Pages

Friday, June 1, 2012

ਵਿਅੰਗ - ਗਾਂਧੀ ਜੀ ਦੀ ਫੋਟੋ ਵਾਲਾ ਨੋਟ


ਵਿਅੰਗ-ਗਾਂਧੀ ਜੀ ਦੀ ਫੋਟੋ ਵਾਲਾ ਨੋਟ    

ਗੱਲ ਪੰਜਾਬ ਦੇ ਦੋ ਸ਼ਹਿਰਾਂ ਦੀ ਸਰਕਾਰੀ ਅਫ਼ਸਰਸ਼ਾਹੀ ਨਾਲ ਸਬੰਧਿਤ ਚਲੰਤ ਭ੍ਰਿਸ਼ਟਾਚਾਰ ਦੀ ਹੈ। ਹੋਇਆ ਇੰਝ ਕਿ ਮੇਰੇ ਦੋਸਤ ਨੇ ਆਪਣੇ ਰਿਸ਼ਤੇਦਾਰਾਂ ਦੇ ਕਨੇਡਾ ਆਉਣ ਲਈ ਅਪਲਾਈ ਕੀਤਾ ਹੋਇਆ ਸੀ ਅਤੇ ਉਹਨਾਂ ਦੀ ਇੰਟਰਵਿਊ ਦਾ ਸੱਦਾ ਉਹਨਾਂ ਨੂੰ ਆਇਆ ਹੋਇਆ ਸੀ। ਸੱਦੇ ਦੇ ਨਾਲ ਹੀ ਅੰਬੈਸੀ ਵਾਲਿਆਂ ਨੇ ਉਹਨਾਂ ਤੋਂ ਰਿਕਾਰਡ ਆਫ਼ ਕਲੀਅਰਿੰਸ ਵੀ ਮੰਗਵਾਇਆ ਸੀ। ਪਰ ਇੰਟਰਵਿਊ ਅਤੇ ਚਿੱਠੀ ਦੇ ਵਿਚਾਲੇ ਸਮਾਂ ਸਿਰਫ਼ ਦਸ ਕੁ ਦਿਨ ਦਾ ਹੀ ਉਹਨਾਂ ਨੂੰ ਮਿਲਿਆ ਸੀ ਰਿਕਾਰਡ ਲੈਣ ਲਈ। ਉਹਨਾਂ ਨੇ ਪਹਿਲੇ ਹੀ ਦਿਨ ਜਲੰਧਰ ਜਾ ਕੇ ਫਾਰਮ ਭਰੇ ਅਤੇ ਉੱਥੇ ਫਾਰਮ ਲੈਣ ਵਾਲੇ ਨੂੰ ਕਿਹਾ ਕਿ ਸਾਨੂੰ ਕਿਰਪਾ ਕਰਕੇ ਰਿਕਾਰਡ ਛੇਤੀ ਤੋਂ ਛੇਤੀ ਚਾਹੀਦਾ ਹੈ, ਇਸ ਕਰਕੇ ਤੁਸੀਂ ਸਾਡੇ ਫਾਰਮ ਲੈ ਲਓ ਅਤੇ ਜੋ ਵੀ ਹੋਰ ਕਾਰਵਾਈ ਇਸ ਸਬੰਧੀ ਤੁਸੀਂ ਕਰਨੀ ਹੈ ਉਹ ਕਰੋ ਜੀ। ਪਰ ਉਹ ਬਾਬੂ ਜੀ ਹੁਣੀਂ ਕਹਿਣ ਲੱਗੇ ਕਿ ਹੁਣ ਤਾਂ ਸਾਡੇ ਦਫ਼ਤਰ ਵਿੱਚ ਫਾਰਮ ਲੈਣ ਦਾ ਸਮਾਂ ਖਤਮ ਹੋ ਗਿਆ ਹੈ ਤੁਸੀਂ ਕੱਲ ਆਉਣਾ ਤੇ ਫਾਰਮ ਸਾਨੂੰ ਦੇ ਦੇਣੇ। ਫਿਰ ਲੋੜਵੰਦਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਕੋਲ ਬਹੁਤਾ ਸਮਾਂ ਨਹੀਂ ਹੈ ਜੇ ਤੁਸੀਂ ਅੱਜ ਇਹ ਜਮ੍ਹਾਂ ਕਰ ਲੈਂਦੇ ਤੇ ਫਿਰ ਕੱਲ ਸਵੇਰੇ ਤੁਸੀਂ ਭੇਜ ਦਿੰਦੇ। ਉਹ ਬਾਬੂ ਕਹਿਣ ਲੱਗਾ ਕਿ ਅਸੀਂ ਇਕੱਲੇ ਫਾਰਮਾਂ ਦਾ ਕੀ ਕਰੀਏ? ਇਹ ਪੰਜ ਫਾਰਮ ਨੇ ਤੇ ਇਹਨਾਂ ਨਾਲ ਇੱਕ ਗਾਂਧੀ ਜੀ ਵੀ ਜਰੂਰ ਚਾਹੀਦੇ ਆ। ਲੋੜਵੰਦਾਂ ਨੂੰ ਲੋੜ ਸੀ ਜੇ ਹੁਣ ਉਹ ਗਾਂਧੀ ਜੀ ਨੂੰ ਉਹਨਾਂ ਦੇ ਹਵਾਲੇ ਨਾ ਕਰਦੇ ਤਾਂ ਕੀ ਕਰਦੇ? ਸੋ ਉਹਨਾਂ ਨੇ ਬੜੇ ਪਿਆਰ ਨਾਲ ਮਹਾਤਮਾ ਜੀ ਦੀ ਫੋਟੋ ਨੂੰ ਬਾਬੂ ਜੀ ਦੇ ਹਵਾਲੇ ਕਰ ਦਿੱਤਾ। ਬਾਬੂ ਜੀ ਹੁਣੀਂ ਗਾਂਧੀ ਜੀ ਦੀ ਫੋਟੋ ਨੂੰ ਆਪਣੀ ਪਹਿਲਾਂ ਹੀ ਭਾਰੀ ਹੋਈ ਪਈ ਜੇਬ ਵਿੱਚ ਪਾਇਆ ਤੇ ਆਖਣ ਲੱਗਾ ਕਿ ਹੁਣ ਤੁਸੀਂ ਜਾਓ ਅਸੀਂ ਫਾਰਮ ਭੇਜ ਦਿਆਂਗੇ। ਅਤੇ ਲੋੜਵੰਦ ਆਸ ਦੇ ਚੱਪੂ ਮਾਰਦੇ ਮਾਰਦੇ ਭ੍ਰਿਸ਼ਟਾਚਾਰ ਦੇ ਦਰਿਆ’ਚੋਂ ਬਾਹਰ ਨਿਕਲ ਕੇ ਆਪਣੇ ਘਰ ਨੂੰ ਆ ਗਏ।
ਪਰ ਗੱਲ ਤਾਂ ਅਜੇ ਸੁ਼ਰੂ ਹੀ ਹੋਈ ਸੀ। ਅਜੇ ਤਾਂ ਫੀਤੇ ਨੂੰ ਅੱਗ ਹੀ ਲੱਗੀ ਸੀ, ਬੰਬ ਤਾਂ ਅਜੇ ਫਟਣਾ ਸੀ। ਇਸ ਕਾਂਡ ਤੋਂ ਬਾਅਦ ਉਹ ਫਾਰਮ ਜਲੰਧਰ ਵਾਲੇ ਦਫ਼ਤਰ ਤੋਂ ਜਲੰਧਰ ਦੀ ਇੱਕ ਤਹਿਸੀਲ ਦੇ ਠਾਣੇ ‘ਚੋਂ ਤਸਦੀਕ ਹੋ ਕੇ ਆਉਣੇ ਸੀ। ਦਿਨ ਘੱਟ ਹੋਣ ਕਰਕੇ ਲੋੜਵੰਦਾਂ ਦੇ ਦਿਲ ਨੂੰ ਵੀ ਟਿਕਾਅ ਨਹੀਂ ਸੀ ਆ ਰਿਹਾ, ਉਹਨਾਂ ਨੇ ਦੂਸਰੇ ਦਿਨ ਤਹਿਸੀਲ ਦੇ ਠਾਣੇ’ਚ ਫੋਨ ਕਰਕੇ ਪੁੱਛਿਆ ਕਿ ਸਾਡੇ ਫਾਰਮ ਤੁਹਾਡੇ ਕੋਲ ਆਉਣੇ ਸੀ, ਕੀ ਉਹ ਪਹੁੰਚ ਗਏ ਹਨ? ਉੱਥੋਂ ਬੜੀ ਉਤਸੁਕਤਾ ਨਾਲ ਜਵਾਬ ਮਿਲਿਆ ਕਿ ਨਹੀਂ ਜਨਾਬ ਅਜੇ ਤਾਂ ਨਹੀਂ ਆਏ ਜੀ। ਲੋੜਵੰਦ ਹੁਣ ਕੀ ਕਰਦੇ?, ਵਿਚਾਰੇ ਜਲੰਧਰ ਦੇ ਰਾਹ ਫੇਰ ਪੈ ਗਏ। ਦਫ਼ਤਰ ਵਿੱਚ ਪਹੁੰਚ ਕਿ ਓਸ ਹੀ ਬਾਬੂ ਜੀ ਨੂੰ ਪੁੱਛਿਆ ਕਿ ਸਾਡੇ ਫਾਰਮ ਤੁਸੀਂ ਭੇਜ ਦਿੱਤੇ ਹਨ ਕਿ ਨਹੀਂ? ਤਾਂ ਜਵਾਬ ਤਾਂ ਨਾਂਹ ਵਿੱਚ ਆਉਣਾ ਹੀ ਸੀ। ਤੇ ਉਹ ਆਇਆ ਵੀ। ਗੱਲ ਅੱਗੇ ਚੱਲੀ ਕਿ ਤੁਸੀਂ ਭੇਜੇ ਕਿਉਂ ਨਹੀਂ?, ਤਾਂ ਬਾਬੂ ਜੀ ਕਹਿਣ ਲੱਗੇ ਕਿ ਤੁਸੀਂ ਫਾਰਮ ਤਾਂ ਜਮ੍ਹਾਂ ਕਰਵਾ ਦਿੱਤੇ ਸੀ ਪਰ ਇਹਨਾਂ ਨੂੰ ‘ਰੇੜੂ’ ਤਾਂ ਤੁਸੀਂ ਲਾਉਣੇ ਹੀ ਭੁੱਲ ਗਏ। ਭਲਾ ਇਹ ਦੱਸੋ ਕਿ ਆਪਣੀ ਮੰਜਿਲ ਤੇ ਇਹ ਫਾਰਮ ਰੇੜ੍ਹੂਆਂ ਤੋਂ ਬਿਨਾਂ ਕਿਵੇਂ ਜਾਣਗੇ?
ਲੋੜਵੰਦ ਕਦੇ ਬਾਬੂ ਜੀ ਵੱਲ ਵੇਖਣ ਤੇ ਕਦੇ ਫਾਰਮਾਂ ਵੱਲ। ਲੋੜਵੰਦਾਂ ਨੇ ਪੁੱਛਿਆ ਕਿ ਹੁਣ ਬਾਬੂ ਜੀ ਇਹਨਾਂ ਰੇੜ੍ਹੂਆਂ ਦੀ ਵੀ ਮਿਹਰਬਾਨੀ ਕਰਕੇ ਕੀਮਤ ਦੱਸੋ? ਤਾਂ ਬਾਬੂ ਜੀ ਕਹਿਣ ਲੱਗੇ ਕਿ ਸਿਰਫ਼ ਤਿੰਨ ਹਜ਼ਾਰ ਜੀ। ਬਾਬੂ ਜੀ ਗਾਂਧੀ ਜੀ ਦੇ ਜਿਆਦਾ ਹੀ ਭਗਤ ਲੱਗਦੇ ਸੀ, ਇਸ ਕਰਕੇ ਉਹ ਬਹੁਤਾ ਚਿਰ ਉਹਨਾਂ ਤੋਂ ਦੂਰ ਨਹੀਂ ਸੀ ਰਹਿਣਾ ਚਾਹੁੰਦੇ। ਬਾਬੂ ਜੀ ਨੇ ਜੇਬ ਭਾਰੀ ਕਰਨ ਤੋਂ ਬਾਅਦ ਕਿਹਾ ਕਿ ਹੁਣ ਤੁਸੀਂ ਕੋਈ ਫਿਕਰ ਨਾ ਕਰੋ ਅਸੀਂ ਇਹ ਅੱਜ ਹੀ ਭੇਜ ਦਿੰਦੇ ਹਾਂ ਤੇ ਤੁਹਾਨੂੰ ਤੁਹਾਡੇ ਫਾਰਮ ਤਸਦੀਕ ਹੋ ਕੇ ਮਿਲ ਜਾਣਗੇ। ਲੋੜਵੰਦਾਂ ਦੀਆਂ ਅੱਖਾਂ’ਚ ਚਮਕ ਆਈ ਕਿ ਚਲੋ ਕੁਝ ਵੀ ਹੋਵੇ, ਦੇਸ਼ ਨੂੰ ਅਜ਼ਾਦ ਕਰਾਉਣ ਵਾਲਿਆਂ ਨੂੰ ਲੋਕ ਅਜੇ ਵੀ ਬੜੀ ਸ਼ਿੱਦਤ ਨਾਲ ਪਿਆਰ ਕਰਦੇ ਹਨ, ਤੇ ਉਹਨਾਂ ਨੂੰ ਸਮੇਂ ਸਮੇਂ ਤੇ ਯਾਦ ਵੀ ਕਰਦੇ ਹੀ ਰਹਿੰਦੇ ਹਨ। ਭਾਵੇਂ ਲੋਕਾਂ ਦੀ ਜੇਬ’ਚੋਂ ਧੱਕੇ ਨਾਲ ਹੀ ਉਹਨਾਂ ਦੀ ਫੋਟੋ ਵਾਲਾ ਨੋਟ ਕਢਵਾਉਣ ਪਰ ਜਰੂਰ ਕਢਵਾਉਂਦੇ ਹਨ। ਬੱਸ ਏਸ ਤਰਾਂ ਦੀਆਂ ਸੋਚਾਂ ‘ਚ ਖੁਭੇ ਉਹ ਸ਼ਹਿਰ ਦੀ ਮਿੱਟੀ ਦਾ ਰੰਗ ਵੇਖ ਕੇ ਆਪਣੇ ਪਿੰਡ ਪਹੁੰਚ ਗਏ।
ਤੀਸਰੇ ਦਿਨ ਦਾ ਸੂਰਜ ਵੀ ਆਪਣੇ ਸਮੇਂ ਸਿਰ ਚੜ੍ਹਿਆ, ਤੇ ਰੰਗ ਇਸ ਦੇ ਵੀ ਅੱਜ ਲੱਗਦਾ ਵੱਖਰੇ ਹੀ ਹੋਣੇ ਸੀ। ਇਸ ਦਾ ਲੋੜਵੰਦਾਂ ਨੂੰ ਚਿੱਤ ਚੇਤਾ ਵੀ ਨਹੀਂ ਸੀ। ਅਜੇ ਸਵੇਰ ਦੇ 9 ਕੁ ਹੀ ਵੱਜੇ ਸੀ ਕਿ ਇੱਕ ਮੋਟਰ-ਸਾਈਕਲ ਸਵਾਰ ਨੇ ਘਰ ਦੇ ਦਰਵਾਜੇ ਤੇ ਦਸਤਕ ਦਿੱਤੀ। ਲੋੜਵੰਦਾਂ ਨੇ ਦਰਵਾਜਾ ਖੋਲ੍ਹਿਆ ਅਤੇ ਪੁੱਛਿਆ ਕਿ ਦੱਸੋ ਜੀ ਕਿੱਦਾਂ ਆਏ? ਤਾਂ ਦਸਤਕ ਕਰਨ ਵਾਲੇ ਭਾਈ ਸਾਹਿਬ ਕਹਿਣ ਲੱਗੇ ਕਿ ਅਸੀਂ ਤਾਂ ਜੀ ਤੁਹਾਡੇ ਪੇਪਰ ਲਿਆਏ। ਲੋੜਵੰਦਾਂ ਨੇ ਕਿਹਾ ਕਿ ਤੁਹਾਡਾ ਬਹੁਤ ਬਹੁਤ ਸੁ਼ਕਰੀਆ ਜੀ ਸਾਡਾ ਕੰਮ ਕਰਨ ਲਈ ਤੇ ਪੇਪਰ ਘਰ ਪਹੁੰਚਾਉਣ ਲਈ। ਪਰ ਉਹਨਾਂ ਭਾਈ ਸਾਹਿਬ ਹੁਣਾਂ ਨੂੰ ਸ਼ੁਕਰੀਆ ਸ਼ਬਦ ਕੋਈ ਬਹੁਤਾ ਚੰਗਾ ਨਾ ਲੱਗਿਆ ਕਿਉਂਕਿ ਅਜੇ ਸੁ਼ਕਰੀਆ ਤਾਂ ਬਹੁਤ ਪਹਿਲੋਂ ਹੋਣ ਲੱਗ ਪਿਆ ਸੀ ਕਿਉਂਕਿ ਕੰਮ ਤਾਂ ਅਜੇ ਹੋਇਆ ਹੀ ਨਹੀਂ ਸੀ। ਉਸ ਨੇ ਆਖਿਆ ਕਿ ਮੈਂ ਤਾਂ ਤਹਿਸੀਲ ਦੇ ਠਾਣੇ ਨੂੰ ਅਜੇ ਜਾ ਹੀ ਰਿਹਾ ਸੀ ਸੋਚਿਆ ਕਿ ਤੁਹਾਨੂੰ ਦੱਸਦਾ ਜਾਂਵਾਂ ਕਿ ਤੁਹਾਡੇ ਪੇਪਰ ਮੇਰੇ ਕੋਲ ਹਨ ਤੇ ਮੈਨੂੰ ਮੇਰੇ ਮੋਟਰ-ਸਾਈਕਲ ਦੀ ਫਿਕਰ ਜਿਹੀ ਹੋਈ ਕਿ ਇਹ ਵਿਚਾਰਾ ਕਿਵੇਂ ਜਾਊ ਗਾ ਖਾਲੀ ਢਿੱਡ? ਨਾਲੇ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਗਾਂਧੀ ਜੀ ਦੇ ਦਰਸ਼ਨ ਨਹੀਂ ਕੀਤੇ ਕਈ ਦਿਨਾਂ ਤੋਂ। ਕਿਉਂ ਨਾ ਅੱਜ ਸਵੇਰੇ ਸਵੇਰੇ ਹੀ ਗਾਂਧੀ ਜੀ ਹੁਣਾਂ ਨੂੰ ਵੀ ਮਿਲ ਹੀ ਲਈਏ। ਬੱਸ ਇਸੇ ਕਰੇ ਹੀ ਆਉਣਾ ਪਿਆ ਮਜਬੂਰ ਹੋ ਕੇ। ਹੁਣ ਤੁਸੀਂ ਚਾਹ ਪਾਣੀ ਪਿਆਓ ਤੇ ਗਾਂਧੀ ਜੀ ਦੇ ਦਰਸ਼ਨ ਕਰਾਓ। ਕਈ ਕੁਝ ਇੱਕੋ ਸਾਹੇ ਕਹਿ ਕੇ ਭਾਈ ਸਾਹਿਬ ਕੁਰਸੀ ਤੇ ਬੈਠ ਚੁੱਕੇ ਸੀ। ਲੋੜਵੰਦ ਘਰ ਆਏ ਦੀ ਸੇਵਾ ਕਿਵੇਂ ਨਾ ਕਰਦੇ? ਕਰਨੀ ਹੀ ਪੈਣੀ ਸੀ ਸੋ ਸੇਵਾ ਕੀਤੀ ਗਈ ਅਤੇ ਭਾਈ ਸਾਹਿਬ ਨੂੰ ਲੋੜਵੰਦਾਂ ਨੇ ਪੁੱਛਿਆ ਕਿ ਤੁਸੀਂ ਦੱਸੋ ਕਿ ਕਿੰਨੇ ਕੁ ਗਾਂਧੀ ਜੀ ਹੁਣਾਂ ਨਾਲ ਤੁਸੀਂ ਮੁਲਾਕਾਤ ਕਰਨੀ ਹੈ? ਤਾਂ ਉਹਨਾਂ ਆਖਿਆ ਕਿ ਸਿਰਫ਼ ਪੰਜਾਂ ਨਾਲ ਹੀ ਕਰਾ ਦਿਓ। ਲੋੜਵੰਦਾਂ ਨੇ ਉਹਨਾਂ ਨੂੰ ਛੇ ਗਾਂਧੀ ਜੀ ਦਿੱਤੇ ਅਤੇ ਆਖਿਆ ਕਿ ਛੇਵੇਂ ਗਾਂਧੀ ਜੀ ਹੁਰਾਂ ਨੂੰ ਮੋਟਰ-ਸਾਈਕਲ ਦੇ ਭੋਜਨ ਲਈ ਵਰਤ ਲਿਓ ਅਤੇ ਸਾਡੇ ਤੇ ਕਿਰਪਾ ਕਰੋ। ਭਾਈ ਸਾਹਿਬ ਹੋਰੀਂ ਗੁੱਜਰਾਂ ਦੀ ਕੱਟੀ ਵਾਂਗ ਕੁੱਖਾਂ ਬਾਹਰ ਨੂੰ ਕੱਢ ਕੇ ਠਾਣੇ ਦੇ ਰਸਤੇ ਪੈ ਗਏ। ਇੱਧਰ ਲੋੜਵੰਦਾਂ ਨੂੰ ਖੁਸ਼ੀ ਹੋਈ ਕਿ ਜੇ ਸਾਰੇ ਹੀ ਦੇਸ਼ ‘ਚੇ ਗਾਂਧੀ ਜੀ ਨੂੰ ਇਸ ਤਰਾਂ ਪਿਆਰ ਕਰਨ ਲੱਗ ਪਏ ਤਾਂ ਦੇਸ਼ ਭਗਤਾਂ ਦੀ ਜਨ-ਸੰਖਿਆ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਿਉਂ ਨਹੀਂ ਕਰੇਗੀ? ਵੈਸੇ ਹੁਣ ਵੀ ਕੋਈ ਕਮੀ ਨਹੀਂ ਹੈ। ਅੱਜ ਦਾ ਦਿਨ ਲੋੜਵੰਦਾਂ ਨੂੰ ਆਪਣਾ ਰੰਗ ਵਿਖਾ ਗਿਆ ਸੀ।
ਅੱਜ ਚੌਥਾ ਦਿਨ ਹੈ ਤੇ ਇਸ ਨੇ ਵੀ ਆਉਣਾ ਹੀ ਸੀ ਸੋ ਆ ਗਿਆ। ਲੋੜਵੰਦਾਂ ਨੂੰ ਆਪਣੀ ਲੋੜ ਬੜੀ ਸਿ਼ੱਦਤ ਨਾਲ ਚੇਤੇ ਆਈ। ਉਹਨਾਂ ਨੇ ਅੱਜ ਫੇਰ ਤਹਿਸੀਲ ਦੇ ਠਾਣੇ ਨੂੰ ਫੋਨ ਘੁਮਾਇਆ, ਕਰੀਬ 10 ਕੁ ਵਜੇ। ਤੇ ਅੱਗਿਓਂ ਮੁਨਸ਼ੀ ਜੀ ਬੜੇ ਅਦਾਬ ਨਾਲ ਹੈਲੋ ਕਹਿੰਦੇ ਨੇ। ਲੋੜਵੰਦਾਂ ਨੇ ਹੈਲੋ ਕਰਨ ਤੋਂ ਬਾਅਦ ਕਿਹਾ ਕਿ ਜਨਾਬ ਸਾਡੇ ਪੇਪਰ ਆਏ ਹੋਣੇ ਆ ਜੀ ਤੁਹਾਡੇ ਕੋਲ? ਓਧਰੋਂ ਮੁਸਕਰਾਹਟ ਭਰਿਆ ਜਵਾਬ ਸੀ ਕਿ ਹਾਂ ਜੀ ਆਏ ਨੇ। ਲੋੜਵੰਦਾਂ ਨੇ ਪੁੱਛਿਆ ਕਿ ਤੁਸੀਂ ਕਦੋਂ ਇਹਨਾਂ ਨੂੰ ਤਸਦੀਕ ਕਰ ਕੇ ਸਾਨੂੰ ਵਾਪਿਸ ਭੇਜ ਰਹੇ ਹੋ? ਤਾਂ ਓਧਰੋਂ ਸਿੱਲ੍ਹਾ ਜਿਹਾ ਜਵਾਬ ਆਇਆ ਕਿ ਇਹ ਤਾਂ ਤੁਹਾਡੇ ਇੱਥੇ ਆਉਣ ਤੇ ਹੀ ਪਤਾ ਲੱਗ ਸਕੇਗਾ ਜੀ? ਤੁਸੀਂ ਇੱਥੇ ਆ ਕੇ ਸਾਡੇ ਨਾਲ ਗੱਲ ਕਰੋ ਤੇ ਅਸੀਂ ਮਿੰਟਾਂ ਸਕਿੰਟਾਂ’ਚੇ ਤੁਹਾਨੂੰ ਪੇਪਰ ਦੇ ਦਿੰਦੇ ਆਂ ਜੀ। ਲੋੜਵੰਦਾਂ ਨੇ ਫੋਨ ਤੇ ਖਟਮਿੱਠੀ ਜਿਹੀ ਅਵਾਜ਼ ਸੁਣ ਕੇ ਅੰਦਾਜ਼ਾ ਲਾਇਆ ਕਿ ਬੜੇ ਭਲੇ ਲੋਕ ਲੱਗਦੇ ਆ, ਇਹਨਾਂ ਦੇ ਦਰਸ਼ਨ ਵੀ ਜਰੂਰ ਕਰਨੇ ਚਾਹੀਦੇ ਆ। ਕਨੇਡਾ ਤੋਂ ਵਾਪਿਸ ਪਤਾ ਨਹੀਂ ਕਦੋਂ ਮੁੜਾਂਗੇ? ਫਿਰ ਇਹਨਾਂ ਨਾਲ ਮੇਲੇ ਹੋਣ ਵੀ ਕਿ ਨਾ? ਹੁਣ ਹੀ ਇਹਨਾਂ ਦੇ ਦਰਸ਼ਨ ਕਰ ਲੈਂਦੇ ਹਾਂ, ਨਾਲੇ ਅਸੀਂ ਆਪ ਹੀ ਜਾ ਕੇ ਪੇਪਰ ਲੈ ਆਉਂਨੇ ਆਂ, ਕਿਉਂਕਿ ਅਸੀਂ ਤਾਂ ਲੋੜਵੰਦ ਆਂ।
ਠਾਣੇ ਪਹੁੰਚ ਕੇ ਲੋੜਵੰਦਾਂ ਨੇ ਮੁਨਸ਼ੀ ਜੀ ਨੂੰ ਦੁਆ ਸਲਾਮ ਕਰਨ ਤੋਂ ਬਾਅਦ ਸਿੱਧੇ ਹੀ ਜਾ ਕੇ ਠਾਣੇਦਾਰ ਨਾਲ ਗੱਲਬਾਤ ਛੇੜੀ। ਉਹਨਾਂ ਦੇ ਬਚਨ ਸੁਣ ਕੇ ਪਤਾ ਲੱਗਾ ਕਿ ਇਹ ਤਾਂ ਗਾਂਧੀ ਜੀ ਦੀ ਫੋਟੋ ਦੇ ਬਹੁਤ ਹੀ ਬੜੇ ਭਗਤ ਨੇ। ਇਹਨਾਂ ਨੇ ਤਾਂ ਉਹਨਾਂ ਦੀ ਫੋਟੋ ਦੀ ਸਾਰਿਆਂ ਨਾਲੋਂ ਜਿਆਦਾ ਕੁਲੈਕਸ਼ਨ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਕਿਉਂਕਿ ਉਹਨਾਂ ਨੇ 50 ਗਾਂਧੀ ਜੀ ਮੰਗੇ ਸਨ(25000 ਰੁਪਏ)। ਭ੍ਰਿਸ਼ਟਾਚਾਰ ਦਾ ਬੰਬ ਫਟ ਚੁੱਕਾ ਸੀ। ਠਾਣੇਦਾਰ ਸਾਹਿਬ ਆਪਣੇ ਮੁਖਾਰ ਬਿੰਦ’ਚੋਂ ਕਹਿੰਦੇ ਕਿ ਅਸੀਂ ਇੰਨਿਆਂ ਤੋਂ ਘੱਟ ਨਹੀਂ ਲੈ ਸਕਦੇ, ਨਾਲੇ ਅਸੀਂ ਕਿਹੜਾ ਇਹ ਇਕੱਲਿਆਂ ਨੇ ਰੱਖਣੇ ਨੇ? ਗਾਂਧੀ ਜੀ ਨਾਲ ਤਾਂ ਸਾਡੇ ਸਾਰੇ ਹੀ ਬੰਦੇ ਬਹੁਤ ਤੇਹ ਮੁਹੱਬਤ ਕਰਦੇ ਨੇ ਸੋ ਉਹਨਾਂ ਦਾ ਵੀ ਤੁਹਾਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਹੈ। ਵੱਡੇ ਸਾਹਿਬ ਨੂੰ ਪਤਾ ਸੀ ਕਿ ਲੋੜਵੰਦ ਕਾਹਲੀ ਵਿੱਚ ਜਿਆਦਾ ਨੇ। ਫਿਰ ਉਹਨਾਂ ਵੱਖਰੇ ਵੱਖਰੇ ਦਿਨਾਂ ਦੇ ਰੇਟ ਵੀ ਲੋੜਵੰਦਾਂ ਨੂੰ ਦੱਸੇ ਅਤੇ ਅੰਤ ਗੱਲਬਾਤ ਗਾਂਧੀ ਜੀ ਹੁਣਾਂ ਦੀਆਂ 30 ਕੁ ਫੋਟੋਆਂ ਨਾਲ ਨਿੱਬੜੀ(15000 ਰੁਪਏ)। ਲੋੜਵੰਦਾਂ ਨੂੰ ਅੱਜ ਆਪਣੇ ਪੰਜਾਬੀ ਹੋਣ ਤੇ ਅਤੇ ਭਾਰਤੀ ਹੋਣ ਤੇ ਬਹੁਤ ਮਾਣ ਸੀ। ਕਿਉਂਕਿ ਜਿਸ ਦੇਸ਼ ਵਿੱਚ ਇਸ ਤਰ੍ਹਾਂ ਲੋਕਾਂ ਦੇ ਕੰਮ ਬੜੇ ਪਿਆਰ ਨਾਲ ਤੇ ਖਿਆਲ ਨਾਲ ਹੁੰਦੇ ਹੋਣ ਫਿਰ ਮਾਣ ਤਾਂ ਹੋਣਾ ਕੁਦਰਤੀ ਹੈ। ਉਹ ਅੱਜ ਵੀ ਕਨੇਡਾ ਪਹੁੰਚ ਕੇ ਆਪਣੇ ਦੇਸ਼ ਦੇ ਗੁਣ ਗਾਉਂਦੇ ਨਹੀਂ ਥੱਕਦੇ।
ਰਿਕਾਰਡ ਆਫ਼ ਕਲੀਅਰਿੰਸ ਦੇ ਪੇਪਰ ਲੈਣ ਲਈ ਜਿਹੜੇ ਪਾਪੜ ਸਾਡੇ ਇਹਨਾਂ ਲੋੜਵੰਦਾਂ ਨੇ ਵੇਲੇ ਸੀ, ਉਹ ਅੱਜ ਵੀ ਓਸ ਵੇਲ਼ੇ ਨੂੰ ਯਾਦ ਕਰ ਕੇ ਸੋਚਾਂ ਵਿੱਚ ਪੈ ਜਾਂਦੇ ਹਨ ਕਿ ਜੇ ਸਾਡੀ ਅਫ਼ਸਰਸ਼ਾਹੀ ਦਾ ਪਿਆਰ ਗਾਂਧੀ ਜੀ ਦੀ ਫੋਟੋ ਨਾਲ ਇਸ ਤੋਂ ਵੀ ਜਿ਼ਆਦਾ ਵਧ ਗਿਆ ਤਾਂ ਅਫ਼ਸਰਸ਼ਾਹੀ ਦੇਸ਼ ਦੇ ਲੋਕਾਂ ਨਾਲ ਕਿੰਞ ਪਿਆਰ ਕਰੇਗੀ?
ਕਿਉਂਕਿ ਫੋਟੋਆਂ ਨੂੰ ਪਿਆਰ ਕਰਨ ਨਾਲੋਂ ਜਿਉਂਦੇ ਜਾਗਦੇ ਲੋਕਾਂ ਨਾਲ ਸੱਚਾ ਪਿਆਰ ਕਰਨ ਦੀ ਲੋੜ ਅੱਜ ਕੱਲ ਜਿਆਦਾ ਸ਼ਿੱਦਤ ਨਾਲ ਮਹਿਸੂਸ ਹੁੰਦੀ ਹੈ।

Friday, October 21, 2011

ਸ਼ਿਕਾਰੀ ਕਿ ਸ਼ਿਕਾਰ?



ਸ਼ੁੱਕਰਵਾਰ ਦੀ ਰਾਤ ਹੋਵੇ ਅਤੇ ਟੈਕਸੀ ਵਾਲ਼ੇ ਖੁਸ਼ ਨਾ ਹੋਣ, ਕਦੇ ਹੋ ਹੀ ਨਹੀਂ ਸਕਦਾ। ਪਰ ਓਸ ਦਿਨ
ਏਸ ਦੇ ਉਲਟ ਹੋ ਗਿਆ ਜਾਪਦਾ ਸੀ। ਓਦਣ ਵੀ ਅੱਗੇ ਵਾਂਗ ਮੇਰਾ ਦਿਲ ‘ਡਾਲਰਾਂ’ ਨਾਲ਼ ਹੱਥੋ ਪਾਈ ਹੋਣ
ਲਈ ਕਾਹਲ਼ਾ ਹੋ ਰਿਹਾ ਸੀ ਪਰ ਡਾਲਰ ਮੇਰੇ ਕੋਲ਼ੋਂ ਏਦਾਂ ਦੂਰ ਨੱਸਦੇ ਸਨ ਜਿੱਦਾਂ ਅਮਲੀ ਬੰਦਾ ਪਾਣੀ ਦੇ
ਕੋਲ਼ੋਂ। ਕੰਮ ਨੂੰ ਪਤਾ ਨਹੀਂ ਕੀ ਗੋਲ਼ੀ ਵੱਜੀ ਸੀ ਕਿ ਸ਼ੁੱਕਰਵਾਰ ਦੀ ਰਾਤ ਗੋਰਿਆਂ ਦੀ ‘ਫਰਾਈਡੇ ਨਾਈਟ’
ਨਹੀਂ ਸੀ ਲੱਗ ਰਹੀ। ਬੈਠ ਬੈਠ ਕੇ, ਉਡੀਕ ਕਰ ਕਰ ਕੇ ‘ਟਰਿੱਪ’/ਗੇੜਾ ਲੱਗ ਰਿਹਾ ਸੀ। ਹੌਲ਼ੀ ਹੌਲ਼ੀ ਕਰ
ਕੇ ਅੱਧੀ ਰਾਤ ਵੀ ਲੰਘ ਚੁੱਕੀ ਸੀ, ਯਾਰ ਦੋਸਤ ਸੈਲਰ ਫੋਨ ਤੇ ਗੱਲਾਂ ਕਰ ਕੇ ਹੌਂਸਲਾ ਬਨ੍ਹਾਈ ਜਾਂਦੇ ਸੀ
ਕਿ “ਕੰਮ ਬੱਸ ਚੱਲ ਪੈਣਾ ਹੈ ਵੇਖੀ ਚੱਲੀਂ, ਕੁਝ ਨਾ ਕੁਝ ਤਾਂ ਅੱਗੇ ਵਾਂਗ ਘਰ ਨੂੰ ਲੈ ਕੇ ਹੀ ਜਾਵਾਂਗੇ। ਬੱਸ
ਲੱਗਾ ਰਹਿ ਮਨ ਤਕੜਾ ਕਰ ਕੇ, ਕੁੰਡੀ ਸੁੱਟੀ ਰੱਖ, ਕੋਈ ਨਾ ਕੋਈ ‘ਮੱਛੀ’ ਫਸੀ ਲੈ! ਜੇ ਵੱਡੀ ‘ਮੱਛੀ’
ਫਸ ਗਈ ਤਾਂ ਸਮਝੋ ਹੋ ਗਏ ਵਾਰੇ-ਨਿਆਰੇ... ਨਹੀਂ ਤਾਂ ਛੋਟੀਆਂ ਤਾਂ ਕਿਤੇ ਗਈਆਂ ਹੀ ਨਹੀਂ!” ਪੱਕਾ ਤਾਂ
ਪਤਾ ਨਹੀਂ ਕਿ ਉਹ ਆਪਣੇ ਆਪ ਨੂੰ ਤਸੱਲੀਆਂ ਦੇ ਰਹੇ ਸਨ ਜਾਂ ਵਾਕਿਆ ਹੀ ਮੈਨੂੰ? ਟੈਕਸੀ ਦਾ ਕੰਮ
ਜਦੋਂ ਘੱਟ ਹੋਵੇ ਤਾਂ ਸਾਰਿਆਂ ਦਾ ਹੀ ਘੱਟ ਹੁੰਦਾ ਹੈ ਬੇਸ਼ਰਤੇ ਇੱਕਾ ਦੁੱਕਾ ਬੰਦੇ ਦਾ ਕਿਤੇ ‘ਸੂਤ’ ਆ ਜਾਵੇ!
ਹੋਰ ਰਾਤਾਂ ਵਿੱਚ ਤਾਂ ਇਕ ‘ਪੱਤਾ’ ਹੀ ਬਣ ਜਾਵੇ ਤਾਂ ਮਨ ਨੂੰ ਤਸੱਲੀ ਹੋ ਜਾਂਦੀ ਹੈ। ਪਰ ਓਦਾਂ ਤਾਂ ਇਹ
ਹਰ ਮਨ ਦੀ ਆਪਣੀ ਆਪਣੀ ਪਹੁੰਚ ਹੈ ਕਿ ਕਿੱਥੇ ਕੁ ਜਾ ਕੇ ‘ਡੱਕਾ’ ਲੱਗਦਾ ਹੈ। ਕਈ ਤਾਂ ਰੁਕਦੇ ਹੀ
ਨਹੀਂ, ਹੱਦ ਹੀ ਕੋਈ ਨਹੀਂ। ਖੈਰ ਮੇਰਾ ਮਨ ਆਪਣੀ ਹੱਦ ਪਹਿਚਾਨਣ ਵਿੱਚ ਕਈ ਵਾਰ ਮੇਰਾ ਸਾਥ ਦੇ ਹੀ
ਜਾਂਦਾ ਹੈ। ਪਰ ਸ਼ੁੱਕਰਵਾਰ ਦੀ ਰਾਤ ਮੈਂ ਸੋਚਦਾ ਸੀ ਕਿ ਜੇ ਅੱਜ ਹੀ ਕੰਮ ਏਦਾਂ ਮੰਦਾ ਚੱਲ ਰਿਹਾ ਹੈ ਤਾਂ
ਅਗਲਾ ਸਾਰਾ ਹਫਤਾ ਲੱਗਦਾ ਏਂਵੇ ਹੀ ‘ਰੋਣਾ-ਧੋਣਾ’ ਪਵੇਗਾ। ਇਸ ਲਈ ਮਨ ਹੀ ਮਨ ਸਰੀਰ ਨਾਲ
ਸੁਲਾਹ ਕੀਤੀ ਕਿ ‘ਕੌਫੀ’ ਵਗੈਰਾ ਪੀ ਕੇ ਅੱਜ ਦੀ ਰਾਤ ਚੰਗੀ ਤਰ੍ਹਾਂ ‘ਗੱਡ’ ਕੇ ਲਾਈ ਜਾਵੇ। ਨਾਲ਼ੇ
ਵੀਕਇੰਡ ਤੇ ਹੀ ਕਾਫ਼ੀ ਆਸਾਂ ਹੁੰਦੀਆਂ ਹਨ ਕਿ ਸੋਹਣੇ ਪੈਸੇ ਬਣ ਜਾਣਗੇ। ‘ਬਿੱਲ’ ਵਗੈਰਾ ਤਾਂ ਆਏ ਹੀ
ਰਹਿੰਦੇ ਆ, ਆਈ ਚਲਾਈ ਨਾਲ਼ ਦੀ ਨਾਲ਼ ਹੀ ਹੁੰਦੀ ਹੈ। ਘਰ ਦੀ ਕਿਸ਼ਤ, ਬਿਜਲੀ ਦਾ ਬਿੱਲ, ਗੈਸ ਦਾ
ਬਿੱਲ, ਫੋਨਾਂ ਦੇ ਬਿੱਲ, ਗਰੌਸਰੀ ਦਾ ਖਰਚ, ਆਹ ਖਰਚ, ਓਹ ਖਰਚ.........ਸੁਫਨਿਆਂ ‘ਚ ਵੀ ਇਹ
ਜੀਂਦੀ ਜਾਨ ਦੇ ਟੰਟੇ ਨਾਲ਼ੋ ਨਾਲ਼ ਬੰਦ ਅੱਖਾਂ ਅੱਗੇ ਰੀਲ ਵਾਂਗ ਚਰਖੜੀ ਚੜ੍ਹੇ ਹੀ ਰਹਿੰਦੇ ਆ। ਇਹ ਬਿੱਲਾਂ
ਦਾ ਅਜਿਹਾ ਅਜੀਬ ਜਿਹਾ ਸਿਲਸਿਲਾ ਜੋ ਕਿ ਬਾਹਰਲੇ ਮੁਲਕਾਂ ‘ਚ ਜੀਂਦੇ ਜੀਅ ਕਦੇ ਨਹੀਂ ਮੁੱਕਦਾ। ਕਈ
ਤਾਂ ਜਰੂਰੀ ਖਰਚੇ ਹਨ ਹੀ ਪਰ ਕਈ ਅਸੀਂ ਵੇਖੋ ਵੇਖੀ ਵੀ ਜਿ਼ੰਦਗੀ ਨਾਲ਼ ਨੂੜੇ ਹੋਏ ਨੇ।
ਮੌਸਮ ਸੁਹਾਵਣਾ ਸੀ, ਬਹਾਰ ਦੇ ਦਿਨ ਸਨ, ਫੁੱਲਾਂ ‘ਤੇ ਜੋਬਨ ਸੀ। ਦਿਨੇ ਕੋਸੀ ਕੋਸੀ ਧੁੱਪ ਅਤੇ ਰਾਤ ਨੂੰ
ਸੀਤ ਠੰਡੀ ਹਵਾ। ਕੈਨੇਡਾ ਦੀ ਧਰਤੀ ਉਪਰ ਪੱਛਮ ਵਿੱਚ ਵਸਦੇ ਬੇਹੱਦ ਸੋਹਣੇ ਸ਼ਹਿਰ ਵੈਨਕੂਵਰ ਦੇ
ਉੱਤਰ ਵਿੱਚ ਉੱਚੇ ਪਹਾੜਾਂ ਤੇ ਤਕਰੀਬਨ ਸਾਰਾ ਸਾਲ ਵਸਦੀ ਬਰਫ਼ ਨਾਲ਼ ਜਦੋਂ ਪੈਸੀਫਿਕ ਸਮੁੰਦਰ ਵਲੋਂ
ਆਉਂਦੀ ਹਵਾ ਖਹਿ ਕੇ ਆਉਂਦੀ ਹੈ ਤਾਂ ਨਾੜ ਨਾੜ ਵਿੱਚ ਧਸਦੀ ਜਾਂਦੀ ਹੈ। ਜਿਸ ਦਿਨ ਧੁੱਪ ਨਿਕਲ਼ੀ ਹੋਵੇ,
ਲੱਗ ਰਿਹਾ ਹੋਵੇ ਕਿ ਦਿਨ ਸੱਚੀਂ ਹੀ ਚੜ੍ਹਿਆ ਹੈ ਤਾਂ ਸਾਡੇ ਕੰਮ ਨੂੰ ਵੀ ਫਰਕ ਪੈ ਜਾਂਦਾ ਹੈ, ਮੀਂਹ ਕਿਣੀ
ਵਾਲ਼ਾ, ਸਿੱਲ੍ਹਾ ਸਿੱਲ੍ਹਾ ਜਿਹਾ ਦਿਨ ਹੋਵੇ ਤਾਂ ਟੈਕਸੀਆਂ ਖੜ੍ਹਦੀਆਂ ਨਹੀਂ। ਟੈਕਸੀ ਦਾ ਕੰਮ ਕਈ ਤਰ੍ਹਾਂ ਦੇ
ਹਾਲਾਤਾਂ ਤੇ ਨਿਰਭਰ ਕਰਦਾ ਹੈ। ਕਈ ਵਾਰ ਗੋਰਿਆਂ ਦੇ ਕਈ ਤਿਓਹਾਰਾਂ ਤੋਂ ਬਾਅਦ, ਟੈਕਸ ਅਦਾਇਗੀ,
‘ਲੌਂਗ ਵੀਕਇੰਡ’ ਆਦਿ ਦੇ ਦਿਨਾਂ ਬਾਅਦ ਕੰਮ ਚੋਖਾ ਘੱਟ ਜਾਂਦਾ ਹੈ। ਬੱਸ ਇਹਨਾਂ ਹਫਤਿਆਂ ਵਿੱਚ ਕਈ
ਵਾਰ ਟੈਕਸੀ ਦੇ ਖਰਚੇ ਹੀ ਮਸਾਂ ਪੂਰੇ ਹੁੰਦੇ ਹਨ, ਘਰ ਨੂੰ ਖਾਲੀ ਜੇਬ ਕੱਛਾਂ ਵਜਾਉਂਦੇ ਹੀ ਜਾਣਾ ਪੈਂਦਾ। ਜੇ
ਦਿਨ ਦੀ ਸਿ਼ਫਟ ਹੋਵੇ ਤਾਂ ਕਈ ਵਾਰ ਮਨ ਨੂੰ ਤਸੱਲੀ ਦੇਣ ਲਈ ‘ਪਕੌੜਾ-ਡੇਅ’ ਵੀ ਮਨਾਉਣਾ ਪੈ ਜਾਂਦਾ,
ਓਹ ਏਸ ਤਰ੍ਹਾਂ ਕਿ ਫੇਰ ਸੋਚੀਦਾ ਕਿ ਚਲੋ ਕੰਮ ਤਾਂ ਹੈ ਨਹੀਂ, ਘਰ ਦਿਆਂ ਨੂੰ ਫੋਨ ਕਰ ਕੇ ਪਕੌੜੇ ਬਣਾਉਣ
ਦਾ ‘ਆਰਡਰ’ ਕਰੋ ਅਤੇ ਘਰ ਨੂੰ ਚਾਲੇ ਪਾਓ। ਪਰ ਬਿਜ਼ੀ ਦਿਨਾਂ ਵਿੱਚ ਕਈ ਵਾਰ ਕੰਮ ਬਿਜ਼ੀ ਵੀ ਏਨਾ ਹੋ
ਜਾਂਦਾ ਹੈ ਕਿ ਪੰਜ ਮਿੰਟ ਲਈ ‘ਟਾਇਰ ਠੰਡੇ’ ਕਰਨ ਦਾ ਸਮਾਂ ਵੀ ਨਹੀਂ ਮਿਲਦਾ। ਹਰ ਮਹੀਨੇ ਦੇ ਆਖਰੀ
ਹਫਤੇ ਵਿੱਚ ਵੈਲਫੇਅਰ ਲੈਣ ਵਾਲ਼ੇ ਲੋਕਾਂ ਨੂੰ ਸਰਕਾਰ ਵਲੋਂ ਚਿੱਕ ਮਿਲਦੀ ਹੈ, ਜਿਸ ਕਰਕੇ ਓਹ ਹਫਤਾ
ਬਹੁਤੀ ਵਾਰ ਕਾਫ਼ੀ ਕੰਮ ਕੱਢ ਜਾਂਦਾ ਹੈ। ਕਿਉਂਕਿ ਵੈਲਫੇਅਰ ਲੈਣ ਵਾਲਿ਼ਆਂ ਦੇ ਜਦ ਤੱਕ ਓਹ ਸਰਕਾਰ
ਦੇ ਦਿੱਤੇ ਹੋਏ ਪੈਸੇ ਨਹੀਂ ਮੁੱਕਦੇ ਉਹਨਾਂ ਦੇ ਮਨ/ਸਰੀਰ ਨੂੰ ਰਾਹਤ ਨਹੀਂ ਮਿਲਦੀ।
ਏਸ ਵਾਰ ਐਸਾ ਮੁਨਾਫ਼ੇ ਵਾਲ਼ਾ ਕੋਈ ਵੀ ਕਾਰਨ ਨਹੀਂ ਸੀ ਜਾਪਦਾ, ਸ਼ਾਇਦ ਤਾਂ ਹੀ ਕੰਮ ਕਾਫ਼ੀ ‘ਸਲੋਅ’
ਸੀ। ਜਦੋਂ ਕੰਮ ਘੱਟ ਹੋਵੇ ਤਾਂ ਮੇਰਾ ਕਈ ਵਾਰ ਦਿਲ ਹੀ ਨਹੀਂ ਕਰਦਾ ਕੰਮ ਕਰਨ ਲਈ, ਪਰ ਫੇਰ ਸੋਚੀਦਾ
ਕਿ ਬੂੰਦ ਬੂੰਦ ਕਰ ਕੇ ਸਮੁੰਦਰ ਭਰਦਾ, ਹੁਣ ਘਰੋਂ ਵੀ ਆਏ ਹਾਂ, ਘੱਟੋ ਘੱਟ ਟੈਕਸੀ ਦੇ ਖਰਚੇ ਬਣਾਉਣ
ਤੋਂ ਬਾਅਦ ਆਪਣੇ ਲਈ ਪੰਜਾਹ ਸੱਠ ਤਾਂ ਬਣਨਗੇ ਹੀ! ਇਸ ਸ਼ੁੱਕਰਵਾਰ ਦੀ ਰਾਤ ਤਾਂ ਫੇਰ ਵੀ ਖਰਚੇ
ਵਗੈਰਾ ਤਾਂ ਬਣ ਹੀ ਚੁੱਕੇ ਸਨ ਬੱਸ ਉਸ ਤੋਂ ਬਾਅਦ ਤਾਂ ਜਿਹੜੇ ਡਾਲਰ ਬਣਨੇ ਸੀ ਆਪਣੀ ਜੇਬ ‘ਚ ਹੀ
ਆਉਣੇ ਸੀ।
ਅਜਿਹੀਆਂ ਸੋਚਾਂ ‘ਚ ਹੀ ਸਮਾਂ ਲੰਘ ਰਿਹਾ ਸੀ ਕਿ ਕੰਪਿਊਟਰ ਤੇ ‘ਟਰੂੰ ਟਰੂੰ’ ਹੋਈ, ‘ਕਾਲ’ ‘ਅਸਿੱਪਟ’
ਕਰ ਕੇ ਮੈਂ ਗਾਹਕ ਦੇ ਟਿਕਾਣੇ ਵੱਲ ਨੂੰ ਆਪਣੀ ‘ਹਾਈਬਰੈਡ’* ਟੈਕਸੀ ਦਾ ਮੂੰਹ ਸਿੱਧਾ ਕਰ ਦਿੱਤਾ।
ਅਧਖੜ ਅਤੇ ਸਿਆਣੀ ਉਮਰ ਦੇ ਲੋਕਾਂ ਲਈ ਬਣੇ ਹੋਏ ‘ਬਰਨਬੀ’ ਸ਼ਹਿਰ ਦੇ ‘ਬਾਰ’/ਸ਼ਰਾਬਖ਼ਾਨੇ ‘ਚੋਂ
‘ਕਾਲ’ ਆਈ ਸੀ। ਮੇਰੀ ਟੈਕਸੀ ਦਾ ਇਲਾਕਾ ‘ਬਰਨਬੀ’ ਸ਼ਹਿਰ ਹੈ। ਉੱਥੇ ਪਹੁੰਚ ਕੇ ਮੈਂ ਸਵਾਰੀ ਦਾ
ਇੰਤਜ਼ਾਰ ਕਰਨ ਲੱਗਾ ਤਾਂ ਬਾਰ ਦੇ ਦਰਵਾਜੇ ਵਲੋਂ ਇਕ ਸੱਠ ਪੈਂਹਠ ਸਾਲ ਦਾ ਬਜ਼ੁਰਗ ਟੈਕਸੀ ਵੱਲ ਨੂੰ
ਥੋੜ੍ਹਾ ਜਿਹਾ ਲੁਟਕਦਾ ਜਿਹਾ, ਡੁਲਕਦਾ ਜਿਹਾ ਆਉਂਦਾ ਦਿਸਿਆ। ਸੋਹਣੇ ਨੈਣ ਨਕਸ਼, ਗੋਰਾ ਰੰਗ, ਕਲੀਨ
ਸ਼ੇਵਨ, ਦਰਮਿਆਨਾ ਜਿਹਾ ਕੱਦ, ਇਕਹਿਰਾ ਸਰੀਰ, ਚੰਗੇ ਕੱਪੜਿਆਂ ‘ਚ ਸਜਿਆ ਹੋਇਆ ਅਤੇ ਵੇਖਣ
ਨੂੰ ਸ਼ਰੀਫ਼ ਚਿਹਰਾ। ਉਸ ਨੂੰ ਝੂਲਦਾ ਜਿਹਾ ਆਉਂਦਾ ਵੇਖ ਮੈਂ ਸੋਚਿਆ “ਬਾਰ ‘ਚੋਂ ਕੋਈ ਸੋਫੀ ਤਾਂ ਕਦੇ
ਸ਼ਾਇਦ ਹੀ ਆਉਂਦਾ ਹੋਊ!”
ਗੱਡੀ ‘ਚ ਬੈਠਣ ਲੱਗੇ ਨੂੰ ਮੈਂ ‘ਹੈਲੋ’ ਬੁਲਾਈ। ਪਰ ਉਹ ਮੇਰੀ ਅੰਗ੍ਰੇਜ਼ੀ ‘ਚ ਬੁਲਾਈ ਸਾਸਰੀਕਾਲ ਦਾ
ਜਵਾਬ ਦਿੱਤੇ ਬਗੈਰ ਹੀ ਬੈਠਦਾ ਹੋਇਆ ਕਹਿਣ ਲੱਗਾ “ਡਰਾਈਵਰ ਕੀ ਤੈਨੂੰ ਪਤਾ ਕਿ ਮੈਨੂੰ ਕੋਈ ਜੁਆਨ
ਕੁੜੀ ਕਿੱਥੋਂ ਲੱਭ ਸਕਦੀ ਹੈ?” ਉਸ ਦੇ ਇੰਨਾ ਕਹਿੰਦੇ ਸਾਰ ਹੀ ਉਸ ਦੇ ਮੂੰਹ ‘ਚੋਂ ਸ਼ਰਾਬ ਦੀ ਬੋ ਵੀ ਉਸ
ਦੇ ਬੋਲਾਂ ਵਾਂਗ ਮੇਰੇ ਦਿਮਾਗ ਨੂੰ ਚੜ੍ਹਨ ਲਈ ਭੱਜੀ ਆਈ।
ਮੈਂ ਗੋਰੇ ਬਾਬੇ ਦੇ ਪਾਸੇ ਵੱਲ ਦੀ ਬਾਰੀ ਦਾ ਸ਼ੀਸ਼ਾ ਥੱਲੇ ਨੂੰ ਕਰਦਿਆਂ ਜ਼ਰਾ ਕੁ ਸੋਚ ਕਿ ਕਿਹਾ “ਸੌਰੀ ਸਰ,
ਮੈਨੂੰ ਨਹੀਂ ਪਤਾ।”
ਉਹ ਪਿਛਲੀ ਸੀਟ ਤੇ ਬੈਠਾ ਨੋਟਾਂ ਦਾ ਖੜਕਾ ਕਰਨ ਲੱਗਾ ਅਤੇ ਫਿਰ ਮੈਨੂੰ ਸੌ ਦਾ ‘ਪੱਤਾ’ ਫੜਾਉਂਦਾ
ਹੋਇਆ ਕਹਿਣ ਲੱਗਾ ਕਿ “ਸਾਰੇ ਹੀ ਟੈਕਸੀਆਂ ਵਾਲੇ ਜਾਣਦੇ ਨੇ, ਤੈਨੂੰ ਕਿਉਂ ਨਹੀਂ ਪਤਾ?..........ਠੀਕ
ਹੈ ਏਦਾਂ ਕਰ ਗੱਡੀ ਨੂੰ ‘ਕਿੰਗਸ-ਵੇਅ’ ਤੇ ਪਾ ਅਤੇ ਵੈਨਕੂਵਰ ਵਾਲੇ ਪਾਸੇ ਨੂੰ ਹੌਲ਼ੀ ਹੌਲ਼ੀ ਚੱਲ” ਇੰਨਾ
ਕਹਿ ਕੇ ਓਹ ਬਾਰੀ ਥਾਣੀਂ ਬਾਹਰ ਵੱਲ ਵੇਖਣ ਲੱਗਾ।
ਮੈਂ ਉਸ ਦੇ ਕਹਿਣ ਮੁਤਾਬਕ ਟੈਕਸੀ ‘ਕਿੰਗਸ-ਵੇਅ’ ਵੱਲ ਨੂੰ ਪਾ ਲਈ ਅਤੇ ਗੋਰੇ ਬਾਬੇ ਨੂੰ ਲੈ ਕੇ ਉੱਥੋਂ
ਤੁਰ ਪਿਆ।
‘ਜੋਇਸ’ ਸਟ੍ਰੀਟ ਦੇ ਕੋਲ਼ ਕਈ ਵਾਰ ਮੈਂ ਉਨ੍ਹਾਂ ਕੁੜੀਆਂ ਨੂੰ ‘ਕੰਮ’ ਕਰਦੇ ਵੇਖਿਆ ਸੀ। ਇੱਥੇ ਵੈਨਕੂਵਰ
ਇਲਾਕੇ ਵਿੱਚ ‘ਲਾਲ ਬੱਤੀ’ ਵਾਲਾ ਏਰੀਆ ਵੀ ਹੈ। ਪਰ ਕਾਨੂੰਨੀ ਹਿਸਾਬ ਕਿਤਾਬ ਨਾਲ ਅਸੀਂ ਕਿਸੇ ਨੂੰ
ਸਾਫ ਸਪੱਸ਼ਟ ਸ਼ਬਦਾਂ ਵਿੱਚ ਇਹ ਨਹੀਂ ਦੱਸ ਸਕਦੇ ਕਿ ਇੱਦਾਂ ਦੇ ਗੈਰ-ਕਾਨੂੰਨੀ ਕੰਮ ਕਿੱਥੇ ਹੁੰਦੇ ਹਨ,
ਕਿੱਥੇ ਨਸ਼ੇ ਮਿਲਦੇ ਹਨ ਆਦਿ। ਨਹੀਂ ਤਾਂ ਟੈਕਸੀ ਵਾਲਿਆਂ ਤੋਂ ਕਿਹੜੀ ਗੱਲ ਲੁਕੀ ਹੋਈ ਹੈ? ਹੋਰ ਹਰ
ਤਰ੍ਹਾਂ ਦੇ ਕੰਮ ਦੀ ਤਰ੍ਹਾਂ ਇਸ ਅਸੱਭਿਅਕ ਕੰਮ ਨੂੰ ਇਹ ਕੁੜੀਆਂ ਰੋਜ਼ੀ ਰੋਟੀ ਦੀ ਖਾਤਰ ‘ਕੰਮ’ ਹੀ
ਦੱਸਦੀਆਂ ਹਨ। ਕਈ ਵਾਰ ਇਹਨਾਂ ਨਾਲ਼ ਵਾਹ-ਵਾਸਤਾ ਪੈਣ ਕਰ ਕੇ ਗੱਲਬਾਤ ਵੀ ਹੋ ਜਾਂਦੀ ਹੈ। ਇਹ
ਜਿਸਮ ਵੇਚਣ ਦਾ ਕੰਮ ਕਿਉਂ ਕਰਦੀਆਂ ਹਨ? ਇਸ ਬਾਰੇ ਇਹਨਾਂ ਦੀ ਆਪਣੀ ਆਪਣੀ ਵੱਖੋ-ਵੱਖ ਰਾਏ
ਹੈ। ਕਈ ਤਾਂ ਸਿਰਫ਼ ਸੌਖਾ ਪੈਸਾ ਬਣਾਉਣ ਲਈ, ਕਈ ਨਸ਼ੇ ਵਿੱਚ ਪੈਣ ਕਾਰਨ, ਕਈ ਜਬਰੀ ਇਸ ਪਾਸੇ
ਵੱਲ ਧੱਕ ਦਿੱਤੀਆਂ ਗਈਆਂ ਆਦਿ ਦੇ ਕਾਰਨ ਦੱਸਦੀਆਂ ਹਨ। ਪਰ ਜ਼ਮੀਰ ਨੂੰ ਮਾਰ ਕੇ ਇਹ ਕੰਮ ਕਰਨ
ਵਾਲੀਆਂ ਕਈ ਵਾਰ ਭਾਵੁਕ ਹੋ ਕੇ ਸਭ ਕੁਝ ਆਪਣੇ ਆਪ ਹੀ ਦੱਸਣ ਲੱਗਦੀਆਂ ਹਨ। ਅੰਦਰੋਂ ਟੁੱਟ
ਚੁੱਕੀਆਂ ਇਹ ਕੁੜੀਆਂ ਹਲਕੀ ਉਮਰ ਤੋਂ ਲੈ ਕੇ ਕਾਫ਼ੀ ਵੱਡੀ ਉਮਰ ਤੱਕ ਦੀਆਂ ਹਨ। ਸਰੀਰਕ ਪੱਖੋਂ ਕਈ
ਤਕੜੀਆਂ, ਕਈ ਬਹੁਤ ਹੀ ਕਮਜ਼ੋਰ। ਕਈ ਕਾਕੇਸ਼ੀਅਨ, ਕਈ ਏਸ਼ੀਅਨ, ਕਈ ਅਫ਼ਰੀਕਣ, ਕਦੇ ਕਦੇ
ਕਈ ‘ਇੰਡੀਅਨ’ ਮੂਲ਼ ਦੀਆਂ ਵੀ। ਗੱਲ ਕੀ ਹਰ ਨਸਲ, ਹਰ ਰੰਗ, ਇਸ ਦਲਦਲ ਵਿੱਚ ਧਸਿਆ ਹੋਇਆ
ਹੈ।
‘ਬਾਊਂਡਰੀ ਰੋਡ’ ਲੰਘ ਕੇ ਅਗਲੀ ਸਟ੍ਰੀਟ ਆਉਣ ਤੋਂ ਪਹਿਲਾਂ ਹੀ ‘ਸਾਈਡ ਵਾਕ’ ਤੇ ਪਰ੍ਹਾਂ ਲਿਸ਼ਕਦੀ
ਹੋਈ ਸੱਜ ਸੰਵਰ ਕੇ ਖੜ੍ਹੀ ਕੁੜੀ ਕੋਲ਼ ਜਾ ਕੇ ਟੈਕਸੀ ਰੋਕਣ ਨੂੰ ਬਜ਼ੁਰਗ ਨੇ ਦੂਰੋਂ ਹੀ ਉਸ ਨੂੰ ਵੇਖਦਿਆਂ
ਹੁਕਮ ਦੇ ਦਿੱਤਾ ਸੀ। ਜਦੋਂ ਮੈਂ ਉਸ ਦੇ ਕੋਲ਼ ਜਾ ਕੇ ਟੈਕਸੀ ਰੋਕੀ ਤਾਂ ਗੋਰੇ ਬਾਬੇ ਨੇ ਸ਼ੀਸ਼ਾ ਹੇਠਾਂ ਕਰਦਿਆਂ
ਕਾਰ ‘ਚ ਬੈਠਿਆਂ ਹੀ ਉਸ ਨਾਲ਼ ਗੱਲ ਤੋਰੀ।
“ਕੀ ਤੂੰ ਇਕ ਰਾਤ ਲਈ ਮੇਰੇ ਨਾਲ਼ ਜਾਣਾ ਚਾਹੁੰਦੀ ਏਂ?”
“ਤੂੰ ਕੀ ਕਰਨਾ ਚਾਹੁੰਦਾ ਹੈ?” ਉਸ ਨੇ ਮੁਸਕਰਾ ਕੇ ਆਪਣੀ ਸੇਵਾ ਦੀ ਜਾਣਕਾਰੀ ਦਿੱਤੀ।
“ਸਾਰਾ ਕੁਝ ਹੀ” ਬਾਬੇ ਨੇ ਵਰਾਛਾਂ ‘ਚੋਂ ਉਸ ਦੇ ਸਾਹਮਣੇ ਅਣਦਿਸਦੀਆਂ ਲ਼ਾਲ਼ਾਂ ਸੁੱਟੀਆਂ।
“ਤਿੰਨ ਸੌ ਡਾਲਰ” ਉਹ ਚੰਚਲ ਜਿਹੀ ਅਦਾ ਨਾਲ਼ ਨਖ਼ਰਾ ਕਰਦੀ ਹੋਈ ਬੋਲੀ।
ਵੇਖਣ ਨੂੰ ਗੋਰੀ ਨਿਛੋਹ, ‘ਸਨੋਅ’ ਵਰਗੀ ਚਿੱਟੀ, ਉਮਰ ਸ਼ਾਇਦ ਤੀਹ ਬੱਤੀ ਦੇ ਕਰੀਬ, ਪਰ ਮੁੱਖ ਤੋਂ
ਚਮਕ ਗਾਇਬ। ਸ਼ਾਇਦ ਬਾਬੇ ਨੂੰ ਵੀ ਏਸ ਕਰ ਕੇ ਹੀ ਚੰਗੀ ਨਹੀਂ ਸੀ ਲੱਗੀ ਜਾਂ ਫੇਰ ਮੱਚ ਮਰੇ ਦਾਣਿਆਂ
ਦਾ ਭਾਅ ਹੀ ਕੁਝ ਜਿ਼ਆਦਾ ਸੀ।
“ਡਰਾਈਵਰ, ਟੈਕਸੀ ਨੂੰ ਅੱਗੇ ਲੈ ਚੱਲ, ਹੋਰ ਕੁੜੀ ਵੇਖਦੇ ਆਂ”! ਕਹਿ ਕੇ ਬਾਬਾ ਬਾਹਰ ਝਾਕਣ ਲੱਗ
ਪਿਆ।
ਮੈਂ ਦਿਲ ਵਿੱਚ ਕਿਹਾ ਕਿ ‘ਵੇਖਣੀ ਤਾਂ ਤੂੰ ਆਂ, ਮੈਂ ਕਾਹਨੂੰ ਵੇਖਣੀ ਆਂ?’
ਗੋਰੇ ਬਾਬੇ ਦਾ ਤਿਊੜੀਆਂ ਭਰਿਆ ਮੱਥਾ ਵੇਖ ਕੇ ਏਸ ਤਰ੍ਹਾਂ ਲੱਗਾ ਜਿਵੇਂ ਰੋਟੀ ਖਾਂਦਿਆਂ ਦਾਲ਼ ‘ਚ ਕੋਕੜੂ
ਆ ਗਿਆ ਹੋਵੇ।
ਸ਼ੁੱਕਰਵਾਰ ਦੀ ਰਾਤ ਆਪਣੀ ਜਵਾਨੀ ਤੇ ਸੀ। ਚਾਰੇ ਪਾਸੇ ਚਾਨਣ ਹੀ ਚਾਨਣ ਸੀ। ਪਰ ਜਾਪਦਾ ਸੀ ਕਿ
ਇਸ ਰੌਸ਼ਨੀ ਦੀ ਹੱਦ ਸਿਰਫ਼ ਬਾਹਰ ਤੱਕ ਹੀ ਮਹਿਦੂਦ ਸੀ। ਕਈ ਵਾਰ ਰਾਤਾਂ ਨੂੰ ਕਈ ਤੇਜ਼ ਗੱਡੀਆਂ
ਚਲਾਉਣ ਵਾਲੇ ਵੀ ਪੁਲਿਸ ਦੀ ਨਜ਼ਰ ਤੋਂ ਅੱਖ ਬਚਾ ਕੇ ਆਪਣਾ ਸ਼ੌਕ ਪੂਰਾ ਕਰਨੋਂ ਨਹੀਂ ਟਲ਼ਦੇ। ਕੋਲ਼ੋਂ ਦੀ
ਪੰਜਾਹ ਕਿੱਲੋਮੀਟਰ ਵਾਲ਼ੇ ਜ਼ੋਨ ਵਿੱਚ ਅੱਸੀ ਨੱਬੇ ਤੇ ਕਾਰਾਂ ਲੰਘ ਰਹੀਆਂ ਸਨ। ਮੈਨੂੰ ਟੈਕਸੀ ਹੌਲ਼ੀ ਹੌਲ਼ੀ
ਚਲਾਉਣੀ ਪੈ ਰਹੀ ਸੀ ਕਿਉਂਕਿ ਸੜਕ ਦੇ ਦੋਵੇਂ ਪਾਸੇ ਹੀ ਨਿਗਾਹ ਲਗਾਉਣੀ ਪੈ ਰਹੀ ਸੀ, ਬਾਬੇ ਦਾ
ਹੁਕਮ ਸੀ ਕਿ ਜਦੋਂ ਹੀ ਕੋਈ ਕੁੜੀ ਆਲ਼ੇ ਦੁਆਲ਼ੇ ਦਿਸੀ, ਬੱਸ ਫਟਾਫਟ ‘ਐਮਰਜੈਂਸੀ’ ਬਰੇਕਾਂ ਲਾ ਦੇਈਂ।
ਸੋ ਬਾਬੇ ਲਈ ‘ਯੰਗ ਗਰਲ’ ਲੱਭਣ ਵਾਸਤੇ ਹੌਲ਼ੀ ਹੌਲ਼ੀ ਗੱਡੀ ਚਲਾਉਣੀ ਪੈ ਰਹੀ ਸੀ ਨਾ ਕਿ ਗੱਡੀ
ਧਿਆਨ ਨਾਲ਼ ਚਲਾਉਣ ਵਾਸਤੇ। ਗੱਡੀ ਤਾਂ ਵੈਸੇ ਵੀ ਸ਼ੁਰੂ ਤੋਂ ਮੈਂ ਸਦਾ ਧਿਆਨ ਨਾਲ਼ ਹੀ ਚਲਾਈ ਹੈ।
ਕੁਤਾਹੀ ਕਰਨ ਤੋਂ ਸਦਾ ਆਪਣੇ ਆਪ ਨੂੰ ਬਚਾਉਂਦਾ ਹੀ ਰਿਹਾ ਹਾਂ। ਏਧਰ ਬਾਬੇ ਦੀ ਗੱਲ ਬਣਦੀ ਹੋਈ
ਅਜੇ ਨਜ਼ਰ ਨਹੀਂ ਸੀ ਆ ਰਹੀ ਤੇ ਓਧਰ ਟੈਕਸੀ ਦਾ ‘ਮੀਟਰ’ ਵੀ ਬਾਬੇ ਦੀਆਂ ਵਾਸ਼ਨਾਵਾਂ ਵਾਂਗ ਮੈਨੂੰ
ਆਪੇ ਤੋਂ ਬਾਹਰ ਹੋਇਆ ਜਾਪ ਰਿਹਾ ਸੀ।
ਥੋੜ੍ਹੀ ਜਿਹੀ ਹੋਰ ਦੂਰ ਜਾ ਕੇ ‘ਨੰਗੀਆਂ ਲੱਤਾਂ’ ਕੋਲ਼ ਬਾਬੇ ਨੇ ਟੈਕਸੀ ਖੜ੍ਹਾਉਣ ਨੂੰ ਕਿਹਾ। ਮੈਂ ਟੈਕਸੀ
ਰੋਕੀ, ਬਾਬੇ ਨੇ ਆਪਣੀ ‘ਮੰਗ’ ਰੱਖੀ। ‘ਭਾਅ’ ਏਸ ਵਾਰ ਵੀ ਨਹੀਂ ਬਣਿਆ। ਗੱਡੀ ਫੇਰ ਹੌਲ਼ੀ ਹੌਲ਼ੀ ਦੌੜਨ
ਲੱਗੀ। ਮੇਰੀ ਨੇਕ ਕਮਾਈ ਕਰਨ ਵਾਲਾ ‘ਮੀਟਰ’ ਮੂੰਹ ਅੱਡੀ ਵਾਹੋ ਦਾਹੀ ਚੱਲੀ ਜਾ ਰਿਹਾ ਸੀ। ਮੈਂ ਸੋਚ
ਰਿਹਾ ਸੀ ਕਿ ਕਿਸ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਹਨ ਬੰਦੇ ਨੂੰ ਆਪਣੀ ਰੋਜ਼ੀ ਰੋਟੀ ਲਈ? ਕਿਸ ਤਰ੍ਹਾਂ ਮੈਂ
ਇਸ ਮਾਸ ਦੇ ਭੁੱਖੇ ਭੇੜੀਏ ਦਾ ਸਾਥ ਦੇ ਰਿਹਾ ਹਾਂ ਪੈਸੇ ਕਮਾਉਣ ਦੀ ਖਾਤਰ? ਕੀ ਮੈਂ ਏਸ ਨੂੰ ਆਪਣੀ
ਟੈਕਸੀ ‘ਚੋਂ ਲਾਹ ਕੇ ਭੱਜ ਨਹੀਂ ਸਕਦਾ? ਕੀ ਮੈਨੂੰ ਇਸ ਦਾ ਸਾਥ ਦੇਣਾ, ਇਹ ਸਭ ਕੁਝ ਸੁਣਨਾ, ਇਹ
ਸਭ ਕਰਨਾ ਮੇਰੀ ਮਜਬੂਰੀ ਬਣ ਚੁੱਕਾ ਹੈ? ਮੈਂ ਆਪਣੇ ਮਨ ਨੂੰ ਕਿਹਾ ਕਿ ‘ਚੁੱਪ ਕਰ ਜਾ, ਨਹੀਂ ਤਾਂ ਭੁੱਖਾ
ਮਰਨਾ ਪਊ ਗਾ’,  ਪਰ ਮੇਰਾ ਅੰਦਰਲਾ ਅਜੇ ਵੀ ਆਪਣੇ ਆਪ ਨਾਲ ਲੜ ਰਿਹਾ ਸੀ। ਕਦੀ ਮੈਂ ਉਹਨਾਂ
ਕੁੜੀਆਂ ਵਾਰੇ ਸੋਚਣ ਲੱਗਦਾ ਜਿਨ੍ਹਾਂ ਨੂੰ ਬਾਬੇ ਨੇ ਨਕਾਰ ਦਿੱਤਾ ਸੀ। ਉਹਨਾਂ ਦਾ ਮੀਟਰ ਤਾਂ ਅਜੇ ਚੱਲਿਆ
ਹੀ ਨਹੀਂ ਸੀ। ਉਹ ਵੀ ਤਾਂ ਦੋ ਬੁਰਕੀਆਂ ਦੀ ਲੋੜ ਲਈ ਹੀ ਆਪਣਾ ਜਿਸਮ ਵੇਚਦੀਆਂ ਹਨ। ਜੇ ਅੱਜ ਦੀ
ਰਾਤ ਉਹਨਾਂ ਨੂੰ ਕੋਈ ਆਪਣੀ ਹਵਸ ਮਿਟਾਉਣ ਲਈ ਨਾ ਲੈ ਕੇ ਗਿਆ ਤਾਂ ਕੀ ਕੱਲ ਨੂੰ ਉਨ੍ਹਾਂ ਕੋਲ਼ ਖਾਣ
ਲਈ ਕੁਝ ਵੀ ਨਹੀਂ ਹੋਵੇਗਾ? ਜਾਂ ਉਹਨਾਂ ਦੇ ‘ਦੱਲੇ’ ਜੋ ਉਹਨਾਂ ਨੂੰ ਇਸ ਕੰਮ ਲਈ ਵਰਤਦੇ ਹਨ, ਕਿਸ
ਤਰ੍ਹਾਂ ਦਾ ਵਰਤਾਓ ਉਹਨਾਂ ਨਾਲ਼ ਕਰਨਗੇ?
“ਟੈਕਸੀ ਵਾਲਿ਼ਆ? ਕੀ ਸੋਚ ਰਿਹਾ ਏਂ ਤੂੰ? ਤੂੰ ਉੱਥੇ ਪਿਛਾਂਹ ਰੁਕਿਆ ਕਿਉਂ ਨਹੀਂ? ਗੱਡੀ ਘੁਮਾ ਅਤੇ
ਉੱਥੇ ਵਾਪਸ ਚੱਲ।” ਬਾਬਾ ਸੀਟ ਤੇ ਬੈਠਾ ਬੈਠਾ ਭੱਠੀ ‘ਚ ਭੁੱਜਦੇ ਹੋਏ ਦਾਣੇ ਵਾਂਗ ਭੁੜਕਿਆ।
“ਓਕੇ ਸਰ, ਗ਼ਲਤੀ ਹੋ ਗਈ” ਮੈਂ ਹੌਲ਼ੀ ਦੇਣੀ ਕਹਿ ਕਿ ਗੱਡੀ ਦੇ ਪਿੱਛੇ ਵੇਖਣ ਵਾਲੇ ਸ਼ੀਸ਼ੇ ਵਿੱਚੀਂ ਵੇਖਿਆ
ਤਾਂ ਬੱਤੀਆਂ ਦੇ ਦੂਜੇ ਪਾਰ ਇਕ ਅੱਧ ਨੰਗੇ ਸਰੀਰ ਦੀ ਝਲਕ ਜਿਹੀ ਪੈਂਦੀ ਦਿਸੀ ਅਤੇ ਨਾਲ਼ ਹੀ ਨਾਲ਼
ਦਿਲ ਹੀ ਦਿਲ ਵਿੱਚ ਬਾਬੇ ਤੇ ਗਾਲ਼ਾਂ ਦੀ ਝੜੀ ਲਾ ਦਿੱਤੀ ਕਿ ‘ਸਾਲ਼ਾ ਬੁੱਢਾ ਆਸ਼ਕ ਪਹਿਲਾਂ ਨਹੀਂ ਸੀ ਬੋਲ
ਸਕਦਾ ਹੁਣ ਚੁਰਸਤੇ ਦੀਆਂ ਬੱਤੀਆਂ ਲੰਘ ਕੇ ਸੰਘ ਪਾੜਨ ਲੱਗ ਪਿਆ ਏ। ਪਹਿਲਾਂ ਤਾਂ ਬੜਾ ਚੰਗਾ
ਲੱਗਦਾ ਸੀ ਸੁਭਾਅ ਤੋਂ ਹੁਣ ਤਾਂ ਇਉਂ ਬੋਲਿਆ ਜਿਵੇਂ ਖਾ ਲੈਣਾ ਹੋਵੇ!’ ਦਿਲ ਤਾਂ ਕੀਤਾ ਕਿ ਬਾਬੇ ਨੂੰ ਇੱਥੇ
ਹੀ ਕਣਕ ਦੇ ਵੱਢ ਵਰਗੀ ਰੜੀ ਸੜਕ ਤੇ ਲਾਹ ਕੇ ਇਹਦੀ ਰਾਤ ਰੰਗੀਲੀ ਕਰ ਦਿਆਂ। ਪਰ ਫੇਰ ਸੋਚਿਆ
ਕਿ ਸ਼ਾਇਦ ਦਾਰੂ ਦਾ ਅਸਰ ਕੁਝ ਘੱਟ ਹੋਣ ਕਰ ਕੇ ਹੀ ਬਾਬਾ ਅਸਲੀ ਰੰਗ ਵਿੱਚ ਆ ਰਿਹਾ ਸੀ। ਜਾਂ ਹੋ
ਸਕਦਾ ਬਾਬਾ ਮੀਟਰ ਵੇਖ ਕੇ ਸ਼ਾਇਦ ਘਬਰਾ ਗਿਆ ਹੋਵੇ ਕਿਉਂਕਿ ਕਈ ਗਾਹਕਾਂ ਨਾਲ਼ ਇੰਝ ਵੀ ਤਾਂ ਹੋ
ਹੀ ਜਾਂਦੈ। ਟੈਕਸੀ ਭਾੜੇ ਤੇ ਕਰਨੀ ਕਿਹੜਾ ਹਰ ਕਿਸੇ ਦੇ ਵਿੱਤ ਅਨੁਸਾਰ ਆ? ਪਰ ਇਹ ਵੀ ਹੋ ਸਕਦਾ
ਕਿ ਵਾਸ਼ਨਾਵਾਂ ਦਾ ਪਾਰਾ ਬਾਬੇ ਦੀਆਂ ਨਾੜਾਂ ‘ਚ ਗੁੱਸਾ ਬਣ ਕੇ ਉਬਾਲ਼ਾ ਮਾਰਨ ਲੱਗ ਪਿਆ ਹੋਵੇ। ਦਿਲ ਨੂੰ
ਦਿਲਾਸਾ ਦਿੱਤਾ ਕਿ ਚਲੋ ਕੋਈ ਨਹੀਂ ‘ਗਾਹਕ’ ਤਾਂ ‘ਰੱਬ’ ਦਾ ਰੂਪ ਹੁੰਦਾ, ਵੈਸੇ ਵੀ ਮੇਰੀ ਟੈਕਸੀ ‘ਚ ਅੱਜ
ਰੱਬ ਆਪ ਹੀ ਬਹੁੜਿਆ ਲੱਗਦਾ ਸੀ ਜਦੋਂ ਮੈਂ ਮੀਟਰ ਨੂੰ ਸ਼ੁਗਾਟੇ ਮਾਰਦਾ ਵੇਖਦਾ ਸਾਂ।
ਮੈਂ ਛੇਤੀ ਛੇਤੀ ਖੱਬੇ ਪਾਸੇ ਵੱਲ ਮੁੜਦੀ ਗਲੀ ਵੱਲ ਕਾਰ ਮੋੜੀ ਅਤੇ ਵਾਪਸ ‘ਕਿੰਗਸ-ਵੇਅ’ ਤੇ ਗੱਡੀ ਚਾੜ੍ਹ
ਕੇ ਸੋਚਣ ਲੱਗਾ ਕਿ ਪਤਾ ਨਹੀਂ ਉਹ ਉੱਥੇ ਦੂਜੇ ਪਾਸੇ ਹੁਣ ਖੜ੍ਹੀ ਵੀ ਹੋਵੇਗੀ ਕਿ ਨਹੀਂ। ਟੈਕਸੀ ਦੇ ਮੋਹਰੇ
ਇਕ ਛੋਟਾ ਜਿਹਾ ਡਲਿਵਰੀ ਟਰੱਕ ਆਉਣ ਕਾਰਨ ਅੱਗੇ ਸੜਕ ਤੇ ਕੁਝ ਦਿਸ ਵੀ ਨਹੀਂ ਰਿਹਾ ਸੀ। ਨਾਲ਼ੇ
ਪੈਰ ਪੈਰ ਤੇ ਤਾਂ ਏਸ ਸਮੇਂ ਸਿ਼ਕਾਰੀ ਫਿਰਦੇ ਨੇ। ਕੀ ਪਤਾ ਕਦੋਂ ਕਿਹੜਾ ਹੂੰਝਾ ਫੇਰ ਜਾਵੇ? ‘ਫਰਾਈਡੇ’
ਹੋਣ ਕਾਰਨ ਕਈ ਵਾਰ ਤਾਂ ਇਹ ਕੁੜੀਆਂ ਬਹੁਤ ਹੀ ‘ਬਿਜ਼ੀ’ ਹੋ ਜਾਂਦੀਆਂ ਹਨ, ਬਾਰਾਂ ਕੁ ਵਜੇ ਤੋਂ ਬਾਅਦ
ਮੈਂ ਸੜਕ ਤੇ ਖੜ੍ਹੀਆਂ ਘੱਟ ਹੀ ਵੇਖੀਆਂ ਸਨ।
ਪਰ ਨਹੀਂ, ਮੈਂ ਚੁਰਸਤੇ ਦੀਆਂ ਬੱਤੀਆਂ ਲੰਘ ਕੇ ਖੱਬੇ ਪਾਸੇ ਵੱਲ ਵੇਖਿਆ ਤਾਂ ਉਹ ਅਜੇ ਉੱਥੇ ਹੀ ਖੜ੍ਹੀ
ਸੀ। ਟੈਕਸੀ ਫੇਰ ਵਾਪਸ ਓਸ ਹੀ ਟਰੈਕ ਤੇ ਲਿਆ ਕੇ ‘ਪਰੀਆਂ’ ਵਰਗੀ ਜਾਪਦੀ ਕੁੜੀ ਕੋਲ਼ ਖੜ੍ਹਾਈ ਤਾਂ
ਬਾਬਾ ਸ਼ੀਸ਼ਾ ਨੀਵਾਂ ਕਰ ਕੇ ਆਪਣਾ ਰੰਗ ਫੇਰ ਵਿਖਾਉਣ ਲੱਗਾ।
“ਕਿੰਨੇ ਪੈਸੇ ਲਏਂਗੀ” ਬਾਬਾ ਦਗਦਾ ਹੋਇਆ ਜਿਸਮ ਵੇਖ ਕੇ ਮੱਚਿਆ।
“ਕਰਨਾ ਕੀ ਹੈ” ਦੁੱਧ ਵਰਗੀ ਕੁੜੀ ਨੇ ਹੱਸਦੀ ਹੋਈ ਨੇ ਪੁੱਛਿਆ।
“ਸਾਰਾ ਕੁਝ, ਹੋ ਸਕਦਾ ਹੈ ਸਾਰੀ ਰਾਤ ਲਈ” ਬਾਬੇ ਨੇ ਆਪਣਾ ‘ਮੈਨੀਫੈਸਟੋ’ ਦੱਸਿਆ।
“ਚਾਰ ਸੌ ਡਾਲਰ” ਕਹਿ ਕੇ ਗੋਰਾ ਜਿਸਮ ਗੋਰੇ ਬਾਬੇ ਦੇ ਕੋਲ਼ ਨੂੰ ਹੋਇਆ।
“ਇਹ ਤਾਂ ਬਹੁਤ ਜਿ਼ਆਦਾ ਹਨ, ਮੇਰੇ ਕੋਲ਼ ਤਾਂ ਸਿਰਫ਼ ਦੋ ਸੌ ਹੀ ਹਨ, ਹੋਰ ਹੈ ਨੀਂ। ਤੂੰ ਕੁਝ ਘੱਟ ਨਹੀਂ
ਕਰ ਸਕਦੀ?” ਗੋਰਾ ਬਾਬਾ ‘ਚਾਂਦੀ’ ਦੇ ਭਾਅ ‘ਸੋਨੇ’ ਦਾ ਮੁੱਲ ਕਰਦਾ ਲੱਗਦਾ ਸੀ।
ਏਨਾ ਸੁਣ ਕੇ ਬਾਬੇ ਦੇ ਸਵਾਲ ਦਾ ਜਵਾਬ ਦਿੱਤਿਆਂ ਬਗੈਰ ਉਹ ‘ਪਰੀ’ ਲੱਕ ਲਚਕਾਉਂਦੀ ਹੋਈ ਹੋਰ
ਗਾਹਕ ਦੀ ਉਡੀਕ ਕਰਨ ਲਈ ਕਾਰ ਤੋਂ ਪਰ੍ਹਾਂ ਜਿਹੇ ਹੋ ਕੇ ਆਲ਼ਾ ਦੁਆਲ਼ਾ ਵੇਖਣ ਲੱਗ ਪਈ।
“ਡਰਾਈਵਰ, ਇੱਥੋਂ ਚਲੋ, ਹੁਣ ‘ਮੇਨ ਸਟ੍ਰੀਟ’ ਤੇ ਚੱਲਦੇ ਹਾਂ” ਬਾਬੇ ਦਾ ‘ਮੂਡ’ ਖਰਾਬ ਹੋ ਗਿਆ ਲੱਗਦਾ
ਸੀ।
“ਠੀਕ ਹੈ” ਆਖ ਕੇ ਮੈਂ ‘ਨਾਈਟ ਸਟ੍ਰੀਟ’ ਤੇ ਸੱਜਾ ਮੋੜ ਮੁੜ ਕੇ ਹਾਈਬਰੈਡ ਟੈਕਸੀ ਦੀ ਕਿੱਲੀ ਉੱਤਰ
ਵਾਲੇ ਪਾਸੇ ਨੂੰ ਦੱਬ ਦਿੱਤੀ।
ਰਾਤ ਦੇ ਇਕ ਵਜੇ ਦੇ ਕਰੀਬ ਇਹ ਟਰਿੱਪ ਮੈਨੂੰ ਮਿਲਿਆ ਸੀ ਅਤੇ ਹੁਣ ਢਾਈ ਕੁ ਵਜੇ ਦੇ ਕਰੀਬ ਸਮਾਂ
ਹੋ ਗਿਆ ਸੀ। ਮੀਟਰ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਸੀ ਭਾਵੇਂ ਸਾਰੀ ਉਮਰ ਏਦਾਂ ਹੀ ਚੱਲਦਾ ਰਹਿੰਦਾ
ਪਰ ਬੰਦਾ ਸਾਰੀ ਉਮਰ ਮਸ਼ੀਨਾਂ ਵਾਂਗ ਕਿਵੇਂ ਕੰਮ ਕਰ ਸਕਦਾ ਹੈ? ਅਰਾਮ ਦੀ ਵੀ ਲੋੜ ਹੁੰਦੀ ਹੀ ਹੈ।
ਸਾਢੇ ਕੁ ਤਿੰਨ ਵਜੇ ਤੱਕ ਮੈਂ ਸ਼ੁੱਕਰਵਾਰ ਦੀ ਰਾਤ ਨੂੰ ਕੰਮ ਕਰਦਾ ਹੁੰਦਾ ਹਾਂ। ਅਜੇ ਘੰਟਾ ਹੋਰ ਬਾਕੀ ਸੀ।
ਬਾਬਾ ਵੀ ਅਜੇ ਗੱਡੀ ਵਿੱਚ ਹੀ ਸੀ। ਹੁਣ ਤੱਕ ਪੈਂਹਠ ਕੁ ਡਾਲਰ ਮੀਟਰ ਹੂੰਝ ਚੁੱਕਾ ਸੀ ਤੇ ਹੋਰ ਪਤਾ ਨਹੀਂ
ਕਿੰਨੇ ਕੁ ਹੂੰਝਣੇ ਬਾਕੀ ਸਨ।
“ਸ੍ਰੀ ਮਾਨ ਜੀ ਤੁਹਾਡੀ ਪਾਰਟੀ ਕਿਹੋ ਜਿਹੀ ਸੀ?” ਬਾਬੇ ਨੂੰ ਇਹ ਮੇਰਾ ਸਿੱਧਾ ਜਿਹਾ ਸਵਾਲ ਸੀ।
“ਬਹੁਤ ਵਧੀਆ ਸੀ, ਬਹੁਤ ਵਧੀਆ ਸੀ” ਬਾਬਾ ਗੱਲ ਕਰਨ ਦੇ ਮੂਡ ‘ਚ ਹੁੰਦਾ ਹੋਇਆ ਬੋਲਿਆ।
“ਕਾਹਦੀ ਪਾਰਟੀ ਸੀ” ਮੈਂ ਗੱਲ ‘ਚੋਂ ਕੁਝ ਕੱਢਣਾ ਚਾਹੁੰਦਾ ਸਾਂ।
“ਮੇਰੇ ਸਕੂਲੀ ਸਮੇਂ ਦੇ ਪਾੜ੍ਹਿਆਂ ਦੀ ਮਿਲਣੀ ਸੀ” ਗੋਰਾ ਬਾਬਾ ਚਿਹਰੇ ਤੇ ਮੁਸਕਾਨ ਲਿਆਉਂਦਾ ਹੋਇਆ
ਬੋਲਿਆ।
“ਬਹੁਤ ਵਧੀਆ, ਪੁਰਾਣੇ ਸਕੂਲੀ ਸਮੇਂ ਦੇ ਮਿੱਤਰ, ਕੀ ਉੱਥੇ ਉਨ੍ਹਾਂ ‘ਚ ਤੁਹਾਡੀ ਕੋਈ ਕੁੜੀ ਮਿੱਤਰ ਵੀ
ਆਈ ਸੀ?” ਮੈਂ ਹੱਸਦੇ ਹੋਏ ਨੇ ਬਾਬੇ ਨੂੰ ਛੇੜਿਆ।
“ਓਹ ਹਾਂ, ਜਰੂਰ, ਕਈ ਆਈਆਂ ਸਨ” ਆਖ ਕੇ ਬਾਬਾ ‘ਮੈਗਨੌਲੀਏ’* ਦੇ ਫੁੱਲ ਵਾਂਗ ਖਿੜਿਆ।
“ਫੇਰ ਤਾਂ ਸ਼ਾਇਦ ਤੁਹਾਨੂੰ ਉਹਨਾਂ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਚਲੇ ਜਾਣਾ ਚਾਹੀਦਾ ਸੀ”
ਮੈਂ ਸਵਾਲ ਕਰ ਕੇ ਸੋਚਿਆ ਕਿ ਇਹ ਸਵਾਲ ਨਹੀਂ ਸੀ ਕਰਨਾ ਚਾਹੀਦਾ। ਪਰ ਹੁਣ ਤਾਂ ਤੀਰ ਕਮਾਨੋਂ
ਨਿਕਲ਼ ਚੁੱਕਾ ਸੀ।
“ਓਹ ਜੁਆਨਾ, ਅਸੀਂ ਬਥੇਰਾ ਚੰਗਾ ਸਮਾਂ ਵੇਖਿਆ ਸਕੂਲੀ ਸਮੇਂ ‘ਚ, ਹੁਣ ਉਹ ਮੇਰੇ ਲਈ ਬੁੱਢੀਆਂ ਹੋ
ਚੁੱਕੀਆਂ ਹਨ” ਖੈਰ, ਬਾਬੇ ਨੇ ਬੁਰਾ ਨਹੀਂ ਸੀ ਮਨਾਇਆ ਮੇਰੇ ਸਵਾਲ ਦਾ।
“ਚਲੋ ਫੇਰ ਤਾਂ ਠੀਕ ਹੈ” ਮੈਂ ਗੱਲ ਮੁਕਾਈ।
‘ਮੇਨ ਸਟ੍ਰੀਟ’ ਅਤੇ ‘ਹੇਸਟਿੰਗਜ਼ ਸਟ੍ਰੀਟ’ ਤੇ ਅਸੀਂ ਪਹੁੰਚ ਗਏ ਸੀ। ਲਾਲ ਬੱਤੀ ਵਾਲੇ ਇਲਾਕੇ ‘ਚ ਬਾਬਾ
ਮੈਨੂੰ ਲੈ ਆਇਆ ਸੀ। ਇਕ ਸਟ੍ਰੀਟ ਤੇ ਸੱਜੇ ਪਾਸੇ ਮੁੜ ਕੇ ਖਾਲੀ ਥਾਂ ਤੇ ਬਾਬੇ ਨੇ ਇਸ਼ਾਰਾ ਕਰ ਕੇ ਮੈਨੂੰ
ਗੱਡੀ ਰੋਕਣ ਲਈ ਕਿਹਾ।
ਇਸ ਰਸਤੇ ਤੇ ਕੁਝ ਲੋਕ ਆ ਜਾ ਰਹੇ ਸਨ। ਕਈ ਨਸ਼ੇ ‘ਚ ਲੱਗਦੇ ਸਨ, ਕਈਆਂ ਦੇ ਗੰਦੇ ਮੰਦੇ ਕੱਪੜੇ,
ਕਈ ਡੁਲਕਦੇ ਜਿਹੇ ਅੱਧ ਢਕੇ ਜਿਸਮ, ਕਈ ਉੱਚੀ ਉੱਚੀ ਆਪੇ ਤੋਂ ਬਾਹਰ ਹੋਏ ਹੋਏ ਰੌਲ਼ੀ ਪਾਉਂਦੇ ਹੋਏ
ਤੁਰ ਫਿਰ ਰਹੇ ਸਨ। ਮੱਧਮ ਜਿਹੀ ਰੌਸ਼ਨੀ ਵਾਲ਼ੇ ਲਾਈਟਾਂ ਦੇ ਖੰਭਿਆਂ ਕੋਲ਼, ਕੂੜੇਦਾਨਾਂ ਦੇ ਕੋਲ਼,
ਗਰੌਸਰੀ* ਲਿਆਉਣ ਵਾਲੀਆਂ ਬੱਗੀਆਂ ਦੇ ਵਿੱਚ ਅੱਧ ਪਾਗਲ ਜਿਹੇ ਹੋਏ ਇਹ ਲੋਕ ਸਾਰੀ ਸਾਰੀ ਰਾਤ
ਇਸੇ ਤਰ੍ਹਾਂ ਹੀ ਇੱਥੇ ਬਿਤਾਉਣ ਦੇ ਆਦੀ ਹੋ ਚੁੱਕੇ ਹਨ। ਗੌਰਮਿੰਟਾਂ ਇਨ੍ਹਾਂ ਨੂੰ ਇੱਥੋਂ ਲਿਜਾ ਕੇ ਕਿਤੇ ਹੋਰ
ਵਸਾਉਣਾ ਚਾਹੁੰਦੀਆਂ ਹਨ ਪਰ ਪਤਾ ਨਹੀਂ ਇਹ ਗੌਰਮਿੰਟੀ ‘ਮਿਸ਼ਨ’ ਸਿਰੇ ਕਿਉਂ ਨਹੀਂ ਚੜ੍ਹਦੇ?
ਵੈਨਕੂਵਰ ਪੁਲੀਸ ਦਾ ਇਸ ‘ਈਸਟ ਸਾਈਡ’ ਇਲਾਕੇ ਵਿੱਚ ਬਹੁਤ ਵੱਡਾ ਪੁਲੀਸ ਥਾਣਾ ਵੀ ਹੈ ਪਰ ਇਸ
ਦੇ ਆਲ਼ੇ ਦੁਆਲ਼ੇ ਹੀ ਉਹ ਧੰਦੇ ਹੋ ਰਹੇ ਹਨ ਜੋ ਸੱਭਿਅਕ ਸਮਾਜ ਦੇ ਮੂੰਹ ਤੇ ਅਸੱਭਿਅਕ ਅਣਮਨੁੱਖੀ
ਕਾਲ਼ੇ ਦਾਗ਼ ਕਹੇ ਜਾ ਸਕਦੇ ਹਨ। ਜੋ ਸ਼ਾਇਦ ਹੁਣ ਚੇਚਕ ਦੇ ਦਾਗ਼ਾਂ ਵਾਂਗ ਹਟਾਉਣੇ ਬਹੁਤ ਹੀ ਮੁਸ਼ਕਿਲ
ਹਨ!
ਟੈਕਸੀ ਦੇ ਕੋਲ਼ ਇਕ ਬੁਝੇ ਹੋਏ ਦੀਵੇ ਵਰਗੀ ਜ਼ਨਾਨੀ ਆਈ, ਜਿਸ ਨਾਲ ਬਾਬੇ ਨੇ ਆਪਣੀ ਗਿਟ-ਮਿਟ
ਫੇਰ ਸ਼ੁਰੂ ਕਰ ਦਿੱਤੀ ਪਰ ਏਸ ਵਾਰ ਬਾਬੇ ਦਾ ਵਿਸ਼ਾ ਹੋਰ ਸੀ।
“ਕੀ ਤੇਰੇ ਕੋਲ ‘ਰੌਕ’* ਹੈ?” ਬਾਬਾ ਨੋਟ ਗਿਣਦਾ ਹੋਇਆ ਬੋਲਿਆ।
“ਕੀ ਤੂੰ ਪੁਲਿਸ ਵਾਲਾ ਹੈ?” ਜ਼ਨਾਨੀ ਡਰਦੀ ਹੋਈ ਬੋਲੀ।
“ਨਹੀਂ ਨਹੀਂ, ਮੈਨੂੰ ਸੱਠ ਡਾਲਰ ਦਾ ਨਸ਼ਾ ਦਿਓ” ਬਾਬੇ ਨੇ ਪੈਸੇ ਉਸ ਨੂੰ ਫੜਾਉਂਦੇ ਹੋਏ ਨੇ ਕਿਹਾ।
“ਠੀਕ ਹੈ, ਮੇਰਾ ਇੰਤਜ਼ਾਰ ਕਰੀਂ, ਮੈਂ ਹੁਣੇ ਵਾਪਸ ਆਈ” ਏਨਾ ਆਖ ਉਹ ਪਿਛਾਂਹ ਛੋਟੀ ਗਲ਼ੀ ਜਿਸ ਨੂੰ
ਇੱਥੇ ‘ਐਲੀ’ ਕਹਿੰਦੇ ਹਨ, ਵਿੱਚ ਗਾਇਬ ਹੋ ਗਈ।
ਪੰਜ ਮਿੰਟ, ਦਸ ਮਿੰਟ, ਪੰਦਰਾਂ ਮਿੰਟ........
ਗੋਰਾ ਬਾਬਾ ਆਸਾਂ ਦੀ ਸੁਆਹ ਫੋਲਦਾ ਹੋਇਆ ਬੋਲਿਆ, “ਮੈਂ ਸੋਚਦਾ ਹਾਂ ਕਿ ਉਸ ਨੇ ਵਾਪਸ ਨਹੀਂ
ਆਉਣਾ!”
“ਤੂੰ ਉਸ ਨੂੰ ਪੈਸੇ ਕਿਉਂ ਦਿੱਤੇ? ਕੀ ਤੂੰ ਉਹਨੂੰ ਜਾਣਦਾ ਸੀ?” ਬਾਬੇ ਦੀ ਮੂਰਖਤਾ ਤੇ ਮੈਂ ਸਵਾਲ ਕੀਤਾ।
“ਨਹੀਂ, ਮੈਂ ਨਹੀਂ ਉਸ ਨੂੰ ਜਾਣਦਾ” ਬਾਬਾ ਮੈਨੂੰ ਬਗੈਰ ਸਿੰਗਾਂ ਤੋਂ ਸਾਨ੍ਹ ਵਰਗਾ ਲੱਗਿਆ, ਜਿਹੜਾ ਕਿਸੇ ਦਾ
ਕੁਝ ਨਹੀਂ ਸੀ ਵਿਗਾੜ ਸਕਦਾ। ਅੱਜ ਕੱਲ੍ਹ ਤਾਂ ਚੰਗੇ ਭਲੇ ਜਾਣ ਪਛਾਣ ਵਾਲ਼ੇ ਬੰਦੇ ਤੇ ਯਕੀਨ ਕਰਨਾ ਔਖਾ
ਹੈ, ਇਹਨੇ ਤਾਂ ਮੂਲ਼ੋਂ ਹੀ ਬੇਪਛਾਣ ਜ਼ਨਾਨੀ ਤੇ ਯਕੀਨ ਕਰ ਲਿਆ ਸੀ, ਉਹ ਵੀ ਕਿਹੋ ਜਿਹੇ ਇਲਾਕੇ ਵਿੱਚ
ਜਾ ਕੇ!
“ਹੁਣ ਤੁਸੀਂ ਕੀ ਕਰਨਾ ਹੈ? ਤੁਸੀਂ ਉਸ ਦੀ ਹੋਰ ਇੰਤਜ਼ਾਰ ਕਰਨਾ ਚਾਹੁੰਦੇ ਹੋ ਜਾਂ ਇੱਥੋਂ ਜਾਣਾ ਚਾਹੋਗੇ?
ਮੇਰਾ ਖਿਆਲ ਹੈ ਕਿ ਉਹ ਤੁਹਾਨੂੰ ਚੂਨਾ ਲਾ ਗਈ ਹੈ।” ਮੈਂ ਉਸ ਨੂੰ ਸੁਝਾ ਦਿੱਤਾ।
ਏਧਰ ਵਰਤਮਾਨ ਦਾ ਸਮਾਂ ਵਾਹੋ-ਦਾਹੀ ਭੱਜਾ ਜਾ ਰਿਹਾ ਸੀ ਤੇ ਮੇਰੀ ਸਿ਼ਫਟ ਖਤਮ ਹੋਣ ਦਾ ਸਮਾਂ
ਨਜ਼ਦੀਕ ਆ ਰਿਹਾ ਸੀ। ਤਿੰਨ ਵੱਜ ਚੁੱਕੇ ਸਨ। ਮੈਂ ਮਨ ਹੀ ਮਨ ਸੋਚ ਰਿਹਾ ਸਾਂ ਕਿ ‘ਬੁੱਢੇ ਬਾਬੇ’ ਨੂੰ ਹੁਣ
ਕੋਈ ‘ਜੁਆਨ ਬੀਬੀ’ ਮਿਲ ਹੀ ਜਾਵੇ!
“ਠੀਕ ਹੈ, ਚੱਲ ਹੁਣ ਮੈਨੂੰ ‘ਕਿੰਗਸ-ਵੇਅ’ ਤੇ ‘ਬਰਨਬੀ’ ਵੱਲ ਨੂੰ ਵਾਪਸ ਲੈ ਚੱਲ। ਜੇ ਤੂੰ ਕੋਈ ਕੁੜੀ
ਖੜ੍ਹੀ ਵੇਖੀ, ਆਪਣੀ ਟੈਕਸੀ ਉਦੋਂ ਹੀ ਰੋਕ ਦੇਈਂ” ਬਾਬਾ ਬਿਨਾਂ ਮਤਲਬ ਤੋਂ ਜੇਬ ਹਲਕੀ ਕਰਾ ਕੇ ਹੁਣ
ਥੋੜ੍ਹਾ ਹਲਕਾ ਹੋ ਗਿਆ ਲੱਗਦਾ ਸੀ।
“ਠੀਕ ਹੈ ਜਨਾਬ!” ਮੈਂ ਹੱਸ ਕੇ ਕਿਹਾ ਤੇ ਗੱਡੀ ਦਾ ‘ਡਿਜ਼ਟਲ ਸਪੀਡੋਮੀਟਰ’ ਸੱਠ ਤੇ ਲੈ ਆਂਦਾ।
ਇਸ ਸਮੇਂ ਡਾਊਨ-ਟਾਊਨ ਵਾਲੇ ਪਾਸੇ ਤੋਂ ਕਾਫ਼ੀ ਕਾਰਾਂ ਹੋਰ ਸ਼ਹਿਰਾਂ ਵੱਲ ਨੂੰ ਨਿਕਲ਼ ਰਹੀਆਂ ਸਨ।
ਜਵਾਨੀਆਂ ਕਲੱਬਾਂ ਵਿੱਚ ‘ਗਿੱਧੇ ਭੰਗੜੇ’ ਪਾ ਕੇ ਆਪਣੇ ਆਪਣੇ ਟਿਕਾਣਿਆਂ ਵੱਲ ਵਾਪਸ ਪਰਤ ਰਹੀਆਂ
ਸਨ। ਰਸਤੇ ਵਿੱਚ ਕਈ ਲੋਕਾਂ ਨੇ ਟੈਕਸੀ ਨੂੰ ਹੱਥ ਮਾਰਿਆ। ਭਾਵੇਂ ਕਿ ‘ਟੌਪ ਲਾਈਟ’ ਵੀ ਬੰਦ ਸੀ। ਪਰ
ਬਾਬਾ ਤਾਂ ਅਜੇ ਮੇਰੀ ਟੈਕਸੀ ਵਿੱਚ ਹੀ ਸੀ। ਇਸ ਲਈ ਮੈਂ ਉਹਨਾਂ ਨੂੰ ਅਣਡਿੱਠ ਕਰਦਾ ਹੋਇਆ ‘ਮੇਨ
ਸਟ੍ਰੀਟ’ ਤੋਂ ਹੁੰਦੇ ਹੋਏ ਨੇ ‘ਕਿੰਗਸ-ਵੇਅ’ ਤੇ ਗੱਡੀ ਲਿਆ ਚਾੜ੍ਹੀ। ਰਸਤੇ ਵਿੱਚ ‘ਕੁੜੀ ਚਿੜੀ’ ਦਾ ਨਾਮੋ
ਨਿਸ਼ਾਨ ਵੀ ਨਹੀਂ ਸੀ। ਲੱਗਦਾ ਸੀ ‘ਪਟਾਕੇ’ ਮੁੱਕ ਚੁੱਕੇ ਸਨ, ‘ਦੀਵਾਲ਼ੀ’ ਹਨੇਰੀ ਹੋ ਚੁੱਕੀ ਸੀ।
‘ਵੈਕਟੋਰੀਆ ਸਟ੍ਰੀਟ’ ਲੰਘ ਕੇ ‘ਨਾਨੈਮੋ ਸਟ੍ਰੀਟ’ ਤੋਂ ਇਕ ਬਲਾਕ ਪਹਿਲਾਂ ਹੀ ਸੱਜੇ ਪਾਸੇ ‘ਬੈਟਰੀ’ ਵਾਂਗ
ਜਗਦੀ ਜੁਆਨ ਕੁੜੀ ਖੜ੍ਹੀ ਸੀ। ਮੈਂ ਸੱਜਾ ਇਸ਼ਾਰਾ ਜਗਾ ਕੇ ਗੱਡੀ ਲਿਜਾ ਕੇ ਪਾਸੇ ਤੇ ਲਗਾਈ। ਉਹ ਕਾਰ
ਦੇ ਨੇੜੇ ਆਈ। ਅਜੇ ਬਾਬੇ ਨੂੰ ਆਪਣਾ ‘ਮੈਨੀਫੈਸਟੋ’ ਉਸ ਨੂੰ ਬਿਆਨ ਕਰਦੇ ਨੂੰ ਇਕ ਅੱਧਾ ਮਿੰਟ ਹੀ
ਹੋਇਆ ਸੀ ਕਿ ਦੋ ‘ਅਨ-ਮਾਰਕਡ’ ਪੁਲੀਸ ਦੀਆਂ ਕਾਰਾਂ ਟੈਕਸੀ ਦੇ ਦੁਆਲ਼ੇ ਆ ਕੇ ਲਾਈਟਾਂ ਜਗਾ ਕੇ
ਘੇਰ ਕੇ ਖੜ੍ਹ ਗਈਆਂ। ਦੋਵਾਂ ਕਾਰਾਂ ਵਿੱਚ ਦੋ ਦੋ ਪੁਲੀਸ ਵਾਲੇ ਸਨ। ਮੈਨੂੰ ਜਾਪਿਆ ਕਿ ਮੈਂ ਕਾਰ ਖੜ੍ਹਾਉਣ
ਲੱਗੇ ਨੇ ਜਾਂ ਪਿੱਛੇ ਆਉਂਦਿਆਂ ਹੋਇਆਂ ਕੋਈ ਗ਼ਲਤੀ ਕਰ ਦਿੱਤੀ ਹੈ। ਪਰ ਕੁਝ ਹੀ ਮਿੰਟਾਂ ਵਿੱਚ ਕੁਝ ਹੋਰ
ਹੀ ਨਿਕਲਿ਼ਆ।
ਇਕ ਪੁਲੀਸ ਵਾਲਾ ਥੋੜ੍ਹੇ ਮਿੰਟਾਂ ਬਾਅਦ ਬਾਬੇ ਵਾਲੇ ਪਾਸੇ ਆ ਕੇ ਬਾਬੇ ਨੂੰ ਸਵਾਲ ਕਰਨ ਲੱਗਾ।
“ਮਿਹਰਬਾਨੀ ਕਰਕੇ ਟੈਕਸੀ ‘ਚੋਂ ਬਾਹਰ ਆ ਜਾਓ, ਸ੍ਰੀ ਮਾਨ ਜੀ।”
“ਮੈਂ ਕ.. ਕ.. ਕੀ ਕੀਤਾ ਹੈ?” ਬਾਬਾ ਬੋਲਦਾ ਬੋਲਦਾ ਜ਼ਬਾਨੋਂ ਉੱਖੜਿਆ।
“ਤੁਸੀਂ ਬਹੁਤ ਸੰਗੀਨ ਜੁਰਮ ਕੀਤਾ ਹੈ, ਮਿਹਰਬਾਨੀ ਕਰਕੇ ਕਾਰ ਤੋਂ ਬਾਹਰ ਆ ਜਾਓ” ਪੁਲੀਸ ਵਾਲਾ
ਹੁਣ ਪਿਛਲੇ ਵਾਕ ਤੇ ਅੱਗੇ ਨਾਲੋਂ ਥੋੜ੍ਹਾ ਜਿਹਾ ਜਿ਼ਆਦਾ ਜੋਰ ਪਾਉਂਦਾ ਹੋਇਆ ਬੋਲਿਆ।
ਬਾਬਾ ਜੀ ਕਾਰ ‘ਚੋਂ ਬਾਹਰ ਨਿਕਲੇ਼ ਤਾਂ ਪੁਲੀਸ ਵਾਲੇ ਨੇ ਉਸ ਨੂੰ ਕਿਹਾ ਕਿ ਇਹ ‘ਕੁੜੀ’ ਜਿਸ ਨੂੰ ਤੂੰ
‘ਵਰਕਿੰਗ ਗਰਲ’ ਸਮਝਦਾ ਹੈਂ ਪੁਲੀਸ ਵਾਲ਼ੀ ਹੈ ਅਤੇ ਜੋ ਗੱਲਾਂ ਤੂੰ ਇਸ ਨਾਲ਼ ਕੀਤੀਆਂ ਸਨ ਸਭ ਗ਼ੈਰ
ਕਾਨੂੰਨੀ ਹਨ। ਇਸ ਦੇ ਨਾਲ ਹੀ ਪੁਲੀਸ ਵਾਲ਼ੇ ਨੇ ਗੋਰੇ ਬਜ਼ੁਰਗ ਨੂੰ ਉਸ ਦੇ ਅਧਿਕਾਰ ਦੱਸਦੇ ਹੋਏ ਨੇ
ਪਿੱਠ ਪਿੱਛੇ ਦੋਵੇਂ ਹੱਥ ਕਰਾ ਕੇ ਹੱਥ ਕੜੀਆਂ ਲਾ ਲਈਆਂ।
ਦੂਸਰਾ ਪੁਲੀਸ ਵਾਲਾ ਹੁਣ ਮੇਰੇ ਕੋਲ਼ ਆ ਕੇ ਮੈਨੂੰ ਕਹਿਣ ਲੱਗਾ, “ਕੀ ਇਸ ਨੇ ਤੈਨੂੰ ਟੈਕਸੀ ਦਾ
ਕਿਰਾਇਆ ਦੇ ਦਿੱਤਾ ਹੈ?”
“ਹਾਂ ਇਸ ਨੇ ਸ਼ੁਰੂ ਵਿੱਚ ਹੀ ਮੈਨੂੰ ਸੌ ਡਾਲਰ ਦੇ ਦਿੱਤਾ ਸੀ” ਮੈਂ ਮੀਟਰ ਵੱਲ ਵੇਖਦੇ ਹੋਏ ਨੇ ਕਿਹਾ।
“ਮੀਟਰ ਤੇ ਹੁਣ ‘ਫੇਅਰ’ ਕਿੰਨਾ ਹੈ?” ਪੁਲੀਸ ਵਾਲ਼ਾ ਥੋੜ੍ਹਾ ਜਿਹਾ ਝੁਕ ਕੇ ਮੀਟਰ ਵੱਲ ਵੇਖਦਾ ਹੋਇਆ
ਕਹਿਣ ਲੱਗਾ।
“ਨਾਈਨਟੀ ਫਾਈਵ” ਮੈਂ ਜਵਾਬ ਦਿੱਤਾ।
ਪੁਲੀਸ ਵਾਲ਼ੇ ਨੇ ਗੋਰੇ ਬਜ਼ੁਰਗ ਨੂੰ ਸਵਾਲ ਕਰਦੇ ਹੋਏ ਨੇ ਪੁੱਛਿਆ ਕਿ “ਮੀਟਰ ਤੇ ਪਚਾਨਵੇਂ ਡਾਲਰ ਹਨ,
ਕੀ ਤੂੰ ਪੰਜ ਡਾਲਰ ਵਾਪਸ ਲੈਣੇ ਚਾਹੁੰਦਾ ਏਂ?”
ਗੋਰਾ ਬਾਬਾ ਨੀਵੀਂ ਪਾਈ ਖੜ੍ਹਾ ਰਿਹਾ ਅਤੇ ਕੁਝ ਵੀ ਨਾ ਬੋਲਿਆ। ਬਾਬੇ ਦੇ ਛੈਣੇ ਵੱਜ ਚੁੱਕੇ ਸਨ, ਢੋਲਕੀ
ਪਾਟ ਗਈ ਸੀ, ਵਾਜਾ ਅੜਾਟ ਪਾ ਰਿਹਾ ਸੀ। ਮੈਨੂੰ ਬਾਬੇ ਦਾ ਮੁੱਖ ਵੇਖ ਕੇ ਐਦਾਂ ਲੱਗਿਆ ਜਿਵੇਂ ਸ਼ਰਾਬ
ਅਤੇ ਸ਼ਬਾਬ ਦੋਨਾਂ ਤੋਂ ਹੀ ਮੁਕਤ ਹੋ ਗਿਆ ਹੋਵੇ।
ਮੈਂ ਉਸ ਦਾ ਜਵਾਬ ਹੋਰ ਉਡੀਕਣ ਤੋਂ ਪਹਿਲਾਂ ਹੀ ਪੰਜ ਡਾਲਰ ਜੇਬ ‘ਚੋਂ ਕੱਢ ਕੇ ਪੁਲੀਸ ਵਾਲ਼ੇ ਨੂੰ ਫੜਾ
ਦਿੱਤੇ। ਪੁਲੀਸ ਵਾਲ਼ੇ ਨੇ ਅਗਾਂਹ ਬਾਬੇ ਦੀ ਜੇਬ ਵਿੱਚ ਪਾ ਦਿੱਤੇ ਅਤੇ ਇਸ ਤੋਂ ਬਾਅਦ ਉਸ ਨੂੰ ਪੁਲੀਸ ਕਾਰ
ਵਿੱਚ ਮਗਰਲੀ ਸੀਟ ਤੇ ਆਦਰ ਸਹਿਤ ਬਿਠਾ ਦਿੱਤਾ।
“ਡਰਾਈਵਰ ਤੂੰ ਹੁਣ ਜਾ ਸਕਦਾ ਹੈ” ਪੁਲੀਸ ਵਾਲ਼ੇ ਨੇ ਮੈਨੂੰ ਕਿਹਾ।
ਮੈਂ ਬਾਬੇ ਵਾਲ਼ੀ ਪੁਲੀਸ ਕਾਰ ਵੱਲ ਵੇਖਦਾ ਹੋਇਆ ਮੀਟਰ ਬੰਦ ਕਰ ਕੇ ਉੱਥੋਂ ‘ਬਰਨਬੀ’ ਸ਼ਹਿਰ ਵੱਲ ਨੂੰ
ਗੱਡੀ ਤੋਰ ਲਈ। ਉੱਥੋਂ ਤੁਰਦੇ ਸਾਰ ਹੀ ਮੈਂ ਕੰਪਿਊਟਰ, ਡਿਸਪੈਚ ਰੇਡੀਓ ਆਦਿ ਬੰਦ ਕਰ ਦਿੱਤਾ ਕਿਉਂਕਿ
ਸਿ਼ਫਟ ਖਤਮ ਹੋ ਰਹੀ ਸੀ। ਮੇਰੀ ਸ਼ੁੱਕਰਵਾਰ ਦੀ ਦਿਹਾੜੀ ਤਾਂ ਅੱਧ-ਪਚੱਧੀ ਬਣ ਗਈ ਸੀ ਪਰ ਬਾਬੇ ਦੇ
ਪੁਲਿਸ ਦੇ ਅੜਿੱਕੇ ਆ ਜਾਣ ਨਾਲ਼ ਮੇਰਾ ‘ਮੂਡ’ ਥੋੜਾ ਜਿਹਾ ‘ਔਫ’ ਹੋ ਗਿਆ ਸੀ। ਓਹਦੇ ਨਾਲ਼ ਜੋ
ਹੋਇਆ ਚੰਗਾ ਸੀ ਜਾਂ ਮੰਦਾ? ਕਿਸੇ ਦਾ ਦੁੱਖ ਦੇਖਿਆਂ ਮੈਨੂੰ ਜਰੂਰ ਦੁੱਖ ਹੁੰਦਾ ਹੈ ਪਰ “ਜੈਸੀ ਕਰਨੀ ਵੈਸੀ
ਭਰਨੀ” ਕਹਾਵਤ ਦੇ ਚੇਤੇ ਆਉਣ ਨਾਲ਼ ਹੀ ‘ਬਾਬੇ’ ਵਾਰੇ ਮੇਰੇ ਸ਼ੰਕੇ ਨਵਿਰਤ ਹੋ ਗਏ। ਬਾਬੇ ਤੇ ਪੁਲੀਸ
ਨੇ ਚਾਰਜ ਤਾਂ ਸ਼ਾਇਦ ਲਾਇਆ ਹੀ ਹੋਵੇਗਾ? ਪਤਾ ਨਹੀਂ ਰੱਬ ਜਾਣੇ ਕਿ ਕੀ ਹੋਇਆ ਹੋਏਗਾ ਉਸ ਨਾਲ਼
ਉਸ ਤੋਂ ਬਾਅਦ।
ਸ਼ੁੱਕਰਵਾਰ ਦੀ ਇਹ ਅਜੀਬ ਰਾਤ ਹੁਣ ਸੂਰਜ ਦੇ ਮਹਿਲਾਂ ਦੀ ਦਹਿਲੀਜ਼ ਤੋਂ ਥੋੜ੍ਹੀ ਹੀ ਦੂਰ ਸੀ। ਗਰਮੀਆਂ
ਦੀਆਂ ਰਾਤਾਂ ਇੱਥੇ ‘ਕਹਿ ਆਈਆਂ ਤੇ ਕਹਿ ਗਈਆਂ’ ਆਲ਼ੀ ਗੱਲ ਕਰਦੀਆਂ ਹਨ। ਮੈਂ ‘ਕਰ ਸਟ੍ਰੀਟ ਅਤੇ
ਕਿੰਗਸ-ਵੇਅ’ ਦੇ ਚੁਰਸਤੇ ਦੀਆਂ ਲਾਈਟਾਂ ਤੇ ਖੜ੍ਹੇ ਨੇ ਬਾਰੀ ‘ਚੋਂ ਸਿਰ ਬਾਹਰ ਕੱਢ ਕੇ ਅਕਾਸ਼ ਵੱਲ
ਵੇਖਿਆ ਤਾਂ ਕੋਈ ਕੋਈ ਤਾਰਾ, ਟਾਂਵੀਂ ਟਾਂਵੀਂ ਬੱਦਲੀ ਦੇ ਹੇਠੋਂ ਤਰਲੇ ਜਿਹੇ ਨਾਲ਼ ਝਾਤੀਆਂ ਮਾਰਦਾ
ਦਿਸਿਆ। ਮੇਰਾ ਦਿਲ ਕੀਤਾ ਕਿ ਇਹਨਾਂ ਤਾਰਿਆਂ ਤੋਂ ਪੁੱਛਾਂ ਕਿ ਮੈਂ ‘ਗੋਰੇ ਬਾਬੇ’ ਨੂੰ ‘ਸਿ਼ਕਾਰੀ’
ਕਹਾਂ... ਕਿ ‘ਸਿ਼ਕਾਰ’?

*ਹਾਈਬਰੈਡ-ਪੈਟਰੌਲ ਅਤੇ ਬੈਟਰੀ ਤੇ ਚੱਲਣ ਵਾਲੀ ਕਾਰ
*ਮੈਗਨੌਲੀਆ-ਇਕ ਤਰ੍ਹਾਂ ਦੇ ਫੁੱਲ ਦਾ ਨਾਂ
*ਗਰੌਸਰੀ-ਘਰੇਲੂ ਵਰਤੋਂ ਵਾਲ਼ਾ ਸਮਾਨ
*ਰੌਕ-ਇਕ ਤਰ੍ਹਾਂ ਦਾ ਨਸ਼ਾ