐਕਸ ਪੀ ਅਤੇ ਇਸ ਤੋਂ ਅਪਗਰੇਡਡ ਸਿਸਟਮਜ਼ ਵਿੱਚ ਯੁਨੀਕੋਡ ਦੇ ਜਰੀਏ ਪੰਜਾਬੀ ਲਿਖਣ ਲਈ ਕੀ ਕਰਨਾ ਪੈਂਦਾ ਹੈ? ਇਸ ਬਾਰੇ ਵਿੱਚ ਕੁਝ ਮਹੱਤਵਪੂਰਨ ਗੱਲਾਂ, ਨੁਕਤੇ ਤੁਸੀਂ ਇਸ ਜਾਣਕਾਰੀ ਵਿੱਚ ਪੜ੍ਹ ਸਕੋਗੇ। ਯੁਨੀਕੋਡ ਨੂੰ ਵਰਤਣਾ ਮੇਰਾ ਸ਼ੌਕ ਬਣ ਚੁੱਕਾ ਹੈ ਅਤੇ ਮੈਂ ਸਾਰੇ ਪੰਜਾਬੀਆਂ ਨੂੰ ਇਸ ਨੂੰ ਵਰਤਣ ਦਾ ਸੱਦਾ ਦਿੰਦਾ ਹੋਇਆ ਆਪਣੇ ਵਲੋਂ ਵਰਤੇ ਹੋਏ ਅਹਿਮ ਨੁਕਤੇ ਇੱਥੇ ਸਾਂਝੇ ਕਰਨ ਦਾ ਹੌਂਸਲਾ ਕਰ ਰਿਹਾ ਹਾਂ, ਇਹ ਸਭ ਇਸ ਇੰਟਰਨੈੱਟ ਦੀ ਮਿਹਰਬਾਨੀ ਸਦਕਾ ਪ੍ਰਾਪਤ ਕਰਨ ਦਾ/ਸਿੱਖਣ ਦਾ ਸੁਭਾਗ ਹੀ ਹੈ, ਬਹੁਤੀਆਂ ਗੱਲਾਂ ਤੋਂ ਬਾਅਦ ਹੁਣ ਗੱਲ ਕਰਦਾ ਹਾਂ ਕਿ ਕਿਵੇਂ ਯੁਨੀਕੋਡ ਨੂੰ ਵਿੰਡੋਜ਼ ਵਿੱਚ ਇਨਸਟਾਲ/ਲਗਾਇਆ ਜਾ ਸਕਦਾ ਹੈ? :-
੧। ਸਭ ਤੋਂ ਪਹਿਲਾਂ ਹੇਠ ਲਿਖੇ ਲਿੰਕ ਤੇ ਜਾ ਕੇ ਗੁਰਬਾਣੀ ਦੀ ਕੀਬੋਰਡ ਲੇਅ-ਆਊਟ ਮੁਫ਼ਤ ਵਿੱਚ ਡਾਊਨ ਲੋਡ ਕਰੋ:
http://www.gurbanifiles.org/unicode/index.htm
ਸਾਈਟ ਤੇ ਜਾ ਕੇ ਬਿਲਕੁਲ ਸਫੇ ਦੇ ਅੰਤ ਵਿੱਚ ਇਸ ਸਿਰਲੇਖ
Custom Punjabi/Gurmukhi Unicode Keyboards
ਅਧੀਨ ਨੰਬਰ ੨ ਨੂੰ ਡਾਊਨ ਲੋਡ ਕਰੋ ਅਤੇ ਆਪਣੇ ਕੰਪਿਊਟਰ ਦੀ ਡਿਸਕਟੌਪ ਤੇ ਸੇਵ ਕਰ ਲਵੋ। ਇਹ ਲੇਅ-ਆਊਟ "ਡੀ ਆਰ ਚਾਤਰਿਕ" ਫੌਂਟਸ ਨਾਲ ਸਬੰਧਿਤ ਹੈ ਜੋ ਕਿ ਮੇਰੇ ਹਿਸਾਬ ਨਾਲ ਵਰਤਣੇ ਬੇਹੱਦ ਸੌਖੇ ਅਤੇ ਸੋਹਣੇ ਫੌਂਟਸ ਹਨ। ਇਸ ਫਾਈਲ ਵਿੱਚ ਨਾਲ ਹੀ ਕੀਬੋਰਡ ਲੇਅ-ਆਊਟ ਦੀ ਤਸਵੀਰ ਵੀ ਹੈ।
੨। ਫਾਈਲ ਨੂੰ ਅਨਜਿੱਪ ਕਰ ਕੇ ਕੰਪਿਊਟਰ ਦੀ ਡਿਸਕਟੌਪ ਤੇ ਜਾਂ ਆਪਣੇ ਡਾਕੂਮਿੰਟਸ ਫੋਲਡਰ ਵਿੱਚ ਸੇਵ ਕਰੋ।
ਇਸ ਨੂੰ ਡਬਲ ਕਲਿੱਕ ਕਰ ਕੇ ਆਪਣੇ ਕੰਪਿਊਟਰ ਵਿੱਚ ਇਨਸਟਾਲ ਕਰ ਲਵੋ।
੩। ਇਸ ਤੋਂ ਬਾਅਦ "ਸਟਾਰਟ" ਵਿੱਚ ਜਾ ਕੇ "ਕੰਟਰੋਲ ਪੈਨਲ" ਵਿੱਚ ਜਾਓ, ਕੰਟਰੋਲ ਪੈਨਲ ਵਿੱਚ ਜਾ ਕੇ "ਸਵਿੱਚ ਟੂ ਕਲਾਸਕ" ਨੂੰ ਕਲਿੱਕ ਕਰੋ।
ਹੁਣ "ਰੀਜ਼ਨਲ ਐਂਡ ਲੈਂਗੂਏਜ਼ ਔਪਸ਼ਨ" ਵਿੱਚ ਜਾਓ।
ਇਸ ਵਿੱਚ ਜਾ ਕੇ "ਲੈਂਗੂਏਜ਼" ਖਾਨੇ ਤੇ ਕਲਿੱਕ ਕਰੋ।
ਹੇਠਾਂ ਪਹਿਲੇ ਖਾਨੇ ਵਿੱਚ ਟਿੱਕ ਮਾਰਕ ਕਰ ਕੇ ਓਕੇ ਕਰੋ, ਜਦੋਂ ਇਹ ਇਨਸਟਾਲ ਹੋ ਗਿਆ ਤਾਂ ਕੰਪਿਊਟਰ ਤੁਹਾਨੂੰ ਵਿੰਡੋਜ਼ ਨੂੰ ਰੀਸਟਾਰਟ/ਦੋਬਾਰਾ ਚਲਾਉਣ ਲਈ ਕਹੇ ਗਾ, ਵਿੰਡੋਜ਼ ਦੀ ਗੱਲ ਮੰਨੋ ਅਤੇ ਕੰਪਿਊਟਰ ਦੋਬਾਰਾ ਸਟਾਰਟ ਕਰੋ।
੪। ਕੰਪਿਊਟਰ ਰੀਸਟਾਰਟ ਹੋਣ ਤੋਂ ਬਾਅਦ, "ਕੰਟਰੋਲ ਪੈਨਲ" ਵਿੱਚ ਜਾ ਕੇ "ਰੀਜ਼ਨਲ ਲੈਂਗੂਏਜ਼ ਔਪਸ਼ਨ" ਵਿੱਚ ਫਿਰ ਜਾਓ, "ਲੈਂਗੂਏਜ਼" ਖਾਨੇ ਦੇ ਅਧੀਨ ਅੱਧ-ਵਿਚਕਾਰ ਸੱਜੇ ਪਾਸੇ "ਡਿਟੇਲਜ਼" ਨੂੰ ਕਲਿੱਕ ਕਰੋ।"ਡਿਟੇਲਜ਼" ਵਿੱਚ "ਸੈਟਿੰਗਸ" ਵਿੱਚ ਜਾਓ ਅਤੇ "ਐਡ" ਬਟਨ ਤੇ ਕਲਿੱਕ ਕਰੋ।ਛੋਟੀ ਜਿਹੀ ਵਿੰਡੋਜ਼ ਖੁੱਲੇਗੀ ਅਤੇ ਉਸ ਵਿੱਚ "ਇਨਪੁੱਟ" ਪੰਜਾਬੀ ਕਰੋ ਅਤੇ "ਕੀਬੋਰਡ ਲੇਅ-ਆਊਟ" ਨੂੰ ਗੁਰਬਾਣੀ ਲਿੱਪੀ ਲੇਅ-ਆਊਟ ਕਰੋ।
"ਓਕੇ" ਕਲਿੱਕ ਕਰੋ ਅਤੇ "ਟਾਸਕਬਾਰ" ਤੇ ਜਾ ਕੇ ਸੱਜੀ ਕਲਿੱਕ ਕਰੋ ਅਤੇ “ਟੂਲਬਾਰ” ਵਿੱਚ ਜਾ ਕੇ "ਲੈਂਗੂਏਜ਼ ਬਾਰ" ਨੂੰ ਔਨ ਕਰੋ, ਇਸ ਤੋਂ ਬਾਅਦ ਹੇਠਾਂ "ਟਾਸਕਬਾਰ" ਵਿੱਚ ਅੰਗ੍ਰੇਜ਼ੀ ਵਿੱਚ "ਈ ਇਨ (ਅੰਗ੍ਰੇਜ਼ੀ)" ਲਿਖਿਆ ਮਿਲੇਗਾ, ਉਸ ਤੇ ਕਲਿੱਕ ਕਰੋ ਅਤੇ "ਪੀ ਏ (ਪੰਜਾਬੀ)" ਨੂੰ ਔਨ ਕਰੋ। ਜਦੋਂ ਵੀ ਤੁਸੀਂ ਪੰਜਾਬੀ ਵਿੱਚ ਲਿਖਣਾ ਹੋਵੇਗਾ ਜਾਂ ਹੋਰ ਕਿਸੇ ਵੀ ਲੈਂਗੂਏਜ਼ ਮਤਲਬ ਅੰਗ੍ਰੇਜ਼ੀ ਵਿੱਚ ਤਾਂ ਤੁਹਾਨੂੰ ਇਸ ਬਾਰ ਵਿੱਚ ਜਾ ਕੇ ਲੈਂਗੂਏਜ਼ ਔਪਸ਼ਨ ਔਨ ਕਰਨਾ ਪਵੇਗਾ। ਹੇਠਾਂ ਬਾਰ ਵਿੱਚ "ਈ ਇਨ" ਜਾਂ "ਪੀ ਇਨ" ਲਿਖਿਆ ਜਰੂਰ ਹੋਣਾ ਚਾਹੀਦਾ ਹੈ।
ਕਿਸੇ ਵੀ ਲਿਖਣ ਵਾਲ਼ੇ ਪ੍ਰੋਗਰਾਮ ਨੂੰ ਜਦੋਂ ਤੁਸੀਂ ਖੋਹਲਦੇ ਹੋ ਤਾਂ ਹਰ ਪ੍ਰੋਗਰਾਮ ਲਈ ਤੁਹਾਨੂੰ ਇਹ ਸੈਟਿੰਗ ਹਰ ਵਾਰ ਬਦਲਣੀ ਪਵੇਗੀ। ਜੇ ਤੁਸੀਂ ਇੰਟਰਨੈਟ ਇਕਸਪਲੋਰਰ ਵਿੱਚ ਵੀ ਲਿਖਣਾ ਹੈ ਤਾਂ ਤੁਹਾਨੂੰ ਇਹ ਸੈਟਿੰਗ ਬਦਲਣੀ ਪਵੇਗੀ।
ਹੁਣ ਤੁਸੀਂ ਆਪਣੇ ਕੰਪਿਊਟਰ ਵਿੱਚ ਪੰਜਾਬੀ ਯੁਨੀਕੋਡ ਵਰਤਣ ਦੇ ਯੋਗ ਹੋ। ਜੇ ਅਜੇ ਵੀ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਹੋਰ ਜਾਣਕਾਰੀ ਲਈ ਹੇਠਾਂ ਦਿੱਤੀਆਂ ਸਾਈਟਾਂ ਤੇ ਜਾ ਕੇ ਆਪ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:
http://www.gurbanifiles.org/unicode/instruct.html
http://www.gurbanifiles.org/unicode/index.htm
http://guca.sourceforge.net/applications/guca/
ਆਖਰੀ ਸਾਈਟ ਤੋਂ ਤੁਸੀਂ ਸੌਫਟਵੇਅਰ ਮੁਫ਼ਤ ਵਿੱਚ ਪ੍ਰਾਪਤ ਕਰ ਸਕਦੇ ਹੋ ਜਿਸ ਨਾਲ ਤੁਸੀਂ ਕਾਫ਼ੀ ਫੌਂਟਸ ਵਿੱਚ ਲਿਖੀ ਹੋਈ ਪੰਜਾਬੀ ਯੁਨੀਕੋਡ ਵਿੱਚ ਤਬਦੀਲ ਕਰ ਸਕਦੇ ਹੋ।
ਧੰਨਵਾਦ
*ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ*
ਕਮਲ ਕੰਗ

8.6.08

ਮਨੁੱਖ ਦੇ ਪੱਖ ਵਿੱਚ....

ਮਨੁੱਖ ਦੇ ਪੱਖ ਵਿੱਚ
ਔਰਤ ਜਾਤ ਸਦੀਆਂ ਤੋਂ ‘ਮਨੁੱਖ' ਬਣਨਾ ਚਾਹ ਰਹੀ ਹੈ ਪਰ ਸਦਾ ਹੀ ਉਸ ਦੀਆਂ ਆਸਾਂ ਤੇ ਪਾਣੀ ਫਿਰਿਆ ਹੈ। ਇਤਿਹਾਸ, ਮਿਥਿਹਾਸ ਦੇ ਲੇਖਕਾਂ ਨੇ ਰੱਜ ਕੇ ਔਰਤ ਨੂੰ ਭੰਡਿਆ ਹੈ। ਵੇਦਾਂ, ਕਤੇਬਾਂ, ਸ਼ਾਸਤਰਾਂ, ਧਾਰਮਿਕ ਗ੍ਰੰਥਾਂ ਵਿੱਚ ਔਰਤ ਦੇ ਪੱਲੇ ਜੋ ਖ਼ੈਰਾਤਾਂ ਪਾਈਆਂ ਗਈਆਂ ਹਨ, ਸੁਣ/ਪੜ੍ਹ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਪ੍ਰਕਿਰਤੀ ਦੇ ਨਿਯਮ ਅਨੁਸਾਰ ਆਦਮੀ ਅਤੇ ਔਰਤ ਦੋਨਾਂ ਤੋਂ ਹੀ ਮਨੁੱਖ ਜਾਤੀ ਦੀ ਉਤਪਤੀ ਹੁੰਦੀ ਹੈ। ਇਕੱਲਾ ਆਦਮੀ ਜਾਂ ਔਰਤ ਜੇ ਚਾਹੇ ਤਾਂ ਕੁਦਰਤ ਦੇ ਨਿਯਮ ਨੂੰ ਤੋੜ ਨਹੀਂ ਸਕਦੇ। ਪਰ ਇਹ ਸਭ ਕੁਝ ਅੱਖੋਂ ਪਰੋਖੇ ਕਰ ਕੇ ਆਦਮੀ ਨੇ ਸਦਾ ਔਰਤ ਨੂੰ ਮਨੁੱਖ ਨਹੀਂ ਬਣਨ ਦਿੱਤਾ। ਦੁਨੀਆ ਦੇ ਹਰ ਪੱਖ ਵਿੱਚ ਮਰਦ ਨੇ ਔਰਤ ਨੂੰ ਬਰਾਬਰੀ ਦੇਣ ਤੋਂ ਕੰਨੀ ਕਤਰਾਈ ਹੈ। ਨੀਂਵਾ ਦਿਖਾਉਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਬਰਾਬਰੀ ਦਾ ਵਿਸ਼ਾ ਬਹੁਤ ਵਿਸ਼ਾਲ ਹੈ ਜਿਸ ਕਰਕੇ ਇੱਥੇ ਸਿਰਫ਼ ਇਸ ਦੇ ਇਕ ਪੱਖ ਨਾਲ਼ ਸਬੰਧਿਤ ਹੀ ਗੱਲ ਕਰਦੇ ਹਾਂ।
ਥੋੜੇ ਦਿਨ ਹੋਏ ਹਨ ਕਿ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਲਈ ਇਕ ਨਵੇਂ ਕਲਾਕਾਰ ਨੇ ਪੰਜਾਬੀ ਸੰਗੀਤ ਦੀ ਦੁਨੀਆ ਦੀ ਪੈੜ ਵਿੱਚ ਆ ਕੇ ਪੈਰ ਟਿਕਾਏ ਹਨ। ਗੀਤ ਦੇ ਬੋਲ ਪੰਜਾਬੀ ਔਰਤ ਦੀ ਕਹਾਣੀ ਤੇ ਅਧਾਰਤ ਹਨ ਜੋ ਆਪਣਾ ਸਹੁਰਾ ਘਰ ਘਰੇਲੂ ਲੜਾਈ ਝਗੜੇ ਤੋਂ ਦੁਖੀ ਹੋ ਕੇ ਛੱਡ ਕੇ ਆਪਣੇ ਪੇਕਿਆਂ ਨੂੰ ਜਾ ਰਹੀ ਹੈ। ਗੀਤ ਵਿਚਲੀ ਕਹਾਣੀ ਸੁਣਨ ਵਾਲੇ ਦੇ ਜਿ਼ਹਨ ਵਿੱਚ ਬੜੀ ਅਮਿੱਟ ਛਾਪ ਛੱਡਦੀ ਹੈ। ਗੀਤ ਦਾ ਸੰਗੀਤ, ਸ਼ਬਦਾਵਲੀ, ਕਲਾਕਾਰ ਦੀ ਅਵਾਜ਼ ਸਭ ਹੀ ਬਹੁਤ ਚੰਗੀ ਤਰਾਂ ਮਨ ਨੂੰ ਭਾਉਂਦੇ ਹਨ। ਸ਼ਾਲਾ ਰੱਬ/ਲੋਕ ਕਲਾਕਾਰ ਨੂੰ ਕਾਮਯਾਬੀ ਬਖ਼ਸ਼ਣ।
ਉਸ ਗੀਤ ਦਾ ਆਖਰੀ ਅੰਤਰਾ ਸੀ:

“ਤੈਨੂੰ ਸਿਰ ਦਿਆ ਸਾਂਈਂਆ, ਮੇਰੇ ਲੱਗ ਜਾਣ ਸਾਹ,
ਨਿੱਤ ਮੰਗੂਗੀ ਦੁਆਵਾਂ, ਵੇ ਨਾ ਲੱਗੇ ਤੱਤੀ ਵਾਹ,
ਰਹੇ ਵੱਸਦਾ ਹਾਏ ਵੇ ਰਹੇ ਵੱਸਦਾ,
ਰਹੇ ਵੱਸਦਾ ਕਟਾਣੀ ਪਿੰਡ ਤੇਰਾ,
ਗੱਡੀ ਦੇ ਵਿੱਚ ਮੈਂ ਰੋਵਾਂ, ਘਰੇ ਚਰਖਾ ਰੋਂਦਾ ਹਊ ਮੇਰਾ”...
ਇਸ ਅੰਤਰੇ ਨੂੰ ਸੁਣ ਕੇ ਮਹਿਸੂਸ ਹੁੰਦਾ ਹੈ ਕਿ ਅੱਜ ਦੀ ਹਰ ਔਰਤ ਬਹੁਤ ਕਮਜ਼ੋਰ, ਮਜਬੂਰ, ਨਿਮਾਣੀ, ਅਬਲਾ, ਨਿਤਾਣੀ ਹੀ ਹੈ ਜਿਵੇਂ ਅਸੀਂ ਸਦੀਆਂ ਤੋਂ ਸੁਣਦੇ ਹੀ ਆਏ ਹਾਂ। ਗੀਤ ਅਨੁਸਾਰ ਉਹ ਘਰੋਂ ਕੱਢੇ ਜਾਣ ਤੇ ਵੀ ਅਤੇ ਹੱਦੋਂ ਵੱਧ ਦੁਖੀ ਹੋ ਕੇ ਵੀ ਆਪਣੇ ਬੇਕਦਰੇ ਪਤੀ ਤੋਂ ਦੂਰ ਜਾਂਦੀ ਹੋਈ ਵੀ ਉਸ ਨੂੰ ਖੁਸ਼ ਵੇਖਣ ਦੀ ਆਸ ਵਿੱਚ ਹੈ। ਆਖਦੀ ਹੈ ਕਿ ਉਸ ਦੇ ਪਤੀ ਨੂੰ ਤੱਤੀ ਵਾਹ ਨਾ ਲੱਗੇ, ਉਸ ਦਾ ਪਿੰਡ ਵਸਦਾ ਰਹੇ, ਆਖਦੀ ਹੈ ਮੇਰੇ ਸਿਰ ਦਿਆ ਸਾਂਈਂਆ ਤੇਰੇ ਲਈ ਮੈਂ ਦੁਆਵਾਂ ਕਰਦੀ ਹਾਂ ਕਿ ਤੈਨੂੰ ਕੱਖ ਨਾ ਹੋਵੇ ਤੂੰ ਮੈਨੂੰ ਉਜਾੜ ਕੇ ਸਦਾ ਹੀ ਸੁੱਖੀਂ ਸਾਂਦੀ ਵਸਦਾ ਰਹੇਂ।
ਮੈਨੂੰ ਗੀਤ ਦੀ ਡੁੰਘਾਈ ਵਿੱਚ ਜਾ ਕੇ ਏਸ ਤਰ੍ਹਾਂ ਲੱਗਦਾ ਹੈ ਕਿ ਆਪਣਾ ਘਰ (ਮਾਪਿਆਂ ਦਾ) ਛੱਡ ਕੇ ਆਈ ਔਰਤ ਜਦੋਂ ਪਤੀ ਦੇ ਘਰ ਨੂੰ ਆਪਣਾ ਸਮਝ ਕੇ ਆਪਣੀ ਮੌਤ ਤੱਕ ਉੱਥੇ ਹੀ ਵਸਣਾ ਚਾਹੁੰਦੀ ਸੀ, ਅੱਜ ਘਰ ਛੱਡ ਕੇ ਜਾਣ ਤੋਂ ਬਾਅਦ ਇਸ ਤਰ੍ਹਾਂ ਵੀ ਕਹਿ ਰਹੀ ਹੈ ਕਿ ਮੇਰੇ ਜਾਣ ਬਾਅਦ ਤੂੰ ਹੋਰ ਔਰਤ ਨੂੰ ਘਰ ਵਿਆਹ ਕੇ ਲੈ ਆਵੇਂ, ਜਦੋਂ ਉਸ ਦੀ ਜ਼ਿੰਦਗੀ ਵੀ ਤਬਾਹ ਕਰ ਦੇਵੇਂ ਤਾਂ ਹੋਰ ਔਰਤ ਨੂੰ ਵਿਆਹ ਲਿਆਵੇਂ, ਉਸ ਤੋਂ ਬਾਅਦ ਹੋਰ, ਉਸ ਤੋਂ ਬਾਅਦ ਹੋਰ...। ਇਹ ਸਿਲਸਿਲਾ ਉਦੋਂ ਤੱਕ ਚੱਲਦਾ ਹੀ ਰਹੇ ਜਦੋਂ ਤੱਕ ਇਹ ਸਮਾਜ ਔਰਤ ਨੂੰ ਕਮਜ਼ੋਰ, ਮਜਬੂਰ, ਨਿਮਾਣੀ, ਨਿਤਾਣੀ, ਬੇਸਹਾਰਾ, ਬੇਵੱਸ, ਅਬਲਾ, ਨਿਰਦੋਸ਼ ਹੋ ਕੇ ਵੀ ਦੋਸ਼ੀ ਸਮਝਦਾ ਰਹੇ ਅਤੇ ਆਖਰ ਗੀਤ ਵਿਚਲੀ ਔਰਤ ਉਸ ਦੇ ਬੇਕਦਰੇ, ਨਿਰਦਈ, ਅਮਨੁੱਖ ਪਤੀ ਵਲੋਂ ਦੁਰਕਾਰੇ ਜਾਣ ਤੇ ਵੀ ਉਸ ਦਾ ਭਲਾ ਕਿਉਂ ਨਾ ਚਾਹੇ, ਕਿਉਂਕਿ ਉਸ ਦੇ ਪਤੀ ਪਰਮੇਸ੍ਵਰ ਨੇ ਉਸ ਨੂੰ ਜਿੰਦਾ ਤਾਂ ਨਹੀਂ ਸਾੜਿਆ ਕਿਸੇ ਫਟਦੇ ਹੋਏ ਸਟੋਵ ਨਾਲ਼, ਕਤਲ ਤਾਂ ਨਹੀਂ ਕੀਤਾ ਉਸ ਦੇ ਸਰੀਰ ਦਾ, ਹੋਰ ਦਾਜ ਲਿਆਉਣ ਲਈ ਉਹਦੇ ਮਾਪਿਆਂ ਨੂੰ ਵਿਕਣ ਲਈ ਮਜਬੂਰ ਤਾਂ ਨਹੀਂ ਕੀਤਾ?
ਦੂਜੇ ਪਾਸੇ ਦੇ ਹਾਲਾਤਾਂ ਅਨੁਸਾਰ ਔਰਤ ਨੂੰ ਪਤੀ ਦੇ ਘਰੋਂ ਜਾਂਦੀ ਨੂੰ ਇਹ ਜਰੂਰ ਹੀ ਸੋਚਣਾ ਚਾਹੀਦਾ ਸੀ ਕਿ ਅਜੇ ਪਤਾ ਨਹੀਂ ਕਿੰਨਾ ਕੁ ਹੋਰ ਚਿਰ ਉਸਨੇ ਮੈਨੂੰ ਪੈਰਾਂ ਹੇਠ ਲਿਤਾੜਦੇ ਰਹਿਣਾ ਸੀ ਜੇ ਮੈਂ ਉੱਥੋਂ ਜਿਉਂਦੀ ਜਾਗਦੀ ਬੱਚ ਕੇ ਨਾ ਆਉਂਦੀ ਤਾਂ! ਜੋ ਔਰਤ ਪਤੀ ਦਾ ਘਰ ਛੱਡ ਕੇ ਇਕ ਵਾਰ ਆ ਗਈ ਹੋਵੇ ਫਿਰ ਉਸ ਦਾ ਮੁੜ ਕੇ ਓਸ ਘਰ ਵਿੱਚ ਵਸਣਾ ਜਿਸ ਤਰ੍ਹਾਂ ਦੁੱਭਰ ਹੁੰਦਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ। ਨਾ ਤਾਂ ਔਰਤ ਦੇ ਮਾਪੇ ਘਰ ਵਿੱਚ ਹੀ ਮੁੜ ਕੇ ਉਸ ਦੀ ਕਦਰ ਪੈਂਦੀ ਹੈ ਨਾ ਹੀ ਉਸ ਦਾ ਭਵਿੱਖ ਸੁਨਹਿਰੀ ਹੁੰਦਾ ਹੈ। ਔਰਤ ਦੀ ਦੁਨੀਆ ਹਨੇਰ ਭਰੀ ਹੋ ਜਾਂਦੀ ਹੈ। ਜੇ ਔਰਤ ਕੋਲ਼ ਔਲਾਦ ਹੋਵੇ ਤਾਂ ਉਸ ਤੋਂ ਵੀ ਮਾੜੇ ਹਾਲਾਤ ਬਣ ਜਾਂਦੇ ਹਨ। ਉਮਰ ਉੱਪਰ ਵੀ ਉਸ ਦਾ ਭਵਿੱਖ ਨਿਰਭਰ ਕਰਦਾ ਹੈ। ਨਾ ਅੱਗੇ ਨਾ ਪਿੱਛੇ ਕਿਸੇ ਪਾਸੇ ਵੀ ਜਦੋਂ ਔਰਤ ਨੂੰ ਢੋਈ ਨਾ ਮਿਲੇ ਤਾਂ ਤੁਸੀਂ ਸੋਚੋ ਕਿ ਉਸ ਦੇ ਦਿਲ ਵਿੱਚੋਂ ਅਜੇ ਵੀ ਉਸ ਦੇ ਪਤੀ ਪਰਮੇਸ੍ਵਰ ਜਿਸ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ, ਉਸ ਲਈ ਅਸੀਸਾਂ, ਦੁਆਵਾਂ ਨਿਕਲ਼ਣੀਆਂ ਚਾਹੀਦੀਆਂ ਹਨ?
ਕੁਝ ਸਮਾਂ ਪਹਿਲਾਂ 'ਸੀਰਤ' ਵਿੱਚ ਅਤੇ 'ਕਨੇਡੀਅਨ ਪੰਜਾਬ ਟਾਈਮਜ਼' ਵਿੱਚ ਛਪ ਚੁੱਕੀ ਹੱਥਲੇ ਲੇਖ ਦੇ ਲੇਖਕ ਦੀ ਕਵਿਤਾ 'ਚੋਂ ਕੁਝ ਲਾਈਨਾਂ ਅੱਜ ਦੀ ਔਰਤ ਦੇ ਹਾਲਾਤਾਂ ਨੂੰ ਪੇਸ਼ ਕਰਦੀਆਂ ਹਾਜਰ ਹਨ:
“ਕਦਮ ਕਦਮ ਤੇ ਨਾ ਅਜ਼ਮਾ ਤੂੰ, ਮੈਂ ਸ਼ਕਤੀ ਸਾਕਾਰ ਹਾਂ,
ਸਦੀਆਂ ਦੀ ਮੈਂ ਜ਼ਹਿਰ ਹੈ ਪੀਤੀ, ਫਿਰ ਵੀ ਜਿ਼ੰਦਾ ਨਾਰ ਹਾਂ।
ਕਿੰਨਾ ਚਿਰ ਹੁਣ ਹੋਰ ਤੂੰ ਮੈਨੂੰ, ਪੈਰਾਂ ਹੇਠ ਲਿਤਾੜੇਂਗਾ,
ਤੇਰੇ ਪੈਰ ਦੀ ਜੁੱਤੀ ਨਹੀਂ ਹੁਣ, ਮੈਂ ਤੇਰੀ ਦਸਤਾਰ ਹਾਂ।”
ਇਸ ਕਵਿਤਾ ਵਿੱਚ ਔਰਤ ਨੂੰ ਬਰਾਬਰਤਾ ਦਾ ਹੱਕ, ਜੋ ਉਸ ਦਾ ਬਣਦਾ ਹੀ ਹੈ, ਪੇਸ਼ ਕੀਤਾ ਹੋਇਆ ਹੈ। ਅੱਜ ਦੀ ਔਰਤ 'ਅਬਲਾ' ਨਹੀਂ ਸਗੋਂ ਮਰਦ ਦੇ ਬਰਾਬਰ ਹਰ ਕਾਰਜ ਵਿੱਚ ਬਰਾਬਰ ਦਾ ਹਿੱਸਾ ਪਾਉਣ ਲਈ ਤਿਆਰ-ਬਰ-ਤਿਆਰ ਖੜ੍ਹੀ ਹੈ। ਪਰ ਅਸੀਂ ਪੁਰਾਣੀ ਸੰਸਕ੍ਰਿਤੀ ਨੂੰ ਅਜੇ ਤਿਲਾਂਜਲੀ ਦੇਣ ਤੋਂ ਇਨਕਾਰੀ ਹੋਏ ਬੈਠੇ ਹਾਂ। ਕਿਉਂ?
ਇਸ ਗੀਤ ਦੇ ਲੇਖਕ, ਗਾਇਕ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ ਕਿਉਂਕਿ ਉਹ ਜੋ ਸਮਾਜ ਵਿੱਚ ਵੇਖ ਰਿਹਾ ਹੈ ਪੇਸ਼ ਕਰ ਰਿਹਾ ਹੈ। ਪਰ ਪੈੜਾਂ ਪਈਆਂ 'ਚ ਤੁਰਨਾ ਸੌਖਾ ਹੁੰਦਾ ਹੈ, ਨਵੀਂਆਂ ਪੈੜਾਂ ਪਾਉਣੀਆਂ ਬੇਹੱਦ ਔਖੀਆਂ ਹੁੰਦੀਆਂ ਹਨ, ਬਹੁਤੀ ਵਾਰ! ਲੇਖਕਾਂ, ਗਾਇਕਾਂ ਦਾ ਕੁਝ ਤਾਂ ਫਰਜ਼ ਬਣਦਾ ਹੀ ਹੈ ਕਿ ਉਹ ਆਪਣੇ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਕਿਸੇ ਹੱਦ ਤੱਕ ਕੁਚਲਣ ਦੀ ਕੋਸ਼ਿਸ਼ ਕਰਨ। ਬੂੰਦ ਬੂੰਦ ਕਰ ਕੇ ਸਮੁੰਦਰ ਭਰ ਜਾਂਦੇ ਹਨ, ਸਾਡੇ ਕੁਝ ਅੱਖਰਾਂ, ਬੋਲਾਂ ਨਾਲ਼ ਕੁਝ ਤਾਂ ਫਰਕ ਪਏਗਾ ਹੀ!ਇਨਸਾਨੀਅਤ ਦੇ ਨਾਤੇ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਔਰਤ ਨੂੰ ਵੀ ਮਨੁੱਖ ਸਮਝੇ ਅਤੇ ਜਿੱਥੇ ਕਿਤੇ ਵੀ ਅੱਜ ਦੀ ਔਰਤ ਹੀਣ ਭਾਵਨਾ ਵਿੱਚ ਗਹਿਰੀ ਧਸੀ ਹੋਈ ਹੈ ਉਸ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰੇ। ਔਰਤ ਨੂੰ ਅਬਲਾ ਦੀ ਥਾਂ ਮਜ਼ਬੂਤ ਇਰਾਦਿਆਂ ਵਾਲ਼ੀ ਬਣਨਾ/ਬਣਾਉਣਾ/ਦਰਸਾਉਣਾ ਚਾਹੀਦਾ ਹੈ। ਔਰਤ ਦੇ ਜਜ਼ਬਾਤਾਂ ਨੂੰ ਮਰਦ ਦੀਆਂ ਪਿਛਾਂਹ-ਖਿੱਚੂ ਸੋਚਾਂ ਨਾਲ਼ ਨਕਾਰਨ ਦੀ ਨਾਕਾਮ ਕੋਸ਼ਿਸ਼ ਹੁਣ ਬੰਦ ਹੋਣੀ ਚਾਹੀਦੀ ਹੈ। ਮਨੁੱਖਾਂ ਨੂੰ ਮਨੁੱਖ ਬਣਨ ਦੇਣਾ ਚਾਹੀਦਾ ਹੈ ਅਤੇ ਰਲ਼ ਕੇ ਸਿਹਤਮੰਦ ਸਮਾਜ ਸਿਰਜਣਾ ਸਾਡਾ ਸਭ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ।
ਮੈਨੂੰ ਆਸ ਹੈ ਕਈ ਲੋਕ ਮੇਰੀ ਸੋਚ ਅਨੁਸਾਰ ਮੇਰੇ ਨਾਲ਼ ਸਹਿਮਤ ਹੋਣਗੇ ਕਿ ਉਸ ਗੀਤ ਦਾ ਆਖਰੀ ਅੰਤਰਾ ਏਸ ਤਰ੍ਹਾਂ ਹੋਣਾ ਚਾਹੀਦਾ ਸੀ:
“ਸੁਣ ਸਿਰ ਦਿਆ ਸਾਂਈਂਆ, ਤੇਰੇ ਮੁੱਕ ਜਾਣ ਸਾਹ,
ਨਿੱਤ ਚਾਹਾਂਗੀ ਵੇ ਦਿਲੋਂ, ਤੇਰੀ ਉੱਡ ਜਏ ਸੁਆਹ,
ਰਹੇ ਕੱਖ ਨਾ ਹਾਏ ਵੇ ਰਹੇ ਕੱਖ ਨਾ,
ਰਹੇ ਕੱਖ ਨਾ ਕਟਾਣੀ ਵਿੱਚ ਤੇਰਾ
ਗੱਡੀ ਦੇ ਵਿੱਚ ਮੈਂ ਰੋਵਾਂ, ਘਰੇ ਚਰਖਾ ਰੋਂਦਾ ਹਊ ਮੇਰਾ”.....
ਏਸ ਤਰ੍ਹਾਂ ਕਿਸੇ ਦੁਖੀ ਔਰਤ ਵਲੋਂ ਕਹਿਣਾ ਸ਼ਾਇਦ ਕਈ ਲੋਕਾਂ ਨੂੰ ਚੰਗਾ ਨਾ ਵੀ ਲੱਗੇ ਕਿਉਂਕਿ ਮਰਦ ਦੀ ਈਗੋ/ਹੰਕਾਰ ਨੂੰ ਸੱਟ ਲੱਗਦੀ ਹੈ, ਪੁਰਾਣੇ ਸੰਸਕਾਰਾਂ ਦੀਆਂ ਧੱਜੀਆਂ ਉੱਡਦੀਆਂ ਹਨ, ਪਰੰਪਰਾਵਾਂ ਬਿਖ਼ਰਦੀਆਂ ਹਨ, ਕੋਝੀਆਂ ਰਸਮਾਂ ਖੇਰੂੰ ਖੇਰੂੰ ਹੁੰਦੀਆਂ ਹਨ। ਇਸ ਲਈ ਕਈ ਲੋਕ ਸੋਚਣਗੇ ਕਿ ਔਰਤ ਵਲੋਂ ਆਪਣੇ ਪਤੀ ਲਈ ਇਸ ਤਰ੍ਹਾਂ ਬੁਰਾ ਚਿਤਵਣਾ ਬਹੁਤ ਹੀ ਮਾੜੀ ਗੱਲ ਹੈ! ਪਤੀ ਜੋ ਮਰਜ਼ੀ ਕਰਦਾ ਰਹੇ!
ਚਲੋ ਮੰਨ ਲੈਂਦੇ ਹਾਂ ਕਿ ਇਹ ਗੱਲ ਠੀਕ ਹੈ ਕਿ ਕਿਸੇ ਦਾ ਬੁਰਾ ਚਾਹੁਣਾ ਚੰਗੀ ਗੱਲ ਨਹੀਂ ਹੈ। ਪਰ ਦੂਜਿਆਂ ਨੂੰ ਕੰਨ ਕਰਨ ਲਈ ਫਾਂਸੀ ਵਰਗੀਆਂ ਸਜ਼ਾਵਾਂ ਦੁਨੀਆਂ ਵਿੱਚ ਜਾਇਜ਼ ਗਿਣੀਆਂ ਜਾਂਦੀਆਂ ਹਨ। ਇੱਥੇ ਤਾਂ ਸਿਰਫ ਬਦਅਸੀਸਾਂ ਹੀ ਹਨ ਜੋ ਇਕ ਦੁਖੀ ਔਰਤ ਆਪਣੇ ਪਤੀ ਦੇ ਘਰੋਂ ਨਿਕਲ਼ ਕੇ ਨ੍ਹੇਰ ਭਰੇ ਭਵਿੱਖ ਵੱਲ ਗੱਡੀ ਵਿੱਚ ਬੈਠ ਕੇ ਜਾਂਦੀ ਹੋਈ ਉਸ ਨੂੰ ਦੇ ਰਹੀ ਹੈ। ਕੀ ਇਹ ਵੀ ਉਸ ਦਾ ਹੱਕ ਨਹੀਂ ਬਣਦਾ ਕਿ ਉਹ ਆਪਣੇ ਦਿਲ ਦਾ ਭਾਰ ਹੌਲਾ ਕਰ ਸਕੇ, ਮਨ ਦਾ ਗੁੱਸਾ ਸ਼ਬਦਾਂ ਰਾਹੀਂ ਕਹਿ ਕੇ?

ਤਾਜ਼ਾ ਟਿੱਪਣੀਆਂ