Pages

Friday, June 1, 2012

ਵਿਅੰਗ - ਗਾਂਧੀ ਜੀ ਦੀ ਫੋਟੋ ਵਾਲਾ ਨੋਟ


ਵਿਅੰਗ-ਗਾਂਧੀ ਜੀ ਦੀ ਫੋਟੋ ਵਾਲਾ ਨੋਟ    

ਗੱਲ ਪੰਜਾਬ ਦੇ ਦੋ ਸ਼ਹਿਰਾਂ ਦੀ ਸਰਕਾਰੀ ਅਫ਼ਸਰਸ਼ਾਹੀ ਨਾਲ ਸਬੰਧਿਤ ਚਲੰਤ ਭ੍ਰਿਸ਼ਟਾਚਾਰ ਦੀ ਹੈ। ਹੋਇਆ ਇੰਝ ਕਿ ਮੇਰੇ ਦੋਸਤ ਨੇ ਆਪਣੇ ਰਿਸ਼ਤੇਦਾਰਾਂ ਦੇ ਕਨੇਡਾ ਆਉਣ ਲਈ ਅਪਲਾਈ ਕੀਤਾ ਹੋਇਆ ਸੀ ਅਤੇ ਉਹਨਾਂ ਦੀ ਇੰਟਰਵਿਊ ਦਾ ਸੱਦਾ ਉਹਨਾਂ ਨੂੰ ਆਇਆ ਹੋਇਆ ਸੀ। ਸੱਦੇ ਦੇ ਨਾਲ ਹੀ ਅੰਬੈਸੀ ਵਾਲਿਆਂ ਨੇ ਉਹਨਾਂ ਤੋਂ ਰਿਕਾਰਡ ਆਫ਼ ਕਲੀਅਰਿੰਸ ਵੀ ਮੰਗਵਾਇਆ ਸੀ। ਪਰ ਇੰਟਰਵਿਊ ਅਤੇ ਚਿੱਠੀ ਦੇ ਵਿਚਾਲੇ ਸਮਾਂ ਸਿਰਫ਼ ਦਸ ਕੁ ਦਿਨ ਦਾ ਹੀ ਉਹਨਾਂ ਨੂੰ ਮਿਲਿਆ ਸੀ ਰਿਕਾਰਡ ਲੈਣ ਲਈ। ਉਹਨਾਂ ਨੇ ਪਹਿਲੇ ਹੀ ਦਿਨ ਜਲੰਧਰ ਜਾ ਕੇ ਫਾਰਮ ਭਰੇ ਅਤੇ ਉੱਥੇ ਫਾਰਮ ਲੈਣ ਵਾਲੇ ਨੂੰ ਕਿਹਾ ਕਿ ਸਾਨੂੰ ਕਿਰਪਾ ਕਰਕੇ ਰਿਕਾਰਡ ਛੇਤੀ ਤੋਂ ਛੇਤੀ ਚਾਹੀਦਾ ਹੈ, ਇਸ ਕਰਕੇ ਤੁਸੀਂ ਸਾਡੇ ਫਾਰਮ ਲੈ ਲਓ ਅਤੇ ਜੋ ਵੀ ਹੋਰ ਕਾਰਵਾਈ ਇਸ ਸਬੰਧੀ ਤੁਸੀਂ ਕਰਨੀ ਹੈ ਉਹ ਕਰੋ ਜੀ। ਪਰ ਉਹ ਬਾਬੂ ਜੀ ਹੁਣੀਂ ਕਹਿਣ ਲੱਗੇ ਕਿ ਹੁਣ ਤਾਂ ਸਾਡੇ ਦਫ਼ਤਰ ਵਿੱਚ ਫਾਰਮ ਲੈਣ ਦਾ ਸਮਾਂ ਖਤਮ ਹੋ ਗਿਆ ਹੈ ਤੁਸੀਂ ਕੱਲ ਆਉਣਾ ਤੇ ਫਾਰਮ ਸਾਨੂੰ ਦੇ ਦੇਣੇ। ਫਿਰ ਲੋੜਵੰਦਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਕੋਲ ਬਹੁਤਾ ਸਮਾਂ ਨਹੀਂ ਹੈ ਜੇ ਤੁਸੀਂ ਅੱਜ ਇਹ ਜਮ੍ਹਾਂ ਕਰ ਲੈਂਦੇ ਤੇ ਫਿਰ ਕੱਲ ਸਵੇਰੇ ਤੁਸੀਂ ਭੇਜ ਦਿੰਦੇ। ਉਹ ਬਾਬੂ ਕਹਿਣ ਲੱਗਾ ਕਿ ਅਸੀਂ ਇਕੱਲੇ ਫਾਰਮਾਂ ਦਾ ਕੀ ਕਰੀਏ? ਇਹ ਪੰਜ ਫਾਰਮ ਨੇ ਤੇ ਇਹਨਾਂ ਨਾਲ ਇੱਕ ਗਾਂਧੀ ਜੀ ਵੀ ਜਰੂਰ ਚਾਹੀਦੇ ਆ। ਲੋੜਵੰਦਾਂ ਨੂੰ ਲੋੜ ਸੀ ਜੇ ਹੁਣ ਉਹ ਗਾਂਧੀ ਜੀ ਨੂੰ ਉਹਨਾਂ ਦੇ ਹਵਾਲੇ ਨਾ ਕਰਦੇ ਤਾਂ ਕੀ ਕਰਦੇ? ਸੋ ਉਹਨਾਂ ਨੇ ਬੜੇ ਪਿਆਰ ਨਾਲ ਮਹਾਤਮਾ ਜੀ ਦੀ ਫੋਟੋ ਨੂੰ ਬਾਬੂ ਜੀ ਦੇ ਹਵਾਲੇ ਕਰ ਦਿੱਤਾ। ਬਾਬੂ ਜੀ ਹੁਣੀਂ ਗਾਂਧੀ ਜੀ ਦੀ ਫੋਟੋ ਨੂੰ ਆਪਣੀ ਪਹਿਲਾਂ ਹੀ ਭਾਰੀ ਹੋਈ ਪਈ ਜੇਬ ਵਿੱਚ ਪਾਇਆ ਤੇ ਆਖਣ ਲੱਗਾ ਕਿ ਹੁਣ ਤੁਸੀਂ ਜਾਓ ਅਸੀਂ ਫਾਰਮ ਭੇਜ ਦਿਆਂਗੇ। ਅਤੇ ਲੋੜਵੰਦ ਆਸ ਦੇ ਚੱਪੂ ਮਾਰਦੇ ਮਾਰਦੇ ਭ੍ਰਿਸ਼ਟਾਚਾਰ ਦੇ ਦਰਿਆ’ਚੋਂ ਬਾਹਰ ਨਿਕਲ ਕੇ ਆਪਣੇ ਘਰ ਨੂੰ ਆ ਗਏ।
ਪਰ ਗੱਲ ਤਾਂ ਅਜੇ ਸੁ਼ਰੂ ਹੀ ਹੋਈ ਸੀ। ਅਜੇ ਤਾਂ ਫੀਤੇ ਨੂੰ ਅੱਗ ਹੀ ਲੱਗੀ ਸੀ, ਬੰਬ ਤਾਂ ਅਜੇ ਫਟਣਾ ਸੀ। ਇਸ ਕਾਂਡ ਤੋਂ ਬਾਅਦ ਉਹ ਫਾਰਮ ਜਲੰਧਰ ਵਾਲੇ ਦਫ਼ਤਰ ਤੋਂ ਜਲੰਧਰ ਦੀ ਇੱਕ ਤਹਿਸੀਲ ਦੇ ਠਾਣੇ ‘ਚੋਂ ਤਸਦੀਕ ਹੋ ਕੇ ਆਉਣੇ ਸੀ। ਦਿਨ ਘੱਟ ਹੋਣ ਕਰਕੇ ਲੋੜਵੰਦਾਂ ਦੇ ਦਿਲ ਨੂੰ ਵੀ ਟਿਕਾਅ ਨਹੀਂ ਸੀ ਆ ਰਿਹਾ, ਉਹਨਾਂ ਨੇ ਦੂਸਰੇ ਦਿਨ ਤਹਿਸੀਲ ਦੇ ਠਾਣੇ’ਚ ਫੋਨ ਕਰਕੇ ਪੁੱਛਿਆ ਕਿ ਸਾਡੇ ਫਾਰਮ ਤੁਹਾਡੇ ਕੋਲ ਆਉਣੇ ਸੀ, ਕੀ ਉਹ ਪਹੁੰਚ ਗਏ ਹਨ? ਉੱਥੋਂ ਬੜੀ ਉਤਸੁਕਤਾ ਨਾਲ ਜਵਾਬ ਮਿਲਿਆ ਕਿ ਨਹੀਂ ਜਨਾਬ ਅਜੇ ਤਾਂ ਨਹੀਂ ਆਏ ਜੀ। ਲੋੜਵੰਦ ਹੁਣ ਕੀ ਕਰਦੇ?, ਵਿਚਾਰੇ ਜਲੰਧਰ ਦੇ ਰਾਹ ਫੇਰ ਪੈ ਗਏ। ਦਫ਼ਤਰ ਵਿੱਚ ਪਹੁੰਚ ਕਿ ਓਸ ਹੀ ਬਾਬੂ ਜੀ ਨੂੰ ਪੁੱਛਿਆ ਕਿ ਸਾਡੇ ਫਾਰਮ ਤੁਸੀਂ ਭੇਜ ਦਿੱਤੇ ਹਨ ਕਿ ਨਹੀਂ? ਤਾਂ ਜਵਾਬ ਤਾਂ ਨਾਂਹ ਵਿੱਚ ਆਉਣਾ ਹੀ ਸੀ। ਤੇ ਉਹ ਆਇਆ ਵੀ। ਗੱਲ ਅੱਗੇ ਚੱਲੀ ਕਿ ਤੁਸੀਂ ਭੇਜੇ ਕਿਉਂ ਨਹੀਂ?, ਤਾਂ ਬਾਬੂ ਜੀ ਕਹਿਣ ਲੱਗੇ ਕਿ ਤੁਸੀਂ ਫਾਰਮ ਤਾਂ ਜਮ੍ਹਾਂ ਕਰਵਾ ਦਿੱਤੇ ਸੀ ਪਰ ਇਹਨਾਂ ਨੂੰ ‘ਰੇੜੂ’ ਤਾਂ ਤੁਸੀਂ ਲਾਉਣੇ ਹੀ ਭੁੱਲ ਗਏ। ਭਲਾ ਇਹ ਦੱਸੋ ਕਿ ਆਪਣੀ ਮੰਜਿਲ ਤੇ ਇਹ ਫਾਰਮ ਰੇੜ੍ਹੂਆਂ ਤੋਂ ਬਿਨਾਂ ਕਿਵੇਂ ਜਾਣਗੇ?
ਲੋੜਵੰਦ ਕਦੇ ਬਾਬੂ ਜੀ ਵੱਲ ਵੇਖਣ ਤੇ ਕਦੇ ਫਾਰਮਾਂ ਵੱਲ। ਲੋੜਵੰਦਾਂ ਨੇ ਪੁੱਛਿਆ ਕਿ ਹੁਣ ਬਾਬੂ ਜੀ ਇਹਨਾਂ ਰੇੜ੍ਹੂਆਂ ਦੀ ਵੀ ਮਿਹਰਬਾਨੀ ਕਰਕੇ ਕੀਮਤ ਦੱਸੋ? ਤਾਂ ਬਾਬੂ ਜੀ ਕਹਿਣ ਲੱਗੇ ਕਿ ਸਿਰਫ਼ ਤਿੰਨ ਹਜ਼ਾਰ ਜੀ। ਬਾਬੂ ਜੀ ਗਾਂਧੀ ਜੀ ਦੇ ਜਿਆਦਾ ਹੀ ਭਗਤ ਲੱਗਦੇ ਸੀ, ਇਸ ਕਰਕੇ ਉਹ ਬਹੁਤਾ ਚਿਰ ਉਹਨਾਂ ਤੋਂ ਦੂਰ ਨਹੀਂ ਸੀ ਰਹਿਣਾ ਚਾਹੁੰਦੇ। ਬਾਬੂ ਜੀ ਨੇ ਜੇਬ ਭਾਰੀ ਕਰਨ ਤੋਂ ਬਾਅਦ ਕਿਹਾ ਕਿ ਹੁਣ ਤੁਸੀਂ ਕੋਈ ਫਿਕਰ ਨਾ ਕਰੋ ਅਸੀਂ ਇਹ ਅੱਜ ਹੀ ਭੇਜ ਦਿੰਦੇ ਹਾਂ ਤੇ ਤੁਹਾਨੂੰ ਤੁਹਾਡੇ ਫਾਰਮ ਤਸਦੀਕ ਹੋ ਕੇ ਮਿਲ ਜਾਣਗੇ। ਲੋੜਵੰਦਾਂ ਦੀਆਂ ਅੱਖਾਂ’ਚ ਚਮਕ ਆਈ ਕਿ ਚਲੋ ਕੁਝ ਵੀ ਹੋਵੇ, ਦੇਸ਼ ਨੂੰ ਅਜ਼ਾਦ ਕਰਾਉਣ ਵਾਲਿਆਂ ਨੂੰ ਲੋਕ ਅਜੇ ਵੀ ਬੜੀ ਸ਼ਿੱਦਤ ਨਾਲ ਪਿਆਰ ਕਰਦੇ ਹਨ, ਤੇ ਉਹਨਾਂ ਨੂੰ ਸਮੇਂ ਸਮੇਂ ਤੇ ਯਾਦ ਵੀ ਕਰਦੇ ਹੀ ਰਹਿੰਦੇ ਹਨ। ਭਾਵੇਂ ਲੋਕਾਂ ਦੀ ਜੇਬ’ਚੋਂ ਧੱਕੇ ਨਾਲ ਹੀ ਉਹਨਾਂ ਦੀ ਫੋਟੋ ਵਾਲਾ ਨੋਟ ਕਢਵਾਉਣ ਪਰ ਜਰੂਰ ਕਢਵਾਉਂਦੇ ਹਨ। ਬੱਸ ਏਸ ਤਰਾਂ ਦੀਆਂ ਸੋਚਾਂ ‘ਚ ਖੁਭੇ ਉਹ ਸ਼ਹਿਰ ਦੀ ਮਿੱਟੀ ਦਾ ਰੰਗ ਵੇਖ ਕੇ ਆਪਣੇ ਪਿੰਡ ਪਹੁੰਚ ਗਏ।
ਤੀਸਰੇ ਦਿਨ ਦਾ ਸੂਰਜ ਵੀ ਆਪਣੇ ਸਮੇਂ ਸਿਰ ਚੜ੍ਹਿਆ, ਤੇ ਰੰਗ ਇਸ ਦੇ ਵੀ ਅੱਜ ਲੱਗਦਾ ਵੱਖਰੇ ਹੀ ਹੋਣੇ ਸੀ। ਇਸ ਦਾ ਲੋੜਵੰਦਾਂ ਨੂੰ ਚਿੱਤ ਚੇਤਾ ਵੀ ਨਹੀਂ ਸੀ। ਅਜੇ ਸਵੇਰ ਦੇ 9 ਕੁ ਹੀ ਵੱਜੇ ਸੀ ਕਿ ਇੱਕ ਮੋਟਰ-ਸਾਈਕਲ ਸਵਾਰ ਨੇ ਘਰ ਦੇ ਦਰਵਾਜੇ ਤੇ ਦਸਤਕ ਦਿੱਤੀ। ਲੋੜਵੰਦਾਂ ਨੇ ਦਰਵਾਜਾ ਖੋਲ੍ਹਿਆ ਅਤੇ ਪੁੱਛਿਆ ਕਿ ਦੱਸੋ ਜੀ ਕਿੱਦਾਂ ਆਏ? ਤਾਂ ਦਸਤਕ ਕਰਨ ਵਾਲੇ ਭਾਈ ਸਾਹਿਬ ਕਹਿਣ ਲੱਗੇ ਕਿ ਅਸੀਂ ਤਾਂ ਜੀ ਤੁਹਾਡੇ ਪੇਪਰ ਲਿਆਏ। ਲੋੜਵੰਦਾਂ ਨੇ ਕਿਹਾ ਕਿ ਤੁਹਾਡਾ ਬਹੁਤ ਬਹੁਤ ਸੁ਼ਕਰੀਆ ਜੀ ਸਾਡਾ ਕੰਮ ਕਰਨ ਲਈ ਤੇ ਪੇਪਰ ਘਰ ਪਹੁੰਚਾਉਣ ਲਈ। ਪਰ ਉਹਨਾਂ ਭਾਈ ਸਾਹਿਬ ਹੁਣਾਂ ਨੂੰ ਸ਼ੁਕਰੀਆ ਸ਼ਬਦ ਕੋਈ ਬਹੁਤਾ ਚੰਗਾ ਨਾ ਲੱਗਿਆ ਕਿਉਂਕਿ ਅਜੇ ਸੁ਼ਕਰੀਆ ਤਾਂ ਬਹੁਤ ਪਹਿਲੋਂ ਹੋਣ ਲੱਗ ਪਿਆ ਸੀ ਕਿਉਂਕਿ ਕੰਮ ਤਾਂ ਅਜੇ ਹੋਇਆ ਹੀ ਨਹੀਂ ਸੀ। ਉਸ ਨੇ ਆਖਿਆ ਕਿ ਮੈਂ ਤਾਂ ਤਹਿਸੀਲ ਦੇ ਠਾਣੇ ਨੂੰ ਅਜੇ ਜਾ ਹੀ ਰਿਹਾ ਸੀ ਸੋਚਿਆ ਕਿ ਤੁਹਾਨੂੰ ਦੱਸਦਾ ਜਾਂਵਾਂ ਕਿ ਤੁਹਾਡੇ ਪੇਪਰ ਮੇਰੇ ਕੋਲ ਹਨ ਤੇ ਮੈਨੂੰ ਮੇਰੇ ਮੋਟਰ-ਸਾਈਕਲ ਦੀ ਫਿਕਰ ਜਿਹੀ ਹੋਈ ਕਿ ਇਹ ਵਿਚਾਰਾ ਕਿਵੇਂ ਜਾਊ ਗਾ ਖਾਲੀ ਢਿੱਡ? ਨਾਲੇ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਗਾਂਧੀ ਜੀ ਦੇ ਦਰਸ਼ਨ ਨਹੀਂ ਕੀਤੇ ਕਈ ਦਿਨਾਂ ਤੋਂ। ਕਿਉਂ ਨਾ ਅੱਜ ਸਵੇਰੇ ਸਵੇਰੇ ਹੀ ਗਾਂਧੀ ਜੀ ਹੁਣਾਂ ਨੂੰ ਵੀ ਮਿਲ ਹੀ ਲਈਏ। ਬੱਸ ਇਸੇ ਕਰੇ ਹੀ ਆਉਣਾ ਪਿਆ ਮਜਬੂਰ ਹੋ ਕੇ। ਹੁਣ ਤੁਸੀਂ ਚਾਹ ਪਾਣੀ ਪਿਆਓ ਤੇ ਗਾਂਧੀ ਜੀ ਦੇ ਦਰਸ਼ਨ ਕਰਾਓ। ਕਈ ਕੁਝ ਇੱਕੋ ਸਾਹੇ ਕਹਿ ਕੇ ਭਾਈ ਸਾਹਿਬ ਕੁਰਸੀ ਤੇ ਬੈਠ ਚੁੱਕੇ ਸੀ। ਲੋੜਵੰਦ ਘਰ ਆਏ ਦੀ ਸੇਵਾ ਕਿਵੇਂ ਨਾ ਕਰਦੇ? ਕਰਨੀ ਹੀ ਪੈਣੀ ਸੀ ਸੋ ਸੇਵਾ ਕੀਤੀ ਗਈ ਅਤੇ ਭਾਈ ਸਾਹਿਬ ਨੂੰ ਲੋੜਵੰਦਾਂ ਨੇ ਪੁੱਛਿਆ ਕਿ ਤੁਸੀਂ ਦੱਸੋ ਕਿ ਕਿੰਨੇ ਕੁ ਗਾਂਧੀ ਜੀ ਹੁਣਾਂ ਨਾਲ ਤੁਸੀਂ ਮੁਲਾਕਾਤ ਕਰਨੀ ਹੈ? ਤਾਂ ਉਹਨਾਂ ਆਖਿਆ ਕਿ ਸਿਰਫ਼ ਪੰਜਾਂ ਨਾਲ ਹੀ ਕਰਾ ਦਿਓ। ਲੋੜਵੰਦਾਂ ਨੇ ਉਹਨਾਂ ਨੂੰ ਛੇ ਗਾਂਧੀ ਜੀ ਦਿੱਤੇ ਅਤੇ ਆਖਿਆ ਕਿ ਛੇਵੇਂ ਗਾਂਧੀ ਜੀ ਹੁਰਾਂ ਨੂੰ ਮੋਟਰ-ਸਾਈਕਲ ਦੇ ਭੋਜਨ ਲਈ ਵਰਤ ਲਿਓ ਅਤੇ ਸਾਡੇ ਤੇ ਕਿਰਪਾ ਕਰੋ। ਭਾਈ ਸਾਹਿਬ ਹੋਰੀਂ ਗੁੱਜਰਾਂ ਦੀ ਕੱਟੀ ਵਾਂਗ ਕੁੱਖਾਂ ਬਾਹਰ ਨੂੰ ਕੱਢ ਕੇ ਠਾਣੇ ਦੇ ਰਸਤੇ ਪੈ ਗਏ। ਇੱਧਰ ਲੋੜਵੰਦਾਂ ਨੂੰ ਖੁਸ਼ੀ ਹੋਈ ਕਿ ਜੇ ਸਾਰੇ ਹੀ ਦੇਸ਼ ‘ਚੇ ਗਾਂਧੀ ਜੀ ਨੂੰ ਇਸ ਤਰਾਂ ਪਿਆਰ ਕਰਨ ਲੱਗ ਪਏ ਤਾਂ ਦੇਸ਼ ਭਗਤਾਂ ਦੀ ਜਨ-ਸੰਖਿਆ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਿਉਂ ਨਹੀਂ ਕਰੇਗੀ? ਵੈਸੇ ਹੁਣ ਵੀ ਕੋਈ ਕਮੀ ਨਹੀਂ ਹੈ। ਅੱਜ ਦਾ ਦਿਨ ਲੋੜਵੰਦਾਂ ਨੂੰ ਆਪਣਾ ਰੰਗ ਵਿਖਾ ਗਿਆ ਸੀ।
ਅੱਜ ਚੌਥਾ ਦਿਨ ਹੈ ਤੇ ਇਸ ਨੇ ਵੀ ਆਉਣਾ ਹੀ ਸੀ ਸੋ ਆ ਗਿਆ। ਲੋੜਵੰਦਾਂ ਨੂੰ ਆਪਣੀ ਲੋੜ ਬੜੀ ਸਿ਼ੱਦਤ ਨਾਲ ਚੇਤੇ ਆਈ। ਉਹਨਾਂ ਨੇ ਅੱਜ ਫੇਰ ਤਹਿਸੀਲ ਦੇ ਠਾਣੇ ਨੂੰ ਫੋਨ ਘੁਮਾਇਆ, ਕਰੀਬ 10 ਕੁ ਵਜੇ। ਤੇ ਅੱਗਿਓਂ ਮੁਨਸ਼ੀ ਜੀ ਬੜੇ ਅਦਾਬ ਨਾਲ ਹੈਲੋ ਕਹਿੰਦੇ ਨੇ। ਲੋੜਵੰਦਾਂ ਨੇ ਹੈਲੋ ਕਰਨ ਤੋਂ ਬਾਅਦ ਕਿਹਾ ਕਿ ਜਨਾਬ ਸਾਡੇ ਪੇਪਰ ਆਏ ਹੋਣੇ ਆ ਜੀ ਤੁਹਾਡੇ ਕੋਲ? ਓਧਰੋਂ ਮੁਸਕਰਾਹਟ ਭਰਿਆ ਜਵਾਬ ਸੀ ਕਿ ਹਾਂ ਜੀ ਆਏ ਨੇ। ਲੋੜਵੰਦਾਂ ਨੇ ਪੁੱਛਿਆ ਕਿ ਤੁਸੀਂ ਕਦੋਂ ਇਹਨਾਂ ਨੂੰ ਤਸਦੀਕ ਕਰ ਕੇ ਸਾਨੂੰ ਵਾਪਿਸ ਭੇਜ ਰਹੇ ਹੋ? ਤਾਂ ਓਧਰੋਂ ਸਿੱਲ੍ਹਾ ਜਿਹਾ ਜਵਾਬ ਆਇਆ ਕਿ ਇਹ ਤਾਂ ਤੁਹਾਡੇ ਇੱਥੇ ਆਉਣ ਤੇ ਹੀ ਪਤਾ ਲੱਗ ਸਕੇਗਾ ਜੀ? ਤੁਸੀਂ ਇੱਥੇ ਆ ਕੇ ਸਾਡੇ ਨਾਲ ਗੱਲ ਕਰੋ ਤੇ ਅਸੀਂ ਮਿੰਟਾਂ ਸਕਿੰਟਾਂ’ਚੇ ਤੁਹਾਨੂੰ ਪੇਪਰ ਦੇ ਦਿੰਦੇ ਆਂ ਜੀ। ਲੋੜਵੰਦਾਂ ਨੇ ਫੋਨ ਤੇ ਖਟਮਿੱਠੀ ਜਿਹੀ ਅਵਾਜ਼ ਸੁਣ ਕੇ ਅੰਦਾਜ਼ਾ ਲਾਇਆ ਕਿ ਬੜੇ ਭਲੇ ਲੋਕ ਲੱਗਦੇ ਆ, ਇਹਨਾਂ ਦੇ ਦਰਸ਼ਨ ਵੀ ਜਰੂਰ ਕਰਨੇ ਚਾਹੀਦੇ ਆ। ਕਨੇਡਾ ਤੋਂ ਵਾਪਿਸ ਪਤਾ ਨਹੀਂ ਕਦੋਂ ਮੁੜਾਂਗੇ? ਫਿਰ ਇਹਨਾਂ ਨਾਲ ਮੇਲੇ ਹੋਣ ਵੀ ਕਿ ਨਾ? ਹੁਣ ਹੀ ਇਹਨਾਂ ਦੇ ਦਰਸ਼ਨ ਕਰ ਲੈਂਦੇ ਹਾਂ, ਨਾਲੇ ਅਸੀਂ ਆਪ ਹੀ ਜਾ ਕੇ ਪੇਪਰ ਲੈ ਆਉਂਨੇ ਆਂ, ਕਿਉਂਕਿ ਅਸੀਂ ਤਾਂ ਲੋੜਵੰਦ ਆਂ।
ਠਾਣੇ ਪਹੁੰਚ ਕੇ ਲੋੜਵੰਦਾਂ ਨੇ ਮੁਨਸ਼ੀ ਜੀ ਨੂੰ ਦੁਆ ਸਲਾਮ ਕਰਨ ਤੋਂ ਬਾਅਦ ਸਿੱਧੇ ਹੀ ਜਾ ਕੇ ਠਾਣੇਦਾਰ ਨਾਲ ਗੱਲਬਾਤ ਛੇੜੀ। ਉਹਨਾਂ ਦੇ ਬਚਨ ਸੁਣ ਕੇ ਪਤਾ ਲੱਗਾ ਕਿ ਇਹ ਤਾਂ ਗਾਂਧੀ ਜੀ ਦੀ ਫੋਟੋ ਦੇ ਬਹੁਤ ਹੀ ਬੜੇ ਭਗਤ ਨੇ। ਇਹਨਾਂ ਨੇ ਤਾਂ ਉਹਨਾਂ ਦੀ ਫੋਟੋ ਦੀ ਸਾਰਿਆਂ ਨਾਲੋਂ ਜਿਆਦਾ ਕੁਲੈਕਸ਼ਨ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਕਿਉਂਕਿ ਉਹਨਾਂ ਨੇ 50 ਗਾਂਧੀ ਜੀ ਮੰਗੇ ਸਨ(25000 ਰੁਪਏ)। ਭ੍ਰਿਸ਼ਟਾਚਾਰ ਦਾ ਬੰਬ ਫਟ ਚੁੱਕਾ ਸੀ। ਠਾਣੇਦਾਰ ਸਾਹਿਬ ਆਪਣੇ ਮੁਖਾਰ ਬਿੰਦ’ਚੋਂ ਕਹਿੰਦੇ ਕਿ ਅਸੀਂ ਇੰਨਿਆਂ ਤੋਂ ਘੱਟ ਨਹੀਂ ਲੈ ਸਕਦੇ, ਨਾਲੇ ਅਸੀਂ ਕਿਹੜਾ ਇਹ ਇਕੱਲਿਆਂ ਨੇ ਰੱਖਣੇ ਨੇ? ਗਾਂਧੀ ਜੀ ਨਾਲ ਤਾਂ ਸਾਡੇ ਸਾਰੇ ਹੀ ਬੰਦੇ ਬਹੁਤ ਤੇਹ ਮੁਹੱਬਤ ਕਰਦੇ ਨੇ ਸੋ ਉਹਨਾਂ ਦਾ ਵੀ ਤੁਹਾਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਹੈ। ਵੱਡੇ ਸਾਹਿਬ ਨੂੰ ਪਤਾ ਸੀ ਕਿ ਲੋੜਵੰਦ ਕਾਹਲੀ ਵਿੱਚ ਜਿਆਦਾ ਨੇ। ਫਿਰ ਉਹਨਾਂ ਵੱਖਰੇ ਵੱਖਰੇ ਦਿਨਾਂ ਦੇ ਰੇਟ ਵੀ ਲੋੜਵੰਦਾਂ ਨੂੰ ਦੱਸੇ ਅਤੇ ਅੰਤ ਗੱਲਬਾਤ ਗਾਂਧੀ ਜੀ ਹੁਣਾਂ ਦੀਆਂ 30 ਕੁ ਫੋਟੋਆਂ ਨਾਲ ਨਿੱਬੜੀ(15000 ਰੁਪਏ)। ਲੋੜਵੰਦਾਂ ਨੂੰ ਅੱਜ ਆਪਣੇ ਪੰਜਾਬੀ ਹੋਣ ਤੇ ਅਤੇ ਭਾਰਤੀ ਹੋਣ ਤੇ ਬਹੁਤ ਮਾਣ ਸੀ। ਕਿਉਂਕਿ ਜਿਸ ਦੇਸ਼ ਵਿੱਚ ਇਸ ਤਰ੍ਹਾਂ ਲੋਕਾਂ ਦੇ ਕੰਮ ਬੜੇ ਪਿਆਰ ਨਾਲ ਤੇ ਖਿਆਲ ਨਾਲ ਹੁੰਦੇ ਹੋਣ ਫਿਰ ਮਾਣ ਤਾਂ ਹੋਣਾ ਕੁਦਰਤੀ ਹੈ। ਉਹ ਅੱਜ ਵੀ ਕਨੇਡਾ ਪਹੁੰਚ ਕੇ ਆਪਣੇ ਦੇਸ਼ ਦੇ ਗੁਣ ਗਾਉਂਦੇ ਨਹੀਂ ਥੱਕਦੇ।
ਰਿਕਾਰਡ ਆਫ਼ ਕਲੀਅਰਿੰਸ ਦੇ ਪੇਪਰ ਲੈਣ ਲਈ ਜਿਹੜੇ ਪਾਪੜ ਸਾਡੇ ਇਹਨਾਂ ਲੋੜਵੰਦਾਂ ਨੇ ਵੇਲੇ ਸੀ, ਉਹ ਅੱਜ ਵੀ ਓਸ ਵੇਲ਼ੇ ਨੂੰ ਯਾਦ ਕਰ ਕੇ ਸੋਚਾਂ ਵਿੱਚ ਪੈ ਜਾਂਦੇ ਹਨ ਕਿ ਜੇ ਸਾਡੀ ਅਫ਼ਸਰਸ਼ਾਹੀ ਦਾ ਪਿਆਰ ਗਾਂਧੀ ਜੀ ਦੀ ਫੋਟੋ ਨਾਲ ਇਸ ਤੋਂ ਵੀ ਜਿ਼ਆਦਾ ਵਧ ਗਿਆ ਤਾਂ ਅਫ਼ਸਰਸ਼ਾਹੀ ਦੇਸ਼ ਦੇ ਲੋਕਾਂ ਨਾਲ ਕਿੰਞ ਪਿਆਰ ਕਰੇਗੀ?
ਕਿਉਂਕਿ ਫੋਟੋਆਂ ਨੂੰ ਪਿਆਰ ਕਰਨ ਨਾਲੋਂ ਜਿਉਂਦੇ ਜਾਗਦੇ ਲੋਕਾਂ ਨਾਲ ਸੱਚਾ ਪਿਆਰ ਕਰਨ ਦੀ ਲੋੜ ਅੱਜ ਕੱਲ ਜਿਆਦਾ ਸ਼ਿੱਦਤ ਨਾਲ ਮਹਿਸੂਸ ਹੁੰਦੀ ਹੈ।

No comments: