Pages

Monday, January 7, 2008

ਜ਼ਿੰਦਗੀ ਕੀ ਅਤੇ ਗੀਤ ਕੀ?.....

ਜ਼ਿੰਦਗੀ ਕੀ ਅਤੇ ਗੀਤ ਕੀ?
ਵੀਂਹਵੀ ਸਦੀ ਦੇ ਮਹਾਨ ਫ਼ਿਲਾਸਫ਼ਰ ਓਸ਼ੋ ਆਪਣੇ ਲੈਕਚਰ ਵਿੱਚ ਇਕ ਜਗ੍ਹਾ ਕਹਿੰਦੇ ਹਨ ਕਿ “ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਤਿਵੇਂ ਤਿਵੇਂ ਹੀ ਉਸ ਦੇ ਕੱਪੜਿਆਂ ਦਾ ਸਾਈਜ਼ ਵੀ ਵੱਡਾ ਹੁੰਦਾ ਜਾਂਦਾ ਹੈ। ਜੇ ਅਸੀਂ ਓਸ ਬੱਚੇ ਦੇ ਜੋ ਅੱਜ ਜਵਾਨ ਹੋ ਚੁੱਕਾ ਹੈ, ਉਸ ਦੇ ਬਚਪਨ ਵਾਲੇ ਕੱਪੜੇ ਹੁਣ ਉਸ ਦੇ ਜਵਾਨ ਹੋਏ ਦੇ ਪਹਿਨਾਉਣ ਦੀ ਕੋਸਿ਼ਸ਼ ਕਰੀਏ ਤਾਂ ਸਾਡੇ ਤੋਂ ਵੱਡਾ ਮੂਰਖ ਹੋਰ ਇਸ ਦੁਨੀਆਂ ਵਿੱਚ ਕੋਈ ਨਹੀਂ ਹੋ ਸਕਦਾ।” ਕੁਝ ਇਵੇਂ ਹੀ ਹੋ ਰਿਹਾ ਹੈ ਪੰਜਾਬੀ ਗੀਤ ਸੰਗੀਤ ਸੱਭਿਆਚਾਰ ਦੇ ਨਾਂ ਹੇਠ ਸਾਡੇ ਸਮਾਜ ਵਿੱਚ। ਗੱਲ ਸਮਝਣੇ ਲਈ ਭੂਮਿਕਾ ਵਿੱਚ ਥੋੜਾ ਜਿਹਾ ਵਿਸਥਾਰ ਕਰਦੇ ਹਾਂ ਕਿ ਇਸ ਧਰਤੀ ਤੇ ਜੀਵਾਂ ਦੀ ਜ਼ਿੰਦਗੀ ਪੈਰ ਪੈਰ ਤੇ ਬਦਲਦੀ ਰਹੀ ਹੈ ਅਤੇ ਬਦਲਦੀ ਵੀ ਰਹੇਗੀ। ਸਿਆਣੇ ਲੋਕ ਸਦੀਆਂ ਤੋਂ ਕਹਿੰਦੇ ਰਹੇ ਹਨ ਕਿ ਜਿਹੜੇ ਇਨਸਾਨ ਸਮੇਂ ਦੀ ਵਹਿੰਦੀ ਚਾਲ ਨਾਲ ਨਹੀਂ ਚਲਦੇ, ਉਹ ਹਮੇਸ਼ਾਂ ਪੱਛੜ ਜਾਂਦੇ ਹਨ, ਬਾਕੀ ਇਨਸਾਨਾਂ ਤੋਂ ਪਿਛਾਂਹ ਰਹਿ ਜਾਂਦੇ ਹਨ। ਜੀਵਨ ਦੀਆਂ ਲੋੜਾਂ ਦਿਨੋ ਦਿਨ ਨਵੇਂ ਰੂਪ ਧਾਰ ਦੀਆਂ ਹਨ। ਉਦਾਹਰਨ ਵਜੋਂ ਮੇਰੀ ਉਮਰ ਮੁਤਾਬਕ ਜੇ ਕੱਲ ਸਾਡੇ ਕੋਲ ਗੀਤ ਸੁਣਨ ਲਈ ਕੈਸਿੱਟ ਸੀ ਤਾਂ ਫਿਰ ਸੀਡੀ ਸੀ, ਹੁਣ ਐਮ ਪੀ ਥ੍ਰੀ ਹਰ ਕੋਈ ਕੰਨਾਂ ਨੂੰ ਲਾਈ ਫਿਰਦਾ ਹੈ। ਦੇਖਦੇ ਦੇਖਦੇ ਹੀ ਹੁਣ ਕੱਲੇ ਕੱਲੇ ਘਰ ਟੈਲੀਵੀਜ਼ਨ ਪਿਆ ਹੈ। ਘਰ ਵਾਲੇ ਫੋਨ ਤਾਂ ਇਕ ਪਾਸੇ, ਮੋਬਾਇਲ ਫੋਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਕੁ ਲੋਕ ਇਸ ਦੀ ਵਰਤੋਂ ਕਰਦੇ ਹਨ। ਕਿਹੜੀ ਕਿਹੜੀ ਚੀਜ਼ ਦਾ ਜ਼ਿਕਰ ਇੱਥੇ ਕਰਾਂ? ਹਰ ਪਾਸੇ ਹੀ ਵਿਗਿਆਨ ਦੀਆਂ ਖੋਜਾਂ ਨੇ ਇਨਸਾਨ ਦੀ ਜ਼ਿੰਦਗੀ ਸੁਖਾਲੀ ਕਰਨ ਲਈ ਕੋਈ ਕਸਰ ਨਹੀਂ ਛੱਡੀ ਹੋਈ। ਅੱਜ ਦੁਨੀਆਂ ਚੰਦਰਮਾ ਤੋਂ ਅਗਾਂਹ ਤੇ ਹੋਰ ਹੋਰ ਅਗਾਂਹ ਬੇਅੰਤ ਗ੍ਰਹਿਆਂ, ਉਪ ਗ੍ਰਹਿਆਂ ਆਦਿ ਤੇ ਜਾਣ ਦੀ ਦੌੜ ਵਿੱਚ ਲੱਗੀ ਹੋਈ ਹੈ। ਪਰ ਅਸੀਂ ਕਿੱਥੇ ਖੜੇ ਹਾਂ? ਕੀ ਸਾਡਾ ਸੰਗੀਤ ਸੱਭਿਆਚਾਰ ਸਮੇਂ ਦੀ ਚਾਲ ਨਾਲ ਚੱਲ ਰਿਹਾ ਹੈ? ਜਿਹੜੀ ਪਿਛਾਂਹ ਖਿੱਚੂ ਗੱਲ ਪੰਜਾਬੀ ਸੱਭਿਆਚਾਰ ਦੇ ਨਾਂ ਹੇਠ ਅਸੀਂ ਆਪਣੇ ਗੀਤਾਂ ਵਿੱਚ ਸੁਣਦੇ ਹਾਂ, ਕੀ ਅਸੀਂ ਇੰਝ ਹੀ ਇਹ ਸੁਣਦੇ ਰਹਾਂਗੇ? ਆਓ ਵਿਚਾਰੀਏ।
ਜਿਹੜੀਆਂ ਚੀਜ਼ਾਂ ਸਾਡੇ ਸੱਭਿਆਚਾਰ ਵਿੱਚੋਂ ਅੱਜ ਤੋਂ ਤਕਰੀਬਨ 50 ਕੁ ਸਾਲ ਪਹਿਲਾਂ ਹੀ ਅਲੋਪ ਹੋਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਹੁਣ ਪੂਰੀ ਤਰ੍ਹਾਂ ਸਾਡੇ ਸਮਾਜ ਵਿੱਚੋਂ ਮਨਫ਼ੀ ਹਨ, ਉਹਨਾਂ ਵਾਰੇ ਸਾਡੇ ਗਾਇਕ ਬਿਨਾਂ ਸੋਚੇ ਸਮਝੇ ਗੀਤ-ਦਰ-ਗੀਤ ਗਾਈ ਜਾ ਰਹੇ ਹਨ। ਨਾ ਤਾਂ ਇਹ ਚੀਜ਼ਾਂ ਇਹ ਕਲਾਕਾਰ (ਸਿਰਫ਼ ਸ਼ੋ ਵਗੈਰਾ ਵਿੱਚ ਵਰਤਣ ਤੋਂ ਸਿਵਾਏ) ਆਪ ਕਦੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਵਰਤਦੇ ਹਨ ਅਤੇ ਨਾ ਹੀ ਹੁਣ ਪੰਜਾਬ ਦੇ ਲੋਕ ਅਤੇ ਪੰਜਾਬ ਤੋਂ ਬਾਹਰ ਦੇ ਪੰਜਾਬੀ ਲੋਕ ਹੀ ਵਰਤਦੇ ਹਨ। ਫਿਰ ਕਿਉਂ ਐਡਾ ਰੌਲ਼ਾ ਗੁਜ਼ਰ ਗਏ ਸੱਭਿਆਚਾਰ ਵਾਰੇ ਸਾਡੇ ਇਨ੍ਹਾਂ ਮਾਂ ਬੋਲੀ ਦੇ ਅਖੌਤੀ ਸੇਵਾਦਾਰਾਂ ਨੇ ਪਾਇਆ ਹੋਇਆ ਹੈ? ਸੱਭਿਆਚਾਰ ਹਮੇਸ਼ਾਂ ਹਮੇਸ਼ਾਂ ਲਈ ਇਕ ਜਗ੍ਹਾ ਤੇ ਸਥਾਈ ਰਹਿਣ ਵਾਲਾ ਨਹੀਂ ਹੁੰਦਾ, ਸੱਭਿਆਚਾਰ ਹਰੇਕ ਕੌਮ ਦਾ ਸਦਾ ਹੀ ਬਦਲਦਾ ਆਇਆ ਹੈ ਅਤੇ ਬਦਲਦਾ ਰਹੇਗਾ। ਸੱਭਿਆਚਾਰ ਵਿੱਚ ਲੋਕਾਂ ਦਾ ਵਿਵਹਾਰ, ਪਹਿਰਾਵਾ, ਭਾਸ਼ਾਵਾਂ, ਧਰਮ, ਰਹੁਰੀਤਾਂ, ਕਿੱਤੇ, ਖੇਡਾਂ, ਤਿਓਹਾਰ ਆਦਿ ਕਿੰਨਾ ਹੀ ਕੁਝ ਸਮਾਇਆ ਹੁੰਦਾ ਹੈ। ਇਹ ਸਭ ਕੁਝ ਓਸ ਦੇਸ਼ ਦੇ ਰਾਜਨੀਤਕ ਹਾਲਤਾਂ ਕਰਕੇ, ਧਾਰਮਿਕ ਹਾਲਤਾਂ ਕਰਕੇ, ਆਰਥਿਕ ਹਾਲਤਾਂ ਕਰਕੇ, ਸਮਾਜਿਕ ਹਾਲਤਾਂ ਕਰਕੇ ਸਮੇਂ ਸਮੇਂ ਮੁਤਾਬਕ ਬਦਲਦਾ ਰਹਿੰਦਾ ਹੈ। ਸਾਰੀ ਦੁਨੀਆਂ ਹੁਣ ਇਲੈਕਟ੍ਰੋਨਿਕ ਟੈਕਨਾਲੋਜੀ/ਬਿਜਲਈ ਉਦਯੋਗ ਵਿਗਿਆਨ ਦੇ ਜ਼ਮਾਨੇ ਵਿੱਚ ਇਕ ਗਲੋਬਲ ਵਿਲਿਜ਼/ਵਿਸ਼ਵ ਵਿਆਪਕ ਪਿੰਡ ਦੀ ਤਰਾਂ ਹੋ ਗਈ ਹੈ। ਜਿਸ ਵਿੱਚ ਨਵੇਂ ਬਣ ਰਹੇ ਸੱਭਿਆਚਾਰ ਨੂੰ ਗਲੋਬਲ ਕਲਚਰ/ਵਿਸ਼ਵ ਵਿਆਪਕ ਸੱਭਿਆਚਾਰ ਕਿਹਾ ਜਾ ਸਕਦਾ ਹੈ। ਜਿਸ ਵਿੱਚ ਪਹਿਰਾਵਾ, ਖਾਣ ਪੀਣ, ਰਹਿਣ ਸਹਿਣ ਦਾ ਢੰਗ, ਸਮਾਜਿਕ ਜੀਵਨ, ਮਨੋਰੰਜਨ/ਮਨੋਰੰਜਨ ਦੇ ਸਾਧਨ ਆਦਿ ਤਕਰੀਬਨ 70 ਪ੍ਰਤੀਸ਼ਤ ਦੁਨੀਆਂ ਦੇ ਇਕੋ ਜਿਹੇ ਹੋ ਰਹੇ ਹਨ। ਜਿਸ ਤਰਾਂ ਦੇ ਕੱਪੜੇ ਪੱਛਮੀ ਦੇਸ਼ਾਂ ਦੇ ਬਾਸ਼ਿੰਦੇ ਪਹਿਨ ਰਹੇ ਹਨ ਓਹੀ ਪੰਜਾਬੀ/ਭਾਰਤੀ ਵੀ ਪਾ ਰਹੇ ਹਨ, ਪੱਛਮੀ ਦੇਸ਼ਾਂ ਵਿੱਚ ਸਥਾਪਿਤ ਚੇਨ ਰੈਸਟੋਰੈਂਟ ਸਭ ਤਰਾਂ ਦੇ ਹੀ ਪੰਜਾਬ/ਭਾਰਤ ਵਿੱਚ ਵਪਾਰ ਕਰ ਰਹੇ ਹਨ, ਪੱਛਮੀ ਧੁਨਾਂ ਨੇ ਸਾਡੇ ਸੰਗੀਤ ਤੇ ਆਪਣਾ ਜਾਲ਼ ਪਾਇਆ ਹੋਇਆ ਹੈ, ਸਮਾਜਿਕ ਕਦਰਾਂ ਕੀਮਤਾਂ ਦੀ ਨੁਹਾਰ ਵੀ ਬਦਲ ਰਹੀ ਹੈ ਆਦਿ। ਫਿਰ ਅਸੀਂ ਕਿਵੇਂ ਆਪਣੇ ਆਪ ਨੂੰ ਉਹਨਾਂ ਪਰਸਥਿਤੀਆਂ ਨਾਲ ਬੰਨ੍ਹ ਕੇ ਰੱਖ ਸਕਦੇ ਹਾਂ ਜਿਹੜੀਆਂ ਸਾਡੀ ਜ਼ਿੰਦਗੀ ਨਾਲੋਂ ਬਹੁਤ ਪਿਛਾਂਹ ਰਹਿ ਗਈਆਂ ਹੋਣ। ਉਦਾਹਰਣ ਵਜੋਂ ਸਾਡੇ ਗੀਤਾਂ ਵਿੱਚ ਜਿਨ੍ਹਾਂ ਗੱਲਾਂ, ਵਸਤੂਆਂ ਦਾ ਨਾਂ ਵਾਰ ਵਾਰ ਆ ਰਿਹਾ ਹੈ, ਆਓ ਉਹਨਾਂ ਤੇ ਇਕ ਝਾਤ ਮਾਰਦੇ ਹਾਂ:
ਜਿਵੇਂ ਕਿ:
ਚਰਖਾ (ਸਟੇਜਾਂ ਦਾ ਫੋਕਾ ਸ਼ਿੰਗਾਰ ਬਣਾਉਣ ਤੋਂ ਬਿਨਾਂ ਚਰਖੇ ਨੂੰ ਕੋਈ ਛੂਹਣਾ ਵੀ ਨਹੀਂ ਚਾਹੁੰਦਾ ਕਿਉਂਕਿ ਜਿਹੜੀ ਚੀਜ਼ ਚਰਖੇ ਨੇ ਮਹੀਨੇ ਵਿੱਚ ਬਣਾਉਣੀ ਹੈ ਉਹ ਤੁਸੀਂ ਬਜ਼ਾਰ ‘ਚ ਜਾ ਕੇ ਇੱਕ ਮਿੰਟ ਵਿੱਚ ਲਿਆ ਸਕਦੇ ਹੋ। ਇਸ ਦੀ ਸਮਾਜ ਨੂੰ ਹੁਣ ਕੋਈ ਲੋੜ ਨਹੀਂ ਰਹੀ ਹੈ।),
ਫੁਲਕਾਰੀ/ਘੱਗਰਾ/ਲੰਮੀ ਗੁੱਤ (ਫੁਲਕਾਰੀਆਂ, ਲੱਗਦਾ ਹੈ ਪੇਟੀਆਂ ਜਾਂ ਅਜਾਇਬ ਘਰਾਂ ਵਿੱਚ ਪਈਆਂ ਇਸਤਰੀ ਦੇ ਪਿਆਰ ਲਈ ਤਰਸਦੀਆਂ ਹੋਣੀਆਂ ਨੇ ਕਿਉਂਕਿ ਇਹਨਾਂ ਦੀ ਜਗ੍ਹਾ ਵੀ ਅੱਜ ਦੇ ਯੁੱਗ ਦੀਆਂ ਸ਼ੁਕੀਨੀ ਵਾਲੀਆਂ ਚੀਜ਼ਾਂ ਲੈ ਚੁੱਕੀਆਂ ਹਨ। ਮਸਲਨ ਅੱਜ ਪੰਜਾਬਣ ਔਰਤ ਦੀ ਨਿੱਤ ਵਰਤੋਂ ਦੀਆਂ ਚੀਜ਼ਾਂ ਵਿੱਚ ਫੁਲਕਾਰੀ ਦਾ ਕੋਈ ਰੋਲ ਨਹੀਂ ਹੈ। ਘੱਗਰਾ ਤਾਂ ਕਦੀ ਸ਼ਾਇਦ ਮੇਰੀ ਉਮਰ ਦੇ ਮੁੰਡਿਆਂ ਨੇ ਕਦੀ ਵੀ ਨਹੀਂ ਵੇਖਿਆ ਹੋਣਾ। ਲੰਮੀ ਗੁੱਤ ਵੀਡੀਓ ਗੀਤਾਂ ਵਿੱਚ ਤਾਂ ਅਸੀਂ ਕਦੇ ਦੇਖੀ ਨਹੀਂ ਉਦਾਂ ਭਾਵੇਂ 10 ਕੁ ਪ੍ਰਤੀਸ਼ਤ ਔਰਤਾਂ ਦੀ ਲੰਮੀ ਗੁੱਤ ਹੋਵੇ ਗੀ। ਜਿਹੜਾ ਪੰਜਾਬੀ ਸੱਭਿਆਚਾਰ ਵਿੱਚ ਔਰਤਾਂ ਦਾ ਬਹੁਤ ਸਮੇਂ ਪਹਿਲਾਂ ਪਹਿਰਾਵਾ ਰਿਹਾ ਹੈ ਉਸ ਦਾ ਅੱਜ ਵੀ ਗੀਤਾਂ ਵਿੱਚ ਅਸੀਂ ਬੇਲੋੜਾ ਜ਼ਿਕਰ ਸੁਣ ਸਕਦੇ ਹਾਂ। ਕਿਉਂ?),
ਖੂਹ/ਖੂਹਾਂ ਨਾਲ ਸਬੰਧਿਤ ਸਮਾਨ (ਪੰਜਾਬ ਦੇ ਪਿੰਡਾਂ ਵਿੱਚ ਇਹ ਖਾਲੀ ਜਿਹੇ ਖੂਹ ਬਹੁਤੇ ਇਲਾਕਿਆਂ ਵਿੱਚ ਖਤਰਨਾਕ ਸਮਝ ਕੇ ਪੂਰ ਦਿੱਤੇ ਗਏ ਹਨ। ਕਿਉਂਕਿ ਜਾਂ ਤਾਂ ਇਹਨਾਂ ਵਿੱਚ ਕੋਈ ਰਾਤ ਬਰਾਤੇ ਪਸ਼ੂ ਅਚਨਚੇਤ ਡਿੱਗ ਜਾਂਦਾ ਸੀ ਜਾਂ ਫਿਰ ਕੋਈ ਸਮਾਜ ਦਾ ਸਤਾਇਆ ਇਨਸਾਨ ਆਪਣੇ ਆਪ ਇਹਨਾਂ ਖੂਹਾਂ ਵਿੱਚ ਜਾਨ ਤੇ ਖੇਡ ਜਾਂਦਾ ਹੈ/ਸੀ। ਹਾਂ, ਜੇ ਅਜੇ ਵੀ ਕਈ ਪਿੰਡਾਂ ਵਿੱਚ ਇਹ ਖੂਹ ਹਨ ਤਾਂ ਜਾਂ ਇਸ ਕਰਕੇ ਕਿ ਸ਼ਾਇਦ ਇਹ ਉਹਨਾਂ ਦੀ ਮਜਬੂਰੀ ਹੀ ਹੈ ਅਤੇ ਜਾਂ ਕਈ ਥਾਂਵਾਂ ਤੇ ਹਲਟ ਦੀਆਂ ਦੌੜਾਂ ਕਰਵਾਉਣ ਲਈ ਸਿਰਫ਼ ਨਾਂ ਦੇ ਹੀ ਇਹ ਖੂਹ ਹਨ, ਨਾਲੇ ਪਾਣੀ ਵੀ ਕਿਹੜਾ ਅਸੀਂ ਧਰਤੀ ਵਿੱਚ ਹੁਣ ਛੱਡਿਆ ਹੈ ਜਿਹਦੇ ਲਈ ਖੂਹਾਂ ਦੀ ਲੋੜ ਪਵੇ? ਨਾਲੇ ਮੋਟਰਾਂ/ਬੰਬੀਆਂ ਵੀ ਇਹਨਾਂ ਦੀ ਥਾਂ ਤੇ ਕੰਮ ਕਰ ਰਹੀਆਂ ਨੇ। ਫੇਰ ਦੱਸੋ ਉੱਥੇ ਖੂਹਾਂ ਨੂੰ ਕਿਹੜਾ ਪੁੱਛਦਾ?),
ਬਲਦਾਂ ਨਾਲ ਖੇਤੀ/ਖੇਤੀ ਨਾਲ ਸਬੰਧਿਤ ਸੰਦ (ਪੰਜਾਬ ਦੇ ਹੇਠਲੇ ਤਬਕੇ ਦੇ ਕਿਸਾਨਾਂ ਤੋਂ ਬਿਨਾਂ ਅੱਜ ਕੋਈ ਨਹੀਂ ਬਲਦਾਂ ਦੀ ਖੇਤੀ ਕਰਦਾ, ਉਹ ਵੀ ਸ਼ਾਇਦ ਕਿਸੇ ਇਕ ਅੱਧੇ ਪਿੰਡ ਵਿੱਚ ਇਕ ਅੱਧਾ ਹੀ ਘਰ ਹੋਵੇ। ਜਿਹਦੇ ਕੋਲ ਇੱਕ ਕਿੱਲਾ ਵੀ ਜਮੀਨ ਦਾ ਹੈ, ਉਸਨੇ ਘਰ ‘ਸੋਨਾਲੀਕਾ’ ਜਾਂ ‘ਫਾਰਮ’ ਟਰੈਕਟਰ ਖੜਾ ਕੀਤਾ ਹੋਇਆ ਹੈ ਅਤੇ ਬਲਦਾਂ ਨਾਲ ਖੇਤੀ ਜੇ ਕੋਈ ਕਰਦਾ ਵੀ ਹੈ ਤਾਂ ਖੁਸ਼ ਹੋ ਕੇ ਨਹੀਂ ਕਰਦਾ ਹੋਣਾ ਕਿ ਉਹਨਾਂ ਦੇ ਢੋਲੇ ਗਾਏ ਜਾਣ। ਸੰਦਾਂ ਨੂੰ ਕਿਸ ਨੇ ਪੁੱਛਣਾ ਜਦ ਬਲਦਾਂ ਦੀਆਂ ਜੋੜੀਆਂ ਵਾਲੀ ਖੇਤੀ ਨਾ ਰਹੀ।),
ਗੱਡੇ ‘ਤੇ ਮੇਲੇ ਜਾਣਾ (ਇਹ ਵੀ ਨਿਰਾ ਪੁਰਾ ਕੋਰਾ ਛਲਾਵਾ ਹੀ ਹੈ ਅੱਜ ਦੀ ਦੁਨੀਆਂ ਵਿੱਚ। ਜੱਟਾਂ ਦੇ ਪੁੱਤ ਤਾਂ ਹੁਣ ਟਰੈਕਟਰ ਤੇ ਨਹੀਂ ਬਹਿੰਦੇ, ਗੱਡਾ ਤਾਂ ਇਕ ਪਾਸੇ। ਟਰੈਕਟਰਾਂ ਨੂੰ ਤਾਂ ਹੁਣ ਬਿਹਾਰੀ ਬਾਬੂ ਹੀ ਦਬੱਲਦੇ/ਚਲਾਉਂਦੇ ਆ।),
ਬਲਦਾਂ ਦੀ ਗੱਡੀ (ਇਕ ਕੱਟਾ/ਵੱਛਾ ਜਿਹਾ ਜੋੜ ਕੇ ਲੋਕੀ ਚਾਰੇ ਦੀ ਮੁੱਠ ਲਿਆਉਣ ਲਈ ਮਾੜੀ ਮੋਟੀ ਗੱਡੀ ਜਿਹੀ ਵਰਤਦੇ ਹਨ, ਸੋ ਬਲਦਾਂ ਦੀ ਗੱਡੀ ਦੌੜਾਂ ਕਰਾਉਣ ਤੋਂ ਬਿਨਾਂ ਹੋਰ ਕਿਸੇ ਕੰਮ ਨਹੀਂ ਆਉਂਦੀ, ਜਿਸ ਤੇ ਰੱਬ ਜਿੱਡਾ ਮਾਣ ਕੀਤਾ ਜਾ ਸਕੇ।),
ਤੀਆਂ (ਇਹਨਾਂ ਨੂੰ ਤਾਂ ਹੁਣ ਅਜੋਕੇ ਗੀਤਾਂ ਦੀਆਂ ਫਿਲਮਾਂ ਵਿੱਚ ਹੀ ਦੇਖੀਦਾ ਹੈ, ਜਾਂ ਬਾਹਰਲੇ ਮੁਲਕਾਂ ਵਿੱਚ ਡਾਲਰਾਂ ਦੀਆਂ ਗਾਗਰਾਂ ਭਰਨ ਲਈ ਤੀਆਂ ਤਿ੍ਰੰਞਣ ਦਾ ਰੌਲ਼ਾ ਜਰੂਰ ਪੈਂਦਾ ਸੁਣ ਲਈਦਾ ਹੈ ਨਹੀਂ ਤਾਂ ਜਿਸ ਸਮਾਜ ਵਿੱਚ ਜੰਮਣ ਤੋਂ ਪਹਿਲਾਂ ਧੀਆਂ ਧਿਆਣੀਆਂ ਮਾਰ ਦਿੱਤੀਆਂ ਜਾਂਦੀਆਂ ਹੋਣ ਅਤੇ ਜੇ ਕੋਈ ਧੀ ਧਿਆਣੀ ਭੁੱਲ ਭੁਲੇਖੇ ਜ਼ਾਲਮਾਂ ਦੀ ਨਿਗ੍ਹਾ ਤੋਂ ਬੱਚ ਕੇ ਸਮਾਜ ਦੀ ਅੱਖ ਤੋਂ ਬੱਚ ਕੇ ਜੁਆਨ ਹੋ ਵੀ ਜਾਵੇ ਤਾਂ ਵਿਆਹ ਤੋਂ ਬਾਅਦ ਕਈ ਦਾਜ ਦੇ ਭੁੱਖੇ, ਦਕੀਆਨੂਸੀ, ਰੂੜੀਵਾਦੀ ਸੋਚ ਵਾਲੇ ਸਹੁਰੇ ਘਰ ਨਹੀਂ ਬਖ਼ਸ਼ਦੇ ਕਰਮਾਂ ਦੀ ਮਾਰੀ ਨੂੰ। ਓਸ ਸਮਾਜ ਵਿੱਚ ਵਸਦੇ ਹੋਏ ਕੀ ਅਸੀਂ ਫੇਰ ਵੀ ਤੀਆਂ, ਤਿ੍ਰੰਞਣਾਂ, ਪੀਂਘਾਂ ਦੇ ਹੁਲਾਰੇ ਲਾ ਲਾ ਕੇ ਔਰਤ ਜਾਤ ਨੂੰ ਧੋਖਾ ਦੇਣ ਵਿੱਚ ਕਾਮਯਾਬ ਹੋ ਰਹੇ ਗੀਤਾਂ ਨੂੰ ਸੁਣਦੇ ਰਹਾਂਗੇ?)
ਦੰਦਾਸਾ (ਇਸ ਦੀ ਥਾਂ ਵੀ ਟੁੱਥ ਪੇਸਟਾਂ ਜਾਂ ਪਾਊਡਰ ਵਗੈਰਾ ਨੇ ਲੈ ਲਈ ਹੈ। ਉੱਦਾਂ ਵੀ ਹੁਣ ਔਰਤਾਂ ਦੰਦਾਂ ਨੂੰ ਦੰਦਾਂ ਦੇ ਡਾਕਟਰ ਕੋਲੋਂ ਕਲੀਨ/ਸਾਫ਼ ਕਰਾ ਲੈਂਦੀਆਂ ਨੇ।),
ਗਾਗਰਾਂ (ਇਹ ਵੀ ਅਜਾਇਬ ਘਰ ਦੀ ਵਸਤੂ ਬਣ ਕੇ ਰਹਿ ਜਾਣ ਵਾਲੀ ਚੀਜ਼ ਹੈ, ਜਿਸ ਦਾ ਜਿਕਰ ਅਸੀਂ ਆਮ ਬੋਲੀਆਂ ਆਦਿ ਵਿੱਚ ਸੁਣਦੇ ਰਹਿੰਦੇ ਹਾਂ। ‘ਘੜਾ ਵੱਜਦਾ ਘੜੋਲੀ ਵੱਜਦੀ, ਕਿਤੇ ਗਾਗਰ ਵੱਜਦੀ ਸੁਣ ਮੁੰਡਿਆ’ ਜਿਸ ਸਮੇਂ ਇਹ ਗੀਤ ਜਗਮੋਹਨ ਕੌਰ ਨੇ ਗਾਇਆ ਸੀ, ਉਸ ਸਮੇਂ ਇਹ ਥੋੜੀ ਬਹੁਤੀ ਵੱਜਦੀ ਹੀ ਸੀ ਪਰ ਹੁਣ ਨਹੀਂ।),
ਲੱਕੜ ਦੀ ਮਧਾਣੀ (ਬਿਜਲੀ ਵਾਲੀਆਂ ਮਸ਼ੀਨਾਂ ਨੇ ਇਸ ਨੂੰ ਕਦੋਂ ਦੀ ਮਾਰ ਮੁਕਾ ਕੇ ਖਪਾ ਦਿੱਤਾ ਹੋਇਆ ਹੈ।),
ਕੁੜਤਾ ਚਾਦਰਾ (ਗਾਉਣ ਵਾਲਿਆਂ ਤੋਂ ਸਿਵਾਏ ਹੁਣ ਕੋਈ ਨਹੀਂ ਪਾਉਂਦਾ। ਇਹ ਵੀ ਐਂਵੇ ਸ਼ਗਨ ਜਿਹਾ ਈ ਕਰਦੇ ਆ ਸਟੇਜ ਤੇ ਪਾ ਕੇ ਨੱਚਣ ਵੇਲੇ ਜਾਂ ਭੰਗੜੇ ਵਾਲੇ ਗਰੁੱਪ ਇਹੋ ਪਹਿਰਾਵਾ ਪਾਉਂਦੇ ਹਨ ਪਰ ਇਸ ਦਾ ਅਸਲੀਅਤ ਵਾਲੀ ਜ਼ਿੰਦਗੀ ‘ਚ ਲਗਭਗ ਕੋਈ ਰੋਲ ਨਹੀਂ ਰਿਹਾ।),
ਡੋਲੀ, ਜਿਸ ਨੂੰ ਕਹਾਰ ਚੁਕਦੇ ਸਨ (ਇਹ ਵੀ ਵਿਆਹਾਂ ‘ਚ ਕੁੜੀ ਨੂੰ ਸਹੁਰੇ ਘਰ ਤੋਰਨ ਲਈ ਕਈ ਸਾਲ ਪਹਿਲਾਂ ਕੰਮ ਆਉਂਦੀ ਸੀ, ਇਸ ਦੀ ਥਾਂ ਕਾਰਾਂ/ਸਾਈਕਲਾਂ ਨੇ ਲੈ ਲਈ ਸੀ)।
ਅਜਿਹੇ ਹੋਰ ਵੀ ਕਈ ਵਸਤੂਆਂ ਦੇ ਨਾਮ/ਸ਼ਬਦ ਹਨ, ਉਹਨਾਂ ਦਾ ਫਿਰ ਕਦੇ ਜ਼ਿਕਰ ਕਰਾਂਗੇ ਜਿਨ੍ਹਾਂ ਸ਼ਬਦਾਂ ਨੂੰ ਐਂਵੇ ਹੀ ਪਾਣੀ ‘ਚ ਮਧਾਣੀ ਪਾਉਣ ਵਾਲੇ ਗਾਇਕ ਦੁੱਧ ਦੇ ਭੁਲੇਖੇ ਰਿੜਕੀ ਜਾਂਦੇ ਆ। ਹੁਣ ਜੇ ਇੱਥੇ ਇਕ ਹੋਰ ਪੱਖ ਦੇ ਵਾਰੇ ਗੱਲ ਨਾ ਕੀਤੀ ਤਾਂ ਸ਼ਾਇਦ ਠੀਕ ਨਹੀਂ ਹੋਵੇਗਾ, ਉਹ ਇਹ ਕਿ ਸਾਡੇ ਗਾਇਕ ਇਹ ਕਹਿਣਗੇ ਕਿ ਗੀਤਕਾਰ ਵੀਰ ਅਜਿਹੇ ਸ਼ਬਦ/ਵਿਸ਼ੇ ਲਿਖਦੇ ਹਨ ਤਾਂ ਅਸੀਂ ਗਾਉਂਦੇ ਹਾਂ। ਪਰ ਇੱਥੇ ਇਹ ਹੀ ਕਹਾਂਗੇ ਕਿ ‘ਸੌ ਹੱਥ ਰੱਸਾ ਸਿਰੇ ਤੇ ਗੰਢ’ ਮਤਲਬ ਕਿ ਜਨਾਬ ਗੱਲ ਤਾਂ ਤੁਹਾਡੇ ਮੁਕਾਇਆਂ ਹੀ ਮੁੱਕਣੀ ਏਂ ਨਾ? ਸੋ ਇਹ ਬਹਾਨਾ 1 ਪ੍ਰਤੀਸ਼ਤ ਵੀ ਨਹੀਂ ਚੱਲਣਾ। ਬਾਕੀ ਨਾਲੋ ਨਾਲ ਕਿ ਕੰਪਨੀਆਂ ਦੀ ਤਾਂ ਭਾਈ ਗੱਲ ਹੀ ਛੱਡੋ। ਉਹਨਾਂ ਨੂੰ ਤਾਂ ਅੱਜ ਕੱਲ ਜੋ ਵੀ ਦਿਓ (ਮੋਟੀ ਰਕਮ ਨਾਲ ਲਪੇਟ ਕੇ) ਉਹਨੀਂ ਅੱਗੇ ਲੋਕਾਂ ਦੀ ਕਚਹਿਰੀ ਵਿੱਚ ਭੇਜ ਹੀ ਦੇਣਾ ਹੁੰਦਾ। ਦੂਜਾ ਪੱਖ ਹੋਰ ਯਾਦ ਆਇਆ ਕਿ ਇਹ ਗੀਤ ਹਿੱਟ ਵੀ ਬਹੁਤ ਛੇਤੀ ਹੁੰਦੇ ਹਨ। ਇਸ ਦਾ ਕਾਰਨ ਇਹਨਾਂ ਸ਼ਬਦਾਂ (ਅਲੋਪ ਹੋ ਗਏ ਸ਼ਬਦ) ਦੇ ਕਰਕੇ ਬਿਲਕੁਲ ਹੀ ਨਹੀਂ ਹੁੰਦਾ। ਹਿੱਟ ਹੋਣ ਦਾ ਕਾਰਨ ਕਲਾਕਾਰ ਦੀ ਅਵਾਜ਼ ਦਾ ਵਧੀਆ ਹੋਣਾ, ਗੀਤ ਦਾ ਸੰਗੀਤ ਵਧੀਆ ਹੋਣਾ, ਗੀਤ ਦੀ ਤਰਜ਼ ਵਧੀਆ ਹੋਣੀ। ਇਹ ਸਭ ਗੱਲਾਂ ਗੀਤ ਦੇ ਹਿੱਟ ਹੋਣ ਵਿੱਚ ਰੋਲ ਨਿਭਾਉਂਦੀਆਂ ਹਨ। ਹੁਣ ਗੱਲ ਲੋਕਾਂ ਤੇ ਆਈ ਏ ਤਾਂ ਇਹ ਲੋਕ ਸਾਡੇ ਨਾਲੋਂ ਚੰਗੀ ਤਰਾਂ ਜਾਣਦੇ ਹੀ ਹਨ ਕਿ ਉਹਨਾਂ ਦਾ ਕੀ ਫਰਜ਼ ਬਣਦਾ ਹੈ ਇਸ ਗੰਭੀਰ ਮਸਲੇ ਨੂੰ ਨੱਥ ਪਾਉਣ ਲਈ।
ਚੂੰਕਿ ਗੀਤਾਂ ਦੇ ਵਿਸ਼ੇ ਵੀ ਗਲੋਬਲ ਪੱਧਰ ਤੇ ਤਕਰੀਬਨ ਇਕੋ ਜਿਹੇ ਹੀ ਹੋ ਗਏ ਹਨ। ਪੱਛਮ ਅਤੇ ਪੂਰਬ ਦੇ ਗੀਤਾਂ ਵਿਚਲੇ ਵਿਸ਼ੇ ਜਿਹੜੇ ਲਗਭਗ ਤਿੰਨ ਗੱਲਾਂ ਦੇ ਆਲੇ ਦੁਆਲੇ ਹੀ ਘੁੰਮਦੇ ਹਨ, ਉਹ ਇਸ ਤਰਾਂ ਹਨ, 1) ਨਸ਼ਾ/ਡਰੱਗ 2) ਅਸ਼ਲੀਲਤਾ/ਸੈਕਸ 3) ਲੜਾਈ/ਵਾਇਲੈਂਸ। ਸਾਡੇ ਗੀਤਾਂ ਵਿੱਚ ਸ਼ਰਾਬ ਪੀ ਕੇ ਪੰਜਾਬੀਆਂ ਨੇ ਜੇ ਉਜੱਡਪੁਣਾ ਨਾ ਵਿਖਾਇਆ/ਬੱਕਰੇ ਨਾ ਬੁਲਾਏ ਤਾਂ ਭਲਾ ਉਹ ਪੰਜਾਬੀ ਕਾਹਦਾ ਹੋਇਆ? ਹੁਣ ਤਾਂ ਕਈ ਗਾਇਕ ਆਪ ਵੀ ਨਸਿ਼ਆਂ ਦੇ ਆਦੀ ਹੋਏ ਪਏ ਹਨ ਜਿਹਨਾਂ ਦੇ ਚਰਚੇ ਦੇਸ ਵਿੱਚ ਤਾਂ ਹੋਣੇ ਹੀ ਹਨ, ਵਿਦੇਸ਼ਾਂ ‘ਚ ਵੀ ਇਹਨਾਂ ਦੇ ਝੱਲ ਦੇ ਚਰਚੇ ਗਲ਼ੀ ਗਲ਼ੀ ‘ਚ ਹੋ ਰਹੇ ਹਨ। ਗੰਦੀਆਂ ਫਿਲਮਾਂ ਜੇ ਗੀਤਾਂ ਦੀਆਂ ਨਾ ਬਣਾਈਆਂ ਤਾਂ ਵਿਕਣਗੀਆਂ ਕਿੱਦਾਂ? ਸੈਕਸ ਨੂੰ ਘਿਣਾਉਣਾ ਰੂਪ ਦੇ ਕੇ ਪਵਿੱਤਰ ਪਿਆਰ ਦੀ ਰੂਹ ਕਿਵੇਂ ਸ਼ਰਮਸਾਰ ਕਰਨੀ ਹੈ? ਇਹ ਕੋਈ ਇਹਨਾਂ ਵੀਡੀਓ ਬਣਾਉਣ ਵਾਲਿਆਂ ਤੋਂ ਸਿੱਖੇ? ਬਾਕੀ ਰਹੀ ਲੜਾਈ ਦੀ ਗੱਲ ਇਸ ਪਾਸੇ ਵੀ ਗਰਮ ਖੂਨ ਨੂੰ ਗਲਤ ਪਾਸੇ ਤੋਰਨ ਲਈ ਇਹਨਾਂ ਨੇ ਕਮਰਕੱਸੇ ਕੀਤੇ ਹੋਏ ਹਨ। ਵੈਸੇ ਇਹ ਵਿਸ਼ਾ ਵਿਸਥਾਰ ਦੀ ਮੰਗ ਕਰਦਾ ਹੈ। ਸਿਰਫ਼ ਇਸ਼ਾਰਾ ਕਰਕੇ ਹੀ ਹੁਣ ਲੇਖ ਨੂੰ ਸਮੇਟਦੇ ਹਾਂ। ਹੁਣ ਜਾਪਦਾ ਇਹ ਹੈ ਕਿ ਇਹਨਾਂ ਸ਼ਬਦਾਂ ਦੀ ਲੋੜ ਸਿਰਫ਼ ਪੰਜਾਬੀ ਸ਼ਬਦ-ਕੋਸ਼/ਡਿਕਸ਼ਨਰੀ ਵਿੱਚ ਜਾਂ ਫਿਰ ਪੰਜਾਬੀਆਂ ਦੇ ਇਤਿਹਾਸ/ਸਾਹਿਤ ਵਿੱਚ ਵਰਤਣੇ ਲਈ ਹੀ ਪੈ ਸਕਦੀ ਹੈ ਨਾ ਕਿ ਇਹ ਰੂਹ ਤੋਂ ਸੱਖਣੇ ਸ਼ਬਦ ਵਰਤਮਾਨ ਜ਼ਿੰਦਗੀ ਵਿੱਚ ਅਜੋਕੀ ਪੰਜਾਬੀ ਗਾਇਕੀ ਦੇ ਰੂਪ ਵਿੱਚ ਸੱਭਿਆਚਾਰ ਦੇ ਨਾਂ ਹੇਠ ਸਾਨੂੰ ਗੀਤਾਂ ਵਿੱਚ ਵਰਤਣੇ ਚਾਹੀਦੇ ਹਨ ਕਿਉਂਕਿ ਕਾਰਨ ਤੁਸੀਂ ਪੜ੍ਹ ਹੀ ਚੁੱਕੇ ਹੋ।
ਵਿਦੇਸ਼ਾਂ ਵਿੱਚ ਵਸਦੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਜਿਸ ਨੂੰ ਇਹਨਾਂ ਗੱਲਾਂ ਦੀ ਸਮਝ ਹੀ ਨਹੀਂ ਪੈਂਦੀ, ਉਹਨਾਂ ਲਈ ਸਿਰਫ਼ ਗੀਤਾਂ ਦੀ ਬੀਟ/ਧਮਕ ਤੇ ਭੰਗੜਾ ਪਾਉਣ ਤੋਂ ਵੱਧ ਕੇ ਇਹ ਵਸਤੂਆਂ ਦੇ ਨਾਮ/ਸ਼ਬਦ ਕੋਈ ਅਹਿਮੀਅਤ ਨਹੀਂ ਰੱਖਦੇ ਅਤੇ ਅੱਜਕੱਲ ਤਾਂ ਪੰਜਾਬ ਵਿੱਚ ਵੀ ਪੰਜਾਬੀ ਗੀਤਾਂ ਦੇ ਐਨੇ ਸ਼ੋਰ ਸ਼ਰਾਬੇ ਦੇ ਬਾਵਜੂਦ ਵੀ ਲੋਕ ਪੰਜਾਬੀ ਦੀ ਥਾਂ ਅੰਗਰੇਜ਼ੀ ਜਾਂ ਹਿੰਦੀ ਬੋਲਣ ਨੂੰ ਹੀ ਜਿ਼ਆਦਾ ਤਰਜੀਹ ਦੇਣ ਲੱਗ ਪਏ ਹਨ। ਜੋ ਪੰਜਾਬੀ ਬੋਲੀ ਦਾ ਅਸੀਂ ਸਮਝਦੇ ਹਾਂ ਕਿ ਇਕ ਤਰਾਂ ਨਾਲ ਇਸ ਨੂੰ ਅਪਮਾਨ ਹੀ ਸਮਝਿਆ ਜਾਣਾ ਚਾਹੀਦਾ ਹੈ। ਇਹਨਾਂ ਵਸਤੂਆਂ ਦੇ ਨਾਮਾਂ ਨੂੰ/ਸ਼ਬਦਾਂ ਨੂੰ ਗੀਤਾਂ ਵਿੱਚ ਤਸ਼ਬੀਹ ਦੇ ਤੌਰ ਤੇ ਜੇ ਵਰਤਿਆ ਜਾਵੇ ਫਿਰ ਵੱਖਰੀ ਗੱਲ ਹੈ। ਵੈਸੇ ਤਸ਼ਬੀਹਾਂ ਲਈ ਵੀ ਅਜੋਕੀ ਦੁਨੀਆਂ ਦੇ ਸ਼ਬਦ ਲਏ ਜਾ ਸਕਦੇ ਹਨ। ਸਿੱਧੇ ਤੌਰ ਤੇ ਇਹਨਾਂ ਚੀਜ਼ਾਂ ਦੇ ਨਾਮਾਂ/ਸ਼ਬਦਾਂ ਦੀ ਹੋਂਦ ਸਮਾਜ ਵਿੱਚ ਇਸ ਵੇਲੇ ਨਹੀਂ ਦਰਸਾਉਣੀ ਚਾਹੀਦੀ।
ਮਹਾਨ ਫ਼ਿਲਾਸਫ਼ਰ ਓਸ਼ੋ ਦੀ ਗੱਲ ਦੇ ਨਾਲ ਹੀ ਲੇਖ ਨੂੰ ਸਮਾਪਤ ਕਰਦੇ ਹਾਂ, “ਬਹੁਤ ਸਮਾਂ ਪਹਿਲਾਂ ਇਕ ਪਿੰਡ ਵਿੱਚ ਬਹੁਤ ਪੁਰਾਣਾ ਚਰਚ ਸੀ, ਓਸ ਚਰਚ ਦੀ ਇਮਾਰਤ ਏਨੀ ਪੁਰਾਣੀ ਹੋ ਚੁੱਕੀ ਸੀ ਕਿ ਉਹ ਕਿਸੇ ਵੀ ਪਲ ਡਿੱਗ ਸਕਦੀ ਸੀ। ਚਰਚ ਦੇ ਪ੍ਰਬੰਧਕਾਂ ਨੇ ਆਪਣੀ ਬੈਠਕ ਬੁਲਾਈ ਕਿ ਸਾਨੂੰ ਇਸ ਚਰਚ ਦੀ ਇਮਾਰਤ ਦਾ ਕੋਈ ਨਾ ਕੋਈ ਹੱਲ ਜਰੂਰ ਲੱਭਣਾ ਪੈਣਾ ਹੈ ਕਿਉਂਕਿ ਕੋਈ ਵੀ ਸ਼ਰਧਾਲੂ ਜਾਂ ਪ੍ਰਬੰਧਕ ਇਸ ਵਿੱਚ ਜਾਣ ਤੋਂ ਡਰਦਾ ਸੀ ਕਿ ਕਿਤੇ ਇਸ ਦੇ ਥੱਲੇ ਆ ਕੇ ਅਸੀਂ ਮਰ ਹੀ ਨਾ ਜਾਈਏ। ਉਹਨਾਂ ਨੇ ਕਾਫੀ ਵਿਚਾਰ ਤੋਂ ਬਾਅਦ ਚਾਰ ਨੁਕਤੇ ਸਾਰੇ ਲੋਕਾਂ ਸਾਹਮਣੇ ਰੱਖੇ। ਪਹਿਲਾ, ਇਸ ਚਰਚ ਦੀ ਜਗ੍ਹਾ ਤੇ ਨਵਾਂ ਚਰਚ ਬਣਾਇਆ ਜਾਏਗਾ। ਦੂਜਾ, ਜਿੱਥੇ ਇਹ ਚਰਚ ਦੀ ਇਮਾਰਤ ਪਹਿਲਾਂ ਮੌਜੂਦ ਹੈ ਨਵਾਂ ਚਰਚ ਐਨ ਏਸ ਜਗ੍ਹਾ ਤੇ ਹੀ ਉਸਾਰਿਆ ਜਾਏਗਾ। ਤੀਜਾ, ਸਾਰਾ ਸਮਾਨ ਦਰਵਾਜੇ, ਤਾਕੀਆਂ, ਇੱਟਾਂ ਵਗੈਰਾ ਏਸ ਚਰਚ ਦੇ ਹੀ ਲਾਹ ਕੇ ਨਵੇਂ ਚਰਚ ਨੂੰ ਲਗਾਏ ਜਾਣਗੇ ਅਤੇ ਆਖਰੀ ਚੌਥਾ, ਨੁਕਤਾ ਉਹਨਾਂ ਇਹ ਪਾਸ ਕੀਤਾ ਕਿ ਜਦੋਂ ਤਕ ਨਵਾਂ ਚਰਚ ਤਿਆਰ ਨਹੀਂ ਹੋ ਜਾਂਦਾ, ਪੁਰਾਣਾ ਚਰਚ ਢਾਹਿਆ ਨਹੀਂ ਜਾਏਗਾ।” ਕੀ ਸਾਡੀ ਜ਼ਿੰਦਗੀ ਵਿੱਚ ਇਹ ਕਹਾਣੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਵਾਪਰ ਤੇ ਨਹੀਂ ਰਹੀ? ਇਹ ਪਾਠਕਾਂ ਨੇ ਆਪ ਸੋਚਣਾ ਹੈ। ਹੇਠਾਂ ਕੁਝ ਗੀਤਾਂ ਦੇ ਮੁਖੜੇ ਉਦਾਹਰਣ ਵਜੋਂ ਦੇ ਰਹੇ ਹਾਂ ਜਿਨ੍ਹਾਂ ਵਿੱਚ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਕੁਝ ਦੇਰ ਪਹਿਲਾਂ ਹੋਈ ਸੀ ਜਾਂ ਅੱਜ ਦੇ ਦਿਨਾਂ ਵਿੱਚ ਹੋ ਰਹੀ ਹੈ ਅਤੇ ਅਸੀਂ ਚੁੱਪ ਚਾਪ ਸੁਣਨ ਤੋਂ ਸਿਵਾਏ ਕੁਝ ਨਹੀਂ ਕਰ ਰਹੇ। ਬੇਅੰਤ ਗੀਤ ਹਨ ਜਿਹਨਾਂ ਵਿੱਚ ਇਹ ਅਲੋਪ ਹੋ ਚੁੱਕੇ ਸ਼ਬਦ/ਚੀਜ਼ਾਂ ਦੇ ਨਾਂ ਵਰਤੇ ਗਏ ਸਨ ਅਤੇ ਅਜੇ ਵੀ ਵਰਤ ਹੋ ਰਹੇ ਹਨ, ਜਿਹਨਾਂ ਦਾ ਸਾਡੇ ਜੀਵਨ ਨਾਲ ਕੋਈ ਸਬੰਧ ਨਹੀਂ ਰਿਹਾ। ਸਮੇਂ ਦੀ ਧੂੜ ਵਿੱਚ ਗੁਆਚ ਚੁੱਕੇ ਇਹ ਬੇਲੋੜੇ ਸ਼ਬਦ/ਚੀਜ਼ਾਂ ਦੇ ਨਾਂ ਸਾਨੂੰ ਸਾਡੀ ਜ਼ਿੰਦਗੀ ਵਿੱਚ ਅਜੇ ਵੀ ਆਪਣੀ ਹਾਜ਼ਰੀ ਕਾਰਨ ਹੁਣ ਕੁਝ ਸੋਚਣ ਤੇ ਮਜਬੂਰ ਕਰ ਰਹੇ ਹਨ।
ਜਿਵੇਂ ਕਿ:
1)“ਇਹ ਕਾਲੀ ਪਰਾਂਦੀ ਜ਼ੁਲਫਾਂ ਵਿਚੋਂ ਲਾਹਿਆ ਨਾ ਕਰ ਨੀਂ,
ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ”
2) “ਕੱਢੇ ਤੇਰੀ ਫੁਲਕਾਰੀ ਸਾਡੀ ਜਾਨ, ਨੀਂ ਤੂੰ ਫੁਲਕਾਰੀ ਕੱਢਦੀ”
3) “ਬੈਠ ਕੇ ਤਿ੍ਰੰਞਣਾਂ ‘ਚ ਸੋਹਣੀਏ, ਕੱਢੇਂ ਜਦੋਂ ਚਾਦਰਾਂ ਤੇ ਫੁੱਲ ਤੂੰ”
4) “ਨੀਵੀਂ ਧੌਣ ਕਸੀਦਾ ਕੱਢਦੀ, ਨੀ ਤੂੰ ਡੁੱਬ ਜਾਣੀਏ”
5) “ਸੌਣ ਦੇ ਛਰਾਟੇ ਨਾਲ ਭਿੱਜ ਗਿਆ ਨੀ, ਮੇਰਾ ਘੱਗਰਾ ਸੂਫ਼ ਦਾ ਕਾਲ਼ਾ”
6) “ਘੱਗਰੇ ਨੇ ਕੰਨ ਚੱਕ ਲਏ, ਸਾਡਾ ਚੌਧਰੀ ਚਰੀ ਦੇ ਵਿੱਚ ਬੋਲੇ(ਦੋ ਅਰਥੀ ਗੀਤ)
7) “ਦੀਦ ਤੇਰੀ ਲਈ ਪੱਜ ਬਣਾਇਆ, ਵਿੱਚ ਦਰਵਾਜੇ ਚਰਖਾ ਡਾਹਿਆ”
8) “ਅੱਜ ਰੌਲ਼ਾ ਮੁੱਕ ਲੈਣ ਦੇ, ਸਾਥੋਂ ਨਿੱਤ ਨਈਂ ਲੜਾਈਆਂ ਹੁੰਦੀਆਂ”
9) “ਲੱਸੀ ਦੀ ਚਾਟੀ ਚੱਕ ਲਈ ਓ, ਸਿਰ ਉੱਤੇ ਟਿਕਾ ਕੇ ਰੱਖ ਲਈ”
10) “ਮਿੱਤਰੋ ਪੰਜਾਬ ਸਾਡਾ, ਸੋਨੇ ਦੀ ਚਿੜੀ”
11) “ਸੱਜਣਾਂ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ”
12) “ਚਿੱਟੇ ਚਾਦਰੇ ਜਮੀਨਾਂ ਗਹਿਣੇ”
13) “ਮਾਹੀਆ ਵੇ ਤੇਰੇ ਵੇਖਣ ਲਈ, ਮੈਂ ਚਰਖਾ ਗਲੀ ਦੇ ਵਿੱਚ ਡਾਹਵਾਂ”
14) “ਚੱਕ ਚਰਖਾ ਸਾਂਭ ਲੈ ਪੂਣੀਆਂ”
15) “ਚੱਕ ਲੈ ਗਲੀ ‘ਚੋਂ ਚਰਖਾ”
16) “ਚੱਕ ਚਰਖਾ ਗਲ਼ੀ ਦੇ ਵਿੱਚ ਡਾਹੁੰਦੀਆਂ”
17) “ਇੱਕ ਚਰਖਾ ਗਲ਼ੀ ਦੇ ਵਿੱਚ ਡਾਹ ਲਿਆ”
18) “ਤੇਰਾ ਚਰਖਾ ਬੋਲੀਆਂ ਪਾਵੇ”
19) “ਪਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ”
20) “ਤਿਤਲੀਆਂ ਵਾਲੀ ਫੁਲਕਾਰੀ”
21) “ਪੰਜਾਬੀ ਵਿਰਸਾ, ਲੈ ਲਓ”
ਆਦਿ।

No comments: