Pages

Friday, April 18, 2008

ਬਲਾਈਂਡ ਸਪੌਟ.......

ਬੜੀ ਖਤਰਨਾਕ ਹੁੰਦੀ ਹੈ ਬਲਾਈਂਡ ਸਪੌਟ, ਡਰਾਈਵਿੰਗ ਦੇ ਖੇਤਰ ਵਿੱਚ ਵੀ ਅਤੇ ਜ਼ਿੰਦਗੀ ਦੇ ਖੇਤਰ ਵਿੱਚ ਵੀ। ਬਲਾਈਂਡ ਸਪੌਟ ਅੰਗਰੇਜ਼ੀ ਦਾ ਸ਼ਬਦ ਹੈ, ਖਾਸ ਕਰਕੇ ਡਰਾਈਵਿੰਗ ਦੇ ਖੇਤਰ ਵਿੱਚ ਹੀ ਵਰਤਿਆ ਜਾਂਦਾ ਹੈ। ਇਸ ਦਾ ਪੰਜਾਬੀ ਵਿੱਚ ਅਰਥ ਅੰਨ੍ਹਾ ਥਾਂ ਜਾਂ ਓਹਲੇ ਵਾਲੀ ਜਗ੍ਹਾ ਜਾਂ ਜਿੱਥੇ ਅਸੀਂ ਸਿੱਧੇ ਤੌਰ ਤੇ ਵੇਖ ਨਾ ਸਕੀਏ ਹੁੰਦਾ ਹੈ। ਡਰਾਈਵਿੰਗ ਦੇ ਮਾਮਲੇ ‘ਚ ਤਾਂ ਸਾਰੇ ਡਰਾਈਵਰ ਮੇਰਾ ਇਸ਼ਾਰਾ ਸਮਝ ਹੀ ਗਏ ਹੋਣਗੇ। ਪਰ ਉਹਨਾਂ ਲਈ ਮੈਂ ਇੱਥੇ ਦੱਸ ਦਿਆਂ ਜੋ ਡਰਾਈਵਰ ਨਹੀਂ ਹਨ ਕਿ ਜਦੋਂ ਕੋਈ ਗੱਡੀ ਕਿਸੇ ਸੜਕ ਤੇ ਜਾ ਰਹੀ ਹੈ ਤਾਂ ਉਸ ਗੱਡੀ ਦੇ ਬਰੋ-ਬਰਾਬਰ ਜੇ ਕੋਈ ਹੋਰ ਗੱਡੀ ਜਾ ਰਹੀ ਹੈ ਤਾਂ ਕਈ ਵਾਰ ਡਰਾਈਵਰ ਉਸ ਨੂੰ ਵੇਖ ਨਹੀਂ ਸਕਦਾ ਅਤੇ ਲਾਈਨ ਬਦਲਦੇ ਸਮੇਂ ਐਕਸੀਡੈਂਟ ਹੋ ਜਾਂਦਾ ਹੈ ਅਤੇ ਜੇ ਉਸ ਗੱਡੀ ਨੂੰ ਪਹਿਲਾਂ ਹੀ ਧਿਆਨ ਮਾਰ ਕੇ ਵੇਖ ਲਿਆ ਜਾਵੇ ਤਾਂ ਬਚਾ ਕੀਤਾ ਜਾ ਸਕਦਾ ਹੈ। ਅਤੇ ਇਸ ਤਰਾਂ ਕਈ ਲੋਕ ਸੜਕ ਤੇ ਜਾਂਦੇ ਸਮੇਂ ਆਲੇ ਦੁਆਲੇ ਵੱਲ ਵੀ ਧਿਆਨ ਨਹੀਂ ਦਿੰਦੇ ਤੇ ਕਈ ਮਨਮੋਹਕ ਦ੍ਰਿਸ਼ ਜਾਂ ਅਣਸੁਖਾਵੀਂ ਘਟਨਾ ਵੀ ਨਹੀਂ ਵੇਖ ਸਕਦੇ ਜੋ ਉਹਨਾਂ ਦੀ ਜ਼ਿੰਦਗੀ ਲਈ ਵਾਚਣੀ ਚੰਗੀ/ਮਾੜੀ ਹੋ ਸਕਦੀ ਸੀ।
ਸਾਡੀ ਜ਼ਿੰਦਗੀ ਦੀ ਗੱਡੀ ਦੇ ਬਰੋ-ਬਰਾਬਰ ਵੀ ਕਈ ਹੋਰ ਜ਼ਿੰਦਗੀਆਂ ਇਸ ਧਰਤੀ ਤੇ ਵਿਚਰ ਰਹੀਆਂ ਹਨ। ਜਿਨ੍ਹਾਂ ਵਿੱਚ ਬਹੁਤ ਤਰਾਂ ਦੇ ਲੋਕ ਵੱਖਰੇ ਵੱਖਰੇ ਸੁਭਾਅ, ਕੰਮ ਕਾਰ, ਰੁਤਬਿਆਂ ਵਾਲੇ ਹਨ। ਜਿਵੇਂ ਕਈ ਬਹੁਤ ਹੀ ਮਾਣਯੋਗ ਸ਼ਖ਼ਸੀਅਤਾਂ ਹੁੰਦੀਆਂ ਨੇ ਅਤੇ ਕਈ ਬਹੁਤ ਹੀ ਦੁਰਕਾਰਨ ਯੋਗ। ਸਾਡੇ ਆਲੇ ਦੁਆਲੇ ਕੰਮ ਵੀ ਅਨੇਕਾਂ ਤਰਾਂ ਦੇ ਹੋ ਰਹੇ ਹੁੰਦੇ ਹਨ। ਜਿਨ੍ਹਾਂ ਵਿੱਚ ਕਈ ਬਹੁਤ ਹੀ ਸ਼ਲਾਘਾਯੋਗ ਕੰਮ ਹੋ ਰਹੇ ਹੁੰਦੇ ਨੇ ਅਤੇ ਕਈ ਬਹੁਤ ਹੀ ਘਿਣਾਉਣੇ। ਹਰ ਵਕਤ ਸਾਡੇ ਚਾਰ ਚੁਫੇਰੇ ਕੁਝ ਨਾ ਕੁਝ ਹੋ ਰਿਹਾ ਹੁੰਦਾ ਹੈ, ਚੰਗਾ ਜਾਂ ਮਾੜਾ ਵਾਪਰ ਰਿਹਾ ਹੁੰਦਾ ਹੈ। ਜਿਸ ਵਾਰੇ ਕਈ ਵਾਰ ਅਸੀਂ ਜਾਣਦੇ ਹੁੰਦੇ ਹਾਂ ਅਤੇ ਕਈ ਵਾਰ ਜਾਣਦੇ ਨਹੀਂ ਹੁੰਦੇ ਜਾਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਅੱਜ ਦੇ ਮੀਡੀਏ ਦੇ ਯੁੱਗ ਵਿੱਚ ਵੀ ਕਈ ਵਾਰ ਅਸੀਂ ਵੇਖਦੇ ਹਾਂ ਕਿ ਕਈ ਲੋਕ ਕਿਸੇ ਵੀ ਚੰਗੀ ਜਾਂ ਮਾੜੀ ਘਟਨਾ ਪ੍ਰਤੀ ਆਪਣਾ ਨਜ਼ਰੀਆ ਪੇਸ਼ ਨਹੀਂ ਕਰਦੇ। ਜਾਂ ਤੇ ਉਹ ਕੁਝ ਕਹਿਣਾ ਨਹੀਂ ਚਾਹੁੰਦੇ ਜਾਂ ਉਹ ਉਸ ਨਾਲ ਫਿਰ ਸਹਿਮਤ ਹੀ ਹੁੰਦੇ ਹਨ ਜੋ ਚੰਗਾ ਜਾਂ ਮਾੜਾ ਹੋ ਰਿਹਾ ਹੁੰਦਾ ਹੈ। ਜੇ ਚੰਗਾ ਹੈ ਤਾਂ ਸਾਨੂੰ ਸ਼ੁਕਰਾਨੇ ਦੇ ਰੂਪ ਵਿੱਚ ਧੰਨਵਾਦ ਕਿਸੇ ਤਰ੍ਹਾਂ ਵੀ ਜ਼ਾਹਰ ਕਰਨਾ ਚਾਹੀਦਾ ਹੈ ਅਤੇ ਜੇ ਮਾੜਾ ਤਾਂ ਆਪਣਾ ਨਜ਼ਰੀਆ ਤਰਕ ਜਾਂ ਦਲੀਲ ਨਾਲ ਜ਼ਾਹਰ ਕਰਨਾ ਚਾਹੀਦਾ ਹੈ। ਅਤੇ ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਫਿਰ ਸਾਡਾ ਅਸਿੱਧੇ ਰੂਪ ਵਿੱਚ ਜਾਂ ਸਿੱਧੇ ਰੂਪ ਵਿੱਚ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਖੇਤਰ ਵਿੱਚ ਫਾਇਦਾ ਜਾਂ ਨੁਕਸਾਨ ਤਾਂ ਹੋ ਹੀ ਰਿਹਾ ਹੁੰਦਾ ਹੈ। ਸਮਾਜ ਸਭ ਦੇ ਇਕੱਠ ਵਿੱਚ ਰਹਿਣ ਨੂੰ ਆਖਦੇ ਹਨ ਅਤੇ ਹਰੇਕ ਦਾ ਸਮਾਜ ਦੇ ਹਰ ਪੱਖ ਵਿੱਚ ਯੋਗਦਾਨ ਪਾਉਣਾ ਜਰੂਰੀ ਬਣਦਾ ਹੈ।
ਪੀਰ ਫਕੀਰ, ਸੰਤ ਮਹਾਤਮਾ, ਗੁਰੂ, ਫਿਲਾਸਫ਼ਰ, ਬੁੱਧੀਜੀਵੀ ਵਿਅਕਤੀ ਆਦਿ ਮਹਾਨ ਸ਼ਖ਼ਸੀਅਤਾਂ ਸਭ ਇਸ ਦੁਨੀਆ ਤੇ ਆਉਂਦੇ ਰਹੇ ਅਤੇ ਆਪਣਾ ਸੁਨੇਹਾ ਲੋਕਾਂ ਤੱਕ ਪੁਚਾ ਕੇ ਇਸ ਫਾਨੀ ਦੁਨੀਆ ਤੋਂ ਅਲਵਿਦਾ ਲੈਂਦੇ ਰਹੇ। ਮਾੜੇ ਤੋਂ ਮਾੜੇ ਵਿਅਕਤੀ ਵੀ ਇਸ ਦੁਨੀਆ ਤੇ ਆਉਂਦੇ ਰਹੇ ਅਤੇ ਦੁਨੀਆ ਨੂੰ ਆਪਣਾ ਆਪ ਵਿਖਾ ਕੇ ਜਾਂਦੇ ਰਹੇ। ਇਹ ਵਿਅਕਤੀ ਕਿਤਿਓਂ ਹੋਰ ਕਿਸੇ ਅਦਿੱਖ ਸੰਸਾਰ ਤੋਂ ਨਹੀਂ ਆਉਂਦੇ। ਯਾਦ ਅਸੀਂ ਦੋਵਾਂ ਤਰ੍ਹਾਂ ਦੀ ਦੁਨੀਆ ਦੇ ਲੋਕਾਂ ਨੂੰ ਕਰਦੇ ਹਾਂ, ਪਰ ਯਾਦ ਕਰਨ ਦਾ ਢੰਗ ਤਰੀਕਾ ਕਾਬਲੇ ਗੌਰ ਹੁੰਦਾ ਹੈ। ਇਹ ਦੁਨੀਆ ਸਾਡੇ ਕੁਝ ਕਹਿਣ ਤੇ ਵੀ ਅਤੇ ਨਾ ਕਹਿਣ ਤੇ ਵੀ ਚਲਦੀ ਹੀ ਰਹਿਣੀ ਹੈ, ਫਿਰ ਅਸੀਂ ਕੁਝ ਕਹੀਏ ਜਾਂ ਨਾ ਇਸ ਨਾਲ ਕੀ ਫਰਕ ਪੈਂਦਾ ਹੈ? ਕਈ ਇਸ ਤਰਾਂ ਵੀ ਜਰੂਰ ਸੋਚਦੇ ਹੋਣਗੇ। ਪਰ ਇਹ ਠੀਕ ਨਹੀਂ ਹੈ, ਕਿਉਂਕਿ ਇਸ ਤਰ੍ਹਾਂ ਕਰਕੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਹੀ ਨਹੀਂ ਭੱਜਦੇ ਬਲਕਿ ਅਸੀਂ ਸਮਾਜ ਦੀ ਦੇਣ ਦਾ ਬਣਦਾ ਬਕਾਇਆ ਵੀ ਨਹੀਂ ਮੋੜ ਰਹੇ ਹੁੰਦੇ। ਇਸ ਦੁਨੀਆ ਤੇ ਚੰਗਾ ਮਾੜਾ, ਸੋਹਣਾ ਭੱਦਾ, ਵੱਡਾ ਛੋਟਾ ਆਦਿ ਭਿੰਨ ਭਿੰਨ ਵਖਰੇਵਿਆਂ ਵਾਲੇ ਲੋਕ ਵਿਚਰਦੇ ਹੀ ਰਹਿਣੇ ਹਨ। ਨਾਂ ਵਾਚਕ ਅਤੇ ਹਾਂ ਵਾਚਕ ਇਕੱਠੇ ਹੀ ਰਹਿਣੇ ਹਨ। ਚੰਗਿਆਈ ਤੇ ਬੁਰਿਆਈ ਦੇ ਫਰਕ ਦਾ ਪਤਾ ਤਾਂ ਹੀ ਲੱਗੇਗਾ ਜੇ ਅਸੀਂ ਪਤਾ ਕਰਨ ਦੀ ਕੋਸਿ਼ਸ਼ ਕਰਾਂਗੇ। ਪਰ ਇੱਥੇ ਜਿਹੜੀ ਗੱਲ ਸਾਨੂੰ ਵਿਸ਼ੇ ਦੀ ਗਹਿਰਾਈ ਵਿੱਚ ਲੈ ਕੇ ਜਾਂਦੀ ਹੈ ਉਹ ਇਹ ਗੱਲ ਹੈ ਕਿ ਸਾਡਾ ਆਮ ਲੋਕਾਂ ਦਾ ਇਹਨਾਂ ਹਾਲਾਤਾਂ ਵਿੱਚ ਕੀ ਫਰਜ਼ ਬਣਦਾ ਹੈ? ਸਾਨੂੰ ਕਿਵੇਂ ਆਪਣੇ ਆਲੇ ਦੁਆਲੇ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ ਅਤੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ?
ਸਾਨੂੰ ਜ਼ਿੰਦਗੀ ਦੇ ਬਲਾਈਂਡ ਸਪੌਟ ਵਿੱਚ ਆਉਣ ਵਾਲੀ ਹਰੇਕ ਚੀਜ਼ ਆਪਣੀਆਂ ਨਜ਼ਰਾਂ ਤੋਂ ਓਹਲੇ ਨਹੀਂ ਹੋਣ ਦੇਣੀ ਚਾਹੀਦੀ। ਜੋ ਵੀ ਸਮਾਜ ਵਿੱਚ ਹੋ ਰਿਹਾ ਹੈ ਉਸ ਨੂੰ ਸੁਚੇਤ ਰੂਪ ਵਿੱਚ ਵੇਖੀਏ, ਪਰਖੀਏ ਤਾਂ ਕਿ ਕੋਈ ਵੀ ਸਾਡੇ ਸਮਾਜ ਦੀਆਂ ਚੰਗੀਆਂ ਕਦਰਾਂ ਕੀਮਤਾਂ ਨੂੰ ਨੁਕਸਾਨ ਨਾ ਪੁਚਾ ਸਕੇ। ਜੀਵਨ ਦੇ ਸਫ਼ਰ ਤੇ ਚਲਦੀ ਜ਼ਿੰਦਗੀ ਰੂਪੀ ਗੱਡੀ ਵੀ ਤਾਂ ਹੀ ਬਿਨਾਂ ਰੁਕਾਵਟ ਦੌੜਦੀ ਰਹੇਗੀ ਜੇ ਆਲਾ ਦੁਆਲਾ ਠੀਕ ਠਾਕ ਚਲ ਰਿਹਾ ਹੈ। ਦੁਨੀਆ ‘ਚ ਕਿਤੇ ਵੀ ਕੋਈ ਘਟਨਾ ਹੁੰਦੀ ਹੈ ਤਾਂ ਸਾਰੀ ਦੁਨੀਆ ਦਾ ਜਨ ਜੀਵਨ ਹੀ ਪ੍ਰਭਾਵਿਤ ਹੁੰਦਾ ਹੈ। ਇਸ ਵਿੱਚ ਜੇ ਅਜੇ ਵੀ ਕਿਸੇ ਨੂੰ ਸ਼ੱਕ ਹੈ ਤਾਂ ਅਮਰੀਕਾ ਦੇ ਵਰਡ ਟਰੇਡ ਸੈਂਟਰ ਦੀ ਘਟਨਾ ਤੋਂ ਸੇਧ ਲਈ ਜਾ ਸਕਦੀ ਹੈ। ਅਤੇ ਜੋ ਪਹਿਲਾਂ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਨੂੰ ਵੀ ਧਿਆਨ ਵਿੱਚ ਲਿਆਦਾਂ ਜਾ ਸਕਦਾ ਹੈ। ਅਜੇ ਵੀ ਕਈ ਦੇਸ਼ਾਂ ਵਿੱਚ ਜੋ ਹੋ ਰਿਹਾ ਹੈ ਸਭ ਸਾਨੂੰ ਆਰਥਿਕ ਤੌਰ ਤੇ ਅਤੇ ਮਾਨਸਿਕ ਤੌਰ ਤੇ ਜਰੂਰ ਝੰਜੋੜਦਾ ਹੈ।
ਅਸੀਂ ਚੰਗੇ ਕੰਮ ਕਰਨ ਵਾਲੇ ਨੂੰ ਉਤਸ਼ਾਹਿਤ ਕਰ ਸਕਦੇ ਹਾਂ ਜਾਂ ਉਸ ਦੀ ਕੋਈ ਮਦਦ ਕਰ ਸਕਦੇ ਹਾਂ। ਜੇ ਕੋਈ ਮਾੜਾ ਕੰਮ ਕਰਦਾ ਹੈ ਉਸ ਨੂੰ ਰੋਕਣਾ ਚਾਹੀਦਾ ਹੈ, ਉਸ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜੇ ਭਾਰਤ ਵੱਲ ਨਿਗ੍ਹਾ ਮਾਰੀਏ ਤਾਂ ਉੱਥੋਂ ਦੇ ਲੋਕ ਵੀ ਇਸ ਸਮੇਂ ਕਾਫੀ ਜਾਗਰਿਤ ਹੋ ਰਹੇ ਹਨ, ਬਲਕਿ ਹੋਰ ਵੀ ਹੋਣਾ ਚਾਹੀਦਾ ਹੈ ਤਾਂ ਹੀ ਅਫ਼ਸਰਸ਼ਾਹੀ, ਭ੍ਰਿਸ਼ਟਾਚਾਰੀ, ਚੋਰ ਬਜ਼ਾਰੀ ਨੂੰ ਨੱਥ ਪੈ ਸਕੇਗੀ। ਫਿਰਕੂ ਪਾਰਟੀਆਂ ਦੀ ਪਿਛਲੇ ਕੁਝ ਸਮੇਂ ਦੌਰਾਨ ਭਾਰਤ ਦੇ ਲੋਕਾਂ ਨੇ ਕਾਫੀ ਝਾੜ ਝੰਬ ਕੀਤੀ ਹੈ। ਪਰ ਫਿਰ ਵੀ ਅਜੇ ਉਹ ਗੱਲ ਨਹੀਂ ਬਣੀ ਜਿਹੜੀ ਬਣਨੀ ਚਾਹੀਦੀ ਹੈ। ਆਸ ਦੀ ਕਿਰਨ ਫੁੱਟ ਪਈ ਹੈ ਜਦੋਂ ਇਹ ਕਿਰਨ ਜਵਾਨ ਹੋਈ ਫਿਰ ਭਾਰਤ ਦੀ ਸੋਨੇ ਤੋਂ ਪਿੱਤਲ ਦੀ ਬਣੀ ਚਿੜੀ ਦੇ ਰੰਗ ਹੋਰ ਹੀ ਹੋਣੇ ਨੇ।
ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਦਾ ਹਿੱਸਾ ਘੂਕ ਸੌਂ ਰਿਹਾ ਹੈ ਜਿਹੜਾ ਲੀਡਰਾਂ ਦੇ ਡੋਡੇ ਪੀ ਕੇ ਸੌਂਦਾ ਹੈ ਤੇ ਅਗਲੀਆਂ ਵੋਟਾਂ ਸਮੇਂ ਸ਼ਰਾਬ ਪੀ ਕੇ ਜਾਗਦਾ ਹੈ। ਪੰਜਾਬ ਦੀ ਧਰਤੀ ਤੇ ਰਹਿਬਰਾਂ ਦਾ ਘਾਟਾ ਨਹੀਂ ਰਿਹਾ ਪਰ ਅਸੀਂ ਉਹਨਾਂ ਦੀਆਂ ਪੈੜਾਂ ਮਿਟਾ ਛੱਡੀਆਂ ਨੇ। ਤੇ ਹਰ ਪੰਜਾਬੀ ਆਪੋ ਆਪਣੀ ਪੈੜ ਤੇ ਤੁਰਿਆ ਹੋਇਆ ਟੁੱਟੀ ਹੋਈ ਵੰਝਲੀ ਵਜਾਈ ਜਾ ਰਿਹਾ ਹੈ। ਜੇ ਪੰਜਾਬ ਦੇ ਸੁੱਤੇ ਹੋਏ ਲੋਕ ਅਤੇ ਟੁੱਟੀ ਹੋਈ ਵੰਝਲੀ ਵਜਾਉਣ ਵਾਲੇ ਲੋਕ ਅੱਜ ਰਲ਼ ਕੇ ਤੁਰਦੇ ਹਨ ਤਾਂ ਲੋਕਾਂ ਦੀਆਂ ਅੱਖਾਂ ਤੇ ਝੂਠੀ ਖੁਸ਼ਹਾਲੀ ਦੇ ਖੋਪੇ ਲਾਉਣ ਵਾਲੇ ਨੰਗੇ ਹੋ ਸਕਦੇ ਹਨ ਤੇ ਆਮ ਲੋਕਾਂ ਨੂੰ ਸੱਚੀ ਖੁਸ਼ਹਾਲੀ ਦਾ ਕੱਪੜਾ ਪਹਿਨਣ ਲਈ ਮਿਲ ਸਕਦਾ ਹੈ। ਓਹਲੇ ‘ਚ ਰੱਖਣ ਵਾਲੇ ਅਤੇ ਰਹਿਣ ਵਾਲੇ ਮਿਹਨਤਕਸ਼ ਲੋਕਾਂ ਦੇ ਹਜੂਮ ਸਾਹਵੇਂ ਕਦੀ ਨਹੀਂ ਟਿਕ ਸਕਦੇ। ਅਵਾਮ, ਲੋਕ ਸ਼ਕਤੀ ਹੁੰਦਾ ਹੈ ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਆਪਣੇ ਚੌਗਿਰਦੇ ਨੂੰ ਚੰਗੀ ਦਿਆਨਤਦਾਰੀ ਨਾਲ ਹਮੇਸ਼ਾਂ ਹੀ ਭਾਂਪਦੇ ਰਹੀਏ ਅਤੇ ਚੰਗੇ ਮਾੜੇ ਦੀ ਪਰਖ ਸੱਚੇ ਦਿਲੋਂ ਨਿਰਪੱਖ ਹੋ ਕੇ ਕਰਦੇ ਰਹੀਏ। ਸਾਨੂੰ ਸਮਾਜ ਦੇ ਨਿਆਂਇਕ ਅਦਾਰੇ ਨੂੰ ਵਧੀਆ ਬਣਾਉਣ ਲਈ ਨਿਆਂਇਕ ਅਦਾਰਿਆਂ ਦਾ ਸਹਿਯੋਗ ਦੇਣਾ ਚਾਹੀਦਾ ਹੈ। ਕਿਸੇ ਵੀ ਮਾਮਲੇ ਵਿੱਚ ਜਦੋਂ ਵੀ ਉਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੋਵੇ, ਸਾਨੂੰ ਆਪਣੀ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਦਾ ਅਹਿਸਾਸ ਸਮਝਦੇ ਹੋਏ ਅੱਗੇ ਆਉਣਾ ਚਾਹੀਦਾ ਹੈ। ਪਰ ਇੱਥੇ ਇੱਕ ਗੱਲ ਕਰਨੀ ਜਰੂਰੀ ਬਣਦੀ ਹੈ ਕਿ ਕਈ ਵਾਰ ਨਿਆਂਇਕ ਸਿਸਟਮ ਵੀ ਲੋਕਾਂ ਨਾਲ ਧੱਕਾ ਕਰਦਾ ਹੈ (ਕਈ ਵਾਰ ਤਾਂ ਕਿਹਾ ਕਿਉਂਕਿ ਇੱਥੇ ਗੱਲ ਪੱਛਮੀ ਮੁਲਕਾਂ ਦੇ ਵਾਰੇ ‘ਚ ਹੈ)। ਪਰ ਜੇ ਆਪਾਂ ਭਾਰਤ ਦੀ ਜਾਂ ਹੋਰ ਪੂਰਬੀ ਮੁਲਕਾਂ ਦੀ ਗੱਲ ਕਰੀਏ ਤਾਂ ਉਹ ਤਾਂ ਸਿਰਫ ਇੱਕ ਅੱਧੀ ਵਾਰ ਹੀ ਧੱਕਾ ਨਹੀਂ ਕਰਦੇ ਹੋਣੇ। ਪਰ ਕੁਝ ਵੀ ਹੋਵੇ ਜਿੱਥੇ ਅਸੀਂ ਸਮਝੀਏ ਕਿ ਇਸ ਨਾਲ ਸਮਾਜ ਦਾ ਭਲਾ ਹੋ ਸਕਦਾ ਹੈ ਉੱਥੇ ਸਾਨੂੰ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ, ਮੂੰਹ ਭੁੰਵਾਅ ਕੇ ਫਰਜ਼ਾਂ ਤੋਂ ਕਿਨਾਰਾ ਕਸ਼ੀ ਨਹੀਂ ਕਰਨੀ ਚਾਹੀਦੀ।
ਅਜੇ ਵੀ ਕਈ ਥਾਂਵਾਂ ਤੇ, ਕਈ ਦੇਸ਼ਾਂ ਵਿੱਚ ਤਾਂ ਆਪਣੇ ਮਨ ਦੇ ਵਿਚਾਰ ਪੇਸ਼ ਕਰਨ ਤੇ ਵੀ ਪਾਬੰਦੀ ਹੈ, ਜੋ ਕਿ ਕਨੇਡਾ ਵਰਗੇ ਅਜ਼ਾਦ ਮੁਲਕ ਵਿੱਚ ਆ ਕੇ, ਅਜ਼ਾਦੀ ਦਾ ਨਿੱਘ ਮਾਣ ਕੇ ਹੀ ਉਸ ਤਰ੍ਹਾਂ ਦੇ ਵਿਤਕਰੇ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਅਜ਼ਾਦੀ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਇਸ ਦਾ ਹੱਕ ਹਰ ਵਿਅਕਤੀ ਨੂੰ ਹੈ ਅਤੇ ਇਸ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਣੇ ਆਲੇ ਦੁਆਲੇ ਜੇ ਸਾਡੇ ਵਰਗੇ ਹੋਰ ਮਨੁੱਖ ਇਸ ਹੱਕ ਨੂੰ ਨਹੀਂ ਮਾਣ ਰਹੇ ਤਾਂ ਬਾਕੀ ਸਭਨਾਂ ਨੂੰ ਉਹਨਾਂ ਦੇ ਹੱਕ ਲਈ ਘੱਟੋ ਘੱਟ ਆਪਣੀ ਅਵਾਜ਼ ਹੀ ਬੁਲੰਦ ਕਰਨੀ ਚਾਹੀਦੀ ਹੈ। ਅਤੇ ਆਮ ਲੋਕ ਜੋ ਕਿ ਕਿਸੇ ਵੀ ਸੰਸਥਾ ਜਾਂ ਗਰੁੱਪ ਨਾਲ ਨਹੀਂ ਜੁੜ ਸਕਦੇ ਉਹ ਆਪਣੇ ਸਥਾਨਿਕ ਮੋਹਤਬਰ ਲੋਕਾਂ ਕੋਲ ਆਪਣੀ ਗੱਲਬਾਤ ਦਾ ਗਲੋਟਾ ਉਧੇੜ ਸਕਦੇ ਹਨ। ਚੁੱਪ ਚੰਗੀ ਹੁੰਦੀ ਹੈ ਪਰ ਉਦੋਂ ਨਹੀਂ ਜਦੋਂ ਕੋਈ ਤੁਹਾਡੀ ਜੁਬਾਨ/ਜੀਭ ਹੀ ਕੱਟਣੀ ਚਾਹੁੰਦਾ ਹੋਵੇ। ਫਿਰ ਇੱਦਾਂ ਦੇ ਮੌਕਿਆਂ ਤੇ ਤਾਂ ਰੌਲਾ ਪਾਉਣਾ ਹੀ ਚਾਹੀਦਾ ਹੈ। ਦੂਸਰੇ ਦੇ ਘਰ ਲੱਗੀ ਅੱਗ ਨੂੰ ਬਸੰਤਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਕੱਲ ਨੂੰ ਸਾਡੇ ਵੀ ਲੱਗ ਸਕਦੀ ਹੈ। ਸਗੋਂ ਸਾਨੂੰ ਉਸ ਅੱਗ ਨੂੰ ਬੁਝਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਸਿਆਣੇ ਆਖਦੇ ਹੁੰਦੇ ਨੇ ਕਿ ਜਾਗਦਿਆਂ ਦੇ ਘਰ ਕਦੀ ਵੀ ਚੋਰ ਨਹੀਂ ਆਉਂਦੇ, ਢੋਲ ਵੱਜਦਿਆਂ ਵੱਜਦਿਆਂ ਤੇ ਵੀ ਜੋ ਸੌਣ ਦੇ ਆਦੀ ਹੋ ਜਾਂਦੇ ਹਨ ਫਿਰ ਉਹਨਾਂ ਦਾ ਕੋਈ ਵੀ ਰਾਖਾ ਨਹੀਂ ਹੁੰਦਾ। ਇਸ ਲਈ ਸਾਨੂੰ ਆਪਣੀ ਬਲਾਈਂਡ ਸਪੌਟ ਮਤਲਬ ਆਪਣਾ ਆਲਾ ਦੁਆਲਾ (ਦਿਸਣ ਵਾਲਾ ਵੀ ਤੇ ਨਹੀਂ ਦਿਸਣ ਵਾਲਾ ਵੀ) ਹਮੇਸ਼ਾਂ ਸੁਚੇਤ ਹੋ ਕੇ ਵਾਚਦੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਯਾਦ ਰੱਖਿਓ ਕਿ ਬਲਾਈਂਡ ਸਪੌਟ ਖਤਰਨਾਕ ਹੁੰਦੀ ਹੈ।
ਸਾਂਝਾਂ ਨਾਲ ਹੀ ਬਣਦਾ ਸਮਾਜ ਯਾਰੋ, ਸਾਂਝਾਂ ਨਾਲ ਹੀ ਵਧੇ ਪਿਆਰ ਯਾਰੋ।
ਪਾਓ ਬਣਦਾ ਜੇ ਯੋਗਦਾਨ ਸੱਭੇ, ਦਈਏ ਮਨਾਂ ਨੂੰ ਅਸੀਂ ਸ਼ਿੰਗਾਰ ਯਾਰੋ ।।

No comments: